(ਹਰਜੀਤ ਲਸਾੜਾ, ਬ੍ਰਿਸਬੇਨ 06 ਦਸੰਬਰ) ਇੱਥੇ ਸ਼੍ਰੀ ਗੁਰੂ ਰਵਿਦਾਸ ਸਭਾ ਅਤੇ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਕਮਿਊਨਿਟੀ ਰੇਡੀਓ ਫੋਰ ਈਬੀ ਬ੍ਰਿਸਬੇਨ ਵਿਖੇ ਮਨਾਇਆ ਗਿਆ। ਮੰਚ ਸੰਚਾਲਕ ਰਿਤੂ ਅਹੀਰ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਅਧਿਕਾਰਾਂ ਦੇ ਪ੍ਰਤੀ ਵਧੇਰੇ ਜਗਿਆਸੂ ਹੋਣ ਲਈ ਕਿਹਾ। ਬਲਵਿੰਦਰ ਮੋਰੋਂ, ਹਰਦੀਪ ਵਾਗਲਾ, ਹਰਵਿੰਦਰ ਬਾਸੀ ਅਤੇ ਸਤਵਿੰਦਰ ਟੀਨੂ ਨੇ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਉਹਨਾਂ ਵੱਲੋਂ ਦਰਸਾਏ ਨਿਰਪੱਖਤਾ ਤੇ ਬਰਾਬਰੀ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।
ਗੀਤਕਾਰ ਰੱਤੂ ਰੰਧਾਵਾ ਦੇ ਸਮਾਜਿਕ ਗੀਤ ਨੂੰ ਵਾਹਵਾ ਮਿਲੀ। ਨਰਿੰਦਰ ਨੇ ਸਕਾਰਾਤਮਕ ਵਿਚਾਰਧਾਰਾ ਦੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ। ਸੁਖਜਿੰਦਰ ਨੇ ਬਾਬਾ ਸਾਹਿਬ ਦੇ ਜੀਵਨ ’ਤੇ ਵਰਕਸ਼ਾਪਾਂ ਕਰਨ ਦੀ ਗੱਲ ਕੀਤੀ। ਰਾਜਵਿੰਦਰ ਕੌਰ ਤੇ ਜਸਕਰਨ ਸ਼ੀਂਹ ਦੀ ਕਵਿਤਾ ਅਤੇ ਜਸਵੰਤ ਵਾਗਲਾ ਦੀ ਗਜ਼ਲ ਚੰਗਾ ਸੁਨੇਹਾ ਦੇ ਗਈ। ਡਿੰਪਲ ਵੱਲੋਂ ਜਨਵਰੀ ਮਹੀਨੇ ‘ਚ ਹੋਣ ਵਾਲੇ ਇਕ ਵਿਸ਼ੇਸ਼ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ।
ਸੁਜਾਤਾ ਬੱਸੀ, ਕੁਲਦੀਪ ਕੌਰ ਅਤੇ ਰਿਤੂ ਅਹੀਰ ਨੇ ਅਜਿਹੇ ਹੋਰ ਸਮਾਗਮ ਨੂੰ ਲੜੀਵਾਰ ਕਰਨ ‘ਤੇ ਜ਼ੋਰ ਦਿੱਤਾ। ਬੈਠਕ ਦੌਰਾਨ ਬੱਚਿਆਂ ਦੀ ਰਚਨਾਵਾਂ ਨੇ ਮਾਹੌਲ ਨੂੰ ਹੋਰ ਉਸਾਰੂ ਤੇ ਸਾਰਥਕ ਬਣਾਇਆ। ਇਸ ਸਮਾਗਮ ਵਿੱਚ ਆਰਚੀ, ਇਸ਼ਾਨ, ਵਿੱਕੀ ਰੰਧਾਵਾ, ਗੁਰਸੇਵਕ, ਰਚਨਾ, ਕਿਰਨ, ਬੈਨਟ ਆਦਿ ਵੀ ਸ਼ਾਮਲ ਹੋਏ।