ਐਮਰਜੈਂਸੀ ਦੀਆਂ ਯਾਦਾਂ ਦੀ ਇਕ ਅਮਿੱਟ ਛਾਪ- ਬਰਗਾੜੀ ਸਕੂਲ

ਸਮਾਂ ਸਵੇਰੇ 8.55 ਤਾਰੀਖ 8 ਨਵੰਬਰ 1975: ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਤੋਂ ਮੁਲਕ ਭਰ ਅੰਦਰ ਐਮਰਜੈਂਸੀ ਲਾਈ ਐਮਰਜੈਂਸੀ ਦਾ ਕਾਲਾ ਦੌਰ। ਸਥਾਨ ਜ਼ਿਲ੍ਹਾ ਫਰੀਦਕੋਟ ਦੇ ਉੱਘੇ ਪਿੰਡ ਬਰਗਾੜੀ ਦਾ ਕੋਟਕਪੂਰਾ-ਬਠਿੰਡਾ ਸੜ੍ਹਕ ਉੱਪਰਲਾ ਬੱਸ ਅੱਡਾ ਅਤੇ ਬੱਸ ਅੱਡੇ ਦੇ ਨਾਲ ਹੀ ਸੜ੍ਹਕ ’ਤੇ 100 ਗਜ ਦੂਰ ਸਰਕਾਰੀ ਹਾਈ ਸਕੂਲ ਬਰਗਾੜੀ ਦਾ ਮੁੱਖ ਗੇਟ, ਜਿੱਥੇ ਮੈਂ ਉਸ ਸਮੇਂ ਲਗਭਗ ਡੇਢ ਸਾਲ ਤੋਂ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਿਹਾ ਸੀ। ਬਰਗਾੜੀ ਸਕੂਲ ਵਿੱਚ ਮੇਰੀ ਬਦਲੀ ਸਰਕਾਰ ਵਿਰੋਧੀ ਟਰੇਡ ਯੂਨੀਅਨ ਸਰਗਰਮੀਆਂ ਕਾਰਨ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਸਕੂਲ ਫੂਲ, ਜ਼ਿਲ੍ਹਾ ਬਠਿੰਡਾ ਤੋਂ ਮਈ 1974 ’ਚ ਕੀਤੀ ਗਈ ਸੀ।

ਗ੍ਰਿਫ਼ਤਾਰੀ ਅਤੇ ਲੰਬੀ ਜੇਲ੍ਹ ਯਾਤਰਾ

ਉਸ ਦਿਨ ਮੈਂ ਬਰਗਾੜੀ ਪਿੰਡ ਅੰਦਰਲੀ ਆਪਣੀ ਰਿਹਾਇਸ਼ਗਾਹ, ਪੰਡਤਾਂ ਦੇ ਮੁਹੱਲੇ ਵਿਚਲੇ ਚੁਬਾਰੇ ’ਚੋਂ ਨਿੱਕਲ ਕੇ ਰਵਾਂ ਰਵੀਂ ਸਕੂਲ ਨੂੰ ਜਾਂਦਾ ਹੋਇਆ ਅਜੇ ਬੱਸ ਅੱਡੇ ’ਤੇ ਪਹੁੰਚਿਆ ਹੀ ਸੀ ਕਿ ਅੱਡੇ ਨੂੰ ਘੇਰਾ ਪਾਈ ਖੜ੍ਹੀ ਪੁਲਿਸ ਦੀ ਟੁਕੜੀ ਨੇ ਆ ਦਬੋਚਿਆ ਅਤੇ ਦਬਾਦਬ ਬਾਹੋਂ ਫੜ ਕੇ ਉਸੇ ਸਮੇਂ ਹੀ ਕੋਟ ਕਪੂਰੇ ਵੱਲੋਂ ਆਈ ਬੱਸ ’ਚ ਜ਼ਬਰਦਸਤੀ ਚੜ੍ਹਾ ਲਿਆ। ਜਦ ਬੱਸ 100 ਕੁ ਗਜ ਅੱਗੇ ਸਕੂਲ ਦੇ ਗੇਟ ਤੋਂ ਗੁਜਰੀ ਤਾਂ ਦੇਖਿਆ ਕਿ ਮੇਰੇ ਸਕੂਲ ਦੇ ਸਭ ਵਿਦਿਆਰਥੀ, ਜੋ ਉਸ ਸਮੇਂ ਸਕੂਲ ਦੀ ਸਵੇਰ ਦੀ ਸਭਾ ਲਈ ਜੁੜੇ ਹੋਏ ਸਨ, ਸਕੂਲ ਦੀ ਮੂਹਰਲੀ ਛੋਟੀ ਜਿਹੀ ਕੰਧ ਟੱਪ ਕੇ ਅਗੇ ਹੋ ਕੇ ਬੱਸ ਰੋਕਣ ਲਈ ਵਾਹੋਦਾਹੀ ਭੱਜੇ ਆ ਰਹੇ ਸਨ। ਪ੍ਰੰਤੂ ਬੱਸ ਦੇ ਡਰਾਈਵਰ ਨੇ ਪੁਲਿਸ ਵੱਲੋਂ ਮਾਰੇ ਦਬਕੇ ਤੋਂ ਡਰਦਿਆਂ ਬੱਸ ਤੇਜ਼ੀ ਨਾਲ ਭਜਾ ਕੇ ਲੰਘਾ ਲਈ ਤੇ ਮੈਨੂੰ ਥਾਣਾ ਫੂਲ (ਬਠਿੰਡਾ) ਲਿਜਾ ਕੇ ਬੰਦ ਕਰ ਦਿੱਤਾ ਗਿਆ। ਤਾਂ ਜਾਕੇ ਮੈਨੂੰ ਪਤਾ ਲੱਗਿਆ ਕਿ ਇਹ ਪੁਲਿਸ ਫੂਲ ਥਾਣੇ ਦੀ ਹੈ, ਜਿੱਥੇ ਮੇਰੇ ਖ਼ਿਲਾਫ਼ ਐਮਰਜੈਂਸੀ ਦਾ ਵਿਰੋਧ ਕਰਨ ਅਤੇ ਸਰਕਾਰ ਵਿਰੋਧੀ ਸਰਗਰਮੀਂ ਕਰਨ ਦੇ ਦੋਸ਼ ਲਾਕੇ ਡੀ. ਆਈ. ਆਰ. ਅਧੀਨ ਇਕ ਕੇਸ ਦਰਜ਼ ਕੀਤਾ ਹੋਇਆ ਸੀ; ਜਿਸ ਕਾਰਨ ਮੈਂ ਲਗਾਤਾਰ 5 ਮਹੀਨਿਆਂ ਤੋਂ ਅਰਧ ਗੁਪਤਵਾਸ ਰਹਿਕੇ ਬਚਦਾ ਬਚਾਉਂਦਾ ਆ ਰਿਹਾ ਸੀ। ਏਸੇ ਲਈ ਸਕੂਲ ਵਿੱਚ ਵੀ ਗਾਹੇ ਮੈਂ ਬਗਾਹੇ ਅੱਗੋਂ ਪਿੱਛੋਂ ਆਉਂਦਾ ਸੀ।

ਬਾਅਦ ’ਚ ਮੈਨੂੰ ਪਤਾ ਲੱਗਿਆ ਕਿ ਜਿਸ ਤਰ੍ਹਾਂ ਪਿਛਲੇ 5 ਮਹੀਨਿਆਂ ਤੋਂ, ਇਹ ਜਾਣ ਕੇ ਕਿ ਮੇਰੇ ਗ੍ਰਿਫਤਾਰੀ ਵਰੰਟ ਨਿੱਕਲੇ ਹੋਏ ਸਨ, ਮੇਰੇ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਲਗਾਤਾਰ ਪੁਲਿਸ ਦੀ ਮੌਜੂਦਗੀ ਅਤੇ ਨਿਗਰਾਨੀ ਬਾਰੇ ਮੈਨੂੰ ਸੂਚਿਤ ਕਰਦੇ ਰਹਿੰਦੇ ਸਨ। ਉਸ ਸੂਚਨਾ ਦੇ ਅਧਾਰ ਤੇ ਮੈਂ ਸਕੂਲ ਆਉਣ ਸਮੇਂ ਚੌਕਸੀ ਵਰਤ ਲੈਂਦਾ ਸੀ। ਉਸ ਦਿਨ ਵੀ ਮੇਰੇ ਸਕੂਲ ਦੇ ਅਧਿਆਪਕਾਂ ਨੇ ਬੱਸ ਅੱਡੇ ਉੱਪਰ ਪੁਲਿਸ ਦੀ ਮੌਜੂਦਗੀ ਦੇਖਕੇ, ਖਤਰੇ ਨੂੰ ਭਾਂਪਦਿਆਂ ਮੈਨੂੰ ਸੂਚਿਤ ਅਤੇ ਚੌਕਸ ਕਰਨ ਲਈ ਦੋ ਵਿਦਿਆਰਥੀਆਂ ਨੂੰ ਮੇਰੇ ਚੁਬਾਰੇ ਤੱਕ ਭੇਜਿਆ ਸੀ। ਪ੍ਰੰਤੂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਂ “ਚੁਬਾਰੇ” ਤੋਂ ਸਕੂਲ ਨੂੰ ਨਿੱਕਲ ਚੁੱਕਾ ਸੀ ਅਤੇ ਵਿਦਿਆਰਥੀ ਮੇਰੇ ਮਗਰ ਮਗਰ ਆ ਰਹੇ ਸਨ। ਪਰ ਉਹ ਦੌੜ ਕੇ ਆਕੇ ਮੇਰੇ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਮੈਨੂੰ ਸੂਚਿਤ ਨਾ ਕਰ ਸਕੇ। ਤੇ ਜਦ ਪੁਲਿਸ ਨੇ ਘੇਰਾ ਪਾਕੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਉਹਨਾਂ ਨੇ ਹੀ ਭੱਜ ਕੇ ਸਕੂਲ ਵਿੱਚ ਜਾਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੈਨੂੰ ਗ੍ਰਿਫ਼ਤਾਰ ਕਰਕੇ ਬੱਸ ਵਿੱਚ ਚੜ੍ਹਾਉਣ ਬਾਰੇ ਦੱਸਿਆ; ਜਿਸਦੇ ਸੁਣਦੇ ਸਾਰ ਹੀ ਸਕੂਲ ਦੇ ਸਾਰੇ ਵਿਦਿਆਰਥੀ ਸਵੇਰ ਦੀ ਸਭਾ ਛੱਡ ਕੇ ਸਕੂਲੋਂ ਬਾਹਰ ਆ ਕੇ ਬੱਸ ਰੋਕਣ ਲਈ ਭੱਜੇ।ਤੇ ਫੇਰ 10 ਦਿਨ ਥਾਣਾ ਫੂਲ (ਬਠਿੰਡਾ) ਵਿੱਚ ‘ਪੁਲਸੀ ਪੁੱਛ ਪੜਤਾਲ’ ਉਪਰੰਤ 17 ਨਵੰਬਰ 75 ਨੂੰ ਬਠਿੰਡਾ-ਸੰਗਰੂਰ ਜੇਲ੍ਹ ਯਾਤਰਾ ਸ਼ੁਰੂ, ਜੋ ਲਗਭਗ 8 ਮਹੀਨੇ ਚੱਲੀ।

ਵਿਦਿਆਰਥੀ-ਮਾਪੇ ਕਿਵੇਂ ਮੁੱਲ ਤਾਰਦੇ ਹਨ, ਇਕ ਪ੍ਰਤੀਬੱਧ ਅਧਿਆਪਕ ਦਾ

ਬਰਗਾੜੀ ਸਕੂਲ ਦੀ ਇਸ ਘਟਨਾ ਅਤੇ ਇਸੇ ਸਕੂਲ ਅੰਦਰ ਇਸਤੋਂ ਕੁਝ ਮਹੀਨੇ ਪਹਿਲਾਂ ਵਾਪਰੀ ਇੱਕ ਹੋਰ ਘਟਨਾ ਨੇ ਮੈਨੂੰ ਇਹ ਡੂੰਘਾ ਅਹਿਸਾਸ ਕਰਵਾਇਆ ਕਿ ਜੇ ਕੋਈ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਮੋਹ ਪਿਆਰ ਦਾ ਨੇੜਲਾ ਰਿਸ਼ਤਾ ਗੰਢ ਕੇ ਸਮਰਪਿਤ ਅਤੇ ਪ੍ਰਤੀਬੱਧ ਹੋਕੇ ਤਨ-ਮਨ ਲਾਕੇ ਸਿਰੜ ਨਾਲ ਉਹਨਾਂ ਨੂੰ ਸਿੱਖਿਆ ਦਿੰਦਾ ਹੈ ਤੇ ਉਹਨਾਂ ਦਾ ਭਰੋਸਾ ਜਿੱਤ ਲੈਂਦਾ ਹੈ ਤਾਂ ਉਸਦੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਵੀ ਅਧਿਆਪਕ ਉੱਪਰ ਪਈ ਭੜਿ ਸਮੇਂ ਉਸਦੇ ਸਤਿਕਾਰ ਵਜੋਂ ਉਸਦੀ ਮਦਦ ਲਈ ਬਹੁੜਦੇ ਹਨ। ‘ਅੱਜ ਕੱਲ੍ਹ ਅਧਿਆਪਕ ਦਾ ਸਤਿਕਾਰ ਨਹੀਂ ਰਿਹਾ’ ਇਹ ਪ੍ਰਚੱਲਤ ਧਾਰਨਾ ਇਸ ਗੱਲੋਂ ਸਹੀ ਨਹੀਂ ਜਾਪਦੀ।
ਖ਼ੈਰ! ਉਹ ਦੂਜੀ ਘਟਨਾ ਕੀ ਸੀ?

ਉਹ ਇਹ ਸੀ ਕਿ ਜਦ ਮਈ 1974 ਵਿੱਚ ਮੇਰੀਆਂ ਟਰੇਡ ਯੂਨੀਅਨ ਸਰਗਰਮੀਆਂ ਕਾਰਨ ਮੇਰੀ ਵਿਕਟੇਮਾਈਜ਼ੇਸ਼ਨ ਅਧੀਨ ਮੇਰੀ ਬਦਲੀ ਬਰਗਾੜੀ ਸਕੂਲ ਵਿਖੇ ਕੀਤੀ ਗਈ ਤਾਂ ਮਈ 74 ਨੂੰ ਹਾਜ਼ਰ ਹੋ ਕੇ ੳਜੇ ਮਸਾਂ 6 ਕੁ ਮਹੀਨੇ ਹੀ ਵਿਦਿਆਰਥੀਆਂ ਨੂੰ ਸਮਰਪਿਤ ਹੋ ਕੇ ਪੜ੍ਹਾਇਆ ਸੀ ਅਤੇ ਆਪਣੇ ਕੁਦਰਤੀ ਸੁਭਾਅ ਅਤੇ ਨਿਸਚਿਤ ਸਮਝ ਅਨੁਸਾਰ ਉਹਨਾਂ ਨਾਲ ਨੇੜਤਾ ਵਾਲਾ ਰਿਸਤਾ ਬਣਾ ਕੇ, ਉਹਨਾਂ ਉੇੱਪਰ ਭਰੋਸਾ ਕਰਕੇ, ਉਹਨਾਂ ਅੰਦਰ ਵਿਗਿਆਨ ਵਿਸ਼ੇ ਪ੍ਰਤੀ ਰੂਚੀ ਜਗਾਕੇ, ਆਲ-ਦੁਆਲੇ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਮਝਣ ਦੀ ਜਾਗ ਲਾਕੇ ਪੜ੍ਹਾਈ ਦੇ ਨਾਲ ਨਾਲ ਉਹਨਾਂ ਅੰਦਰ ਲੁਕੀ ਪ੍ਰਤਿਭਾ ਤੇ ਸਮਰੱਥਾ ਜਗਾ ਕੇ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਭਾਗ ਲੈਣ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਸੀ ਕਿ ਮੇਰੀ ਬਦਲੀ ਦੁਬਾਰਾ ਜਨਵਰੀ 1975 ’ਚ ਗੁਰਦਾਸਪੁਰ ਜ਼ਿਲ੍ਹੇ ਦੇ ਜੰਮੂ ਹਿਮਾਚਲ ਬਾਰਡਰ ਕੋਲ ਸਥਿਤ ਇਕ ਸਕੂਲ ਸ. ਮਿਡਲ ਸਕੂਲ ਲਹਿਰੂਣ (ਧਾਰ ਬਲਾਕ) ਵਿਖੇ ਕਰ ਦਿੱਤੀ ਗਈ, ਜਿਸਦਾ ਮੇਰੇ ੋਿਵਦਿਆਰਥੀਆਂ ਨੂੰ ਵੀ ਪਤਾ ਲੱਗ ਗਿਆ।

ਪ੍ਰੰਤੂ ਮੇਰੀ ਇਸ ਦੂਜੀ ਬਦਲੀ ਵਿੱਚ ਤਕਨੀਕੀ ਖਾਮੀ ਇਹ ਸੀ ਕਿ ਇਹ ਬਦਲੀ ਮੇਰੇ ਖ਼ਿਲਾਫ਼ ਚੱਲਦੀ ਪਹਿਲੀ ਫਾਈਲ ਦੇ ਅਧਾਰ ’ਤੇ ਹੀ, ਮੇਰੇ ਪਿਛਲੇ ਸਕੂਲ (ਹਾਈ ਸਕੂਲ ਫੂਲ-ਬਠਿੰਡਾ) ਤੋਂ ਹੀ ਕਰ ਦਿੱਤੀ ਗਈ ਸੀ। ਬਦਲੀ ਦੇ ਹੁਕਮਾਂ ਵਿੱਚ ਬਰਗਾੜੀ ਸਕੂਲ ਦਾ ਕਿਤੇ ਜ਼ਿਕਰ ਨਹੀਂ ਸੀ ਜਿਸ ਕਰਕੇ ਮੈਨੂੰ ਤਕਨੀਕੀ ਤੌਰ ਤੇ ਬਰਗਾੜੀ ਸਕੂਲ ਤੋਂ ਫਾਰਗ ਨਹੀਂ ਸੀ ਕੀਤਾ ਜਾ ਸਕਦਾ। ਜਿਸ ਅਧਾਰ ਤੇ ਉੱਪਰੋਂ ਡੀ. ਪੀ. ਆਈ. (ਸ) ਚੰਡੀਗੜ੍ਹ ਦੇ ਦਫ਼ਤਰੋਂ ਲਗਾਤਾਰ ਟੈਲੀਫੋਨ ਉੱਪਰ ਮੈਨੂੰ ਫਾਰਗ ਕਰਨ ਦੇ ਆ ਰਹੇ ਹੁਕਮਾਂ ਦੇ ਬਾਵਜੂਦ ਉਸ ਸਮੇਂ ਦੇ ਬਰਗਾੜੀ ਸਕੂਲ ਦੇ ਮੁੱਖ ਅਧਿਆਪਕ ਜੋਗਿੰਦਰ ਸਿੰਘ ਨੇ (ਜੋ ਕਿ ਇਕ ਨਿਹਾਇਤ ਨੇਕ ਤੇ ਸ਼ਰੀਫ਼ ਇਨਸਾਨ ਸਨ) ਮੈਨੂੰ ਫਾਰਗ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉੱਪਰ ਲਿਖਕੇ ਭੇਜ ਦਿੱਤਾ ਕਿ ਕਿਉਂਕਿ ਬਰਗਾੜੀ ਸਕੂਲ ਤੋਂ ਕਿਸੇ ਯਸ਼ਪਾਲ ਦੀ ਬਦਲੀ ਦੇ ਹੁਕਮ ਨਹੀਂ ਹੋਏ ਇਸ ਲਈ ਯਸ਼ਪਾਲ ਨੂੰ ਫਾਰਗ ਨਹੀਂ ਕੀਤਾ ਜਾ ਸਕਦਾ।

ਮੇਰੀ ਮੁੜ ਬਦਲੀ ਵਿਰੁੱਧ ਵਿਦਿਆਰਥੀਆਂ-ਮਾਪਿਆਂ ਨੇ ਜੋ ਰੰਗ ਦਿਖਾਇਆ

ਕਿਸੇ ਮੁੱਖ ਅਧਿਆਪਕ ਵੱਲੋਂ ਇਉਂ ਲਿਖਕੇ ਉੱਚ ਅਧਿਕਾਰੀ ਨੂੰ ਉੱਪਰ ਭੇਜਣਾ ਵੀ ਬਹੁਤ ਵੱਡੀ ਹਿੰਮਤ ਵਾਲੀ ਗੱਲ ਸੀ ਪ੍ਰੰਤੂ ਇਸਤੋਂ ਵੀ ਵੱਡੀ ਅਤੇ ਮਹੱਤਵਪੁਰਨ ਗੱਲ ਮੇਰੇ ਵਿਦਿਆਰਥੀਆਂ ਅਤੇ ਮੇਰੇ ਸਹਿਯੋਗੀ ਅਧਿਆਪਕਾਂ ਵੱਲੋਂ (ਜਿਨ੍ਹਾਂ ਨਾਲ ਮੈਂ ਅਜੇ 6-7 ਮਹੀਨੇ ਹੀ ਵਿਚਰਿਆ ਸੀ) ਦਿਖਾਇਆ ਪ੍ਰਤੀਕਰਮ। 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਮੇਰੇ ਵਿਦਿਆਰਥੀ ਅਤੇ ਵਿਦਿਆਰਥਣਾਂ ਮੇਰੀ ਬਦਲੀ ਰੱਦ ਕਰਵਾਉਣ ਲਈ ਸਕੂਲ ਅੰਦਰ ਹੜਤਾਲ ਕਰਕੇ, ਪਿੰਡ ਬਰਗਾੜੀ ਵਿੱਚ ਭਾਰੀ ਮੁਜ਼ਾਹਰਾ ਵੀ ਕੀਤਾ। ਮੇਰੀ ਯਾਦਦਾਸ਼ਤ ਅਨੁਸਾਰ ਇਸ ਕਾਰਜ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮੇਰੇ ਵਿਦਿਆਰਥੀਆਂ ਵਿੱਚ ਗਮਦੂਰ ਸਿੰਘ, ਪਿਰਥਾ ਸਿੰਘ (ਰਣ ਸਿੰਘ ਵਾਲਾ), ਜਲੰਧਰ ਸਿੰਘ, ਅਮਰਜੀਤ ਸਿੰਘ, ਰੁਪਿੰਦਰ ਸਿੰਘ (ਗੋਦਾਰਾ), ਸੁਰਿੰਦਰ ਸਿੰਘ, ਹਰਿੰਦਰ ਸਿੰਘ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ (ਬਰਗਾੜੀ) ਆਦਿ ਸਨ; ਜਿਨ੍ਹਾਂ ਵਿੱਚੋਂ ਇਸ ਸਮੇਂ ਕਈ ਅਧਿਆਪਕ, ਡਾਕਟਰ ਅਤੇ ਹੋਰ ਅਹੁਦਿਆਂ ਉੱਤੇ ਲੱਗੇ ਹੋਏ ਹਨ। ਸਕੂਲ਼ ਦੇ ਅਧਿਆਪਕਾਂ ਦਾ ਸਹਿਯੋਗ ਅਤੇ ਹਮਦਰਦੀ ਉਹਨਾਂ ਦੇ ਨਾਲ ਸੀ।

ਇਹਨਾਂ ਵਿਦਿਆਰਥੀਆਂ ਨੇ ਹੀ ਮੂਹਰੇ ਲੱਗ ਕੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਬਰਗਾੜੀ ਸਕੂਲ ਨੂੰ ਪੈਂਦੇ 15 ਪਿੰਡਾਂ ਦੀਆਂ ਪੰਚਾਇਤਾਂ ਤੱਕ ਪਹੁੰਚ ਕਰਕੇ ਮੇਰੀ ਬਦਲੀ ਰੱਦ ਕਰਨ ਸਬੰਧੀ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਪਵਾਕੇ ਮੁੱਖ ਮੰਤਰੀ (ਗਿਆਨੀ ਜ਼ੈਲ ਸਿੰਘ) ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੂੰ ਰਜਿਸਟਰੀ ਕਰਵਾ ਕੇ ਭੇਜੇ ਗਏ ਅਤੇ ਅਖ਼ਬਾਰਾਂ ਅੰਦਰ ਇਸ ਦੀਆਂ ਖ਼ਬਰਾਂ ਲਗਵਾਈਆਂ ਗਈਆਂ (ਉਸ ਸਮੇਂ ਅਖ਼ਬਾਰਾਂ/ਮੀਡੀਆ ਦਾ ਦਾਇਰਾ ਬੜਾ ਸੀਮਤ ਹੀ ਸੀ)।

ਇਉਂ ਇਹ ਸਿਲਸਿਲਾ ਦੋ ਤਿੰਨ ਮਹੀਨੇ ਚੱਲਦਾ ਰਿਹਾ, ਜਿਸਦਾ ਸਿੱਟਾ ਇਹ ਹੋਇਆ ਕਿ ਤਕਨੀਕੀ ਤੌਰ ਤੇ ਮੈਨੂੰ ਫਾਰਗ ਨਹੀਂ ਸੀ ਕੀਤਾ ਜਾ ਸਕਦਾ, ਜਿੰਨਾਂ ਚਿਰ ਬਦਲੀ ਦੇ ਹੁਕਮਾਂ ਵਿੱਚ ਸੋਧ ਨਹੀਂ ਕੀਤੀ ਜਾਂਦੀ। ਤੇ ਦੂਜੇ ਪਾਸੇ ਮੈਂ ਸਮਝਦਾ ਹਾਂ- ਉਹਨਾਂ ਪੰਚਾਇਤੀ ਮਤਿਆਂ ਅਤੇ ਵਿਦਿਆਰਥੀਆਂ ਦੀ ਵਿਰੋਧ ਦੀ ਆਵਾਜ਼ ਸਦਕਾ, ਜੰਮੂ-ਹਿਮਾਚਲ ਬਾਰਡਰ ’ਤੇ ਕੀਤੀ ਮੇਰੀ ਬਦਲੀ ਲਾਗੂ ਨਹੀਂ ਹੋ ਸਕੀ। ਉਹਨਾਂ ਹੁਕਮਾਂ ’ਚ ਸੋਧ ਨਹੀਂ ਹੋਈ ਤੇ ਬਦਲੀ ਦਾ ਇਹ ਮਸਲਾ ਉੱਥੇ ਹੀ ਠੱਪ ਹੋ ਗਿਆ। ਮੈਂ ਇਸ ਬਦਲੀ ਸਬੰਧੀ ਚੰਡੀਗੜ੍ਹ ਦੇ ਦਫ਼ਤਰ ਜਾਕੇ ਉਸਦਾ ਮੂੰਹ ਵੀ ਨਹੀਂ ਦੇਖਿਆ ਸਾਰੇ ਸਮੇਂ ਦੌਰਾਨ।

ਮਾਰਚ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਆ ਗਈਆਂ। ਜਦ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅਇਆ ਤਾਂ ਮੇਰੀਆਂ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਲਗਭਗ 100% ਸੀ, ਜੋ ਕਿ ਬਰਗਾੜੀ ਸਕੂਲ ਦਾ ਸਾਇੰਸ ਵਿਸ਼ੇ ਦਾ ਕਾਫ਼ੀ ਲੰਮੇ ਸਮੇਂ ਬਾਅਦ ਆਇਆ ਇਕ ਚੰਗਾ ਨਤੀਜਾ ਸੀ। ਇਸ ਨਾਲ ਮੇਰੇ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਤਿਕਾਰ ਤੇ ਹਮਦਰਦੀ ’ਚ ਹੋਰ ਵਾਧਾ ਹੋਇਆ।

ਤੇ ਫਿਰ ਜੂਨ 1975 ’ਚ ਐਮਰਜੈਂਸੀ ਲੱਗ ਗਈ ਅਤੇ ਮੇਰੀ ਗ੍ਰਿਫਤਾਰੀ ਵਾਲੀ ਘਟਨਾ ਵਾਪਰ ਗਈ। ਲਗਭਗ 8 ਮਹੀਨੇ ਬਠਿੰਡਾ ਜੇਲ੍ਹ ਤੇ ਸੰਗਰੂਰ ਜੇਲ੍ਹ ’ਚ ਬਿਤਾਏ। ਵਿਭਾਗ ਵੱਲੋਂ ਬਾਵਜੂਦ ਮੇਰੇ ਅਤੇ ਸਕੂਲ ਮੁਖੀ ਵੱਲੋਂ ਸੂਚਿਤ ਕਰਨ ਦੇ ਮੈਨੂੰ ਮੁਅੱਤਲ ਵੀ ਨਾ ਕੀਤਾ ਗਿਆ। ਜੂਨ 76 ਦੇ ਅੰਤ ਵਿੱਚ ਮੈਂ ਜ਼ਮਾਨਤ ਉੱਤੇ ਬਾਹਰ ਆਇਆ। ਆਕੇ ਖੁਦ ਮੁਅੱਤਲੀ ਦੇ ਕੇਸ ਦੀ ਪੈਰਵਾਈ ਕਰਕੇ, ਵਿਭਾਗ ਵੱਲੋਂ ਮੇਰੀ ਗ੍ਰਿਫਤਾਰੀ ਤੋਂ ਲਗਭਗ ਇਕ ਸਾਲ ਬਾਅਦ ਜਾਕੇ ਮੁਅੱਤਲੀ ਕਰਵਾਈ। ਕੁੱਲ ਦੋ ਸਾਲਾਂ ਦੀ ਮੁਅਤਲੀ ਤੋਂ ਬਾਅਦ, ਐਮਰਜੈਂਸੀ ਖ਼ਤਮ ਹੋਣ ਉਪਰੰਤ ਡੀ. ਆਈ. ਆਰ. ਦੇ ਪਾਏ ਕੇਸ ਵਾਪਸ ਹੋਣ ਤੇ ਮੈਂ ਮੁੜ ਬਹਾਲ ਹੋਇਆ।

ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਹਾਰ ਗਈ। ਪੰਜਾਬ ਵਿੱਚ ਅਕਾਲੀ ਸਰਕਾਰ ਬਣ ਗਈ। ਐਮਰਜੈਂਸੀ ਤੋਂ ਪਹਿਲਾਂ ਅਤੇ ਐਮਰਜੈਂਸੀ ਦੇ ਦੌਰਾਨ ਪੰਜਾਬ ਪੱਧਰ ਤੇ ਹੋਈਆਂ ਅਧਿਆਪਕਾਂ ਦੀਆਂ ਬਦਲੀਆਂ ਦਾ ਮਸਲਾ ਉਸ ਸਮੇਂ ਦੀ ਸਾਂਝੀ ਜੱਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ (ਜਿਸਦੀ ਜ਼ਿਲ੍ਹਾ ਬਠਿੰਡਾ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਵੀ ਮੈਂ ਬਰਗਾੜੀ ਸਕੂਲ ’ਚ ਹੁੰਦੇ ਹੋਏ ਜੇਲ੍ਹੋਂ ਬਾਹਰ ਆ ਕੇ ਮੁੜ ਵਾਰੰਟਡ ਹੁੰਦੇ ਹੋਏ, ਅਕਤੂਬਰ 1976 ਵਿੱਚ ਰੂਪੋਸ਼ ਰਹਿਕੇ ਲੜੀ) ਸਰਕਾਰ ਕੋਲ ਉਠਾਉਣ ਉੱਤੇ ਸਾਡੀਆਂ ਬਦਲੀਆਂ ਰੱਦ ਹੋ ਗਈਆਂ ਤੇ ਮੈਂ ਬਰਗਾੜੀ ਸਕੂਲ ਤੋਂ ਫਾਰਗ ਹੋ ਕੇ 25 ਅਗਸਤ 1977 ਨੂੰ ਮੁੜ ਆਪਣੇ ਪਹਿਲੇ ਸਕੂਲ ਸਰਕਾਰੀ ਹਾਈ ਸਕੂਲ ਫੂਲ (ਬਠਿੰਡਾ) ਵਿਖੇ ਹਾਜ਼ਰ ਹੋ ਗਿਆ। ਇਉਂ ਬਰਗਾੜੀ ਸਕੂਲ ਦੇ ਮੇਰੇ ਕੁੱਲ ਸਵਾ ਤਿੰਨ ਸਾਲ ਦੇ ਅਰਸੇ ਦੌਰਾਨ ਮੈਂ ਉੱਥੋਂ ਦੇ ਵਿਦਿਆਰਥੀਆਂ ਨੂੰ ਡੇਢ ਸਾਲ ਹੀ ਪੜ੍ਹਾ ਸਕਿਆ।

ਇਕ ਪ੍ਰਤੀਬੱਧ ਅਧਿਆਪਕ ਹੀ ਇਕ ਪ੍ਰਤੀਬੱਧ ਟਰੇਡ ਯੂਨੀਅਨਿਸਟ ਹੋ ਸਕਦਾ ਹੈ

ਬਰਗਾੜੀ ਸਕੂਲ ਵਿੱਚ ਮੇਰੇ ਦੁਆਰਾ ਬਿਤਾਏ ਸਾਰੇ ਅਰਸੇ ਦੌਰਾਨ ਮੇਰੇ ਵਿਦਿਆਰਥੀਆਂ ਵੱਲੋਂ ਮੇਰੇ ਪ੍ਰਤੀ ਦਿਖਾਏ ਸਤਿਕਾਰ ਤੇ ਪਾਲੀ ਗਈ ਵਫ਼ਾ ਤੋਂ ਮੈਨੂੰ ਬੜੀ ਸ਼ਿੱਦਤ ਨਾਲ ਇਹ ਅਹਿਸਾਸ ਹੋਇਆ ਹੈ ਕਿ ਜੇ ਕੋਈ ਅਧਿਆਪਕ ਵਿਦਿਆਰਥੀਆਂ ਦੇ ਸੁਪਨ-ਸੰਸਾਰ ਨੂੰ ਸਮਝ ਕੇ ਉਹਨਾਂ ਦੇ ਜਜ਼ਬਾਤਾਂ ਤੇ ਵਲਵਲਿਆਂ ਨੂੰ ਟੁੰਬਣ ਵਾਲੀ ਧੁਨ ਛੇੜਦਾ ਹੈ, ਉਹਨਾਂ ਨੂੰ ਪਾਠਕ੍ਰਮ ਅਧਾਰਤ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਸਮਾਜਿਕ ਰਾਜਸੀ ਸੱਭਿਆਚਾਰਕ ਜ਼ਿੰਦਗੀ ਦੇ ਗਿਆਨ ਦਾ ਚਾਨਣ ਵੀ ਵੰਡਦਾ ਰਹਿੰਦਾ ਹੈ ਤਾਂ ਕੋਈ ਕਾਰਨ ਨਹੀਂ ਕਿ ਵਿਦਿਆਰਥੀ ਤੇ ਉਹਨਾਂ ਦੇ ਮਾਪੇ, ਉਸਦਾ ਆਦਰ ਮਾਣ ਅਤੇ ਸਤਿਕਾਰ ਨਾ ਕਰਨ।

ਜਿਹੜੇ ਵਿਦਿਆਰਥੀ ਅੱਜ ਤੋਂ 40-45 ਵਰ੍ਹੇ ਪਹਿਲਾਂ ਮੇਰੇ ਤੋਂ ਪੜ੍ਹੇ ਹਨ, ਉਹ ਜਦ ਵੀ ਮਿਲਦੇ ਹਨ ਤਾਂ ਉਹ ਓਨਾ ਹੀ ਸਤਿਕਾਰ ਕਰਦੇ ਹਨ ਜਿੰਨਾਂ ਵਿਦਿਆਰਥੀ ਹੋਣ ਸਮੇਂ ਕਰਦੇ ਸਨ; ਭਾਵੇਂ ਉਹ ਹੁਣ ਕਿਸੇ ਵੀ ਅਹੁਦੇ ਉੱਤੇ ਲੱਗੇ ਹੋਏ ਹਨ- ਇਹ ਮੇਰਾ ਆਪਣਾ ਪ੍ਰਤੱਖ ਜ਼ਾਤੀ ਤਜ਼ਰਬਾ ਹੈ।
ਉਂਝ ਮੈਂ ਆਪਣੀ ਸਾਰੀ ਅਧਿਆਪਕ ਕਿੱਤੇ ਦੀ, ਲਗਭਗ 39 ਸਾਲਾਂ ਦੀ ਸੇਵਾ ਦੌਰਾਨ, ਟਰੇਡ ਯੂਨੀਅਨ ਸਰਗਰਮੀਆਂ ਕਰਦੇ ਹੋਏ ਇਕ ਅਧਿਆਪਕ ਆਗੂ ਵਜੋਂ ਵਿਚਰਦੇ ਹੋਏ ਇਸ ਧਾਰਨਾ ਤਹਿਤ ਹੀ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਕਿ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਤੇ ਪ੍ਰਤੀਬੱਧ ਅਧਿਆਪਕ ਹੀ ਇਕ ਪ੍ਰਤੀਬੱਧ ਟਰੇਡ ਯੂਨੀਅਨਿਸਟ ਹੋ ਸਕਦਾ ਹੈ। ਜੇ ਕੋਈ ਅਧਿਆਪਕ ਆਗੂ ਆਪਣੇ ਵਿਦਿਆਰਥੀਆਂ ਪ੍ਰਤੀ ਅਤੇ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧ ਨਹੀਂ ਹੈ ਤਾਂ ਉਹ ਆਗੂ ਆਪਣੀ ਯੂਨੀਅਨ/ ਜੱਥੇਬੰਦੀ ਅੰਦਰ ਵੀ ਪ੍ਰਤੀਬੱਧ ਨਹੀਂ ਰਹਿ ਸਕਦਾ। ਸਾਂਝੀ ਜੱਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅੰਦਰ ਲੰਬਾ ਸਮਾਂ ਕੰਮ ਕਰਦੇ ਹੋਏ, ਮੈਨੂੰ ਇਸ ਹਕੀਕਤ ਦਾ ਬੋਧ ਹੋਇਆ ਹੈ। ਇਸ ਸੰਦਰਭ ਵਿੱਚ ਅਧਿਆਪਕ ਜੱਥੇਬੰਦੀਆਂ ਦੇ ਵੱਖ-ਵੱਖ ਆਗੂਆਂ ਦੇ ਵਰਤਾਓ ਦਾ ਹਾਂ ਪੱਖੀ ਤੇ ਨਾਂਹ ਪੱਖੀ ਠੋਸ ਇਜ਼ਹਾਰ ਹੁੰਦਾ ਦੇਖਿਆ ਗਿਆ ਹੈ।

ਬਰਗਾੜੀ ਸਕੂਲ ਅੰਦਰ ਗੁਜ਼ਾਰੇ ਸਮੇਂ ਦੌਰਾਨ ਵਿਦਿਆਰਥੀਆਂ ਤੋਂ ਬਿਨਾਂ ਉਸ ਸਮੇਂ ਮੇਰੇ ਨਾਲ ਕੰਮ ਕਰਦੇ ਮੇਰੇ ਸਹਿਕਰਮੀ ਅਧਿਆਪਕ ਵੀ ਜਿਹਨ ’ਚ ਘੁੰਮ ਰਹੇ ਹਨ, ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਉਸ ਨਾਜ਼ੁਕ ਦੌਰ ਸਮੇਂ ਮੇਰੇ ਵੱਲ ਹਰ ਪਲ ਸਹਿਯੋਗ ਦਾ ਹੱਥ ਵਧਾਇਆ। ਇਉਂ ਬਰਗਾੜੀ ਸਕੂਲ ਮੇਰੀਆਂ ਅਤੀਤ ਦੀਆਂ ਯਾਦਾਂ ਵਿੱਚ ਇਕ ਅਮਿੱਟ ਛਾਪ ਛੱਡ ਗਿਆ। ਬਰਗਾੜੀ ਸਕੂਲ ਦਾ ਦੌਰ ਮੇਰੀ ਜ਼ਿੰਦਗੀ ਦਾ ਸਭ ਤੋਂ ਨਾਜ਼ੁਕ ਤੇ ਉਥਲ-ਪੁਥਲ ਭਰਿਆ ਦੌਰ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਯਸ਼ ਪਾਲ (ਸੰਪਾਦਕ ਵਰਗ ਚੇਤਨਾ)
ਸੰਪਰਕ: 98145-35005