ਆਸਟਰੇਲੀਆ : ‘ਖੰਡੀ ਚੱਕਰਵਾਤ ਅਲਫ੍ਰੇੱਡ’ ਦਾ ਖੌਫ਼ ਬਰਕਰਾਰ

ਹਾਈ ਅਲਰਟ ‘ਤੇ ਬ੍ਰਿਸਬੇਨ
ਦੇਰੀ ਨਾਲ ਚੱਲ ਰਹੇ ਤੁਫ਼ਾਨ ਨਾਲ ਭਾਰੀ ਤਬਾਹੀ ਦੇ ਅੰਦੇਸ਼ੇ

ਹਰਜੀਤ ਲਸਾੜਾ, ਬ੍ਰਿਸਬੇਨ 6 ਮਾਰਚ)
ਮੌਸਮ ਵਿਗਿਆਨ ਬਿਊਰੋ ਅਨੁਸਾਰ ‘ਖੰਡੀ ਚੱਕਰਵਾਤ ਅਲਫ੍ਰੇੱਡ’ ਹੁਣ ਵੀਰਵਾਰ ਦੀ ਥਾਂ ਸ਼ਨੀਵਾਰ ਸਵੇਰੇ 7 ਵਜੇ (ਕੁਈਨਜ਼ਲੈਂਡ ਸਮਾਂ) ਤੱਕ ਤੱਟੀ ਇਲਾਕਿਆਂ ਦੇ ਵਿਚਕਾਰ ਟਕਰਾਏਗਾ। ਚੱਕਰਵਾਤ ਦੀ ਗਤੀ ਘੱਟ ਕੇ 6 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ ਅਤੇ ਸ਼ਾਮ 5 ਵਜੇ ਤੋਂ ਬਾਅਦ ਜ਼ਮੀਨ ਤੋਂ ਉਹੀ ਦੂਰੀ ਬਣੀ ਹੋਈ ਹੈ। ਇਹ ਬ੍ਰਿਸਬੇਨ ਤੋਂ 225 ਕਿਲੋਮੀਟਰ ਪੂਰਬ ਅਤੇ ਗੋਲਡ ਕੋਸਟ ਤੋਂ 215 ਕਿਲੋਮੀਟਰ ਉੱਤਰ-ਪੂਰਬ ਵਿੱਚ ਬਣਿਆ ਹੋਇਆ ਹੈ। ਨਕਸ਼ੇ ‘ਚ ਇਸਨੂੰ ਸ਼ਨੀਵਾਰ ਸਵੇਰ ਤੱਕ ਸ਼੍ਰੇਣੀ 1 ਵਿੱਚ ਡਾਊਨਗ੍ਰੇਡ (ਘੱਟ ਹਵਾ ਦੀ ਗਤੀ) ਕਰ ਦਿੱਤਾ ਗਿਆ ਹੈ। ਸੂਬਾ ਕੁਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁੱਲੀ ਨੇ ਕਿਹਾ ਕਿ ਲੋਕਾਂ ਲਈ ਤਿਆਰੀ ਕਰਨ ਦਾ ਸਮਾਂ ‘ਹਰ ਘੰਟੇ ਦੇ ਨਾਲ’ ਬੰਦ ਹੋ ਰਿਹਾ ਹੈ। ਸੰਭਾਵੀ ਹੜ੍ਹ ਦੀ ਮਾਰ ਨਾਲ ਨਜਿੱਠਣ ਲਈ ਸਟੇਟ ਐਮਰਜੈਂਸੀ ਸੇਵਾ ਨੇ 1 ਮਿਲੀਅਨ ਤੋਂ ਵੱਧ ਰੇਤ ਦੇ ਬੋਰਿਆਂ ਦਾ ਪ੍ਰਬੰਧ ਕੀਤਾ ਹੈ। ਸੂਬੇ ‘ਚ 1,000 ਤੋਂ ਵੱਧ ਸਕੂਲ ਬੰਦ ਹਨ। ਕੁਆਂਟਸ ਅਤੇ ਵਰਜਿਨ ਆਸਟ੍ਰੇਲੀਆ ਦੋਵਾਂ ਨੇ ਵੀਰਵਾਰ ਸਵੇਰੇ ਐਲਾਨ ਕੀਤਾ ਕਿ ਉਹ ਦੁਪਹਿਰ ਤੋਂ ਬ੍ਰਿਸਬੇਨ ਵਿੱਚ ਆਪਣੇ ਕੰਮਕਾਜ ਨੂੰ ਮੁਅੱਤਲ ਕਰ ਦੇਣਗੇ। ਇਕੱਲੇ ਬ੍ਰਿਸਬੇਨ ਵਿੱਚ ਲਗਭਗ 20,000 ਘਰਾਂ ਨੂੰ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ।

ਸਭ ਤੋਂ ਵੱਧ ਖ਼ਤਰੇ ਵਾਲੇ ਖੇਤਰਾਂ ‘ਚ ਬ੍ਰਾਈਟਨ, ਵਿੰਡਸਰ, ਐਸ਼ਗਰੋਵ, ਮੌਰਨਿੰਗਸਾਈਡ ਅਤੇ ਰੌਕਲੀ, ਕੂਪਰਸ ਪਲੇਨਸ, ਕਰੀਨਾ, ਸੈਂਡਗੇਟ, ਹੇਮੰਟ, ਲੋਟਾ, ਟਿੰਗਲਪਾ, ਇੰਡੋਰੋਪਿਲੀ, ਐੱਲਬੀਅਨ, ਬਾਰਡਨ ਅਤੇ ਵਿਨਮ ਵੈਸਟ ਸ਼ਾਮਲ ਹਨ। ਉੱਧਰ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਸਟੇਟ ਐਮਰਜੈਂਸੀ ਸੇਵਾ ਨੇ ਨਿਵਾਸੀਆਂ ਨੂੰ ਅਨੁਮਾਨਿਤ ਹੜ੍ਹ ਦੇ ਕਾਰਨ ਲਿਸਮੋਰ ਸੀਬੀਡੀ, ਟੰਬੁਲਗਮ, ਮੈਕਸਵਿਲ, ਬੋਰਾਵਿਲ, ਨੰਬੂਕਾ ਹੈੱਡਸ ਅਤੇ ਗੁਮਾ ਅਤੇ ਕਿਓਗਲ ਸਮੇਤ ਖੇਤਰਾਂ ਨੂੰ ਖਾਲੀ ਕਰਨ ਲਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਦੋਵਾਂ ਸੂਬਿਆਂ ‘ਚ ਸਕੂਲ, ਕਾਰੋਬਾਰ, ਜਨਤਕ ਆਵਾਜਾਈ, ਪ੍ਰਮੁੱਖ ਸੜਕਾਂ, ਹਵਾਈ ਸੇਵਾਵਾਂ ਅਤੇ ਹੋਰ ਬਹੁਤ ਕੁਝ ਬੰਦ ਹੋ ਚੁੱਕਾ ਹੈ। ਸਰਕਾਰ ਨੇ ਚੋਣਵੀਆਂ ਸਰਜਰੀਆਂ ‘ਤੇ ਰੋਕ ਲਗਾਈ ਹੈ ਪਰ ਐਮਰਜੈਂਸੀ ਵਿਭਾਗ ਖੁੱਲ੍ਹੇ ਰਹਿਣਗੇ। ਤੁਫ਼ਾਨ ਤੋਂ ਪਹਿਲਾਂ ਸੁਪਰਮਾਰਕੀਟਾਂ ਨੇ ਵੀ ਆਪਣੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲੋਕ ਘਰਾਂ ਵਿੱਚ ਸੁਰੱਖਿਅਤ ਰਹਿਣ ਅਤੇ ਜ਼ਰੂਰੀ ਸਮਾਨ ਪਹਿਲਾਂ ਤੋਂ ਤਿਆਰ ਰੱਖਣ। ਸਾਈਕਲੋਨ ਦੇ ਕਾਰਨ ਬਿਜਲੀ ਸਪਲਾਈ ਵਿੱਚ ਵੀ ਰੁਕਾਵਟਾਂ ਆਈਆਂ ਹਨ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਲੈਕਆਊਟ ਦੀ ਸਥਿਤੀ ਬਣ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਰਾਹਤ ਅਤੇ ਬਚਾਅ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ।

ਬਚਾਅ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਤੈਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਸਕੇ। ਇਸ ਸਮੇਂ, ਸਥਾਨਕ ਪ੍ਰਸ਼ਾਸਨ ਅਤੇ ਰਾਜ ਸਰਕਾਰ ਮਿਲ ਕੇ ਰਾਹਤ ਕਾਰਵਾਈਆਂ ਵਿੱਚ ਜੁਟੇ ਹੋਏ ਹਨ। ਲੋਕਾਂ ਨੂੰ ਅਗਲੇ 24 ਘੰਟਿਆਂ ਲਈ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਵਿਭਾਗ ਦੀਆਂ ਚੇਤਾਵਨੀਆਂ ‘ਤੇ ਧਿਆਨ ਦੇਣ ਅਤੇ ਸੁਰੱਖਿਅਤ ਰਹਿਣ। ਅਧਿਕਾਰੀਆਂ ਨੇ ਲੋਕਾਂ ਨੂੰ ਫ਼ੋਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਉਹ ਜ਼ਰੂਰਤ ਪੈਣ ‘ਤੇ ਮਦਦ ਲੈ ਸਕਣ।