ਬੇਸ਼ਰਮੀ ਦੀ ਹੱਦ

ਸੰਨ 1999 ਦੀ ਗੱਲ ਹੈ ਕਿ ਮੈਂ ਖੰਨਾ ਪੁਲਿਸ ਜਿਲ੍ਹੇ ਦੀ ਪਾਇਲ ਸਬ ਡਵੀਜ਼ਨ ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਇੱਕ ਦਿਨ ਮੈਂ ਦਫਤਰ ਬੈਠਾ ਸੀ ਕਿ ਰਾਜ ਕੁਮਾਰ (ਕਾਲਪਨਿਕ ਨਾਮ) ਨਾਮਕ ਇੱਕ ਨੌਜਵਾਨ ਆਪਣੇ ਸਹੁਰੇ ਸ਼ੰਕਰ ਲਾਲ (ਕਾਲਪਨਿਕ ਨਾਮ) ਸਮੇਤ ਮੇਰੇ ਦਫਤਰ ਆਇਆ ਤੇ ਦੱਸਿਆ ਕਿ ਉਸ ਦੀ ਪਤਨੀ ਕਲਪਨਾ (ਕਾਲਪਨਿਕ ਨਾਮ) ਆਪਣੇ 6 ਕੁ ਮਹੀਨੇ ਦੇ ਬੱਚੇ ਸਮੇਤ ਗੁਆਂਢ ਰਹਿੰਦੇ ਇੱਕ ਵਿਅਕਤੀ ਹਰੀ ਸਿੰਘ (ਕਾਲਪਨਿਕ ਨਾਮ) ਨਾਲ ਫਰਾਰ ਹੋ ਗਈ ਹੈ। ਜਦੋਂ ਮੈਂ ਵਿਸਥਾਰ ਨਾਲ ਗੱਲ ਪੁੱਛੀ ਤਾਂ ਬਹੁਤ ਹੈਰਾਨੀਜਨਕ ਕਹਾਣੀ ਸਾਹਮਣੇ ਆਈ ਜਿਸ ‘ਤੇ ਹਿੰਦੀ ਦਾ ਮੁਹਾਵਰਾ, ਗਧੀ ਪੇ ਦਿਲ ਆਇਆ ਤੋੋ ਪਰੀ ਕਿਆ ਚੀਜ ਹੈ, ਪੂਰੀ ਤਰਾਂ ਨਾਲ ਢੁੱਕਦਾ ਸੀ। ਰਾਜ ਕੁਮਾਰ ਨੇ ਦੱਸਿਆ ਕਿ ਉਹ ਤੇ ਕਲਪਨਾ ਪਾਇਲ ਦੇ ਨਜ਼ਦੀਕ ਇੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਲੈਕਚਰਾਰ ਨੌਕਰੀ ਕਰ ਰਹੇ ਹਨ, ਕਲਪਨਾ ਮੈਥ ਦੀ ਲੈਕਚਰਾਰ ਸੀ ਤੇ ਰਾਜ ਕੁਮਾਰ ਇੰਗਲਿਸ਼ ਦਾ। ਪਿੱਛੋਂ ਉਹ ਸਮਰਾਲੇ ਦੇ ਹਨ ਪਰ ਰੋਜ਼ਾਨਾ ਦੇ ਸਫਰ ਤੋਂ ਬਚਣ ਲਈ ਉਨ੍ਹਾਂ ਨੇ ਪਾਇਲ ਹੀ ਇੱਕ ਮਕਾਨ ਕਿਰਾਏ ‘ਤੇ ਲਿਆ ਹੋਇਆ ਹੈ। ਐਨੀ ਪੜ੍ਹੀ ਲਿਖੀ ਲੈਕਚਰਾਰ ਜਿਸ ਵਿਅਕਤੀ ਨਾਲ ਭੱਜੀ ਸੀ ਉਹ ਕੋਰਾ ਅਨਪੜ੍ਹ ਸੀ ਤੇ ਦਾਣਾ ਮੰਡੀ ਵਿੱਚ ਪੱਲੇਦਾਰੀ ਕਰਦਾ ਸੀ। ਰਾਜ ਕੁਮਾਰ ਨੇ ਦੱਸਿਆ ਕਿ ਉਹ ਕਸਰਤ ਦਾ ਬਹੁਤ ਸ਼ੌਕੀਨ ਹੈ ਤੇ ਰੋਜ਼ਾਨਾ ਸਵੇਰੇ 8 10 ਕਿ.ਮੀ. ਦੌੜ ਲਗਾਉਂਦਾ ਹੈ। ਕਲ੍ਹ ਜਦੋਂ ਉਹ ਦੌੜ ਲਾਉਣ ਲਈ ਗਿਆ ਤਾਂ ਪਿੱਛੋਂ ਕਲਪਨਾ ਵੀ ਦੌੜ ਗਈ।

ਰਾਜ ਕੁਮਾਰ ਦੇ ਨਾਲ ਆਇਆ ਉਸ ਦਾ ਸਹੁਰਾ ਵੇਖਣ ਨੂੰ ਹੀ ਸਿਰੇ ਦਾ ਬੇਸ਼ਰਮ ਬੰਦਾ ਲੱਗਦਾ ਸੀ। ਉਸ ਦੇ ਚਿਹਰੇ ‘ਤੇ ਕੋਈ ਸ਼ਰਮ ਹਯਾ ਨਹੀਂ ਸੀ ਤੇ ਇਸ ਤਰਾਂ ਅਰਾਮ ਨਾਲ ਗੱਲਾਂ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਵੈਸੇ ਤਾਂ ਇਸ ਕੇਸ ਵਿੱਚ ਕੋਈ ਪੁਲਿਸ ਕਾਰਵਾਈ ਨਹੀਂ ਸੀ ਬਣਦੀ ਕਿਉਂਕਿ ਕਲਪਨਾ ਬਾਲਗ ਸੀ ਤੇ ਆਪਣੀ ਮਰਜ਼ੀ ਨਾਲ ਗਈ ਸੀ। ਪਰ ਕਿਉਂਕਿ ਉਹ ਆਪਣਾ ਬੱਚਾ ਵੀ ਨਾਲ ਲੈ ਗਈ ਸੀ, ਇਸ ਲਈ ਮੈਂ ਐਚ.ਐਚ.ਉ. ਨੂੰ ਬੁਲਾ ਕੇ ਹਰੀ ਸਿੰਘ ਦੇ ਖਿਲਾਫ ਅਗਵਾ ਆਦਿ ਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ਼ ਕਰਨ ਲਈ ਕਹਿ ਦਿੱਤਾ ਤਾਂ ਜੋ ਕਲ੍ਹ ਨੂੰ ਕੋਈ ਪਵਾੜਾ ਨਾ ਪੈ ਜਾਵੇ। ਇਸ ਤੋਂ ਬਾਅਦ ਪੁਲਿਸ ਤਫਤੀਸ਼ ਸ਼ੁਰੂ ਹੋ ਗਈ, ਰਾਜ ਕੁਮਾਰ ਅਤੇ ਉਸ ਦੇ ਸਹੁਰੇ ਸ਼ੰਕਰ ਲਾਲ (ਕਾਲਪਨਿਕ ਨਾਮ) ਨੇ ਹਰੀ ਸਿੰਘ ਦੇ ਜਿਹੜੇ ਵੀ ਟਿਕਾਣੇ ਦੱਸੇ, ਸਭ ਜਗ੍ਹਾ ‘ਤੇ ਛਾਪੇ ਮਾਰੇ ਗਏ ਪਰ ਪ੍ਰੇਮੀ ਜੋੜਾ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਚੁੱਕਿਆ ਸੀ। ਅਖੀਰ ਮਹੀਨੇ ਕੁ ਬਾਅਦ ਪੁਲਿਸ ਕਾਰਵਾਈ ਕੁਝ ਢਿੱਲੀ ਪੈ ਗਈ ਤੇ ਸਭ ਨੇ ਸਮਝ ਲਿਆ ਉਹ ਪੰਜਾਬ ਛੱਡ ਕੇ ਕਿਤੇ ਦੂਰ ਨਿਕਲ ਗਏ ਹਨ। ਰਾਜ ਕੁਮਾਰ ਤੇ ਸ਼ੰਕਰ ਲਾਲ ਹਫਤੇ ਦਸਾਂ ਦਿਨਾਂ ਬਾਅਦ ਕੇਸ ਬਾਰ ਪੁੱਛ ਗਿੱਛ ਕਰਨ ਲਈ ਗੇੜਾ ਮਾਰ ਲੈਂਦੇ ਸਨ। ਰਾਜ ਕੁਮਾਰ ਨੂੰ ਆਪਣੇ ਬੱਚੇ ਦਾ ਫਿਕਰ ਸੀ ਤੇ ਸ਼ੰਕਰ ਲਾਲ ਨੂੰ ਆਪਣੀ ਧੀ ਦਾ। ਤਿੰਨ ਕੁ ਮਹੀਨਿਆਂ ਬਾਅਦ ਸ਼ੰਕਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਕਲਪਨਾ ਦਾ ਪਤਾ ਲੱਗ ਗਿਆ ਹੈ।

ਮੈਂ ਉਸੇ ਵੇਲੇ ਇੱਕ ਥਾਣੇਦਾਰ ਤੇ ਤਿੰਨ ਚਾਰ ਜਵਾਨ ਉਸ ਨਾਲ ਭੇਜ ਦਿੱਤੇ ਤੇ ਉਹ ਸ਼ਾਮ ਤੱਕ ਕਲਪਨਾ ਅਤੇ ਹਰੀ ਸਿੰਘ ਨੂੰ ਪਕੜ ਕੇ ਥਾਣੇ ਲੈ ਆਏ। ਰਾਜ ਕੁਮਾਰ ਨੇ ਕਲਪਨਾ ਨੂੰ ਨਾਲ ਲਿਜਾਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਤੇ ਉਹ ਆਪਣੇ ਪਿਉ ਨਾਲ ਚਲੀ ਗਈ। ਹਰੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ। ਉਸ ਦੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਭੱਜਣ ਸਮੇਂ ਕਲਪਨਾ 50 60 ਹਜ਼ਾਰ ਰੁਪਏ ਨਾਲ ਲੈ ਗਈ ਸੀ। ਹਰੀ ਸਿੰਘ ਸਿਰੇ ਦਾ ਮਲੰਗ ਸੀ ਤੇ ਸਾਰਾ ਖਰਚਾ ਕਲਪਨਾ ਹੀ ਕਰਦੀ ਰਹੀ ਸੀ। ਉਹ ਪਾਇਲ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ ਤੇ ਉਥੇ ਇੱਕ ਗੰਦੀ ਜਿਹੀ ਕਲੋਨੀ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਪਏ ਸਨ। ਜਦੋਂ ਕਲਪਨਾ ਦੇ ਪੈਸੇ ਖਤਮ ਹੋ ਗਏ ਤਾਂ ਹਰੀ ਸਿੰਘ ਦਿਹਾੜੀ ਦੱਪਾ ਕਰ ਕੇ ਘਰ ਦਾ ਖਰਚਾ ਚਲਾਉਣ ਲੱਗ ਪਿਆ ਸੀ। ਜਦੋਂ ਪੈਸੇ ਖਤਮ ਹੋ ਗਏ ਤਾਂ ਕਲਪਨਾ ਦੇ ਸਿਰ ਤੋਂ ਇਸ਼ਕ ਦਾ ਭੂਤ ਵੀ ਉੱਤਰ ਗਿਆ। ਉਸ ਨੇ ਹਰੀ ਸਿੰਘ ਨੂੰ ਦੱਸੇ ਬਿਨਾਂ ਹੀ ਆਪਣੇ ਪਿਉ ਨੂੰ ਫੋਨ ਕਰ ਦਿੱਤਾ ਸੀ ਜਿਸ ਕਾਰਨ ਹਰੀ ਸਿੰਘ ਨੂੰ ਫਰਾਰ ਹੋਣ ਦਾ ਮੌਕਾ ਨਹੀਂ ਸੀ ਮਿਲਿਆ।

ਅਸੀਂ ਸੁੱਖ ਦਾ ਸਾਹ ਲਿਆ ਕਿਉਂਕਿ ਹਰ ਕਰਾਈਮ ਮੀਟਿੰਗ ਵਿੱਚ ਇਸ ਕੇਸ ਕਾਰਨ ਐਸ.ਐਸ.ਪੀ. ਕੋਲੋਂ ਝਿੜਕਾਂ ਖਾਣੀਆਂ ਪੈਂਦੀਆਂ ਸਨ। ਪਰ ਕਲਾਈਮੈਕਸ ਅਜੇ ਬਾਕੀ ਸੀ। ਜਿਸ ਦਿਨ ਹਰੀ ਸਿੰਘ ਦਾ ਰਿਮਾਂਡ ਖਤਮ ਹੋਣਾ ਸੀ, ਉਸ ਦਿਨ ਸਵੇਰੇ ਦਸ ਕੁ ਵਜੇ ਕਲਪਨਾ ਤੇ ਉਸ ਦਾ ਪਿਉ ਮੇਰੇ ਦਫਤਰ ਆ ਗਏ। ਸ਼ੰਕਰ ਲਾਲ ਨੇ ਮੈਨੂੰ ਦੱਸਿਆ ਕਿ ਅਸਲ ਵਿੱਚ ਇਹ ਸਾਰਾ ਕਾਂਡ ਰਾਜ ਕੁਮਾਰ ਨੇ ਕਰਵਾਇਆ ਹੈ ਤੇ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ। ਇਹ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ ਤੇ ਮੈਂ ਕਾਰਨ ਪੁੱਛਿਆ। ਇਸ ਦਾ ਜਵਾਬ ਕਲਪਨਾ ਨੇ ਦਿੱਤਾ ਜੋ ਕੁਝ ਦਿਨ ਪਹਿਲਾਂ ਰੁਲੀ ਖੁਲੀ ਜਿਹੀ ਸੀ ਪਰ ਹੁਣ ਕਾੜ੍ਹ ਕਾੜ੍ਹ ਬੋਲ ਰਹੀ ਸੀ। ਉਸ ਨੇ ਕਿਹਾ ਕਿ ਅਸਲ ਵਿੱਚ ਹਰੀ ਸਿੰਘ ਨਾਲ ਭੱਜਣ ਲਈ ਉਸ ਨੂੰ ਰਾਜ ਕੁਮਾਰ ਨੇ ਮਜ਼ਬੂਰ ਕੀਤਾ ਸੀ, ਉਹ ਤਾਂ ਹਰੀ ਸਿੰਘ ਨੂੰ ਜਾਣਦੀ ਵੀ ਨਹੀਂ ਸੀ। ਰਾਜ ਕੁਮਾਰ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਹਨ ਤੇ ਉਹ ਚਾਹੁੰਦਾ ਸੀ ਕਿ ਮੈਂ ਹਰੀ ਸਿੰਘ ਨਾਲ ਭੱਜ ਕੇ ਬਦਨਾਮ ਹੋ ਜਾਵਾਂ ਤਾਂ ਜੋ ਉਹ ਮੈਨੂੰ ਤਲਾਕ ਦੇ ਸਕੇ। ਉਸ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਨਾ ਭੱਜੀ ਤਾਂ ਉਹ ਮੇਰੇ ਬੇਟੇ ਨੂੰ ਕਤਲ ਕਰ ਦੇਵੇਗਾ।

ਮੈਂ ਸੋਚਿਆ ਸ਼ਾਇਦ ਕਲਪਨਾ ਦੀ ਇਹ ਦੂਸਰੀ ਸ਼ਾਦੀ ਹੋਵੇ। ਪਰ ਉਸ ਨੇ ਜਵਾਬ ਦਿੱਤਾ ਕਿ ਇਹ ਉਸ ਦੀ ਪਹਿਲੀ ਸ਼ਾਦੀ ਹੈ ਤੇ ਬੱਚਾ ਰਾਜ ਕੁਮਾਰ ਦਾ ਹੀ ਹੈ। ਮੈਨੂੰ ਖਿਝ੍ਹ ਚੜ੍ਹ ਗਈ, ਮੈਂ ਕਿਹਾ ਕਿ ਤੂੰ ਪਾਇਲ ਤੋਂ ਲੈ ਕੇ ਅੰਮ੍ਰਿਤਸਰ ਤੱਕ 5 6 ਘੰਟੇ ਬੱਸ ਦਾ ਸਫਰ ਕੀਤਾ ਤੇ ਫਿਰ ਤਿੰਨ ਮਹੀਨੇ ਉਥੇ ਰਹੀ। ਇਸ ਸਮੇਂ ਦੌਰਾਨ ਤੈਨੂੰ ਕੋਈ ਪੁਲਿਸ ਵਾਲਾ ਨਾ ਦਿਸਿਆ? ਕਲਪਨਾ ਨੇ ਫਿਰ ਕੁਫਰ ਤੋਲਿਆ ਕਿ ਮੈਂ ਬਹੁਤ ਡਰ ਗਈ ਸੀ ਕਿ ਕਿਤੇ ਮੇਰੇ ਬੇਟੇ ਨੂੰ ਕਤਲ ਨਾ ਕਰ ਦਿੱਤਾ ਜਾਵੇ। ਮੈਂ ਸਮਝ ਗਿਆ ਕਿ ਇਹ ਦੋਵੇਂ ਪਿਉ ਧੀ ਰਾਜ ਕੁਮਾਰ ਨੂੰ ਫਸਾਉਣ ਲਈ ਝੂਠੀ ਕਹਾਣੀ ਘੜ ਕੇ ਆਏ ਹਨ ਕਿਉਂਕਿ ਉਸ ਨੇ ਕਲਪਨਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਥਾਣੇ ਤੋਂ ਹਰੀ ਸਿੰਘ ਨੂੰ ਬੁਲਾ ਲਿਆ ਤੇ ਉਸ ਨੂੰ ਕਲਪਨਾ ਦੇ ਨਵੇਂ ਬਿਆਨ ਬਾਰੇ ਪੁੱਛਿਆ। ਉਹ ਹੈਰਾਨ ਰਹਿ ਗਿਆ, “ਸਰ ਜੀ ਮੇਰੀ ਕਲਪਨਾ ਨਾਲ ਯਾਰੀ ਤਾਂ ਡੇਢ ਦੋ ਸਾਲ ਤੋਂ ਚੱਲ ਰਹੀ ਹੈ। ਮਾਸਟਰ ਤੜ੍ਹਕੇ 4 5 ਵਜੇ ਦੌੜ ਲਗਾਉਣ ਲਈ ਚਲਾ ਜਾਂਦਾ ਸੀ ਤੇ ਇਹ ਮੈਨੂੰ ਘਰ ਬੁਲਾ ਲੈਂਦੀ ਸੀ ਕਿਉਂਕਿ ਉਸ ਵੇਲੇ ਗਲ੍ਹੀ ਸੁੰਨਸਾਨ ਹੁੰਦੀ ਸੀ। ਜੇ ਮਾਸਟਰ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਮੇਰੀਆਂ ਲੱਤਾਂ ਨਾ ਤੋੜ ਦਿੰਦਾ।”

ਪਰ ਉਹ ਦੋਵੇਂ ਪਿਉ ਧੀ ਐਨੇ ਬੇਸ਼ਰਮ ਸਨ ਕਿ ਹਰੀ ਸਿੰਘ ਵੱਲੋਂ ਖੋਲ੍ਹੇ ਗਏ ਗੁਪਤ ਭੇਤਾਂ ਦੇ ਬਾਵਜੂਦ ਕਹਿਣ ਲੱਗੇ ਕਿ ਇਹ ਤਾਂ ਰਾਜ ਕੁਮਾਰ ਨਾਲ ਰਲਿਆ ਹੋਇਆ ਹੈ। ਜਦੋਂ ਉਹ ਨਾ ਹਟੇ ਤਾਂ ਮੈਂ ਦੋਵਾਂ ਨੂੰ ਦਫਤਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਸ਼ੰਕਰ ਲਾਲ ਨੂੰ ਕਿਹਾ, “ਮੈਂ ਆਪਣੀ ਨੌਕਰੀ ਦੌਰਾਨ ਬੜੇ ਵੱਡੇ ਵੱਡੇ ਬੇਅਣਖੇ ਬੰਦੇ ਵੇਖੇ ਹਨ, ਪਰ ਤੇਰੇ ਵਰਗਾ ਘਟੀਆ ਬੰਦਾ ਅੱਜ ਤੱਕ ਨਹੀਂ ਵੇਖਿਆ। ਕੋਈ ਹੋਰ ਹੁੰਦਾ ਤਾਂ ਹਰੀ ਸਿੰਘ ਵੱਲੋਂ ਕਹੀਆਂ ਗੱਲਾਂ ਸੁਣ ਕੇ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਂਦਾ।” ਪਰ ਉਹ ਢੀਠ ਬੰਦਾ ਉੱਚ ਅਫਸਰਾਂ ਦੇ ਪੇਸ਼ ਹੋਣ ਦੀਆਂ ਧਮਕੀਆਂ ਦਿੰਦਾ ਹੋਇਆ ਉਥੋਂ ਚਲਾ ਗਿਆ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062