ਬ੍ਰਿਸਬੇਨ ਲੋਗਨ ਗੁਰੂਘਰ ਵਿਖੇ ਜੂਨ ’84 ਦੇ ਸ਼ਹੀਦਾਂ ਨੂੰ ਸਿਜਦਾ

9 ਤੋਂ 16 ਜੂਨ ਤੱਕ ਚੱਲੇਗੀ ਸ਼ਹੀਦੀ ਪ੍ਰਦਰਸ਼ਨੀ

(ਹਰਜੀਤ ਲਸਾੜਾ, ਬ੍ਰਿਸਬੇਨ 12 ਜੂਨ) ਇੱਥੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਵਿਖੇ ਜੂਨ ‘84 ਦੇ ਖੂਨੀ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ‘ਤੇ ਕੌਮ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਅਤੇ ਉਸ ਸਮੇਂ ਦੀਆਂ ਹਕੂਮਤਾਂ ਦੇ ਘਿਨਾਉਣੇ ਮਨਸੂਬਿਆਂ ਪ੍ਰਤੀ ਰੋਹ ਪ੍ਰਗਟ ਕਰਨ ਲਈ ਕੂਈਨਜ਼ਲੈਂਡ ਸਿੱਖਸ ਜਥੇਬੰਦੀ ਵੱਲੋਂ ਯਾਦਗਾਰੀ ਪ੍ਰਦਰਸ਼ਨੀ ਲਗਾਈ ਗਈ ਹੈ।

9 ਤੋਂ 16 ਜੂਨ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਜਿੱਥੇ ਸ਼ਹੀਦਾਂ ਦੇ ਵੇਰਵੇ ਸ਼ਾਮਿਲ ਹਨ ਉੱਥੇ ਇਸ ਪ੍ਰਦਰਸ਼ਨੀ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਉੱਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀਆਂ ਤਸਵੀਰਾਂ ਸੰਗਤ ਦੀ ਜਾਣਕਾਰੀ ਲਈ ਲਗਾਈਆਂ ਗਈਆਂ ਹਨ। ਕੂਈਨਜ਼ਲੈਂਡ ਸਿੱਖਸ ਜਥੇਬੰਦੀ ਅਨੁਸਾਰ ਕੇਂਦਰ ਦਾ ਸਿੱਖਾਂ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਅੰਤਰਾਰਸ਼ਟਰੀ ਪੱਧਰ ‘ਤੇ ਸਰਕਾਰਾਂ ਦਾ ਕਰੂਰ ਚਿਹਰਾ ਪੂਰੀ ਦੁਨੀਆਂ ਸਾਹਮਣੇ ਨੰਗਾ ਕਰਦੇ ਰਹਿਣਗੇ। ਉਹਨਾਂ ਅਨੁਸਾਰ ਇਹ ‘ਤੀਜਾ ਘੱਲੂਘਾਰਾ’ ਸੀ ਜਿਸ ਤੋਂ ਬਾਅਦ ਕੌਮੀ ਅਣਖ ਖਾਤਰ ਧਰਮ ਯੁੱਧ ਵਿਚ ਕੁੱਦਣ ਵਾਲੇ ਜੁਝਾਰੂ ਸਿੰਘਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ ਵੱਡੀ ਗਿਣਤੀ ਵਿਚ ਸਿੰਘਾਂ ਨੂੰ ਹਕੂਮਤ ਵੱਲੋਂ ਸਖ਼ਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ, ਜਿਨ੍ਹਾਂ ਵਿਚੋਂ ਕਈ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਗਿਆ।

ਗੌਰਤਲਬ ਹੈ ਕਿ ਆਸਟ੍ਰੇਲੀਆ ਭਰ ਤੋਂ ਪਰਿਵਾਰ ਇਸ ਪ੍ਰਦਰਸ਼ਨੀ ਨੂੰ ਬੱਚਿਆਂ ਸਮੇਤ ਵੇਖਣ ਆ ਰਹੇ ਹਨ। ਸੰਗਤ ਦਾ ਮੰਨਣਾ ਹੈ ਕਿ ਜੂਨ ‘84 ਦੇ ਘੱਲੂਘਾਰੇ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਸਾਡੀ ਕੌਮ ਦੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੈ। ਦੱਸਣਯੋਗ ਹੈ ਕਿ ਇਹ ਆਸਟ੍ਰੇਲੀਆ ‘ਚ ਲੱਗਣ ਵਾਲੀ ਹੁਣ ਤੱਕ ਦੀ ਸਭ ਤੋ ਵੱਡੀ ਸਿੱਖ ਪ੍ਰਦਰਸ਼ਨੀ ਹੈ।