ਜ਼ਾਤ ਪਾਤ ਦਾ ਘੋਰ ਵਿਰੋਧੀ ਭਾਰਤ ਦਾ ਪਹਿਲਾ ਧਾਰਮਿਕ ਫਿਰਕਾ, ਨਾਥ ਪੰਥ

ਨਾਥ ਪੰਥ ਭਾਰਤ ਦਾ ਪਹਿਲਾ ਅਜਿਹਾ ਧਾਰਮਿਕ ਫਿਰਕਾ ਹੈ ਜੋ ਕਿਸੇ ਵੀ ਵਿਅਕਤੀ ਨਾਲ ਜ਼ਾਤ ਅਤੇ ਧਰਮ ਦੇ ਨਾਮ ‘ਤੇ ਭੇਦ ਭਾਵ ਨਹੀਂ ਕਰਦਾ। ਇਸ ਪੰਥ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਦੀਕਸ਼ਾ ਦਿੱਤੀ ਜਾਂਦੀ ਸੀ। ਇਸ ਧਰਮ ਨੂੰ ਸਿਖਰਾਂ ‘ਤੇ ਪਹੁੰਚਾਉਣ ਦਾ ਸਿਹਰਾ ਗੁਰੂ ਗੋਰਖ ਨਾਥ ਦੇ ਸਿਰ ਬੱਝਦਾ ਹੈ। ਉਸ ਦਾ ਜਨਮ 1270 ਈਸਵੀ ਦੇ ਆਸ ਪਾਸ ਪੇਸ਼ਾਵਰ ਜਾਂ ਲਾਹੌਰ ਦੇ ਇਲਾਕੇ ਵਿੱਚ ਹੋਣਾ ਮੰਨਿਆਂ ਜਾਂਦਾ ਹੈ। ਸਮਕਾਲੀ ਇਤਿਹਾਸ ਜਾਂ ਹੋਰ ਠੋਸ ਲਿਖਤੀ ਸਬੂਤਾਂ ਦੀ ਘਾਟ ਕਾਰਨ ਉਸ ਦੇ ਅਸਲ ਜਨਮ ਸਥਾਨ ਅਤੇ ਮਾਤਾ ਪਿਤਾ ਦੇ ਨਾਮ ਬਾਰੇ ਕੋਈ ਪਤਾ ਨਹੀਂ ਚੱਲਦਾ। ਤਰਾਇਣ ਦੀ ਜੰਗ (1192 ਈਸਵੀ) ਵਿੱਚ ਮੁਹੰੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ। ਗੋਰਖ ਨਾਥ ਦੇ ਜਨਮ ਤੱਕ ਤੁਰਕਾਂ ਦਾ ਰਾਜ ਪੇਸ਼ਾਵਰ ਤੋਂ ਲੈ ਕੇ ਬੰਗਾਲ ਤੱਕ ਮਜ਼ਬੂਤੀ ਨਾਲ ਸਥਾਪਿਤ ਹੋ ਚੁੱਕਾ ਸੀ। ਪਰ ਅਫਸੋਸ, ਹਮੇਸ਼ਾਂ ਵਾਂਗ ਸਾਡੇ ਰਾਜੇ ਤੁਰਕਾਂ ਦੇ ਖਿਲਾਫ ਕੋਈ ਮਜ਼ਬੂਤ ਗੱਠਜੋੜ ਕਾਇਮ ਕਰਨ ਦੀ ਬਜਾਏ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣੇ ਹੋਏ ਸਨ ਤੇ ਕਥਿੱਤ ਉੱਚੀਆਂ ਜ਼ਾਤਾਂ ਕਥਿੱਤ ਨੀਵੀਆਂ ਜ਼ਾਤਾਂ ‘ਤੇ ਜ਼ੁਲਮ ਢਾਹੁਣ ਵਿੱਚ ਰੁੱਝੀਆਂ ਹੋਈਆਂ ਸਨ।

ਗੋਰਖ ਨਾਥ ਦੇ ਜਨਮ ਸਮੇਂ ਨਾਥ ਮੱਤ ਭਾਰਤ ਵਿੱਚ ਕਾਫੀ ਪ੍ਰਭਾਵੀ ਬਣ ਚੁੱਕਾ ਸੀ। ਗੋਰਖ ਨਾਥ ਨੇ ਯੋਗੀ ਮਛੇਂਦਰ ਨਾਥ ਨੂੰ ਆਪਣਾ ਗੁਰੂ ਧਾਰਿਆ ਤੇ ਉਸ ਕੋਲੋਂ ਧਰਮ ਅਤੇ ਜੋਗ ਦੇ ਗੂੜ੍ਹ ਰਹੱਸਾਂ ਬਾਰੇ ਗਿਆਨ ਹਾਸਲ ਕੀਤਾ। ਮਛੇਂਦਰ ਨਾਥ ਦੀ ਮੌਤ ਤੋਂ ਬਾਅਦ ਗੋਰਖ ਨਾਥ ਨੂੰ ਨਾਥ ਮੱਤ ਦਾ ਮੁਖੀ ਥਾਪਿਆ ਗਿਆ ਸੀ। ਭਾਵੇਂ ਗੋਰਖ ਨਾਥ ਤੋਂ ਪਹਿਲਾਂ ਨਾਥ ਪੰਥ ਦੇ ਆਦੀ ਨਾਥ ਅਤੇ ਮਛੇਂਦਰ ਨਾਥ ਸਮੇਤ ਸੱਤ ਗੁਰੂ ਹੋ ਚੁੱਕੇ ਸਨ, ਪਰ ਨਾਥ ਪੰਥ ਨੇ ਸਭ ਤੋਂ ਵੱਧ ਤਰੱਕੀ ਗੋਰਖ ਨਾਥ ਅਧੀਨ ਹੀ ਕੀਤੀ। ਉਸ ਨੇ ਜਨਤਾ ਵਿੱਚ ਗਿਆਨ ਦੀ ਜੋਤ ਜਗਾਉਣ ਲਈ ਭਾਰਤ ਤੋਂ ਇਲਾਵਾ ਨੇਪਾਲ, ਤਿੱਬਤ, ਅਫਗਾਨਿਸਤਾਨ ਅਤੇ ਸ੍ਰੀ ਲੰਕਾ ਆਦਿ ਦੇਸ਼ਾਂ ਦਾ ਭਰਮਣ ਕੀਤਾ ਤੇ ਜਗ੍ਹਾ ਜਗ੍ਹਾ ਮੱਠਾਂ ਦੀ ਸਥਾਪਨਾ ਕੀਤੀ। ਗੋਰਖ ਨਾਥ ਯੋਗ ਵਿਦਿਆ ਦਾ ਬਹੁਤ ਵੱਡਾ ਗਿਆਨੀ ਸੀ ਤੇ ਉਸ ਨੂੰ ਭਾਰਤ ਵਿੱਚ ਯੋਗ ਨੂੰ ਪ੍ਰਸਿੱਧ ਕਰਨ ਦਾ ਮਾਣ ਹਾਸਲ ਹੈ। ਉਸ ਦੇ ਮੁਤਾਬਕ ਸਿਹਤਮੰਦ ਸਰੀਰ ਦੇ ਅੰਦਰ ਹੀ ਸਿਹਤਮੰਦ ਆਤਮਾ ਹੁੰਦੀ ਹੈ ਤੇ ਸਿਹਤਮੰਦ ਆਤਮਾ ਵਾਲਾ ਵਿਅਕਤੀ ਹੀ ਪ੍ਰਮਾਤਮਾ ਨੂੰ ਹਾਸਲ ਕਰ ਸਕਦਾ ਹੈ। ਉਹ ਪੁਜਾਰੀਵਾਦ ਵੱਲੋਂ ਫੈਲਾਏ ਜਾ ਰਹੇ ਕੂੜ ਅਤੇ ਲੋਕਾਂ ਨੂੰ ਲੁੱਟਣ ਲਈ ਕੀਤੇ ਜਾਂਦੇ ਤੰਤਰ – ਮੰਤਰ, ਚਮਤਕਾਰਾਂ ਅਤੇ ਨੀਚ ਕਰਮ ਕਾਂਡਾਂ ਦਾ ਕੱਟੜ ਵਿਰੋਧੀ ਸੀ। ਉਸ ਵੱਲੋਂ ਜਨਤਾ ਵਿੱਚ ਪ੍ਰਚਾਰ ਕੀਤਾ ਗਿਆ ਕਿ ਧਾਰਮਿਕ ਕਰਮ ਕਾਂਡਾਂ ਵਿੱਚ ਪੈਸਾ ਲੁਟਾਉਣ ਦੀ ਬਜਾਏ ਕਿਸੇ ਇਕਾਂਤ ਜਗ੍ਹਾ ‘ਤੇ ਕੁਝ ਦੇਰ ਦੀ ਸਮਾਧੀ ਲਗਾਉਣ ਨਾਲ ਮਨ ਨੂੰ ਜਿਆਦਾ ਸ਼ਾਂਤੀ ਪ੍ਰਾਪਤ ਹੁੰਦੀ ਹੈ।

ਗੋਰਖ ਨਾਥ ਨੇ ਵੇਦਾਂ ਅਤੇ ਸ਼ਾਸ਼ਤਰਾਂ ਦਾ ਗੂੜ੍ਹ ਅਧਿਐਨ ਕੀਤਾ ਸੀ। ਉਸ ਨੇ ਲੋਕਾਂ ਵਿੱਚ ਧਾਰਮਿਕ ਤੇ ਸਮਾਜਿਕ ਚੇਤਨਾ ਜਗਾਉਣ ਅਤੇ ਯੋਗ ਦਾ ਪ੍ਰਚਾਰ ਕਰਨ ਲਈ ਗੋਰਖ ਸ਼ਤਕ, ਗੋਰਖ ਸੰਹਿਤਾ, ਗੋਰਖ ਗੀਤਾ, ਸਿੱਧ ਸਿਧਾਂਤ ਪੱਧਤੀ, ਯੋਗ ਮਾਰਤੰਡ ਅਤੇ ਯੋਗ ਸਿਧਾਂਤ ਪੱਧਤੀ ਆਦਿ ਕਈ ਪੁਸਤਕਾਂ ਦੀ ਰਚਨਾ ਕੀਤੀ। ਗੋਰਖ ਨਾਥ ਸਮਾਜਿਕ ਸਮਾਨਤਾ ਦਾ ਹਮਾਇਤੀ ਹੋਣ ਕਾਰਨ ਜ਼ਾਤੀ ਪ੍ਰਥਾ ਦਾ ਘੋਰ ਵਿਰੋਧੀ ਸੀ। ਆਪਣੀ ਪੁਸਤਕ ਸਿੱਧ ਸਿਧਾਂਤ ਪੱਧਤੀ (ਭਾਗ ਤੀਸਰਾ) ਵਿੱਚ ਉਹ ਲਿਖਦਾ ਹੈ ਕਿ ਸ਼ਾਸ਼ਤਰਾਂ ਮੁਤਾਬਕ ਹਿੰਦੂ ਧਰਮ ਦੇ ਚਾਰ ਵਰਣਾਂ (ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ) ਦੀ ਸਥਾਪਨਾ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ ਧੰਦੇ ਦੇ ਮੁਤਾਬਕ ਕੀਤੀ ਗਈ ਸੀ। ਗਿਆਨ ਹਾਸਲ ਕਰ ਕੇ ਕੋਈ ਵੀ ਵਿਅਕਤੀ ਦੂਸਰੇ ਵਰਣ ਵਿੱਚ ਜਾ ਸਕਦਾ ਸੀ। ਮੂਰਖ ਬ੍ਰਾਹਮਣ ਸ਼ੂਦਰ ਅਤੇ ਵਿਦਵਾਨ ਸ਼ੂਦਰ ਬ੍ਰਾਹਮਣ ਬਣ ਸਕਦਾ ਸੀ। ਪਰ ਰਾਜਿਆਂ ਅਤੇ ਪੁਜਾਰੀਆਂ ਨੇ ਆਪਣੇ ਨੀਚ ਸਵਾਰਥਾਂ ਦੀ ਪੂਰਤੀ ਖਾਤਰ ਇਹ ਵਰਣ ਸਥਾਈ ਬਣਾ ਦਿੱਤੇ ਹਨ। ਇੱਕ ਯੋਗੀ ਵਾਸਤੇ ਹਰੇਕ ਜਾਤੀ ਅਤੇ ਵਰਣ ਦਾ ਆਦਮੀ ਅਤੇ ਔਰਤ ਉਸ ਪ੍ਰਮਾਤਮਾ ਦਾ ਰੂਪ ਹੈ। ਉਸ ਨੂੰ ਕਿਸੇ ਪ੍ਰਤੀ ਨਫਰਤ ਨਹੀਂ ਕਰਨੀ ਚਾਹੀਦੀ, ਸਗੋਂ ਹਰੇਕ ਨਾਲ ਪਿਆਰ ਕਰਨਾ ਚਾਹੀਦਾ ਹੈ।
ਜਾਤੀਵਾਦ ਨੂੰ ਖਤਮ ਕਰਨ ਲਈ ਉਸ ਨੇ ਅਸੂਲ ਬਣਾਇਆ ਕਿ ਯੋਗੀ ਮੱਠਾਂ ਦਾ ਮੁਖੀ ਕਿਸੇ ਵੀ ਜ਼ਾਤ ਦਾ ਯੋਗ ਵਿਅਕਤੀ ਬਣ ਸਕਦਾ ਹੈ।

ਉਸ ਨੇ ਅਨੇਕਾਂ ਮੱਠਾਂ ਦੇ ਮੱਠਾਧੀਸ਼ ਕਥਿੱਤ ਉੱਚ ਜ਼ਾਤੀਆਂ ਵੱਲੋਂ ਦੁਰਕਾਰੇ ਜਾਂਦੇ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਨੂੰ ਬਣਾਇਆ। ਯੋਗ ਪੰਥ ਭਾਰਤ ਦਾ ਅਜਿਹਾ ਪਹਿਲਾ ਪੰਥ ਸੀ, ਜਿਸ ਵਿੱਚ ਦੀਕਸ਼ਾ ਦੇਣ ਸਮੇਂ ਕਿਸੇ ਦੀ ਜ਼ਾਤ ਨਹੀਂ ਸੀ ਪੁੱਛੀ ਜਾਂਦੀ। ਇਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਰਾਂਝੇ (ਜੋ ਕਿ ਮੁਸਲਮਾਨ ਸੀ) ਨੇ ਗੋਰਖ ਦੇ ਟਿੱਲੇ ਤੋਂ ਯੋਗ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਭਾਰਤ ਵਿੱਚ ਸਭ ਤੋਂ ਪਹਿਲਾਂ ਲੰਗਰ ਪ੍ਰਥਾ ਵੀ ਯੋਗੀਆਂ ਦਾ ਮੱਠਾਂ ਵਿੱਚ ਸ਼ੁਰੂ ਹੋਈ ਸੀ। ਮੱਠ ਧਰਮ ਪ੍ਰਚਾਰ ਤੋਂ ਇਲਾਵਾ ਵਿਦਿਆ ਦੇ ਕੇਂਦਰ ਵੀ ਸਨ ਜਿੱਥੇ ਕਥਿੱਤ ਛੋਟੀ ਜ਼ਾਤੀ ਦੇ ਬੱਚਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਅਤੇ ਫਸਿ ਦੇ ਗਿਆਨ ਵੰਡਿਆ ਜਾਂਦਾ ਸੀ। ਗੋਰਖ ਨਾਥ ਦੇ ਇਨ੍ਹਾਂ ਮਹਾਨ ਕਾਰਜਾਂ ਕਾਰਨ ਨਾਥ ਪੰਥ ਦਾ ਭਾਰਤੀ ਉੱਪ ਮਹਾਂਦੀਪ ਵਿੱਚ ਬਹੁਤ ਵਿਸਤਾਰ ਹੋਇਆ। ਸ਼ੇਖ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਾਰਿਸ ਸ਼ਾਹ ਦੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਹੀਰ ਰਾਂਝਾ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਅੱਜ ਵੀ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾ ਦੇਸ਼ ਅੰਦਰ ਅਨੇਕਾਂ ਯੋਗੀ ਮੰਦਰ ਅਤੇ ਮੱਠ ਬਣੇ ਹੋਏ ਹਨ। ਨੇਪਾਲ ਦੇ ਇੱਕ ਸ਼ਹਿਰ ਦਾ ਨਾਮ ਉਸ ਦੇ ਸਨਮਾਨ ਵਿੱਚ ਗੋਰਖਾ ਰੱਖਿਆ ਗਿਆ ਸੀ ਜਿੱਥੇ ਇੱਕ ਗੁਫਾ ਦੇ ਅੰਦਰ ਉਸ ਦੇ ਪੈਰਾਂ ਦੇ ਨਿਸ਼ਾਨ ਬਣੇ ਹੋਏ ਮੰਨੇ ਜਾਂਦੇ ਹਨ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਵਸਨੀਕਾਂ ਨੂੰ ਗੋਰਖਾ, ਗੋਰਖ ਨਾਥ ਦੇ ਪੈਰੋਕਾਰ ਹੋਣ ਕਾਰਨ ਹੀ ਕਿਹਾ ਜਾਂਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062