ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (NSW) ਵਿੱਚ ਸਿਹਤ ਅਥਾਰਟੀ ਨੇ ਖਸਰੇ ਦੇ 2 ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਜਨਤਕ ਸਿਹਤ ਅਲਰਟ ਜਾਰੀ ਕੀਤਾ ਹੈ। ਐੱਨ.ਐੱਸ.ਡਬਲਯੂ. ਹੈਲਥ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇੱਕੋ ਪਰਿਵਾਰ ਦੇ ਦੋਵੇਂ ਕੇਸ ਵਿਦੇਸ਼ ਵਿੱਚ ਇਸ ਬਿਮਾਰੀ ਨਾਲ ਸੰਕਰਮਿਤ ਹੋਏ ਹਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਉਹ 14 ਜੁਲਾਈ ਨੂੰ ਸਿਡਨੀ ਪਹੁੰਚੇ ਅਤੇ ਫਿਰ ਸੰਕਰਮਿਤ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਸਥਾਨਾਂ ਦਾ ਦੌਰਾ ਕੀਤਾ। ਜਿਹੜੇ ਲੋਕ ਕੇਸਾਂ ਵਾਲੇ ਸਥਾਨਾਂ ‘ਤੇ ਸਨ, ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ 7 ਅਗਸਤ ਤੱਕ ਖਸਰੇ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਪ੍ਰਤੀ ਸੁਚੇਤ ਰਹਿਣ ਅਤੇ ਆਪਣੇ ਟੀਕਾਕਰਨ ਦੀ ਸਥਿਤੀ ਦੀ ਜਾਂਚ ਕਰਨ।
ਬਿਆਨ ਦੇ ਅਨੁਸਾਰ, ਖਸਰਾ ਹੋਣ ਦੀ ਸਭ ਤੋਂ ਵੱਧ ਸੰਭਾਵਨਾ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਹੁੰਦੀ ਹੈ, ਜੋ ਟੀਕਾਕਰਨ ਲਈ ਬਹੁਤ ਛੋਟੇ ਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਖਸਰੇ ਦਾ ਟੀਕਾ ਨਾ ਲੱਗਾ ਹੋਵੇ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਇਸ ਦੀ ਲਪੇਟ ਵਿਚ ਆ ਸਕਦੇ ਹਨ। ਖਸਰੇ ਦੇ ਲੱਛਣਾਂ ਵਿੱਚ ਬੁਖਾਰ, ਅੱਖਾਂ ਵਿੱਚ ਦਰਦ ਅਤੇ ਖੰਘ ਸ਼ਾਮਲ ਹਨ, ਜਿਸ ਦੇ ਤਿੰਨ ਜਾਂ ਚਾਰ ਦਿਨਾਂ ਬਾਅਦ ਇੱਕ ਲਾਲ, ਧੱਬੇਦਾਰ ਧੱਫੜ, ਜੋ ਆਮ ਤੌਰ ‘ਤੇ ਸਿਰ ਅਤੇ ਗਰਦਨ ਤੋਂ ਬਾਕੀ ਸਰੀਰ ਤੱਕ ਫੈਲ ਜਾਂਦੇ ਹਨ।