ਪੰਜਾਬ ਨੂੰ ਬਚਾਉਣ ਲਈ ਦਰਖ਼ਤ ਲਾਉਣਾ ਅਤੀ ਮਹੱਤਵਪੂਰਨ

ਪੰਜਾਬ ਦੇ ਲੋਕਾਂ ਦਾ ਗਰਮੀ ਨੇ ਬੁਰਾ ਹਾਲ ਕੀਤਾ ਹੋਇਆ ਹੈ, ਕੁੱਝ ਦਿਨ ਪਹਿਲਾਂ ਤੱਕ ਗਰਮ ਲੂ ਨੇ ਧਰਤੀ ਤਪਾ ਰੱਖੀ ਸੀ, ਹੁਣ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਕਈ ਜਿਲੇ ਮੀਂਹ ਨੂੰ ਤਰਸ ਰਹੇ ਹਨ। ਹੁਣ ਸੁਆਲ ਉੱਠਦਾ ਹੈ ਕਿ ਪੰਜਾਬ ਦਾ ਇਹ ਹਾਲ ਕਿਉਂ ਹੋ ਗਿਆ ਹੈ? ਇਹ ਸੁਆਲ ਬਹੁਤ ਮਹੱਤਵਪੂਰਨ ਤੇ ਚਿੰਤਾ ਭਰਿਆ ਹੈ, ਜਿਸ ਬਾਰੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਹਰ ਸਾਲ ਗਰਮੀ ਵਧਦੀ ਜਾਵੇਗੀ ਅਤੇ ਬਾਰਸਾਂ ਘਟਦੀਆਂ ਜਾਣਗੀਆਂ, ਧਰਤੀ ਬੰਜਰ ਹੋਣ ਵੱਲ ਚਲੀ ਜਾਵੇਗੀ। ਇਹ ਦੁਨੀਆਂ ਪੱਧਰ ਦੀ ਸੱਚਾਈ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ, ਧਰਤੀ ਦੀ ਸ਼ਕਤੀ ਵਧਾਉਣ ਲਈ, ਗਰਮੀ ਘਟਾਉਣ ਲਈ ਅਤੇ ਬਾਰਸਾਂ ਵਾਸਤੇ ਦਰਖ਼ਤਾਂ ਦਾ ਹੋਣਾ ਜਰੂਰੀ ਹੈ। ਦਰਖਤ ਠੰਢਕ ਪੈਦਾ ਕਰਦੇ ਹਨ, ਬਾਰਸ ਲਿਆਉਣ ਵਿੱਚ ਸਹਾਈ ਹੁੰਦੇ ਹਨ। ਜਿੱਥੇ ਜੰਗਲ ਵੱਧ ਹੋਵੇਗਾ ਉੱਥੇ ਗਰਮੀ ਘੱਟ ਹੋਵੇਗੀ ਤੇ ਮੀਂਹ ਵੱਧ ਪੈਣਗੇ। ਹਰ ਖੇਤਰ ਵਿੱਚ ਘੱਟੋ ਘੱਟ 17 ਫੀਸਦੀ ਰਕਬੇ ਵਿੱਚ ਜੰਗਲ ਹੋਣਾ ਜਰੂਰੀ ਹੈ।

ਵਧਦੀ ਅਬਾਦੀ ਕਾਰਨ ਵਧ ਰਹੇ ਪ੍ਰਦੂਸਣ ਸਦਕਾ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਅਤੇ ਵਧ ਰਹੀ ਮੌਤ ਦਰ ਤੋਂ ਇਨਸਾਨਾਂ ਤੇ ਜੀਵ ਜੰਤੂਆਂ ਨੂੰ ਬਚਾਉਣ ਲਈ ਪੌਦੇ ਦਰਖਤਾਂ ਦਾ ਅਹਿਮ ਰੋਲ ਹੈ। ਦੇਸ ’ਚ ਹੋ ਰਹੇ ਵਿਕਾਸ ਨੇ ਭਾਵੇਂ ਦਰਖਤਾਂ ਦੀ ਵੱਡੇ ਪੱਧਰ ਤੇ ਕਟਾਈ ਕਰਵਾਈ ਹੈ, ਪਰ ਪੰਜਾਬ ਵਿੱਚ ਦਰਖਤਾਂ ਤੇ ਸਭ ਤੋਂ ਵੱਧ ਕੁਹਾੜਾ ਚੱਲਿਆ ਹੈ। ਵਿਗਿਆਨੀਆਂ ਬੁੱਧੀਜੀਵੀਆਂ ਨੇ ਇਹ ਸਪਸਟ ਕਰ ਦਿੱਤਾ ਕਿ ਜੇਕਰ ਇਸੇ ਤਰਾਂ ਦਰਖਤਾਂ ਹੇਠਲਾ ਰਕਬਾ ਘਟਦਾ ਗਿਆ ਅਤੇ ਅਬਾਦੀ ਤੇ ਪ੍ਰਦੂਸਣ ਵਧਦਾ ਗਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਸਾਹ ਲੈਣਾ ਮੁਸਕਿਲ ਹੋ ਜਾਵੇਗਾ। ਰਾਜ ਭਰ ਵਿੱਚ ਪ੍ਰਦੂਸਣ ਕਾਰਨ ਫੈਲ ਰਹੀਆਂ ਕੈਂਸਰ ਅਤੇ ਸਾਹ ਦੀਆਂ ਬੀਮਾਰੀਆਂ ਤੇ ਚਿੰਤਾ ਕਰਦਿਆਂ ਵੀ ਵਿਗਿਆਨੀਆਂ ਤੇ ਮਾਹਰਾਂ ਨੇ ਲੋਕਾਂ ਨੂੰ ਕਟਾਈ ਕਰਨ ਦੀ ਬਜਾਏ ਹੋਰ ਦਰਖਤ ਲਾਉਣ ਦੇ ਸੁਝਾਅ ਦਿੱਤੇ, ਜਿਸਦਾ ਲੋਕਾਂ ਤੇ ਕੁੱਝ ਪ੍ਰਭਾਵ ਪਿਆ ਵੀ ਹੈ।

ਸਾਡੇ ਦੇਸ਼ ਦੀ ਇਸ ਪੱਖੋਂ ਸਥਿਤੀ ਕਾਫ਼ੀ ਨਿਰਾਸ਼ਾਜਨਕ ਹੈ। ਸਮੁੱਚੇ ਦੇਸ਼ ਵਿੱਚ ਇਸ ਸਮੇਂ 713789 ਵਰਗ ਕਿਲੋਮੀਟਰ ਰਕਬਾ ਜੰਗਲਾਂ ਅਧੀਨ ਹੈ, ਜੋ ਕੁੱਲ ਰਕਬੇ ਦਾ 21.71 ਫੀਸਦੀ ਬਣਦਾ ਹੈ। ਪਰ ਵੱਖ ਵੱਖ ਰਾਜਾਂ ਵਿੱਚ ਜੰਗਲਾਂ ਦੀ ਸਥਿਤੀ ਵੱਖ ਵੱਖ ਹੈ। ਖੇਤਰਫ਼ਲ ਦੇ ਹਿਸਾਬ ਨਾਲ ਮੱਧ ਪ੍ਰਦੇਸ਼ ਰਾਜ ਵਿੱਚ ਸਭ ਤੋਂ ਵੱਧ ਜੰਗਲ ਹਨ, ਮਿਜੋਰਮ ਇੱਕ ਅਜਿਹਾ ਰਾਜ ਹੈ ਜਿਸਦਾ 90 ਫੀਸਦੀ ਰਕਬਾ ਜੰਗਲਾਂ ਹੇਠ ਹੈ, ਪਰ ਖੇਤਰਫ਼ਲ ਪੱਖੋਂ ਇਹ ਰਾਜ ਛੋਟਾ ਹੈ। ਪੰਜਾਬ ਤੇ ਹਰਿਆਣਾ ਦੇਸ਼ ਵਿੱਚ ਸਭ ਤੋਂ ਘੱਟ ਜੰਗਲੀ ਖੇਤਰ ਵਾਲੇ ਰਾਜ ਹਨ, ਪੰਜਾਬ ਦਾ ਕਰੀਬ 3.09 ਅਤੇ ਹਰਿਆਣਾ ਦਾ 3.59 ਖੇਤਰ ਦਰਖ਼ਤਾਂ ਹੇਠ ਹੈ। ਪਿਛਲੇ ਕਰੀਬ ਪੰਜ ਸਾਲਾਂ ਵਿੱਚ ਅਰੁਨਾਚਲ ਪ੍ਰਦੇਸ਼, ਮਨੀਪੁਰ, ਮਿਜੋਰਮ, ਅਸਾਮ, ਨਾਗਾਲੈਂਡ ਆਦਿ ਰਾਜਾਂ ਵਿੱਚ ਜੰਗਲੀ ਖੇਤਰ ਪਹਿਲਾਂ ਨਾਲੋਂ ਘਟਿਆ ਹੈ, ਜਦੋ ਕਿ ਛਤੀਸਗੜ, ਮਹਾਂਰਾਸਟਰ, ਉੜੀਸਾ, ਤਾਮਿਲਨਊ ਕੇਰਲ, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਵਧਿਆ ਹੈ। ਪੰਜਾਬ ਤੇ ਹਰਿਆਣਾ ਵਿੱਚ ਵੀ ਥੋੜਾ ਜਿਹਾ ਕਰਬਾ ਵਧਿਆ ਜਰੂਰ ਹੈ ਪਰ ਸੰਤੋਸਜਨਕ ਸਥਿਤੀ ਵਾਲਾ ਨਹੀਂ।

ਇਸਦਾ ਵੱਡਾ ਕਾਰਨ ਇਹ ਹੈ ਕਿ ਹਰ ਸਾਲ ਵਾਹੀਯੋਗ ਧਰਤੀ ਘਟਦੀ ਜਾਂਦੀ ਹੈ, ਰਿਹਾਇਸੀ ਕਲੌਨੀਆਂ ਨੇ ਲੱਖਾਂ ਏਕੜ ਧਰਤੀ ਉਸਾਰੀ ਅਧੀਨ ਲੈ ਲਈ ਹੈ। ਜਿਹੜੇ ਸ਼ਹਿਰਾਂ ਦਾ ਖੇਤਰ ਕੁੱਝ ਸਾਲ ਪਹਿਲਾਂ ਵੀਹ ਵਰਗ ਕਿਲੋਮੀਟਰ ਸੀ, ਉਹ ਵਧ ਕੇ ਅੱਜ ਸੌ ਵਰਗ ਕਿਲੋਮੀਟਰ ਤੇ ਪਹੰੁਚ ਗਿਆ ਹੈ। ਰਿਹਾਇਸ਼ੀ ਖੇਤਰ ਵਿੱਚ ਰਕਬਾ ਵਧਣ ਸਦਕਾ ਧਰਤੀ ਪੱਕੀ ਹੋ ਰਹੀ ਹੈ, ਸੜਕਾਂ ਮਕਾਨ ਬਣ ਰਹੇ ਹਨ, ਕੱਚਾ ਥਾਂ ਘਟਦਾ ਜਾ ਰਿਹਾ ਹੈ ਜੋ ਠੰਢਾ ਹੁੰਦਾ ਸੀ। ਅਬਾਦੀ ਤੇ ਮਕਾਨ ਵਧਣ ਸਦਕਾ ਏ ਸੀ ਵਧ ਰਹੇ ਹਨ, ਹਰ ਸਾਲ ਲੱਖਾਂ ਏਅਰ ਕੰਡੀਸ਼ਨਰਾਂ ਦਾ ਵਾਧਾ ਹੋ ਰਿਹਾ ਹੈ, ਜੋ ਮਕਾਨ ਦੇ ਅੰਦਰ ਠੰਢ ਪਹੁੰਚਾਉਣ ਨਾਲ ਕਈ ਗੁਣਾਂ ਵੱਧ ਗਰਮੀ ਬਾਹਰ ਸੁੱਟਦੇ ਹਨ। ਹਰ ਸਾਲ ਲੱਖਾਂ ਏ ਸੀ ਗੱਡੀਆਂ ਵਧ ਜਾਂਦੀਆਂ ਹਨ, ਜੋ ਸੜਕਾਂ ਤੇ ਗਰਮੀ ਸੁੱਟਦੀਆਂ ਰਹਿੰਦੀਆਂ ਹਨ। ਇਸ ਗਰਮੀ ਨੂੰ ਘੱਟ ਕਰਨ ਲਈ ਦਰਖ਼ਤ ਹੀ ਸਹਾਈ ਹੁੰਦੇ ਹਨ, ਜਿਸ ਵੱਲ ਲੋਕਾਂ ਦਾ ਧਿਆਨ ਨਹੀਂ ਹੈ। ਦਹਾਕਾ ਕੁ ਪਹਿਲਾਂ ਤੱਕ ਲੱਗਭੱਗ ਹਰ ਕਿਸਾਨ ਦੇ ਖੇਤ ਵਿੱਚ ਕਈ ਕਈ ਦਰਖ਼ਤ ਹੁੰਦੇ ਸਨ, ਜਿਹਨਾਂ ਦੀ ਛਾਂ ਵਿੱਚ ਬੈਠ ਕੇ ਉਹ ਦੁਪਹਿਰਾ ਵੀ ਲੰਘਾਉਂਦੇ, ਟਿਊਬਵੈੱਲ ਕੋਲ ਦਰਖ਼ਤ ਲਾਉਣਾ ਤਾਂ ਉਹ ਆਪਣਾ ਫਰਜ ਸਮਝਦੇ ਸਨ। ਹੁਣ ਝੋਨੇ ਦੀ ਖੇਤੀ ਕਾਰਨ ਕਿਸਾਨਾਂ ਨੇ ਖੇਤਾਂ ਚੋਂ ਦਰਖ਼ਤ ਖਤਮ ਦਿੱਤੇ ਹਨ, ਟਿਊਬਵੈੱਲ ਤੇ ਵੀ ਦਰਖਤ ਨਹੀਂ ਲਾਉਂਦੇ ਬਲਕਿ ਸ਼ੌਕ ਵਜੋਂ ਛੋਟਾ ਕਮਰਾ ਪਾ ਲੈਂਦੇ ਹਨ।

ਸਰਕਾਰਾਂ ਵੱਲੋਂ ਦਰਖ਼ਤ ਲਾਉਣ ਲਈ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਸੰਸਥਾਵਾਂ ਵੀ ਇਸ ਕੰਮ ਲਈ ਦਿਲਚਸਪੀ ਰਖਦੀਆਂ ਹਨ। ਇਹ ਸੰਸਥਾਵਾਂ ਵੱਲੋਂ ਬੂਟੇ ਵੰਡੇ ਜਾ ਰਹੇ ਹਨ, ਸਾਂਝੀਆਂ ਥਾਵਾਂ ਤੇ ਦਰਖ਼ਤ ਲਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਪਰ ਸੰਭਾਲਣਾ ਤਾਂ ਨੇੜੇ ਰਹਿੰਦੇ ਲੋਕਾਂ ਨੇ ਹੀ ਹੁੰਦਾ ਹੈ, ਇਸ ਲਈ ਲੋਕਾਂ ਦੀ ਬੇਧਿਆਨੀ ਸਦਕਾ ਉਹ ਬੂਟੇ ਖਤਮ ਹੋ ਜਾਂਦੇ ਹਨ। ਦਰਖ਼ਤ ਲਾਉਣ ਨਾਲੋਂ ਸੰਭਾਲਣਾ ਜਿਆਦਾ ਜਰੂਰੀ ਹੁੰਦਾ ਹੈ। ਦਰਖ਼ਤ ਲਾਉਣ ਜਾਂ ਸੰਭਾਲਣ ਲਈ ਸਮੁੱਚੇ ਲੋਕਾਂ ਨੂੰ ਜਾਗਰੂਕ ਹੋ ਕੇ ਸਾਥ ਦੇਣਾ ਚਾਹੀਦਾ ਹੈ। ਸਕੂਲਾਂ, ਧਰਮਸ਼ਾਲਾਵਾਂ, ਹਸਪਤਾਲਾਂ, ਸਮਸਾਨਘਾਟਾਂ ਜਾਂ ਹੋਰ ਸਾਂਝੀਆਂ ਥਾਵਾਂ ਤੇ ਦਰਖ਼ਤ ਲਾਉਣ ਦਾ ਪੰਚਾਇਤਾਂ ਜਾਂ ਨਗਰ ਕੌਂਸਲਾਂ ਨੂੰ ਟੀਚਾ ਮਿਥ ਕੇ ਕੰਮ ਕਰਨਾ ਚਾਹੀਦਾ ਹੈ। ਹਰ ਪੰਜਾਬੀ ਹਰ ਸਾਲ ਘੱਟੋ ਘੱਟ ਦੋ ਦਰਖ਼ਤ ਲਾਉਣ ਦਾ ਫ਼ਰਜ ਸਮਝੇ। ਮੁਹੱਲਿਆਂ ਗਲੀਆਂ ਦੀਆਂ ਕਮੇਟੀਆਂ ਬਣਾ ਕੇ ਇਸ ਕੰਮ ਲਈ ਵੱਡਾ ਸਹਿਯੋਗ ਦਿੱਤਾ ਜਾ ਸਕਦਾ ਹੈ। ਸਰਕਾਰ ਵੱਲੋਂ ਵੀ ਲੋਕਾਂ ਦੀ ਲੋੜ ਅਨੁਸਾਰ ਮੱਦਦ ਕੀਤੀ ਜਾਵੇ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਲੋਕ ਸੇਵਾ ਦੇ ਤੌਰ ਤੇ ਦਰਖ਼ਤ ਲਾਉਣ ਨੂੰ ਤਰਜੀਹ ਦੇਣ।

ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਦਰਖ਼ਤ ਲਾਉਣੇ ਅਤੀ ਜਰੂਰੀ ਹਨ। ਜੇ ਇਸ ਪਾਸੇ ਪੰਜਾਬੀਆਂ ਨੇ ਧਿਆਨ ਨਾ ਦਿੱਤਾ ਤਾਂ ਹਰ ਸਾਲ ਗਰਮੀ ਵਧਦੀ ਜਾਵੇਗੀ, ਬਾਰਸਾਂ ਘਟਦੀਆਂ ਜਾਣਗੀਆਂ ਅਤੇ ਧਰਤੀ ਬੰਜਰ ਹੋ ਜਾਵੇਗੀ। ਪੰਜਾਬ ਮਾਰੂਥਲ ਬਣ ਜਾਵੇਗਾ, ਹਰਿਆਵਲ ਖਤਮ ਹੋ ਜਾਵੇਗੀ। ਸੋ ਹਰ ਪੰਜਾਬ ਵਾਸੀ ਨੂੰ ਇਸ ਸੁਚੱਜੇ ਕਾਜ਼ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913