ਮੈਂ ਚੋਰ ਨਹੀਂ, ਭੁੱਖਾ ਹਾਂ

ਮੈਂ ਚੋਰ ਨਹੀਂ, ਭੁੱਖਾ ਹਾਂ

ਲੇਖਕ: ਰਿਆ ਹੈਥ
ਪੰਜਾਬੀ ਅਨੁਵਾਦ

ਅਧਾਰੀ ਲਾਲ ਚਤੁਰਵੇਦੀ ਨਾ ਸਿਰਫ ਇਕ ਜਾਣੇ ਪਹਿਚਾਣੇ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਸਗੋਂ ਇਕ ਅਮੀਰ ਵਪਾਰੀ ਵੀ ਸੀ। ਉਸ ਨੂੰ ਆਪਣੀ ਦੌਲਤ ਦਾ ਬਹੁਤ ਘੁਮੰਡ ਸੀ, ਇਸ ਲਈ ਹੀ ਆਪਣੇ ਨੌਕਰਾਂ ਅਤੇ ਗਰੀਬ ਗਵਾਂਢੀਆਂ ਨਾਲ ਬੜਾ ਭੈੜਾ ਵਿਵਹਾਰ ਕਰਦਾ। ਲੋੜਵੰਦਾਂ ਨੂੰ ਕੁਝ ਨਾ ਦਿੰਦਾ, ਇਥੋਂ ਤੱਕ ਕਿ ਪਾਣੀ ਵੀ ਨਾ ਦਿੰਦਾ। ਲੋਕਾਂ ਨੂੰ ਮੁਸੀਬਤ ਵਿਚ ਦੇਖ, ਉਸ ਨੂੰ ਖੁਸ਼ੀ ਹੁੰਦੀ। ਉਸ ਦੇ ਅਭਿਮਾਨ ਨੇ ਉਸ ਨੂੰ ਬੇਪਰਵਾਹ ਬਣਾ ਦਿੱਤਾ ਸੀ। ਸੁਧਾ ਉਸਦੀ ਇਕਲੌਤੀ ਧੀ ਸੀ। ਸੁਧਾ ‘ਸੋਨੇ ਦਾ ਚਮਚਾ ਮੂੰਹ ਵਿਚ ਲੈ ਕੇ ਜੰਮੀ ਸੀ।‘ ਘਰ ਵਿਚ ਇਕੱਲੀ ਹੋਣ ਕਰਕੇ ਘਰ ਵਿਚ ਸਾਰਿਆਂ ਦਾ ਧਿਆਨ ਉਸ ਤੇ ਹੀ ਰਹਿੰਦਾ। ਹਰ ਰੋਜ਼ ਉਸ ਨੂੰ ਨਵੀਂ ਪੁਸ਼ਾਕ ਮਿਲ ਜਾਂਦੀ। ਉਹ ਘਰ ਦੇ ਕੰਮ ਵਿਚ ਆਪਣੀ ਮਾਂ ਦੀ ਕੋਈ ਮਦਦ ਨਾ ਕਰਦੀ। ਅਧਾਰੀ ਲਾਲ ਉਸਦੀ ਬਹੁਤ ਦੇਖ-ਭਾਲ ਕਰਦਾ। ਉਹ ਉਸ ਨੂੰ ਅਜਿਹੇ ਤੋਹਫ਼ੇ ਅਤੇ ਚੀਜ਼ਾਂ ਲਿਆ ਕੇ ਦਿੰਦਾ ਜਿਸਦੀ ਉਸ ਨੂੰ ਲੋੜ ਵੀ ਨਾ ਹੁੰਦੀ। ਉਸ ਨੇ ਆਪਣੀ ਧੀ ਨੂੰ ਕਿਸੇ ਕਿਸਮ ਦੀਆਂ ਸਮਾਜਿਕ ਮਰਿਆਦਾਵਾਂ ਨਾ ਸਿਖਾਈਆਂ ਜਿਸ ਨਾਲ ਉਹ ਦੂਜਿਆਂ ਦੇ ਨੇੜੇ ਹੋ ਸਕੇ ਜਾਂ ਦੂਜਿਆਂ ਦਾ ਧਿਆਨ ਰੱਖ ਸਕੇ। ਸੁਧਾ ਵੀ ਆਪਣੇ ਪਿਉ ਦੀ ਤਰਾਂ ਬਹੁਤ ਘੁਮੰਡੀ ਸੀ। ਉਹ ਹਮੇਸ਼ਾ ਹੀ ਮਹਿੰਗੀਆਂ ਚੀਜ਼ਾਂ ਦੀ ਅਤੇ ਖਾਸ ਕੱਪੜਿਆਂ ਦੀ ਮੰਗ ਕਰਦੀ ਰਹਿੰਦੀ। ਸੁਧਾ ਨਾ ਤਾਂ ਕਿਸੇ ਨਾਲ ਬਹੁਤੀ ਗੱਲ ਕਰਦੀ ਅਤੇ ਨਾ ਹੀ ਆਪਣੇ ਗਵਾਂਢੀਆਂ ਨਾਲ ਘੁਲਦੀ-ਮਿਲਦੀ।

ਜਿਵੇਂ ਮੀਂਹ ਪੈਣ ਨਾਲ ਦਰਿਆ ਇਕੋ ਦਮ ਭਰ ਜਾਂਦਾ ਹੈ, ਉਸੇ ਤਰਾਂ ਜਵਾਨ ਹੋਣ ਤੇ ਉਸ ਦੀ ਸੁੰਦਰਤਾ ਵਿਚ ਨਿਖਾਰ ਆਉਂਦਾ ਰਿਹਾ। ਉਸਦਾ ਚੌੜਾ ਚਿਹਰਾ ਬਹੁਤ ਸੁਹਣਾ ਲੱਗਦਾ। ਉਸ ਦੀਆਂ ਅੱਖਾਂ ਵੀ ਮੋਟੀਆਂ ਅਤੇ ਸੁਹਣੀਆਂ ਸੀ। ਉਸ ਦੀਆਂ ਗੋਰੇ ਰੰਗ ਦੀਆਂ ਗੱਲਾਂ ‘ਤੇ ਕੁਦਰਤੀ ਲਾਲੀ ਝਲਕਦੀ। ਦੱਸ ਸਾਲ ਕਦੋਂ ਬੀਤ ਗਏ ਪਤਾ ਹੀ ਨਾ ਲੱਗਿਆ। ਅਧਾਰੀ ਲਾਲ ਨੂੰ ਆਪਣੀ ਧੀ ਦੇ ਵਿਆਹ ਦਾ ਫਿਕਰ ਖਾ ਰਿਹਾ ਸੀ। ਉਸ ਨੂੰ ਆਪਣੀ ਪਿਆਰੀ ਧੀ ਲਈ ਯੋਗ ਵਰ ਨਹੀਂ ਸੀ ਮਿਲ ਰਿਹਾ। ਉਹ ਚਾਹੁੰਦਾ ਸੀ ਕਿ ਸੁਧਾ ਦਾ ਵਿਆਹ ਵਧੀਆ ਥਾਂ ਹੋ ਜਾਵੇ।

ਅੱਸੂ ਦੇ ਮਹੀਨੇ ਦੀ ਇਕ ਵਧੀਆ ਸਵੇਰ ਸੀ। ਪਤਝੜ ਦਾ ਮੌਸਮ ਸਿਖਰ ‘ਤੇ ਸੀ। ਚਾਰੇ ਪਾਸੇ ਫੁੱਲਾਂ ਦੀ ਮਹਿਕ ਹਵਾ ਵਿਚ ਸੀ। ਮੌਸਮ ਨੇ ਸਾਫ ਨੀਲੇ ਅੰਬਰ, ਹਰੇ ਖੇਤਾਂ ਅਤੇ ਸੋਨ ਰੰਗੀਆਂ ਪੱਕੀਆਂ ਫਸਲਾਂ ਦਾ ਸਵਾਗਤ ਕੀਤਾ। ਬੰਗਾਲ ਦਾ ਸਭ ਤੋਂ ਪ੍ਰਸਿੱਧ ਤਿਉਹਾਰ, ਦੁਰਗਾ ਪੂਜਾ ਵੀ ਆਉਣ ਵਾਲਾ ਸੀ। ਸਾਫ ਅਕਾਸ ’ਤੇ ਚਿੱਟੇ ਬੱਦਲਾਂ ਦੇ ਟੋਟੇ ਉੱਡ ਰਹੇ ਸੀ। ਬੰਗਾਲੀ ਲੋਕ ਤਿਉਹਾਰ ਵਰਗੀ ਖੁਸ਼ੀ ਦੇ ਰੰਗ ਵਿਚ ਰੰਗੇ ਹੋਏ ਸੀ। ਇਕ ਦਿਕ ਅਧਾਰੀ ਲਾਲ ਬਿਨਾਂ ਕਿਸੇ ਹਿਲ-ਜੁਲ ਤੋਂ ਸੋਫੇ ‘ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਸਵੇਰ ਦੇ ਸੂਰਜ ਦੀ ਧੁੱਪ ਕਮਰੇ ਵਿਚ ਆ ਰਹੀ ਸੀ। ਉਹ ਇਸ ਗਰਮੀ ਦਾ ਲੁਤਫ ਲੈ ਰਿਹਾ ਸੀ। ਮੇਜ਼ ‘ਤੇ ਫੂਲਦਾਨ ਵਿਚ ਕੁਝ ਫੁੱਲ ਪਏ ਸੀ। ਮਾਲੀ ਉਹਨਾਂ ਫੁੱਲਾਂ ਦੀ ਥਾਂ ਹੋਰ ਫੁੱਲ ਲੈ ਕੇ ਆਇਆ। ਘਰ ਦੇ ਇਕ ਨੌਕਰ ਨੇ ਮਾਲਕ ਨੂੰ ਆ ਕੇ ਦੱਸਿਆ ਕਿ ਕੋਈ ਮਿਲਣ ਆਇਆ ਹੈ। ਅਧਾਰੀ ਲਾਲ ਨੇ ਬੇਧਿਆਨੇ ਵਿਚ ਹੀ ਉਸ ਨੂੰ ਅੰਦਰ ਲਿਆਉਣ ਨੂੰ ਕਿਹਾ।
ਮਹਿਮਾਨ ਅੰਦਰ ਆ ਗਿਆ। ਮਹਿਮਾਨ ਨੇ ਅਧਾਰੀ ਲਾਲ ਦੇ ਦੋਵੇਂ ਹੱਥ ਬੜੇ ਅਰਾਮ ਨਾਲ ਫੜਦੇ ਹੋਏ ਕਿਹਾ, “ਗੁੱਡ ਮੌਰਨਿੰਗ। ਤੁਹਾਡਾ ਕੀ ਹਾਲ ਹੈ? ਕੀ ਤੁਸੀਂ ਮੈਨੂੰ ਪਹਿਚਾਣਿਆ?” ਅਧਾਰੀ ਲਾਲ ਨੇ ਅਖ਼ਬਾਰ ਤੋਂ ਨਜ਼ਰਾਂ ਹਟਾ ਕੇ ਦੇਖਿਆ। ਉਹ ਤਾਂ ਉਸਦਾ ਕਾਲਜ ਸਮੇਂ ਦਾ ਮਿੱਤਰ ਬਿਪਨ ਰਾਏ ਸੀ। ਬਿਪਨ ਵੀ ਇਕ ਅਮੀਰ ਕਾਰੋਬਾਰੀ ਸੀ। ਉਹ ਹੁਣ ਬਾਹਰਲੇ ਮੁਲਕ ਤੋਂ ਆਪਣੇ ਜੱਦੀ ਸ਼ਹਿਰ ਆਇਆ ਸੀ। ਉਸ ਨੇ ਆਪਣੇ ਜਵਾਨੀ ਦੇ ਦਿਨਾਂ ਦੇ ਮਿੱਤਰ ਤੋਂ ਉਸ ਬਾਰੇ ਪੁੱਛ-ਗਿਛ ਕੀਤੀ। ਅਧਾਰੀ ਲਾਲ ਨੇ ਉਸਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਆਪਣੇ ਕੋਲ ਹੀ ਸੋਫੇ ‘ਤੇ ਬਿਠਾਇਆ। ਇਕ ਨੌਕਰ ਮਹਿਮਾਨ ਲਈ ਪਾਣੀ ਦਾ ਗਿਲਾਸ ਅਤੇ ਕੁਝ ਮਠਿਆਈਆਂ ਲੈ ਕੇ ਆਇਆ। ਬਿਪਨ ਨੇ ਪਾਣੀ ਵੀ ਪੀਤਾ ਅਤੇ ਮਠਿਆਈ ਵੀ ਖਾਧੀ। ਅਧਾਰੀ ਲਾਲ ਨੇ ਉਸ ਨੂੰ ਦੱਸਿਆ ਕਿ ਫ਼ਿਲਹਾਲ ਤਾਂ ਉਸ ਨੂੰ ਇਕ ਹੀ ਫਿਕਰ ਹੈ। ਬਿਪਨ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਸ ਨੂੰ ਆਪਣੀ ਬੇਟੀ ਦੀ ਚਿੰਤਾ ਹੈ, ਜਿਸ ਨੇ ਯੂਨੀਵਰਸਿਟੀ ਦੀ ਪੜਾਈ ਮੁਕੰਮਲ ਕਰ ਲਈ ਹੈ, ਪਰ ਉਸ ਲਈ ਅਜੇ ਤੱਕ ਕੋਈ ਯੋਗ ਵਰ ਨਹੀਂ ਮਿਲ ਰਿਹਾ। ਬਿਪਨ ਨੇ ਦੱਸਿਆ ਕਿ ਉਸਦਾ ਇਕਲੌਤੇ ਬੇਟੇ ਨੇ ਬਾਹਰਲੀ ਪ੍ਰਸਿੱਧ ਯੂਨੀਵਰਸਿਟੀ ਤੋਂ ਬਿਜਿਨਸ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਹੁਣ ਉਹ ਮੇਰੇ ਕਾਰੋਬਾਰ ਅਤੇ ਜਾਇਦਾਦ ਨੂੰ ਸੰਭਾਲਦਾ ਹੈ। ਜੇ ਉਹ ਚਾਹੇ ਤਾਂ ਆਪਣੀ ਬੇਟੀ ਨੂੰ ਮੇਰੀ ਨੂੰਹ ਬਣਾ ਸਕਦਾ ਹੈ। ਅਧਾਰੀ ਲਾਲ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਸੁਣਨ ਵਿਚ ਕੋਈ ਭੁਲੇਖਾ ਲੱਗਿਆ ਹੋਵੇ। ਇਸ ਲਈ ਉਸ ਨੇ ਕਿਹਾ, “ਕੀ ਤੂੰ ਮੇਰੀ ਬੇਟੀ ਦਾ ਵਿਆਹ ਆਪਣੇ ਬੇਟੇ ਨਾਲ ਕਰਨਾ ਚਾਹੁੰਦਾ ਹੈਂ?”

“ਹਾਂ”, ਬਿਪਨ ਨੇ ਉੱਤਰ ਦਿੱਤਾ
ਅਧਾਰੀ ਲਾਲ ਨੇ ਭਾਵੁਕ ਹੁੰਦੇ ਕਿਹਾ, “ਬਹੁਤ, ਬਹੁਤ ਧੰਨਵਾਦ। ਤੂੰ ਤਾਂ ਮੇਰਾ ਫਿਕਰ ਹੀ ਦੂਰ ਕਰ ਦਿੱਤਾ।“
ਅਧਾਰੀ ਲਾਲ ਇਸ ਕੰਮ ਨੂੰ ਲਟਕਾਉਣਾ ਨਹੀਂ ਸੀ ਚਾਹੁੰਦਾ। ਉਸ ਨੂੰ ਮੁਸ਼ਕਿਲ ਨਾਲ ਆਪਣੀ ਕੁੜੀ ਲਈ ਯੋਗ ਅਤੇ ਅਮੀਰ ਮੁੰਡਾ ਮਿਲਿਆ ਸੀ। ਉਸ ਨੇ ਸੁਖ ਦਾ ਸਾਹ ਲਿਆ। ਉਸਦੇ ਬੁਲ੍ਹਾਂ ‘ਤੇ ਹਲਕੀ ਜਿਹੀ ਮੁਸਕਰਾਹਟ ਫੈਲ ਗਈ। ਅਗਰਿਹਾਣਾ ਦੇ ਮਹੀਨੇ ਉਸ ਨੇ ਸੁਧਾ ਦੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ।

ਐਤਵਾਰ ਦਾ ਦਿਨ ਸੀ। ਸਵੇਰ ਦਾ ਸਮਾਂ ਨਿਖਰਿਆ ਹੋਇਆ ਸੀ। ਸਵੇਰੇ-ਸਵੇਰੇ ਹੀ ਵਿਆਹ ਦੀਆਂ ਸ਼ਹਿਨਾਈਆਂ ਦੀ ਅਵਾਜ਼ ਆ ਰਹੀ ਸੀ। ਘਰ ਵਿਚ ਹਰ ਪਾਸੇ ਹੀ ਸ਼ੇਰ-ਸ਼ਰਾਬਾ ਸੀ। ਅਧਾਰੀ ਲਾਲ, ਸੁਧਾ ਦੇ ਵਿਆਹ ਦੇ ਇੰਤਜ਼ਾਮ ਕਰ ਰਿਹਾ ਸੀ। ਸਾਰਾ ਘਰ ਹੀ ਬਹੁਤ ਹੀ ਫੁੱਲਾਂ ਅਤੇ ਹਾਰਾਂ ਨਾਲ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਸੀ। ਘਰ ਦੇ ਵਿਹੜੇ ਵਿਚ ਬਾਂਸ ਦੇ ਡੰਡਿਆਂ ਨਾਲ ਵੇਦੀ ਬਣਾਈ ਗਈ ਸੀ। ਲਾੜੇ ਦੇ ਪਰਿਵਾਰ ਵੱਲੋਂ ਇਕ ਵਧੀਆ ਸਜਾਈ ਗਈ ਖਾਸ ਮੱਛੀ, ਮਠਿਆਈਆਂ ਅਤੇ ਹੋਰ ਖਾਣ ਦੀਆਂ ਚੀਜ਼ਾਂ ਲਿਆਂਦੀਆਂ ਗਈਆਂ।
ਸੁਧਾ ਨੇ ਪੀਲੇ ਰੰਗ ਦੀ ਸਾੜੀ ਦੇ ਨਾਲ ਪੀਲੇ ਫੁੱਲਾਂ ਦੀ ਜੇਵਰ ਪਾਏ ਹੋਏ ਸੀ ਅਤੇ ਉਸ ਦੇ ਮਹਿੰਦੀ ਲਾਈ ਹੋਈ ਸੀ। ਉਸ ਨੂੰ ਇਕ ਛੋਟੇ ਜਿਹੇ ਲੱਕੜ ਦੇ ਫੱਟੇ ‘ਤੇ ਬੈਠਾ ਦਿੱਤਾ। ਉਸ ਦੀ ਮਾਂ ਅਤੇ ਹੋਰ ਔਰਤਾਂ ਵੱਲੋਂ ਗੰਗਾ ਤੋਂ ਲਿਆਂਦੇ ਪਾਣੀ ਨਾਲ ਉਸ ਨੂੰ ਨੁਹਾਇਆ ਗਿਆ। ਫੇਰ ਸੁਧਾ ਨੇ ਹਲਦੀ ਵਿਚ ਡਬੋਏ ਸੰਖ ਦੀਆਂ ਬਣੀਆਂ ਚੂੜੀਆਂ ਪਾਈਆਂ।

ਇਹ ਇਕ ਖ਼ੂਬਸੂਰਤ ਸਾਮ ਸੀ। ਠੰਡੀ-ਠੰਡੀ ਹਵਾ ਨਾਲ ਰਾਤ ਰਾਣੀ ਦੇ ਫੁੱਲਾਂ ਦੀ ਖੂਸ਼ਬੂ ਚਾਰੇ ਪਾਸੇ ਫੈਲ ਰਹੀ ਸੀ। ਸੁਧਾ ਨੇ ਲਾਲ ਰੰਗ ਦੀ ਬਨਾਰਸੀ ਸਾੜੀ ਪਾਈ ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਈ ਸੀ। ਉਸਦੇ ਮੱਥੇ ਤੇ ਵਾਲਾਂ ਦੇ ਚੀਰ ਕੋਲ ਸੋਨੇ ਦਾ ਟਿਕਾ ਲਮਕ ਰਿਹਾ ਸੀ ਅਤੇ ਕੰਨਾਂ ਵਿਚ ਸੋਨੇ ਦੇ ਕਾਂਟੇ। ਉਸਦੇ ਗਲੇ ਵਿਚ ਸੱਤ ਲੜੀਆਂ ਵਾਲਾ ਹਾਰ ਸੀ ਅਤੇ ਬਾਂਹਾਂ ਵਿਚ ਸੋਨੇ ਦੀਆਂ ਚੂੜੀਆਂ। ਉਸ ਦੀ ਕਮਰ ਦੁਆਲੇ ਸੋਨੇ ਦੀ ਚੇਨ ਅਤੇ ਪੈਰਾਂ ਦੇ ਉੱਪਰ ਸੋਨੇ ਦੀਆਂ ਝਾਂਝਰਾਂ। ਉਸਦੇ ਗਲੇ ਵਿਚ ਸਫੇਦ ਅਤੇ ਲਾਲ ਫੁੱਲਾਂ ਦਾ ਬਹੁਤ ਹੀ ਸੁਹਣਾ ਹਾਰ ਪਾਇਆ ਹੋਇਆ ਸੀ। ਅਧਾਰੀ ਲਾਲ ਹੌਲੀ ਜਿਹੀ ਲਾੜੀ ਦੇ ਬੈਠਣ ਵਾਲੇ ਪਾਸੇ ਦਾਖਲ ਹੋਇਆ। ਵਿਆਹ ਦੇ ਤਾਜ਼ ਅਤੇ ਚੰਦਨ ਦੇ ਲੇਪ ਨਾਲ ਸਜੀ, ਸ਼ਰਮਾਕਲ ਜਿਹਾ ਚਿਹਰਾ ਬਣਾਈ ਬੈਠੀ ਆਪਣੀ ਧੀ ਨੂੰ ਇੱਕ ਬਾਰ ਤਾਂ ਅਧਾਰੀ ਲਾਲ ਵੀ ਪਹਿਚਾਣ ਨਾ ਸਕਿਆ.

ਅਧਾਰੀ ਲਾਲ ਸਵਾਗਤੀ ਗੇਟ ਦੇ ਕੋਲ ਖੜਾ ਆਪਣੇ ਅਮੀਰ ਮਹਿਮਾਨਾਂ ਦਾ ਸਵਾਗਤ ਕਰ ਰਿਹਾ ਸੀ ਜਿਹੜਾ ਫੁੱਲਾਂ ਨਾਲ ਅਤੇ ਗੈਂਦੇ ਦੇ ਹਾਰਾਂ ਨਾਲ ਸਜਾਇਆ ਗਿਆ ਸੀ। ਬਹੁਤੇ ਮਹਿਮਾਨ ਨੇ ਰਸਮੀ ਪੁਸ਼ਾਕਾਂ ਪਾਈਆਂ ਹੋਈਆਂ ਸੀ ਅਤੇ ਕੁਝ ਪੱਛਮੀ ਢੰਗ ਦੇ ਕੱਪੜਿਆਂ ਵਿਚ ਸੀ। ਆਏ ਹੋਏ ਮਹਿਮਾਨ ਨਾਚ-ਗਾਣੇ ਵਿਚ ਰੁਝੇ ਹੋਏ ਮੌਜ-ਮਸਤੀ ਕਰ ਰਹੇ ਸੀ। ਵਿਆਹ ਦੇ ਖਾਣੇ ਵਿਚ ਚੌਲ, ਤਰਾਂ-ਤਰਾਂ ਦੀਆਂ ਸਬਜ਼ੀਆਂ ਅਤੇ ਕਈ ਪਰਕਾਰ ਦੇ ਮੱਛੀ ਦੇ ਮਾਸਾਹਾਰੀ ਪਕਵਾਨ ਸੀ। ਕਈ ਤਰਾਂ ਦੀਆਂ ਮਿੱਠੀਆਂ ਚੀਜ਼ਾਂ ਵੀ ਸੀ, ਜਿਵੇਂ; ਮਿੱਠਾ ਦਹੀਂ, ਰਸਗੁਲੇ ਅਤੇ ਹੋਰ ਕਈ ਕੁਝ। ਅਚਾਨਕ ਹੀ ਮਹਿਮਾਨਾਂ ਨਾਲ ਇਕ ਲੜਕਾ ਵੀ ਆ ਗਿਆ। ਉਹ ਬਹੁਤ ਛੋਟਾ ਸੀ ਅਤੇ ਲੋਕਾਂ ਦੀ ਨਜ਼ਰ ਵੀ ਨਾ ਚੜਿਆ। ਉਸ ਦੇ ਚਿਹਰੇ ਤੋਂ ਉਹ ਮੁਸ਼ਕਿਲ ਨਾਲ ਛੇ-ਸੱਤ ਸਾਲ ਦਾ ਹੀ ਲੱਗ ਰਿਹਾ ਸੀ। ਉਹ ਕਈ ਦਿਨਾਂ ਦਾ ਭੁੱਖਾ ਲੱਗ ਰਿਹਾ ਸੀ। ਉਹ ਇਕ ਯਤੀਮ ਬੱਚਾ ਸੀ। ਭਾਵੇਂ ਉਹ ਚੰਗੇ ਪਰਿਵਾਰ ਤੋਂ ਸੀ, ਪਰ ਉਸਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਨੇ ਉਸ ਨੂੰ ਘਰੋਂ ਕੱਢ ਕੇ ਉਸਦੀ ਜਾਇਦਾਦ ‘ਤੇ ਕਬਜ਼ਾ ਕਰ ਲਿਆ। ਹੁਣ ਉਸ ਨਾਲ ਉਹ ਭੈੜਾ ਵਿਵਹਾਰ ਕਰਦੇ। ਰਿਸ਼ਤੇਦਾਰਾਂ ਦਾ ਅਜਿਹਾ ਰਵਈਆ ਬੱਚੇ ਨੂੰ ਬਹੁਤ ਭੈੜਾ ਲੱਗਦਾ। ਕਿਸੇ ਨੇ ਉਸ ਨੂੰ ਆਪਣੇ ਘਰ ਆਸਰਾ ਨਾ ਦਿੱਤਾ ਅਤੇ ਨਾ ਹੀ ਪਿਆਰ। ਜ਼ਿੰਦਗੀ ਦੀ ਅਸਲੀ ਤਸਵੀਰ ਬੱਚੇ ਦੀਆਂ ਅੱਖਾਂ ਦੇ ਸਾਹਮਣੇ ਆ ਗਈ। ਉਹ ਇਸ ਤਰਾਂ ਦੀ ਬੇਰਹਿਮ ਦੁਨੀਆਂ ਵਿਚ ਜਿਉਣ ਲਈ ਮਜਬੂਰ ਸੀ। ਉਹ ਘਰ-ਘਰ ਜਾ ਕੇ ਕੁਝ ਖਾਣ ਨੂੰ ਮੰਗਦਾ। ਕਈ ਬਾਰ ਉਸ ਨੂੰ ਭੁੱਖਾ ਹੀ ਰਹਿਣਾ ਪੈਂਦਾ। ਉਹ ਸਮਾਜ ਵਿਚੋਂ ਕੱਢੇ ਗਏ ਲੋਕਾਂ ਦੀ ਇਕ ਬਸਤੀ ਵਿਚ ਪਲ ਕੇ ਹੀ ਵੱਡਾ ਹੋਇਆ ਸੀ, ਜਿਥੇ ਨਾ ਤਾਂ ਨਾਲੀਆਂ ਸੀ, ਨਾ ਬਿਜਲੀ, ਨਾ ਪਾਣੀ ਅਤੇ ਨਾ ਹੀ ਪਾਣੀ। ਸਾਰੇ ਪਾਸੇ ਕੂੜਾ ਹੀ ਕੂੜਾ ਖਿੰਡਰਿਆ ਰਹਿੰਦਾ। ਇਹ ਅਜਿਹੀ ਥਾਂ ਸੀ ਜਿਥੇ ਦਿਨ ਵੀ ਰਾਤ ਵਰਗੇ ਹੀ ਹਨੇਰੇ ਸੀ। ਉਹ ਗੰਦੇ ਅਤੇ ਫਟੇ-ਪੁਰਾਣੇ ਕੱਪੜੇ ਪਾਈ ਰੱਖਦਾ।

ਖਾਣੇ ਵਾਲੇ ਪੰਡਾਲ ਦੇ ਅੰਦਰ ਆਉਂਦੇ ਹੀ ਕੁਝ ਖਾਣ ਦੀਆਂ ਚੀਜ਼ਾਂ ਦੇ ਮੇਜ਼ ਲੱਗੇ ਹੋਏ ਸੀ। ਛੋਟੇ ਬੱਚੇ ਦੇ ਭੁੱਖ ਨਾਲ ਪੇਟ ਵਿਚ ਚੂਹੇ ਨੱਚ ਰਹੇ ਸੀ। ਬੱਚੇ ਨੇ ਜਦੋਂ ਖਾਣ ਦਾ ਸਮਾਨ ਦੇਖਿਆ ਤਾਂ ਉਸ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਖਾਣ ਦੀਆਂ ਕੁਝ ਚੀਜ਼ਾਂ ਚੁੱਕ ਕੇ ਭੱਜਣ ਲੱਗਿਆ। ਦਰਵਾਨ ਨੇ ਉਸ ਨੂੰ ਦੇਖ ਲਿਆ ਅਤੇ ਜ਼ੋਰ ਦੀ ਚੀਕਿਆ। ਅਧਾਰੀ ਲਾਲ ਨੇ ਆਪਣੀਆਂ ਅੱਖਾਂ ਝਪਕੀਆਂ ਅਤੇ ਦਰਵਾਨ ਨੂੰ ਹੁਕਮ ਦਿੱਤਾ ਕੇ ਬੱਚੇ ਨੂੰ ਫੜੇ। ਮਹਿਮਾਨਾਂ ਵਿਚ ਘੁਸਰ-ਮੁਸਰ ਹੋਣ ਲੱਗੀ ਅਤੇ ਉਹ ਇੱਕ ਦੂਜੇ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗੇ.ਬੱਚੇ ਦਾ ਡਰ ਨਾਲ ਮੂੰਹ ਪੀਲਾ ਹੋ ਗਿਆ। ਉਹ ਭੱਜ ਕੇ ਇਕ ਭੀੜੀ ਗਲੀ ਵਿਚ ਵੜ ਗਿਆ। ਉਥੇ ਸਿਰਫ ਕੁੱਤੇ ਦੇ ਭੌਂਕਣ ਦੀ ਅਵਾਜ਼ ਤੋਂ ਬਿਨਾਂ ਹੋਰ ਕੋਈ ਅਵਾਜ਼ ਨਹੀਂ ਸੀ ਆ ਰਹੀ। ਬੱਚਾ ਲੜਖੜਾ ਕੇ ਡਿੱਗ ਪਿਆ। ਖਾਣ ਵਾਲਾ ਪੂਰਾ ਡੌਂਗਾ ਉਸਦੇ ਹੱਥੋਂ ਗਿਰ ਗਿਆ ਅਤੇ ਮਿੱਟੀ ਵਿਚ ਖਿਲਰ ਗਿਆ। ਉਸ ਦਾ ਸਾਰਾ ਸਰੀਰ ਡਰ ਨਾਲ ਕੰਬਣ ਲੱਗ ਪਿਆ। ਉਹ ਆਪਣੀਆਂ ਅੱਖਾਂ ਵੀ ਨਾ ਖੋਲ੍ਹ ਸਕਿਆ। ਜਦੋਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਅੰਧੇ ਚੰਨ ਦੀ ਫਿੱਕੀ ਜਿਹੀ ਰੌਸ਼ਨੀ ਵਿਚ ਉਸਨੇ ਦੇਖਿਆ ਕਿ ਦਰਬਾਨ ਉਸਦੇ ਸਾਹਮਣੇ ਖੜਾ ਸੀ। ਉਹ ਦੇਖਣ ਨੂੰ ਹੀ ਨਿਰਦਈ ਲੱਗ ਰਿਹਾ ਸੀ ਅਤੇ ਗੁੱਸੇ ਨਾਲ ਨੀਲਾ ਪੀਲਾ ਦਿੱਖ ਰਿਹਾ ਸੀ.ਉਸ ਦੇ ਸੁੱਕੇ ਗਲੇ ਵਿਚ ਇਕ ਚੀਕ ਪੈਦਾ ਹੋਈ। ਉਸਦਾ ਚਿਹਰਾ ਡਰ ਨਾਲ ਕੰਬ ਰਿਹਾ ਸੀ.ਉਸਦੇ ਕੱਪੜੇ ਗਾਰੇ ਨਾਲ ਭਰ ਗਏ ਅਤੇ ਅੱਖਾਂ ਵਿਚ ਹੰਝੂ ਆ ਗਏ। “ਮੈਨੂੰ ਮਾਰੋ ਨਾ, ਮੈਂ ਭੁੱਖਾ ਸੀ, ਇਸ ਲਈ ਖਾਣਾ ਚੋਰੀ ਕੀਤਾ। ਮੈਂ ਫੇਰ ਇਸ ਤਰਾਂ ਨਹੀਂ ਕਰਾਂਗਾ। ਮੈਨੂੰ ਨਾ ਮਾਰੋ।“ ਉਹ ਗਿੜਗਿੜਾਇਆ। ਪਰ ਦਰਵਾਨ ਨੇ ਉਸ ਗਰੀਬ ਬੱਚੇ ਦੀ ਕਿਸੇ ਗੱਲ ਵੱਲ ਧਿਆਨ ਨਾ ਦਿੱਤਾ। “ਕੁੱਤੇ, ਸੂਰ ਦੇ ਪੁੱਤ.” ਉਹ ਚੀਕਿਆ। ਬੱਚੇ ਦੀਆਂ ਚੀਕਾਂ, ਸਿਸਕੀਆਂ ਵਿਚ ਬਦਲ ਗਈਆਂ। ਕੁਝ ਪਲਾਂ ਲਈ ਤਾਂ ਉਸ ਨੂੰ ਸਾਹ ਵੀ ਨਾ ਆਇਆ। ਉਸ ਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਮਾਂ-ਪਿਉ ਦੀਆਂ ਸ਼ਕਲਾਂ ਕਿਸ ਤਰਾਂ ਦੀਆਂ ਸੀ। ਉਹ ਵੀ ਅਰਾਮ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਸੀ। ਬੱਚੇ ਨੇ ਇਕ ਡੂੰਘਾ ਸਾਹ ਲਿਆ ਅਤੇ ਇਹ ਭੁੱਲਣ ਦੀ ਕੋਸ਼ਿਸ਼ ਕੀਤੀ ਕਿ ਉਸ ਨਾਲ ਕੀ ਹੋਵੇਗਾ? ਬੱਚੇ ਦੀਆਂ ਦਰਦ ਭਰੀਆਂ ਚੀਕਾਂ ਨੇ ਸ਼ਾਇਦ ਉਸ ਆਦਮੀ ‘ਤੇ ਕੋਈ ਅਸਰ ਨਹੀਂ ਸੀ ਕੀਤਾ। ਉਹ ਪਿਆਰ ਅਤੇ ਪੈਸੇ ਦੀ ਭੁੱਖ ਕਾਰਨ ਸਖ਼ਤ ਸੁਭਾ ਦਾ ਹੋ ਚੁੱਕਿਆ ਸੀ ਅਤੇ ਦਰਵਾਨ ਦੀ ਨੌਕਰੀ ਕਰਦੇ ਉਸ ਵਿਚ ਹੀਣ ਭਾਵਨਾ ਪੈਦਾ ਹੋ ਗਈ ਸੀ.ਦਰਵਾਨ ਦੀਆਂ ਅੱਖਾਂ ਵਿਚ ਖੂਨ ਉਤਰਿਆ ਹੋਇਆ ਸੀ। ਬੱਚੇ ਦੀ ਨਬਜ਼ ਤੇਜ਼ ਚਲਨ ਲੱਗੀ। ਉਸ ਨੂੰ ਬਚਾਉਣ ਵਾਲਾ ਉਥੇ ਕੋਈ ਨਹੀਂ ਸੀ। ਜਿਵੇਂ ਦਰਬਾਨ ਆਪਣੇ ਦੰਦ ਪੀਸ ਰਿਹਾ ਸੀ ਉਸ ਤੋਂ ਲੱਗਦਾ ਸੀ ਜਿਵੇਂ ਦਰਬਾਨ ਉਸ ਨੂੰ ਮਾਰਨ ਨੂੰ ਤਿਆਰੀ ਕਰ ਰਿਹਾ ਸੀ। ਉਸ ਨੇ ਮੁੰਡੇ ਨੂੰ ਫੜਿਆ ਅਤੇ ਬੇਰਹਿਮੀ ਨਾਲ ਮਾਰਨ ਲੱਗਿਆ। ਬੱਚਾ ਐਨਾ ਜ਼ਖ਼ਮੀ ਹੋ ਗਿਆ ਸੀ ਕਿ ਉਹ ਆਪਣੇ ਹੱਥ ਨੀ ਨਹੀਂ ਸੀ ਹਿਲਾ ਸਕਦਾ, ਪਰ ਉਸਦੇ ਛੋਟੇ-ਛੋਟੇ ਹੱਥ ਜ਼ਮੀਨ ‘ਤੇ ਡਿੱਗੇ ਖਾਣੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ।

ਰਵਿੰਦਰ ਸਿੰਘ ਸੋਢੀ
ravindersodhi51@gmail. com