ਭਾਰਤ ਇੱਕ ਜਮਹੂਰੀਅਤ ਦੇਸ਼ ਹੈ, ਇਸਦਾ ਸੰਵਿਧਾਨ ਧਰਮ ਨਿਰਪੱਖ ਹੈ। ਹਜ਼ਾਰਾਂ ਸਾਲਾਂ ਤੋਂ ਸਾਡੇ ਦੇਸ਼ ’ਚ ਵੱਖ ਵੱਖ ਧਰਮ, ਫਿਰਕੇ, ਜਾਤਾਂ ਦੇ ਲੋਕ ਸਾਂਤਮਈ ਢੰਗ ਨਾਲ ਰਹਿੰਦੇ ਹਨ। ਪਰ ਕੇਂਦਰ ਦੀ ਮੌਜੂਦਾ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਰ ਐੱਸ ਐੱਸ ਦਾ ਹਿੰਦੂਤਵੀ ਏਜੰਡਾ ਲਾਗੂ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਦੂਜੇ ਧਰਮਾਂ ਅਤੇ ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਕਰਵਾ ਰਹੀ ਹੈ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਖੋਹ ਕੇ ਹਿੰਦੂ ਅਸਥਾਨਾਂ ਵਿੱਚ ਤਬਦੀਲ ਕਰਨ ਦੇ ਰਾਹ ਤੁਰੀ ਹੋਈ ਹੈ। ਭਾਜਪਾ ਦੀਆਂ ਇਹ ਨੀਤੀਆਂ ਦੇਸ਼ ਦੇ ਭਲੇ ਵਿੱਚ ਨਹੀਂ ਬਲਕਿ ਤਬਾਹੀ ਵੱਲ ਧੱਕਣ ਵਾਲੀਆਂ ਹਨ।
ਕਈ ਦਹਾਕੇ ਪਹਿਲਾਂ ਇਸ ਏਜੰਡੇ ਤਹਿਤ ਬਾਬਰੀ ਮਸਜਿਦ ਰਾਮ ਮੰਦਰ ਦਾ ਮੁੱਦਾ ਉਠਾਇਆ ਗਿਆ। ਅਦਾਲਤਾਂ ਵਿੱਚ ਮੁਕੱਦਮੇ ਦਾਇਰ ਕੀਤੇ ਅਤੇ ਸਮੇਂ ਸਮੇਂ ਮੁਸਲਮਾਨ ਧਰਮ ਦੇ ਲੋਕਾਂ ਤੇ ਦਬਾਅ ਬਣਾਏ ਗਏ। ਜਦ ਭਾਜਪਾ ਤਾਕਤ ਵਿੱਚ ਆ ਗਈ ਤਾਂ ਬਾਬਰੀ ਮਸਜਿਦ ਢਾਹ ਦਿੱਤੀ ਗਈ ਅਤੇ ਉਸ ਥਾਂ ਤੇ ਰਾਮ ਮੰਦਰ ਦੀ ਉਸਾਰੀ ਕਰ ਲਈ। ਰਾਜਕੀ ਦਬਾਅ ਨਾਲ ਬਾਬਰੀ ਮਸਜਿਦ ਨੂੰ ਇੱਕ ਪਾਸੇ ਧੱਕ ਦਿੱਤਾ ਗਿਆ। ਉੱਥੋਂ ਮਿਲੇ ਹੌਂਸਲੇ ਸਦਕਾ ਕੱਟੜਪੰਥੀ ਹਿੰਦੂਆਂ ਨੇ ਮੁਸਲਮਾਨਾਂ ਨੂੰ ਗਊ ਮਾਸ ਦੇ ਨਾਂ ਹੇਠ ਮਾਰਨਾ ਕੁੱਟਣਾ ਸੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਦੇ ਹੋਰ ਧਾਰਮਿਕ ਅਸਥਾਨਾਂ ਤੇ ਕਬਜੇ ਕਰਨ ਦੀ ਨੀਅਤ ਨਾਲ ਮੁੱਦੇ ਖੜੇ ਕਰ ਦਿੱਤੇ, ਜਿਹਨਾਂ ਥਾਵਾਂ ਤੇ ਸਦੀਆਂ ਤੋਂ ਮੁਸਲਮਾਨ ਕਾਬਜ ਹੀ ਨਹੀਂ, ਬਲਕਿ ਉੱਥੇ ਆਪਣੀਆਂ ਧਾਰਮਿਕ ਰਸਮਾਂ ਵੀ ਕਰਦੇ ਆ ਰਹੇ ਹਨ।
ਉੱਤਰ ਪ੍ਰਦੇਸ਼ ਦੇ ਸੰਭਲ ਜਿਲੇ ਦੇ ਕਸਬੇ ਚੰਕੋਸੀ ਦੀ ਸਦੀਆਂ ਪੁਰਾਣੀ ਇੱਕ ਮਸਜਿਦ ਤੇ ਨਜਾਇਜ ਕਬਜਾ ਕਰਨ ਲਈ ਹਿੰਦੂ ਕੱਟੜਵਾਦੀਆਂ ਨੇ ਇਹ ਕਹਿਣਾ ਸੁਰੂ ਕਰ ਦਿੱਤਾ ਕਿ ਇਸ ਥਾਂ ਉੱਤੇ ਪਹਿਲਾਂ ਇੱਕ ਮੰਦਰ ਹੁੰਦਾ ਸੀ, ਜਿਸਦਾ ਨਾਂ ‘ਸ੍ਰੀ ਹਰੀ ਹਰ ਮੰਦਰ’ ਸੀ। ਜਿਸਨੂੰ 1526 ਵਿੱਚ ਢਾਹ ਕੇ ਮਸਜਿਦ ਦੀ ਉਸਾਰੀ ਕੀਤੀ ਗਈ ਸੀ। ਲੋਕਾਂ ਵਿੱਚ ਅਜਿਹਾ ਪ੍ਰਚਾਰ ਕਰਨ ਉਪਰੰਤ ਇਸ ਤੱਥ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਕੁੱਝ ਦਿਨ ਪਹਿਲਾਂ 19 ਨਵੰਬਰ ਨੂੰ ਉੱਥੋਂ ਦੀ ਇੱਕ ਹੇਠਲੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਕੁੱਝ ਘੰਟਿਆਂ ਵਿੱਚ ਹੀ ਉਸ ਅਦਾਲਤ ਦੇ ਸਿਵਲ ਜੱਜ ਸੀਨੀਅਰ ਡਵੀਜਨ ਸ੍ਰੀ ਅਦਿੱਤਯ ਸਿੰਘ ਨੇ ਆਦੇਸ ਵੀ ਦੇ ਦਿੱਤਾ ਕਿ ਇਸ ਮਸਜਿਦ ਦਾ ਸਰਵੇ ਕੀਤਾ ਜਾਵੇ। ਸਰਵਾ ਕਰਨ ਲਈ ਜਦ ਟੀਮ ਸਬੰਧਤ ਥਾਂ ਤੇ ਪਹੁੰਚੀ ਤਾਂ ਦੰਗੇ ਭੜਕ ਗਏ, ਪੱਥਰਬਾਜੀ ਹੋਈ ਅੱਗਾਂ ਲੱਗੀਆਂ ਅਤੇ ਤਿੰਨ ਵਿਅਕਤੀਆਂ ਦੀ ਮੌਤ ਵੀ ਹੋ ਗਈ।
ਹਿੰਦੂ ਕੱਟੜਵਾਦੀਆਂ ਦੀ ਇਸ ਫਿਰਕੂ ਚਾਲ ਦੀ ਸਖ਼ਤ ਨਿੰਦਾ ਕਰਦਿਆਂ ਉੱਤਰ ਪ੍ਰਦੇਸ਼ ਦੇ ਇੱਕ ਸੰਸਦ ਮੈਂਬਰ ਜਿਆ ਉਰ ਰਹਿਮਾਨ ਨੇ ਕਿਹਾ ਕਿ ਬਾਹਰੀ ਲੋਕਾਂ ਨੇ ਇੱਕ ਅਦਾਲਤ ਵਿੱਚ ਕੇਸ ਦਾਇਰ ਕਰਕੇ ਹਾਲਾਤ ਵਿਗਾੜਣ ਦਾ ਮੁੱਢ ਬੰਨਿਆ ਹੈ। ਜਾਮਾ ਮਸਜਿਦ ਧਿਰ ਵੱਲੋਂ ਸਰਵਉੱਚ ਅਦਾਲਤ ਵਿੱਚ ਪਹੁੰਚ ਕਰਨ ਤੇ ਜੱਜ ਸਾਹਿਬਾਨਾਂ ਨੇ ਕਿਹਾ ਕਿ ਪਹਿਲਾਂ ਹੀ ਸੁਪਰੀਮ ਕੋਰਟ ਵੱਲੋਂ ਕਿਹਾ ਜਾ ਚੁੱਕਾ ਹੈ ਕਿ 1947 ਵੇਲੇ ਦੇ ਸਾਰੇ ਧਰਮ ਅਸਥਾਨ ਉਸੇ ਤਰਾਂ ਬਣੇ ਰਹਿਣਗੇ। ਹੁਣ ਸਰਵਉੱਚ ਅਦਾਲਤ ਨੇ ਇਸ ਮਸਜਿਦ ਦੇ ਸਰਵੇ ਤੇ ਰੋਕ ਲਾ ਦਿੱਤੀ ਹੈ। ਜਿਸ ਨਾਲ ਸਾਂਤੀ ਹੋਣ ਦੀ ਉਮੀਦ ਬੱਝੀ ਹੈ।
ਇਹ ਮਾਮਲਾ ਅਜੇ ਠੰਢਾ ਨਹੀਂ ਹੋਇਆ ਦੂਜੇ ਪਾਸੇ ਰਾਜਸਥਾਨ ਦੇ ਅਜਮੇਰ ਸ਼ਹਿਰ ਵਿਖੇ ਮੁਸਲਮਾਨ ਧਰਮ ਦੇ ਸਦੀਆਂ ਪੁਰਾਣੇ ਅਤੀ ਪੂਜਣਯੋਗ ਅਸਥਾਨ ਅਜਮੇਰ ਸ਼ਰੀਫ ਵਾਲੀ ਜਗਾਹ ਤੇ ਕੱਟੜਵਾਦੀ ਹਿੰਦੂਆਂ ਵੱਲੋਂ ਪਹਿਲਾਂ ਮੰਦਰ ਹੋਣ ਦਾ ਢੰਡੋਰਾ ਪਿੱਟਣਾ ਸੁਰੂ ਕਰ ਦਿੱਤਾ। ਇਸ ਤੋਂ ਬਾਅਦ ਹੁਣ ਹਿੰਦੂ ਸੈਨਾ ਦੇ ਪ੍ਰਧਾਨ ਵਿਸਨੂੰ ਗੁਪਤਾ ਨੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਕਿ ਇਸ ਥਾਂ ਤੇ ਪਹਿਲਾਂ ਸਿਵ ਮੰਦਰ ਹੁੰਦਾ ਸੀ। ਇਸ ਲਈ ਇੱਥੇ ਹਿੰਦੂਆਂ ਨੂੰ ਪੂਜਾ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਪੁਰਾਤੱਤਵ ਵਿਭਾਗ ਤੋਂ ਸਰਵੇ ਕਰਵਾਇਆ ਜਾਵੇ। ਇਸ ਕੇਸ ਦਾ ਆਧਾਰ ਅਜਮੇਰ ਸ਼ਹਿਰ ਦੇ ਇੱਕ ਵਸਨੀਕ ਹਰਵਿਲਾਸ ਦੀ 1911 ਵਿੱਚ ਲਿਖੀ ਪੁਸਤਕ ਨੂੰ ਬਣਾਇਆ ਗਿਆ ਹੈ, ਜਿਸ ਵਿੱਚ ਦਰਜ ਹੈ ਕਿ ਇਸ ਜਗਾਹ ਤੇ ਪਹਿਲਾਂ ਸਿਵ ਮੰਦਰ ਹੁੰਦਾ ਸੀ। ਅਦਾਲਤ ਨੇ ਇਹ ਪਟੀਸਨ ਸਵੀਕਾਰ ਵੀ ਕਰ ਲਈ ਹੈ। ਸੁਆਲ ਉੱਠਦਾ ਹੈ ਕਿ ਕਿਸੇ ਇੱਕ ਆਮ ਵਿਅਕਤੀ ਵੱਲੋਂ ਲਿਖੀ ਕਿਤਾਬ ਨੂੰ ਆਧਾਰ ਕਿਵੇਂ ਬਣਾਇਆ ਜਾ ਸਕਦਾ ਹੈ? ਇਸਨੂੰ ਇਤਿਹਾਸਕ ਕਿਵੇਂ ਮੰਨਿਆ ਜਾ ਸਕਦਾ ਹੈ?
ਇਸੇ ਤਰਾਂ ਦਾ ਮਾਮਲਾ ਹੀ ਮਥੁਰਾ ਸ਼ਹਿਰ ਨਾਲ ਸਬੰਧਤ ਹੈ। ਇਸ ਸ਼ਹਿਰ ਵਿੱਚ ਭਗਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਅਸਥਾਨ ਮੰਦਰ ਦੇ ਨਜਦੀਕ ਹੀ ਇੱਕ ਈਦਗਾਹ ਹੈ, ਜਿੱਥੇ ਸਦੀਆਂ ਤੋਂ ਮੁਸਲਮਾਨ ਨਮਾਜ ਅਦਾ ਕਰਦੇ ਹਨ ਤੇ ਹੋਰ ਰਸਮਾਂ ਨਿਭਾਉਂਦੇ ਹਨ। ਕੁੱਝ ਕੱਟੜਵਾਦੀ ਹਿੰਦੂ ਨਹੀਂ ਚਾਹੁੰਦੇ ਕਿ ਉਹਨਾਂ ਦੇ ਮੰਦਰ ਦੇ ਨਜਦੀਕ ਕੋਈ ਈਦਗਾਹ ਹੋਵੇ। ਉਹਨਾਂ ਇਹ ਮੁੱਦਾ ਬਣਾ ਲਿਆ ਅਤੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤੇ। ਈਦਗਾਹ ਧਿਰ ਨਾਲ ਸਬੰਧਤ ਲੋਕਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਹਾਈਕੋਰਟ ਇਲਾਹਾਵਾਦ ਤੱਕ ਪਹੁੰਚ ਕੀਤੀ। ਪਰ ਹਾਈਕੋਰਟ ਨੇ ਵੀ ਈਦਗਾਹ ਧਿਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਉਪਰੰਤ ਇਹ ਮਾਮਲਾ ਸਰਵਉੱਚ ਅਦਾਲਤ ਤੱਕ ਪੁੱਜ ਗਿਆ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੈ ਕੁਮਾਰ ਨੇ ਇਸ ਮਾਮਲੇ ਦੀ ਸੁਣਵਾਈ 9 ਦਸੰਬਰ ਤੇ ਰੱਖ ਲਈ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਉਸ ਦਿਨ ਇਸ ਮਾਮਲੇ ਤੇ ਵਿਸਥਾਰ ਨਾਲ ਸੁਣਵਾਈ ਹੋਵੇਗੀ ਅਤੇ ਕਾਨੂੰਨੀ ਸਥਿਤੀ ਬਾਰੇ ਵਿਚਾਰਿਆ ਜਾਵੇਗਾ।
ਇਹਨਾਂ ਉਪਰੋਕਤ ਮਾਮਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਕੱਟੜਵਾਦੀ ਹਿੰਦੂ ਸੰਗਠਨ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਤੇ ਕਬਜੇ ਕਰਕੇ ਉਹਨਾਂ ਦੀ ਜਗਾਹ ਹਿੰਦੂ ਮੰਦਰ ਬਣਾਉਣ ਲਈ ਯਤਨਸ਼ੀਲ ਹਨ। ਭਾਰਤ ਜਮਹੂਰੀ ਦੇਸ ਹੈ ਅਤੇ ਇਸਦਾ ਸੰਵਿਧਾਨ ਧਰਮ ਨਿਰਪੱਖ ਹੈ। ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਕੱਟੜਵਾਦੀਆਂ ਨੂੰ ਸਹਿ ਤੇ ਮੱਦਦ ਦੇ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਤੁਰੀ ਹੋਈ ਹੈ। ਅਜਿਹੇ ਡਰ ਦੇ ਮਾਹੌਲ ਵਿੱਚ ਲੋਕਤੰਤਰ ਦੀ ਭਾਵਨਾ ਕਾਇਮ ਨਹੀਂ ਰਹਿ ਸਕਦੀ, ਦੇਸ਼ ਦੇ ਹਾਲਾਤ ਖ਼ਰਾਬ ਹੋਣ ਦਾ ਖ਼ਦਸ਼ਾ ਪੈਦਾ ਹੁੰਦਾ ਹੈ। ਜਿਹੜੀ ਸਰਕਾਰ ਅੱਤਵਾਦ ਨੂੰ ਹੱਲਾਸ਼ੇਰੀ ਦੇਵੇ ਅਤੇ ਮਾੜੇ ਨੂੰ ਕੁਚਲ ਕੇ ਤਕੜੇ ਦੇ ਹਿਤ ਪਾਲਦੀ ਹੋਵੇ ਉਹ ਨਿਰਦੋਸ਼ਾਂ ਦੇ ਖੂਨ ਡੁੱਲਣ ਲਈ ਜੁਮੇਵਾਰ ਹੁੰਦੀ ਹੈ। ਅਜਿਹੀ ਸਰਕਾਰ ਚਲਾਉਣ ਵਾਲੇ ਸਾਸਕ ਰਹਿੰਦੀ ਦੁਨੀਆਂ ਤੱਕ ਕਸੂਰਵਾਰ ਤੇ ਦੋਸ਼ੀ ਹੀ ਬਣੇ ਰਹਿੰਦੇ ਹਨ।
ਲੋਕਰਾਜ ਵਾਲੇ ਦੇਸ਼ ਦਾ ਭਵਿੱਖ ਨੇਤਾਵਾਂ ਜਾਂ ਮੰਤਰੀਆਂ ਦੇ ਹੱਥ ਵਿੱਚ ਨਹੀਂ ਬਲਕਿ ਲੋਕਾਂ ਦੇ ਹੱਥਾਂ ਵਿੱਚ ਹੁੰਦਾ ਹੈ। ਸਵਾਰਥੀ ਜਾਂ ਪੱਖਪਾਤੀ ਨੇਤਾ ਸ਼ਾਸਕ ਜਿੱਥੇ ਰਾਸ਼ਟਰ ਦੇ ਪਤਨ ਲਈ ਜੁਮੇਵਾਰ ਹੁੰਦੇ ਹਨ ਉੱਥੇ ਉਹਨਾਂ ਦੀਆਂ ਨੀਤੀਆਂ ਦੇਸ਼ ਦੇ ਵਿਕਾਸ ਅਤੇ ਇਨਸਾਫ਼ ਵਿੱਚ ਰੁਕਾਵਟਾਂ ਖੜੀਆਂ ਕਰਦੀਆਂ ਹਨ। ਇਸ ਲਈ ਕੇਂਦਰ ਸਰਕਾਰ ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਦੀ ਰਾਖੀ ਲਈ ਕੰਮ ਕਰੇ। ਦੂਜੇ ਧਰਮਾਂ ਜਾਂ ਫਿਰਕਿਆਂ ਤੇ ਹਮਲੇ ਕਰਨ ਵਾਲਿਆਂ ਨੂੰ ਸਹਿ ਦੇਣ ਦੀ ਥਾਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਧੁਰਾ ਬਣਾਇਆ ਜਾਵੇ। ਸਭਨਾਂ ਧਰਮਾਂ ਦਾ ਦੇਸ਼ ਵਿੱਚ ਸਤਿਕਾਰ ਹੋਵੇ ਲੋਕਾਂ ਦੀ ਭਾਈਚਾਰਕ ਏਕਤਾ ਕਾਇਮ ਰਹੇ ਤਾਂ ਹੀ ਦੇਸ਼ ਦਾ ਭਵਿੱਖ ਰੌਸ਼ਨ ਹੋਵੇਗਾ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਥਾਂ ਧਰਮ ਨਿਰਪੱਖਤਾ ਤੇ ਪਹਿਰਾ ਦੇਣ ਦੀ ਲੋੜ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913