
ਇਸ ਸਮੇਂ ਦੁਪਹਿਰ ਦੇ ਤਿੰਨ ਵਜੇ ਹਨ। ਮੈਂ ਕੈਫ਼ੇ ‘ਚ ਬੈਠੀ ਉਸਦਾ ਇੰਤਜ਼ਾਰ ਕਰ ਰਹੀ ਹਾਂ। ਮੇਰੇ ਦਿਮਾਗ ਵਿਚ ਕਈ ਸਵਾਲ ਪੈਦਾ ਹੋ ਰਹੇ ਹਨ ਅਤੇ ਪੁਰਾਣੀਆਂ ਯਾਦਾਂ ਘੁੰਮ ਰਹੀਆਂ ਹਨ। ਕੀ ਉਹ ਆਵੇਗਾ? ਕੀ ਮੈਂ ਉਸਦੇ ਸਾਹਮਣੇ ਠੀਕ ਰਹਿ ਸਕਾਂਗੀ? ਕੀ ਉਹ ਸਹਿਜ ਹੋਵੇਗਾ? ਅਸੀਂ ਕੀ ਗੱਲਾਂ ਕਰਾਂਗੇ? ਓ ਮੇਰਿਆ ਰੱਬਾ! ਕੀ ਉਸ ਨੂੰ ਬੁਲਾ ਕੇ ਮੈਂ ਠੀਕ ਕੀਤਾ? ਮੈਂ ਕੀ ਕਰ ਰਹੀ ਹਾਂ?
ਮੈਨੂੰ ਕਿਸੇ ਦੇ ਆਉਣ ਦੀ ਆਵਾਜ਼ ਸੁਣ ਰਹੀ ਹੈ। ਮੇਰੇ ਦਿਲ ਦੀ ਧੜਕਣ ਜਿਵੇਂ ਰੁਕ ਗਈ ਹੋਵੇ। “ਮੈਡਮ, ਤੁਸੀਂ ਕੀ ਲਓਗੇ?” ਉਹ, ਇਹ ਤਾਂ ਬਹਿਰਾ ਹੈ। ਮੈਂ ਕੁਝ ਨਿਰਾਸ਼ ਹੋ ਗਈ, ਪਰ ਕੁਝ ਅਰਾਮ ਵੀ ਮਿਲਿਆ। “ਹੂੰ”, ਮੈਂ ਬਹਿਰੇ ਨੂੰ ਕਿਹਾ, ਜੋ ਮੇਰੇ ਕੋਲ ਖੜਾ ਮੁਸਕਰਾ ਰਿਹਾ ਸੀ। ਉਸਦੇ ਹੱਥ ਵਿਚ ਪੈਨਸਿਲ ਅਤੇ ਇਕ ਛੋਟੀ ਜਿਹੀ ਕਾਪੀ ਸੀ। “ਮੈਂ ਕਿਸੇ ਦਾ ਇੰਤਜ਼ਾਰ ਕਰ ਰਹੀ ਹਾਂ, ਅਸੀਂ ਇਕੱਠੇ ਹੀ ਕੁਝ ਲਵਾਂਗੇ।”
“ਠੀਕ ਹੈ ਮੈਮ”, ਉਹ ਮੁਸਕਰਾ ਕੇ ਚਲਾ ਗਿਆ।
ਬਹਿਰੇ ਦੇ ਕਦਮਾਂ ਦੀ ਆਵਾਜ਼ ਮੈਨੂੰ ਪੰਜ ਕੁ ਮਹੀਨੇ ਪਹਿਲਾਂ ਪਿੱਛੇ ਲੈ ਗਈ। ਅਸੀਂ ਉਦੋਂ ਇਸ ਕੈਫ਼ੈ ਵਿਚ ਇਕੱਠੇ ਆਏ ਸੀ। ਮੈਂ ਉਸ ਨੂੰ ਆਪਣੇ ਨਾਲ ਹੀ ਬੈਠਣ ਨੂੰ ਕਿਹਾ, ਪਰ ਉਸ ਨੂੰ ਇਹ ਚੰਗਾ ਨਹੀਂ ਸੀ ਲੱਗਿਆ। ਉਸ ਨੇ ਕਿਹਾ, “ਜੇ ਦੋ ਜਾਣੇ ਕਿਤੇ ਇਕੱਠੇ ਬੈਠੇ ਹੋਣ ਤਾਂ ਉਹਨਾਂ ਨੂੰ ਇਕ ਦੂਜੇ ਦੇ ਸਾਹਮਣੇ ਬੈਠਣਾ ਚਾਹੀਦਾ ਹੈ।” ਪਰ ਅਸੀਂ ਸੋਫੇ ‘ਤੇ ਬੈਠੇ ਸੀ ਤੇ ਉਥੇ ਇਕੱਠੇ ਬੈਠਣ ਦੀ ਬਹੁਤ ਥਾਂ ਸੀ ਅਤੇ ਮੇਰੇ ਕੋਲ ਉਸ ਲਈ ਇਕ ਤੋਹਫ਼ਾ ਵੀ। ਮੈਂ ਉਸਦੇ ਚਿਹਰੇ ਦੇ ਹਾਵ-ਭਾਵ ਨੇੜੋਂ ਦੇਖਣਾ ਚਾਹੁੰਦੀ ਸੀ। ਮੈਂ ਦੇਖਣਾ ਚਾਹੁੰਦੀ ਸੀ ਕਿ ਉਹ ਤੋਹਫ਼ੇ ਨੂੰ ਕਿਵੇਂ ਖੋਲਦਾ, ਉਸਦੇ ਚਿਹਰੇ ‘ਤੇ ਸ਼ਰਮਾਕਲ ਜਿਹੀ ਖੁਸ਼ੀ, ਉਸਦਾ ਸਖ਼ਤ ਹੋਣ ਦਾ ਦਿਖਾਵਾ ਕਰਨਾ ਕਿ ਇਹ ਤਾਂ ਕੋਈ ਵੱਡੀ ਗੱਲ ਨਹੀ, ਜਦੋਂ ਕਿ ਅੰਦਰੋਂ ਉਹ ਕਿਸੇ ਬੱਚੇ ਦੀ ਤਰਾਂ ਉੱਛਲ ਰਿਹਾ ਹੋਵੇਗਾ। ਸਭ ਤੋਂ ਵੱਧ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਨੇੜੇ ਹੋਵੇ। ਇਕ ਦੂਜੇ ਦੇ ਸਾਹਮਣੇ ਬੈਠਣ ਦਾ ਮਤਲਬ ਹੈ ਕਿ ਬਿਨਾਂ ਕਿਸੇ ਲੋੜ ਦੇ ਸਾਡੇ ਵਿਚਕਾਰ ਸ਼ੀਸ਼ੇ ਦਾ ਵੱਡਾ ਮੇਜ਼ ਨਾ ਹੋਵੇ।
“ਮੈਂ ਤੈਨੂੰ ਇਕ ਚੀਜ਼ ਦੇਣੀ ਹੈ,” ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣੇ ਬੈਗ ਵਿਚੋਂ ਕੁਝ ਕੱਢਣ ਲੱਗੀ ਤਾਂ ਉਹ ਅਣਮਨੇ ਜਿਹੇ ਦਿਲ ਨਾਲ ਮੇਰੇ ਕੋਲ, ਮੇਰੇ ਨਾਲ ਬੈਠ ਗਿਆ ਸੀ। “ਇਹ ਕੀ ਹੈ?” ਮੈਂ ਏਮੇਜ਼ੋਨ ਤੋਂ ਆਇਆ ਪੈਕਟ ਉਸ ਨੂੰ ਫੜਾ ਦਿੱਤਾ। ਉਹ ਅੰਦਾਜ਼ਾ ਲਾਉਣ ਲੱਗਿਆ ਕਿ ਕੀ ਹੋ ਸਕਦਾ ਹੈ। ਉਸ ਨੇ ਪੈਕਟ ਨੂੰ ਚਾਰੇ ਪਾਸੇ ਤੋਂ ਦੇਖਿਆ ਅਤੇ ਕੰਨ ਕੋਲ ਲਿਆ ਕੇ ਹਿਲਾਇਆ। ਇਕੋ ਦਮ ਉਸ ਨੇ ਕਿਹਾ, “ਇਹ ਪਰਸ ਹੈ, ਠੀਕ?”
“ਕੀ?” ਮੈਂ ਹੈਰਾਨ ਹੁੰਦੀ ਨੇ ਕਿਹਾ। “ਤੈਨੂੰ ਕਿਵੇਂ ਪਤਾ ਲੱਗਿਆ, ਕਿਵੇਂ?” ਮੈਂ ਉਸ ਤੋਂ ਪੈਕਟ ਪਕੜ ਕੇ ਦੇਖਣ ਲੱਗੀ ਕਿ ਇਸ ਵਿਚੋਂ ਕੋਈ ਆਵਾਜ਼ ਆ ਰਹੀ ਹੈ ਜਾਂ ਕੁਝ ਲਿਖਿਆ ਹੋਇਆ ਹੈ, ਪਰ ਅਜਿਹੀ ਕੋਈ ਵੀ ਗੱਲ ਨਹੀਂ ਸੀ।
“ਕੀ ਤੇਰੇ ਕੋਲ ਕੋਈ ਤੀਜੀ ਅੱਖ ਵੀ ਹੈ?” ਮੈਂ ਹੱਸਦੇ ਹੋਏ ਕਿਹਾ।
ਉਹ ਬੱਸ ਬੁੱਲ੍ਹਾ ਵਿਚ ਹੀ ਹੱਸਿਆ, ਪਰ ਅਜੇ ਤੱਕ ਵੀ ਉਸ ਨੇ ਪੂਰੀ ਖੁਸ਼ੀ ਜਾਹਿਰ ਨਹੀਂ ਸੀ ਕੀਤੀ। ਉਸ ਨੇ ਪੈਕਟ ਦਾ ਉਪਰਲਾ ਕਾਗਜ ਪਾੜਿਆ ਅਤੇ ਉਸ ਵਿਚੋਂ ਇਕ ਛੋਟਾ ਜਿਹਾ ਡੱਬਾ ਕੱਢ ਕੇ ਖੋਲਿਆ। ਉਸ ਵਿਚ ਪਰਸ ਬਣਾਉਣ ਵਾਲੀ ਨਾਮੀ ਕੰਪਨੀ ਦਾ ਪਹਿਚਾਣ ਪੱਤਰ ਸੀ ਅਤੇ ਭੂਰੇ ਰੰਗ ਦਾ ਇਕ ਪਰਸ। ਪਰਸ ‘ਤੇ ਵੀ ਉਸ ਕੰਪਨੀ ਦਾ ਖਾਸ ਨਿਸ਼ਾਨ ਸੀ। ਉਸ ਨੇ ਪਰਸ ਚੁੱਕਿਆ ਅਤੇ ਉਸ ਦੀਆਂ ਜੇਬਾਂ ਦੇਖਣ ਲੱਗਿਆ। ਜਿਸ ਵਿਚ ਲੋਕਾਂ ਦੇ ਪਹਿਚਾਣ ਪੱਤਰ ਰੱਖਣ ਲਈ ਛੇ ਜੇਬਾਂ ਸੀ, ਦੋ ਜੇਬਾਂ ਨੋਟ ਰੱਖਣ ਲਈ, ਇਕ ਲੁਕਵੀਂ ਜੇਬ, ਇਕ ਜੇਬ ਸਿੱਕਿਆਂ ਲਈ ਅਤੇ ਤਿੰਨ ਜੇਬਾਂ ਜਿੰਨਾਂ ਵਿਚ ਪਈਆਂ ਚੀਜ਼ਾਂ ਨੂੰ ਦੇਖਿਆ ਜਾ ਸਕਦਾ ਸੀ। ਇਕ ਜੇਬ ਤੇ ਜਿਪ ਵੀ ਲੱਗੀ ਹੋਈ ਸੀ। ਮੈਨੂੰ ਖੁਸ਼ੀ ਹੋਈ ਕਿ ਉਹ ਵਧੀਆ ਪਰਸ ਸੀ। ਮੈਂ ਉਸ ਵੱਲ ਦੇਖਣ ਲੱਗੀ। ਆਖਰਕਾਰ ਉਸਨੇ ਆਪਣੀ ਖੁਸ਼ੀ ਚਿਹਰੇ ਤੇ ਆਉਣ ਦਿੱਤੀ। ਉਹ ਖੁਸ਼ ਸੀ।
“ਤੈਨੂੰ ਦੱਸਾਂ, ਮੈਂ ਇਸ ਪਰਸ ਬਾਰੇ ਪੂਰਾ ਪੜ੍ਹਿਆ ਸੀ। ਇਹ ਪਰਸ ਜਲਦੀ-ਜਲਦੀ ਖਰਾਬ ਹੋਣ ਵਾਲਾ ਨਹੀਂ। ਇਹ ਵਧੀਆ ਚਮੜੇ ਦਾ ਹੈ। ਤੈਨੂੰ ਠੀਕ ਲੱਗਿਆ?”
“ਹਾਂ, ਇਹ ਬਹੁਤ ਸ਼ਾਨਦਾਰ ਹੈ।“ ਉਸ ਨੇ ਪਰਸ ਦੀਆਂ ਸਾਰੀਆਂ ਜੇਬਾਂ ਵਿਚ ਉਂਗਲਾਂ ਪਾ ਕੇ ਦੇਖਿਆਂ ਅਤੇ ਫੇਰ ਆਪਣੀ ਜੀਨ ਦੀ ਜੇਬ ਵਿਚੋਂ ਕੁਝ ਕੱਢਿਆ। ਇਹ ਉਸਦਾ ਪੁਰਾਣਾ ਪਰਸ ਸੀ। ਉਸ ਨੇ ਪਰਸ ਮੇਜ਼ ‘ਤੇ ਰੱਖ ਕੇ ਉਸ ਦੀਆਂ ਜੇਬਾਂ ਵਿਚੋਂ ਪਹਿਚਾਣ ਪੱਤਰ, ਪੈਸੇ, ਚਾਂਦੀ ਦੇ ਸਿੱਕੇ ਅਤੇ ਇਕ ਪੁਰਾਣੀ ਫ਼ੋਟੋ ਕੱਢ ਕੇ ਨਵੇਂ ਪਰਸ ਵਿਚ ਪਾ ਲਈ। “ਇਹ ਕੌਣ ਨੇ, ਤੇਰੇ ਮੰਮਾ?” ਮੈਂ ਪੁੱਛਿਆ।
“ਨਹੀਂ, ਬੜੀ ਅੰਮਾਂ।”
“ਓਹ! ਬਹੁਤ ਸੋਹਣੇ ਲੱਗ ਰਹੇ ਹਨ ਅਤੇ ਘੱਟ ਉਮਰ ਦੇ ਵੀ।” ਮੈਂ ਉਹਨਾਂ ਦੀ ਤੁਲਨਾ ਉਹਨਾਂ ਤਸਵੀਰਾਂ ਨਾਲ ਕਰ ਰਹੀ ਸੀ ਜੋ ਉਸ ਨੇ ਮੈਨੂੰ ਆਪਣੇ ਫੋਨ ਵਿੱਚੋਂ ਦਿਖਾਈਆਂ ਸੀ। ਮੈਂ ਉਹਨਾਂ ਨੂੰ ਕਦੇ ਮਿਲੀ ਨਹੀਂ ਸੀ। ਅਸਲ ਵਿਚ ਮੈਂ ਉਸ ਦੇ ਪਰਿਵਾਰ ‘ਚੋਂ ਕਿਸੇ ਨੂੰ ਵੀ ਨਹੀਂ ਸੀ ਮਿਲੀ।
“ਮੈਨੂੰ ਆਪਣੀ ਕੋਈ ਫ਼ੋਟੋ ਦੇ।”
“ਕੀ?”
“ਹਾਂ, ਤੇਰੇ ਪਰਸ ‘ਚ ਜਰੂਰ ਹੋਏਗੀ… ਮੈਨੂੰ ਦੇ।”
ਮੈਨੂੰ ਉਸ ਕੋਲੋਂ ਇਹ ਸੁਣਨਾ ਬਹੁਤ ਪਿਆਰਾ ਲੱਗਿਆ, ਪਰ ਮੈਂ ਕਿਹਾ, “ਓਹ, ਨਹੀਂ। ਤੇਰੇ ਪਰਸ ‘ਚ ਮੇਰੀ ਫ਼ੋਟੋ ਸਿਰਫ ਸਾਡੇ ਵਿਆਹ ਤੋਂ ਬਾਅਦ ਹੀ ਹੋਏਗੀ…. ਜੇ ਤੇਰੇ ਪਰਿਵਾਰ ‘ਚੋਂ ਕਿਸੇ ਨੇ ਦੇਖ ਲਈ ਫੇਰ?”
“ਹੂੰ… ਠੀਕ ਹੈ”, ਉਹ ਮੰਨ ਗਿਆ।
“ਤੈਨੂੰ ਪਤਾ ਹੈ, ਮੰਮਾ ਮੈਨੂੰ ਨਵਾਂ ਪਰਸ ਲੈਣ ਨੂੰ ਕਹਿ ਰਹੇ ਸੀ। ਮੈਂ ਮਜ਼ਾਕ ‘ਚ ਹੀ ਕਹਿ ਦਿੱਤਾ ਕਿ ਪਰਸ ਆਪ ਨਹੀਂ ਖਰੀਦੀ ਦਾ, ਇਹ ਤਾਂ ਕਿਸੇ ਵੱਲੋਂ ਤੋਹਫ਼ਾ ਮਿਲਦਾ ਹੈ ਅਤੇ ਅੱਜ ਮੈਨੂੰ ਮਿਲ ਗਿਆ।” ਇਹ ਕਹਿੰਦੇ ਹੋਏ, ਉਹ ਹੱਸ ਪਿਆ।
“ਉਹ, ਫੇਰ ਤਾਂ ਤੇਰੀ ਖਾਹਿਸ਼ ਪੂਰੀ ਹੋ ਗਈ”, ਮੈਂ ਖੁਸ਼ੀ ਵਿਚ ਹੱਸਦੇ ਹੋਏ ਕਿਹਾ।
ਜਦੋਂ ਮੈਂ ਆਪਣੇ ਖਿਆਲਾਂ ਵਿਚ ਹੱਸ ਰਹੀ ਸੀ ਤਾਂ ਬਹਿਰਾ ਆ ਕੇ ਪੁੱਛਣ ਲੱਗਿਆ, “ਮੈਡਮ, ਪੀਣ ਲਈ ਕੁਝ ਲਓਗੇ?” “ਹੈਂ? ਹਾਂ, ਇਕ ਗਲਾਸ ਪਾਣੀ।” ਮੈਂ ਆਪਣੇ ਖਿਆਲਾਂ ‘ਚੋਂ ਨਿਕਲਦੇ ਕਿਹਾ।
ਇਹ ਸਮਾਂ ਹੁਣ ਮੈਨੂੰ ਫੇਰ ਡਰਾ ਰਿਹਾ ਹੈ। ਕੀ ਉਹ ਆਏਗਾ? ਅਸੀਂ ਇਹ ਫੈਸਲਾ ਕੀਤਾ ਸੀ ਕਿ ਇਕ ਦੂਜੇ ਨੂੰ ਮਿਲਦੇ ਰਹਾਂਗੇ। ਇਸ ਲਈ ਉਸ ਨੂੰ ਆਉਣਾ ਚਾਹੀਦਾ ਹੈ, ਪਰ ਜੇ ਕਿਸੇ ਜਰੂਰੀ ਕੰਮ ਵਿਚ ਹੋਇਆ ਜਾਂ ਹੋਰ? ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਅੱਜ ਕੱਲ ਸ਼ਹਿਰ ਵਿਚ ਹੈ ਵੀ ਜਾਂ ਨਹੀਂ? ਜਿਵੇਂ ਅਸੀਂ ਫੈਸਲਾ ਕੀਤਾ ਸੀ, ਅਸੀਂ ਤਾਂ ਇਕ ਦੂਜੇ ਦੇ ਸੰਪਰਕ ਵਿਚ ਹੀ ਨਹੀਂ ਸੀ। ਇਹ ਗੱਲ ਮੈਨੂੰ ਦੁਖੀ ਕਰਦੀ ਹੈ।
ਅਸਲ ਵਿਚ ਜਿਸ ਦਿਨ ਤੋਂ ਸਾਡਾ ਤੋੜ-ਵਿਛੋੜਾ ਹੋਇਆ ਹੈ, ਉਸ ਦਿਨ ਤੋਂ ਹੀ ਮੈਂ ਹਰ ਗੱਲੋਂ ਦੁਖੀ ਹਾਂ। ਮੈਨੂੰ ਪਤਾ ਹੈ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਚਾਰ ਮਹੀਨੇ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਮੈਂ ਅਜੇ ਤੱਕ ਇਸ ਨੂੰ ਭੁੱਲੀ ਨਹੀਂ। ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਇਸ ਨੂੰ ਕਦੇ ਭੁੱਲ ਵੀ ਸਕਾਂਗੀ ਜਾਂ ਨਹੀਂ। ਮੈਂ ਹੁਣ ਵੀ ਉਸ ਨੂੰ ਪਿਆਰ ਕਰਦੀ ਹਾਂ। ਅਸੀਂ ਵਿਛੜਨ ਤੋਂ ਪਹਿਲਾਂ ਇਸ ਥਾਂ ਤੇ ਮਿਲਣ ਦਾ ਫੈਸਲਾ ਕੀਤਾ ਸੀ, ਜਿਥੇ ਮੈਂ ਹੁਣ ਬੈਠੀ ਹਾਂ। ਮੈਂ ਰੋਣਾ ਨਹੀਂ ਚਾਹੁੰਦੀ, ਪਰ ਇਹ ਬਹੁਤ ਬੇਇਨਸਾਫ਼ੀ ਹੈ। ਜ਼ਿੰਦਗੀ ਬਹੁਤ ਜ਼ਿਆਦਤੀ ਕਰਦੀ ਹੈ, ਬਹੁਤ ਮੁਸੀਬਤਾਂ ਭਰੀ ਅਤੇ ਕਈ ਬਾਰ ਅਜੀਬ ਜਿਹੀ ਹੁੰਦੀ ਹੈ। ਅਸੀਂ ਦੋਵੇਂ ਹੀ ਆਪਸ ਵਿਚ ਬਹੁਤ ਪਿਆਰ ਕਰਦੇ ਸੀ, ਪਰ ਸਾਨੂੰ ਜੁਦਾ ਹੋਣਾ ਪਿਆ ਕਿਉਂ ਕਿ ਇਕੱਠੇ ਰਹਿ ਕੇ ਸਾਡਾ ਭਵਿੱਖ ਧੁੰਦਲਾ ਹੀ ਸੀ। ਮੈਂ ਸੋਚਦੀ ਸੀ ਕਿ ਆਉਣ ਵਾਲੇ ਸਮੇਂ ਵਿਚ ਸ਼ਾਇਦ ਕੁਝ ਠੀਕ ਹੋ ਜਾਵੇ, ਸਮਾਂ ਬੀਤਣ ਅਤੇ ਕੋਸ਼ਿਸ਼ ਕਰਨ ਨਾਲ ਕੁਝ ਚੰਗਾ ਵਾਪਰ ਜਾਏ। ਮੈਨੂੰ ਹੁਣ ਵੀ ਆਸ ਹੈ ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਮੇਂ ਤੱਕ ਮੈਂ ਇਸੇ ਤਰ੍ਹਾਂ ਹੀ ਰਹਾਂਗੀ। ਪਰ ਉਹ ਮੇਰੇ ਨਾਲੋਂ ਜ਼ਿੰਦਗੀ ਨੂੰ ਜਿਆਦਾ ਸਮਝਦਾ ਹੈ।
ਉਸ ਨੇ ਜਵਾਬ ਦਿੱਤਾ?, “ਜੇ ਸਮਾਂ ਬੀਤਣ ਤੇ ਸਭ ਕੁਝ ਠੀਕ ਨਾ ਹੋਇਆ ਤਾਂ ਫੇਰ? ਮੈਂ ਤੇਰਾ ਸਮਾਂ, ਤੇਰੀਆਂ ਕੋਸ਼ਿਸ਼ਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਮੈਂ ਇਹ ਖ਼ਤਰਾ ਮੁੱਲ ਨਹੀਂ ਲੈ ਸਕਦਾ ਅਤੇ ਆਪਣੇ ਆਪ ਨੂੰ ਇਸਦਾ ਦੋਸ਼ੀ ਨਹੀਂ ਬਣਾ ਸਕਦਾ।” ਮੈਂ ਇਸ ਗੱਲ ਨੂੰ ਸਮਝਦੀ ਸੀ ਅਤੇ ਇਸ ਇਮਾਨਦਾਰੀ ਲਈ ਉਸਦੀ ਸ਼ੁਕਰਗੁਜ਼ਾਰ ਵੀ ਸੀ।
ਮੈਂ ਇਸ ਲਈ ਉਸਦੀ ਪ੍ਰਸੰਸਾ ਵੀ ਕਰਦੀ ਹਾਂ, ਪਰ ਇਹ ਵੀ ਚਾਹੁੰਦੀ ਹਾਂ ਕਿ ਉਹ ਮੇਰਾ ਹੀ ਰਹੇ।
“ਪਿਆਰ,” ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ, “ਚਾਹਤਾਂ, ਉਮੀਦਾਂ, ਈਰਖਾ ਅਤੇ ਹੋਰ ਹਰ ਇਕ ਭਾਵਨਾ ਤੋਂ ਆਜ਼ਾਦ ਹੈ। ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਕਦੇ ਬੰਨ੍ਹਦੇ ਨਹੀਂ, ਕੁਝ ਉਮੀਦ ਨਹੀਂ ਰੱਖਦੇ, ਤੁਸੀਂ ਸਿਰਫ਼ ਆਪਣੇ ਦਿਲ ਵਿੱਚ ਕਿਸੇ ਪ੍ਤੀ ਉਤਸ਼ਾਹ ਨਾਲ ਜੀਉਂਦੇ ਹੋ ਕਿ ਤੁਸੀਂ ਉਹਨਾਂ ਨੂੰ ਮਿਲੇ,ਅਤੇ ਕਦੇ ਵੀ ਉਹਨਾਂ ਚੀਜ਼ਾਂ ਦੀ ਆਸ ਨਹੀਂ ਕਰਦੇ ਜੋ ਪਿਆਰ ਵਿਚ ਨਹੀਂ ਹੁੰਦੀਆ।” ਜੇ ਮੈਂ ਇਸ ਤਰ੍ਹਾਂ ਸੋਚਾਂ ਤਾਂ ਮੈਨੂੰ ਇਹ ਦੁਖ ਨਹੀਂ ਹੋਵੇਗਾ ਕਿ ਉਹ ਮੇਰਾ ਨਹੀਂ, ਮੈਨੂੰ ਇਸ ਨਾਲ ਹੀ ਖੁਸ਼ੀ ਹੈ ਕਿ ਮੈਂ ਉਸ ਵਰਗੇ ਕਿਸੇ ਨੂੰ ਜਾਣਦੀ ਹਾਂ, ਪਰ ਕਈ ਬਾਰ ਮੈਂ ਇਹ ਨਹੀਂ ਸੋਚਦੀ, ਮੈਂ ਉਸ ਲਈ ਤਰਸਦੀ ਹਾਂ ਅਤੇ ਰੱਬ ਨਾਲ ਨਰਾਜ਼ ਹੁੰਦੀ ਹਾਂ ਕਿ ਉਸ ਨੇ ਸਾਡੀਆਂ ਸਾਰੀਆਂ ਉਮੀਦਾਂ ਅਤੇ ਸੁਪਨੇ ਮਿੱਟੀ ਵਿਚ ਮਿਲਾ ਦਿੱਤੇ। ਜੇ ਅਸੀਂ ਕਦੇ ਇਕ ਹੋ ਜਾਂਦੇ ਤਾਂ ਸਾਡੀ ਜ਼ਿੰਦਗੀ ਕਿੰਨੀ ਵਧੀਆ ਅਤੇ ਦਿਲ ਨੂੰ ਤਸੱਲੀ ਦੇਣ ਵਾਲੀ ਹੁੰਦੀ।
ਮੈਂ ਸਾਰੇ ਪੱਖਾਂ ਤੋਂ ਸੋਚ ਰਹੀ ਸੀ ਜਿੰਨਾਂ ਕਰਕੇ ਅਸੀਂ ਇਕੱਠੇ ਰਹਿ ਸਕਦੇ ਸੀ। ਜੇ ਮੈਂ ਉਸ ਸੰਬੰਧੀ ਆਪਣੇ ਮਾਤਾ-ਪਿਤਾ ਨੂੰ ਦੱਸ ਦਿਆਂ ਅਤੇ ਉਹ, ਉਸਦੇ ਮਾਪਿਆਂ ਨਾਲ ਗੱਲ ਕਰਨ? ਹੋ ਸਕਦਾ ਹੈ ਉਹ ਮੰਨ ਜਾਣ? ਜਾਂ ਜੇ ਉਹ ਆਪਣੇ ਮਾਤਾ-ਪਿਤਾ ਨੂੰ ਮਨਾ ਲਏ? ਹੋ ਸਕਦਾ ਹੈ ਮੈਂ ਐਨੀ ਸਫ਼ਲ ਹੋ ਜਾਵਾਂ ਕਿ ਉਹ ਨਾਂਹ ਹੀ ਨਾ ਕਰ ਸਕਣ? ਉਹ ਦੇਖ ਲੈਣ ਕਿ ਅਸੀਂ ਇਕ ਦੂਜੇ ਨਾਲ ਕਿੰਨੇ ਖੁਸ਼ ਹਾਂ ਕਿ ਉਹ ਰਾਜੀ ਹੋ ਜਾਣ?
ਮੈਂ ਇਸ ਤਰ੍ਹਾਂ ਸੋਚਦੀ ਰਹੀ ਕਿ ਅਚਾਨਕ ਹੀ ਮੈਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ।
ਮੈਂ ਦੇਖਿਆ ਕਿ ਸ਼ਾਮ ਦੇ 3.30 ਦਾ ਸਮਾਂ ਹੋ ਗਿਆ ਸੀ। ਇਸੇ ਸਮੇਂ ਉਸ ਨੂੰ ਆਉਣਾ ਚਾਹੀਦਾ ਸੀ। ਮੇਰੀ ਚਿੰਤਾ ਵਧ ਰਹੀ ਸੀ। ਮੈਂ ਉਸਦਾ ਸਾਹਮਣਾ ਕਿਸ ਤਰਾਂ ਕਰਾਂਗੀ? ਮੈਂ ਉਸ ਨੂੰ ਕੀ ਕਹਾਂਗੀ? ਮੈਂ ਡੂੰਘੇ-ਡੂੰਘੇ ਪੰਜ ਸਾਹ ਲਏ ਅਤੇ ਉਹ ਪੰਜ ਚੀਜ਼ਾਂ ਦੇ ਨਾਂ ਲਏ ਜਿੰਨਾਂ ਨੂੰ ਮੈਂ ਦੇਖ, ਸੁਣ ਜਾਂ ਸੁੰਘ ਸਕਦੀ ਹਾਂ- ਪੀਲਾ ਸੋਫਾ, ਰੌਸ਼ਨੀ, ਭਾਂਡੇ, ਬਹਿਰੇ, ਬੁਟੇ, ਪੁਰਾਣੀ ਫਿਲਮ ਦਾ ਗੀਤ, ਉਹ” ਅਤੇ ਉਹ ਆ ਗਿਆ!
ਉਹ ਪੂਰੇ 3:33 ਮਿੰਟ ਤੇ ਆਇਆ- ਹਾਂ, ਉਹ ਖਾਸ ਨੰਬਰ। ਮੈਂ ਖੜੀ ਹੋ ਕਿ ਉਸ ਨੂੰ ਦੇਖਣ ਲੱਗੀ। ਉਹ ਗੁਲਾਬੀ ਕਮੀਜ਼ ਵਿਚ ਬਹੁਤ ਵਧੀਆ ਲੱਗ ਰਿਹਾ ਸੀ, ਜਿਸ ਵਿਚੋਂ ਉਸ ਦੇ ਡੌਲੇ ਦਿਖ ਰਹੇ ਸੀ। ਮੈਂ ਹੈਰਾਨ ਸੀ ਕੀ ਉਹ ਦੁਬਾਰਾ ਜਿਮ ਜਾਣ ਲੱਗ ਗਿਆ ਸੀ। ਉਹ ਹਮੇਸ਼ਾ ਹੀ ਦੇਖਣ ਨੂੰ ਬਹੁਤ ਸੋਹਣਾ ਅਤੇ ਕਮਾਲ ਦਾ ਲੱਗਦਾ ਹੈਂ। ਮੈਂ ਉਸ ਨੂੰ ਦੇਖ ਕੇ ਥੋੜ੍ਹਾ ਜਿਹਾ ਹੱਸੀ। ਉਹ ਵੀ ਦੋਸਤਾਨਾ ਲਹਿਜੇ ਵਿਚ ਹਲਕਾ ਜਿਹਾ ਮੁਸਕਰਾਇਆ। ਫੇਰ ਜਿਵੇਂ ਉਸ ਨੂੰ ਇਕ ਦਮ ਜਿਵੇਂ ਕੁਝ ਯਾਦ ਆ ਗਿਆ ਅਤੇ ਉਸ ਨੇ ਹੱਸਣਾ ਬੰਦ ਕਰ ਦਿੱਤਾ।
ਅਸੀਂ ਇਕ ਦੂਜੇ ਦੇ ਸਾਹਮਣੇ ਬੈਠ ਗਏ।
“ਜਨਮ ਦਿਨ ਮੁਬਾਰਕ।” ਉਸ ਨੇ ਆਪਣੇ ਹਾਵ-ਭਾਵ ਬਦਲਦੇ ਹੋਏ ਕਿਹਾ ਅਤੇ ਇਕ ਛੋਟੀ ਜਿਹੀ ਡੱਬੀ ਮੇਰੇ ਵੱਲ ਵਧਾਈ।
“ਧੰਨਵਾਦ… ਮੈਂ ਤੈਨੂੰ ਕਿਹਾ ਸੀ ਕਿ ਕੋਈ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ। ਤੂੰ ਆ ਗਿਆ, ਇਹ ਮੇਰੇ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਮੇਰੇ ਕੋਲ ਪਹਿਲਾਂ ਹੀ ਬਹੁਤ ਚੀਜ਼ਾਂ ਹਨ ਜਿੰਨਾਂ ਤੋਂ ਖਹਿੜਾ ਨਹੀਂ ਛੁੱਟਦਾ।” ਪਰ ਇਹ ਕਹਿ ਕੇ ਨਾਲ ਦੀ ਨਾਲ ਮੈਨੂੰ ਪਛਤਾਵਾ ਵੀ ਹੋਇਆ।
ਉਹ ਛੋਟੀ ਜਿਹੀ ਡੱਬੀ ਹੱਥ ਵਿਚ ਫੜੀ ਮੈਂ ਸੋਚ ਰਹੀ ਸੀ ਕਿ ਉਸ ਵਿਚ ਕੀ ਹੋਵੇਗਾ। ਮੈਨੂੰ ਉਸ ਦੀ ਤਰਾਂ ਡੱਬੀ ਵਿਚ ਬੰਦ ਤੋਹਫ਼ੇ ਦੀ ਪਹਿਚਾਣ ਕਰਨੀ ਨਹੀਂ ਆਉਂਦੀ। ਮੈਂ ਸੋਚ ਰਹੀ ਸੀ, ਕੀ ਮੁੰਦਰੀ ਹੋਵੇਗੀ? ਉਸ ਦੇ ਪਰਿਵਾਰ ਵੱਲੋਂ ਭੇਜਿਆ ‘ਹਾਂ’ ਦਾ ਸੁਨੇਹਾ? ਜਾਂ ਕਿਸੇ ਵਧੀਆ ਜਿਹੀ ਲੱਕੜ ‘ਤੇ ਇਹ ਲਿਖਿਆ ਹੋਵੇਗਾ, ‘ਆਪਾਂ ਦੁਬਾਰਾ ਇਕੱਠੇ ਹੋ ਜਾਈਏ ਜਾਂ ਹੋਰ ਅਜਿਹਾ ਕੁਝ? ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ?
“ਕੀ ਸੋਚ ਰਹੀਂ ਹੈਂ?” ਉਸ ਨੇ ਮੈਨੂੰ ਗੂੜੀਆਂ ਸੋਚਾਂ ਵਿਚ ਪਈ ਨੂੰ ਦੇਖ ਕੇ ਪੁੱਛਿਆ।
ਮੈਂ ਥੋੜ੍ਹਾ ਜਿਹਾ ਸ਼ਰਮਾ ਕੇ ਉਸ ਵੱਲ ਦੇਖਿਆ ਅਤੇ ਕਿਹਾ, “ਕੁਝ ਨਹੀਂ!”
“ਮੈਂ ਤੋਹਫ਼ੇ ਤੋਂ ਬਿਨਾਂ ਆ ਨਹੀਂ ਸੀ ਸਕਦਾ। ਇਹ ਖੋਲ੍ਹ ਤਾਂ ਲੈ।”
ਮੇਰੇ ਹੱਥ ਕੰਬ ਰਹੇ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਸਨ, ਉਹਨਾਂ ਵਿਚੋਂ ਕੁਝ ਨਹੀਂ ਹੋਵੇਗਾ।
“ਤੇਰਾ ਕੀ ਹਾਲ ਹੈ?” ਪੈਕਟ ਖੋਲਦੀ ਨੇ ਮੈਂ ਪੁੱਛਿਆ।
‘ਬਹੁਤਾ ਮਾੜਾ ਨਹੀਂ? ਵਧੀਆ ਚਲ ਰਿਹਾ ਹੈ”, ਉਸ ਨੇ ਕਿਹਾ।
ਜਦੋਂ ਉਹ ਵਧੀਆ ਕਹਿੰਦਾ ਹੈ, ਇਸ ਦਾ ਮਤਲਬ ਹੁੰਦਾ ਹੈ “ਬਹੁਤ ਵਧੀਆ” ਜਾਂ “ਬਹੁਤਾ ਵਧੀਆ ਨਹੀਂ।“ ਮੈਂ ਸੋਚ ਰਹੀ ਸੀ ਕਿ ਦੋਹਾਂ ਵਿਚੋਂ ਕੀ ਠੀਕ ਹੈ?
ਡੱਬੀ ਦੇ ਉਪਰ ਲਪੇਟੇ ਕਾਗਜ ਨੂੰ ਲਾਹ ਕੇ ਮੈਂ ਇਕ ਪਾਸੇ ਰੱਖ ਦਿੱਤਾ। ਗਹਿਣਿਆਂ ਵਾਲੀ ਇਕ ਛੋਟੀ ਜਿਹੀ ਡੱਬੀ ਸੀ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਡੱਬੀ ਖੋਲ ਕੇ ਦੇਖਿਆ ਦਿਲ ਦੀ ਸ਼ਕਲ ਦਾ ਗਲੇ ਵਿਚ ਪਾਉਣ ਵਾਲੇ ਇਕ ਲਾਕਟ ਜਿਹਾ ਸੀ ਅਤੇ ਵਿਚਕਾਰ ਤੋਂ ਕੱਟਿਆ ਹੋਇਆ। ਮੈਂ ਉਸ ਨੂੰ ਆਪਣੇ ਹੱਥਾਂ ਵਿਚ ਫੜਿਆ ਅਤੇ ਬਿਨਾਂ ਕੁਝ ਸੋਚੇ ਉਸ ਨੂੰ ਕਿਹਾ, ‘ਇਹ ਕੀ ਹੈ?”
ਉਸ ਨੇ ਦਿਲ ਦੇ ਆਕਾਰ ਨੂੰ ਖਿੱਚਦੇ ਹੋਏ ਕਿਹਾ ਕਿ ਇਹ ਇਕ ਜੋੜੇ ਦਾ ਲਾਕਟ ਹੈ। ਦੋਹਾਂ ਦੇ ਵਿਚਕਾਰ ਇਕ ਚੁੰਬਕ ਹੈ, ਜਿਹੜਾ ਦੋਹਾਂ ਨੂੰ ਆਪਸ ਵਿਚ ਜੋੜ ਕੇ ਇਕ ਕਰਦਾ ਹੈ।
“ਕੀ ਤੂੰ ਇਹਨਾਂ ਵਿਚੋਂ ਇਕ ਆਪਣੇ ਕੋਲ ਰੱਖੇਂਗਾ?” ਮੈਂ ਉਸ ਵੱਲ ਬਿਨਾਂ ਦੇਖਿਆਂ ਕਿਹਾ।
ਮੈਂ ਦੇਖਿਆ ਕਿ ਉਸ ਡੱਬੀ ਵਿਚ ਮੁੜਿਆ ਹੋਇਆ ਇਕ ਕਾਗਜ ਵੀ ਪਿਆ ਸੀ, ਜਿਸ ‘ਤੇ ਲਿਖਿਆ ਸੀ-“ਸਾਡੇ ਦਿਲ ਇਹਨਾਂ ਦੋ ਦਿਲਾਂ ਦੀ ਤਰ੍ਹਾਂ ਕਦੇ ਅੱਡ ਹੋਣ ਲਈ ਨਹੀਂ ਸੀ ਬਣੇ। ਜੇ ਅਸੀਂ ਵੱਖ ਵੀ ਹੋਏ ਤਾਂ ਕਿਸੇ ਚੁੰਬਕ ਦੀ ਸ਼ਕਤੀ ਸਾਨੂੰ ਇਕੱਠੇ ਰੱਖੇਗੀ ਅਤੇ ਜੇ ਸਾਨੂੰ ਅਲਵਿਦਾ ਹੋਣਾ ਹੀ ਪਿਆ, ਤਾਂ ਮੈਂ ਨਹੀਂ ਚਾਹੁੰਦਾ ਕਿ ਤੇਰੀ ਜ਼ਿੰਦਗੀ ਵਿਚ ਕੋਈ ਘਾਟ ਆਏ ਜਾਂ ਤੇਰੀ ਜ਼ਿੰਦਗੀ ਵਿਚ ਖਾਲੀ ਪਨ ਆਵੇ। ਇਸ ਲਈ ਇਹ ਦੋਵੇਂ ਲਾਕਟ ਤੇਰੇ ਕੋਲ ਹੀ ਰਹਿਣਗੇ ਅਤੇ ਮੈਨੂੰ ਪੱਕਾ ਪਤਾ ਹੈ ਕਿ ਤੂੰ ਦੋਹਾਂ ਨੂੰ ਇਕੱਠੇ ਰੱਖੇਂਗੀ?”
ਇਸ ਤੋਂ ਬਾਅਦ ਸਾਡੇ ਦੋਹਾਂ ਵਿਚੋਂ ਕੋਈ ਕੁਝ ਨਾ ਬੋਲਿਆ।
ਮੇਰੇ ਦਿਲ ਦੇ ਇਕ ਹਿੱਸੇ ਨੂੰ ਨਹੀਂ ਸੀ ਪਤਾ ਕਿ ਮੈਂ ਕੀ ਜਵਾਬ ਦਿਆਂ, ਪਰ ਦੂਜਾ ਹਿੱਸਾ ਚੀਕਣਾ ਚਾਹੁੰਦਾ ਸੀ, “ਮੈਂ ਇਹਨਾਂ ਦੋਹਾਂ ਨੂੰ ਤਾਂ ਇਕੱਠੇ ਰੱਖ ਲਵਾਂਗੀ, ਪਰ ਸਾਡੇ ਦੋਹਾਂ ਬਾਰੇ ਕੀ?”
ਪਿੱਛੋਂ ਕਿਤੋਂ ਸਾਹਿਰ ਲੁਧਿਆਣਵੀ ਦੇ ਗੀਤ ਦੀ ਆਵਾਜ਼ ਆ ਰਹੀ ਸੀ, “ਜਾਣੇ ਵੋ ਕੈਸੇ ਲੋਗ ਥੇ ਜਿੰਨ ਕੇ ਪਿਆਰ ਕੋ ਪਿਆਰ ਮਿਲਾ…”
ਅਸੀਂ ਦੋਹਾਂ ਨੇ ਇਕ ਦੂਜੇ ਦੀਆਂ ਅੱਖਾਂ ਵਿਚ ਦੇਖਿਆ ਅਤੇ ਹੱਸ ਪਏ। ਇਸ ਹਾਸੇ ਵਿੱਚ ਹੀ ਸਾਡਾ ਰੋਣਾ ਸੀ। ਰੈਡ ਵੈਲਵੇਟ ਕੇਕ ਕੱਟਣ ਤੋਂ ਬਾਅਦ ਉਸਨੂੰ ਇੱਕ ਫੋਨ ਆਉਂਦਾ ਹੈ ਅਤੇ ਉਹ ਇਹ ਕਹਿੰਦਾ ਉਥੋਂ ਚਲਿਆ ਜਾਂਦਾ ਹੈ, “ਮੈਂ ਜਲਦੀ ਹੀ ਵਾਪਿਸ ਆਉਂਦਾ ਹਾਂ।” ਅਤੇ ਮੈਂ?
ਮੈਂ ਉਸਦੇ ਆਉਣ ਦੀ ਉਡੀਕ ਵਿਚ ਬੈਠੀ ਹਾਂ, ਮੇਰਾ ਦਿਲ ਕਹਿੰਦਾ ਹੈ ਕਿ ਉਹ ਜਰੂਰ ਆਵੇਗਾ ਪਰ ਦਿਮਾਗ…
ਕੀ ਉਹ ਆਵੇਗਾ?