ਬ੍ਰਿਸਬੇਨ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

ਕਾਵਿ ਸੰਗ੍ਰਿਹ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਲੋਕ ਅਰਪਿਤ

(ਹਰਜੀਤ ਲਸਾੜਾ, ਬ੍ਰਿਸਬੇਨ 27 ਫਰਵਰੀ) ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰੇ ਲਈ ਕਾਰਜਸ਼ੀਲ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਲੇਖਕ ਗੁਰਜਿੰਦਰ ਸਿੰਘ ਸੰਧੂ ਲਿਖਿਤ ਕਾਵਿ ਸੰਗ੍ਰਿਹ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ, ਰਚਨਾਵਾਂ, ਗੀਤਾਂ ਅਤੇ ਸੁਨੇਹਿਆਂ ਨਾਲ ਮਾਤ ਭਾਸ਼ਾ ਦਾ ਚਿੰਤਨ ਅਤੇ ਲੋੜਾਂ ਬਾਬਤ ਚਰਚਾ ਕੀਤੀ ਗਈ।

ਮੰਚ ਦੀ ਸ਼ੁਰੂਆਤ ਰਿਤੂ ਅਹੀਰ ਨੇ ਮਾਤ ਭਾਸ਼ਾ ਨੂੰ ਸਿਜਦਾ ਕਰਦਿਆਂ ਕੀਤੀ ਅਤੇ ਪੰਜਾਬੀ ਭਾਸ਼ਾ ‘ਚੋਂ ਲੋਪ ਹੋ ਰਹੇ ਸ਼ਬਦਾਂ ‘ਤੇ ਗੰਭੀਰ ਚਿੰਤਾ ਵੀ ਜਤਾਈ। ਦਲਜੀਤ ਸਿੰਘ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ‘ਤੇ ਵਿਸ਼ੇਸ਼ ਪਰਚਾ ਪੜ੍ਹਦਿਆਂ ਪੰਜਾਬੀ ਬੋਲੀ ਦੀ ਹੋਂਦ, ਬਦਲਾਅ, ਪੈਂਤੀ, ਭਾਸ਼ਾਈ ਖ਼ਤਰੇ ਅਤੇ ਕਿਸੇ ਵੀ ਦੇਸ ਨੂੰ ਕੌਮੀ ਭਾਸ਼ਾ ਦੀ ਲੋੜ ਹੈ ਜਾਂ ਨਹੀਂ ਆਦਿ ਚਰਚਿੱਤ ਵਿਸ਼ਿਆਂ ਨਾਲ ਸਾਂਝ ਪਾਈ। ਸਮਾਜ ਸੇਵੀ ਇਕਬਾਲ ਸਿੰਘ ਧਾਮੀ ਨੇ ਮਾਂ ਬੋਲੀ ਦਿਵਸ ਨੂੰ ਅੰਕੜਿਆਂ ਨਾਲ ਬਾਖੂਬੀ ਬਿਆਨਦਿਆਂ ਮੌਜੂਦਾ ਸਮੇਂ ਪੰਜਾਬੀ ਭਾਸ਼ਾ ਦੀ ਸਥਿੱਤੀ ‘ਤੇ ਵਿਸਥਾਰ ਚਰਚਾ ਕੀਤੀ। ਲੇਖਕ ਗੁਰਜਿੰਦਰ ਸਿੰਘ ਸੰਧੂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਦਿਆਂ ਆਪਣੀ ਲੇਖਣੀ ਪਿਛੋਕੜ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ।

ਉਨ੍ਹਾਂ ਪੰਜਾਬੀ ਭਾਸ਼ਾ ਨੂੰ ਬ੍ਰਹਮ ਦੀ ਉਪਜ ਦੱਸਿਆ। ਹਰਮਨਦੀਪ ਗਿੱਲ ਵੱਲੋਂ ਹਥਲੇ ਕਾਵਿ-ਸੰਗ੍ਰਹਿ ‘ਤੇ ਪਰਚਾ ਪੜ੍ਹਿਆ ਗਿਆ। ਉਹਨਾਂ ਅਨੁਸਾਰ ਇਹ ਪੁਸਤਕ ਵਿਦਰੋਹੀ ਸੁਰ ਦੀ ਕਵਿਤਾ ਹੋਣ ਦਾ ਮਾਣ ਹਾਸਲ ਕਰਨ ਵਾਲਾ ਕਾਵਿ-ਸੁਖ਼ਨ ਹੈ। ਉਹਨਾਂ ਪੰਜਾਬੀ ਲਿੱਪੀ, ਬੋਲੀ, ਵਿਆਕਰਨ ਅਤੇ ਇਸਦੇ ਉਚਾਰਨ ਨੂੰ ਸਮੇਂ ਦੀਆਂ ਬਦਲਦੀਆਂ ਪ੍ਰਸਥਿੱਤੀਆਂ ਅਨੁਸਾਰ ਬਿਆਨਿਆ। ਗੀਤਕਾਰ ਨਿਰਮਲ ਦਿਓਲ, ਗ਼ਜ਼ਲਗੋ ਜਸਵੰਤ ਵਾਗਲਾ, ਦਿਨੇਸ਼ ਸ਼ੇਖੂਪੁਰੀ, ਗੁਰਮੁੱਖ ਜੀਤ ਆਦਿ ਨੇ ਆਪਣੀ ਸ਼ਾਇਰੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਗੱਲ ਕੀਤੀ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਸਕਰਨ ਸ਼ੀਂਹ, ਇੰਦਰਜੀਤ ਕੌਰ ਧਾਮੀ, ਅਮਨਦੀਪ, ਸ਼ੁਭਰੀਤ, ਮਲਕੀਤ ਸਿੰਘ (ਮੈਲਬੌਰਨ) ਆਦਿ ਨੇ ਸ਼ਮੂਲੀਅਤ ਕੀਤੀ।