Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਪੰਜਾਬ ਦੇ ਹਾਲਾਤ ਵਿਗੜਣ ਤੋਂ ਬਚਾਉਣ ਵੱਲ ਧਿਆਨ ਦੇਣ ਦੀ ਲੋੜ | Punjabi Akhbar | Punjabi Newspaper Online Australia

ਪੰਜਾਬ ਦੇ ਹਾਲਾਤ ਵਿਗੜਣ ਤੋਂ ਬਚਾਉਣ ਵੱਲ ਧਿਆਨ ਦੇਣ ਦੀ ਲੋੜ

ਬਲਵਿੰਦਰ ਸਿੰਘ ਭੁੱਲਰ
ਪੰਜਾਬ ਸਮੁੱਚੇ ਦੇਸ਼ ਦੇ ਵਿਕਾਸ ਦਾ ਧੁਰਾ ਹੈ। ਸਦੀਆਂ ਤੋਂ ਦੇਸ਼ ਵਿੱਚ ਅਨਾਜ ਦੇ ਕਾਲ ਵਰਗੀਆਂ ਸਥਿਤੀਆਂ ਨਾਲ ਜੂਝਦਾ ਰਿਹਾ ਹੈ ਅਤੇ ਵਤਨ ਨੂੰ ਬਚਾਉਣ ਅਤੇ ਦੇਸ਼ ਤੇ ਹੋ ਰਹੇ ਵਿਦੇਸ਼ੀ ਹਮਲਾਵਰਾਂ ਨਾਲ ਟਾਕਰਾ ਕਰਦਾ ਰਿਹਾ ਹੈ। ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਕੀਤੇ ਪੰਜਾਬ ਵਾਸੀਆਂ ਦੇ ਯਤਨ ਕੋਈ ਲੁਕੇ ਛੁਪੇ ਨਹੀਂ ਹਨ। ਦੇਸ਼ ਦੀ ਆਜਾਦੀ ਲਈ ਕੀਤੀਆਂ ਕੁਰਬਾਨੀਆਂ ਬਾਰੇ ਸਾਰੀ ਦੁਨੀਆਂ ਭਲੀਭਾਂਤ ਜਾਣਦੀ ਹੈ। ਅੱਜ ਦੀ ਪੰਜਾਬੀ ਦੇਸ਼ ਦੀਆਂ ਸਰਹੱਦਾਂ ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ ਅਤੇ ਦੇਸ਼ ਦੇ ਅਨਾਜ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਪਰ ਇਸਦੇ ਬਾਵਜੂਦ ਵੀ ਪੰਜਾਬ ਵਿੱਚ ਅਮਨ ਸਾਂਤੀ ਭੰਗ ਕਰਨ ਲਈ ਸਾਜਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਸਰਕਾਰਾਂ ਮੂਕ ਦਰਸ਼ਕ ਬਣ ਕੇ ਵੇਖਦੀਆਂ ਰਹਿੰਦੀਆਂ ਹਨ।

ਪੰਜਾਬ ਨੇ ਪਹਿਲਾਂ ਲੰਬਾ ਸਮਾਂ ਕਾਲਾ ਦੌਰ ਹੰਢਾਇਆ ਹੈ। ਜਿਸ ਸਦਕਾ ਪੰਜਾਬ ਦਾ ਏਨਾ ਵੱਡਾ ਨੁਕਸਾਨ ਹੋਇਆ ਹੈ, ਜਿਸਦਾ ਘਾਟਾ ਅੱਜ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ। ਪੰਜਾਬ ਸਿਰ ਚੜਿਆ ਕਰਜ਼ਾ ਨਹੀਂ ਉਤਾਰਿਆ ਜਾ ਸਕਿਆ। ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ। ਵੱਡੀ ਗਿਣਤੀ ਵਿੱਚ ਪੁਲਿਸ ਵਾਲਿਆਂ ਤੇ ਲੀਡਰਾਂ ਦੇ ਕਤਲ ਹੁੰਦੇ ਰਹੇ। ਹਿੰਦੂਆਂ ਨੂੰ ਬੱਸਾਂ ਚੋਂ ਲਾਹ ਕੇ ਮਾਰਿਆ ਜਾਂਦਾ ਰਿਹਾ। ਇੱਥੋ ਵਿਗੜੀ ਸਥਿਤੀ ਕਾਰਨ ਹੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਹੋਇਆ। ਪੰਜਾਬ ਸਿਰ ਅਰਬਾਂ ਰੁਪਏ ਦਾ ਕਰਜ਼ਾ ਚੜ ਗਿਆ। ਸੈਂਕੜੇ ਨੌਜਵਾਨ ਉਸ ਸਮੇਂ ਤੋਂ ਜੇਲਾਂ ਵਿੱਚ ਰੁਲ ਰਹੇ ਹਨ, ਜਿਹਨਾਂ ਦਾ ਜੀਵਨ ਤਬਾਹ ਹੋ ਗਿਆ।

ਸਾਲ 1978 ਵਿੱਚ ਹੀ ਜਦੋਂ ਕਾਲੇ ਦੌਰ ਵੱਲ ਕਦਮ ਵਧ ਰਹੇ ਸਨ, ਜੇ ਸਮੇਂ ਦੀਆਂ ਸਰਕਾਰਾਂ ਗੌਰ ਕਰ ਲੈਂਦੀਆਂ ਅਤੇ ਰੋਕਣ ਲਈ ਠੋਸ ਨੀਤੀ ਤੈਅ ਕਰ ਲੈਂਦੀਆਂ ਤਾਂ ਏਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ। ਇਹ ਵੀ ਸੱਚਾਈ ਹੈ ਕਿ ਪੰਜਾਬ ਦੇ ਲੰਬਾ ਸਮਾਂ ਚੱਲੇ ਦੌਰ ਵਿੱਚ ਪੰਜਾਬ ਦੇ ਹਿੰਦੂ ਸਿੱਖਾਂ ਵਿੱਚ ਕੋਈ ਝਗੜਾ ਨਹੀਂ ਸੀ ਹੋਇਆ, ਪਿੰਡਾਂ ਵਿੱਚ ਗਿਣਤੀ ਦੇ ਘਰ ਹੋਣ ਦੇ ਬਾਵਜੂਦ ਵੀ ਹਿੰਦੂ ਧਰਮ ਨਾਲ ਸਬੰਧਤ ਲੋਕ ਸੁਖ ਸਾਂਤੀ ਨਾਲ ਵਸਦੇ ਰਹੇ। ਪਰ ਹਿੰਦੂ ਸਿੱਖਾਂ ਵਿੱਚ ਪਾੜਾ ਪਾਉਣ ਲਈ ਸਾਜਿਸ਼ਾਂ ਜਰੂਰ ਰਚੀਆਂ ਜਾਂਦੀਆਂ ਰਹੀਆਂ। ਸਮੇਂ ਦੀਆਂ ਸਰਕਾਰਾਂ ਨੇ ਇਸ ਪਾੜਾ ਪਾਊ ਨੀਤੀ ਨੂੰ ਰੋਕਣ ਦਾ ਯਤਨ ਕਰਨ ਦੀ ਬਜਾਏ ਹਵਾ ਦਿੱਤੀ, ਜਿਸ ਸਦਕਾ ਕੇਵਲ ਪੰਜਾਬ ਹੀ ਨਹੀਂ ਸਮੁੱਚੇ ਦੇਸ਼ ਦਾ ਵੀ ਨੁਕਸਾਨ ਹੋਇਆ।

ਪੰਜਾਬ ਅਤੇ ਦੇਸ਼ ਦੇ ਕਾਲੇ ਦੌਰ ਸਮੇਂ ਹੋਏ ਨੂਕਸਾਨ ਨੂੰ ਸਿਆਸਤਦਾਨਾਂ ਨੇ ਵੀ ਰੱਜ ਕੇ ਵਰਤਿਆ। ਕੋਈ ਕਾਂਗਰਸ ਨੂੰ ਦੋਸ਼ੀ ਕਹਿੰਦਾ, ਕੋਈ ਭਾਜਪਾ ਨੂੰ ਅਤੇ ਕੋਈ ਅਕਾਲੀ ਦਲ ਨੂੰ, ਪਰ ਇਸ ਹਮਾਮ ਵਿੱਚ ਸਾਰੇ ਨੰਗੇ ਸਨ। ਹੁਣ ਤਾਂ ਇਸ ਸਬੰਧੀ ਦਰਜਨਾਂ ਪੁਸਤਕਾਂ ਛਪ ਚੁੱਕੀਆਂ ਹਨ, ਜਿਹਨਾਂ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਣ ਵਾਲਿਆਂ ਅਤੇ ਅੱਤਵਾਦ ਦੇ ਹੱਕ ਵਿੱਚ ਭੁਗਤਣ ਵਾਲਿਆਂ ਦੀਆਂ ਵੀ ਹਨ। ਪਰ ਸਭ ਨੇ ਇਹੋ ਹੀ ਸਪਸ਼ਟ ਕੀਤਾ ਹੈ ਕਿ ਉਸ ਦੌਰ ਨਾਲ ਪੰਜਾਬ ਦੀ ਨੌਜਵਾਨੀ ਦਾ ਘਾਣ ਹੋਇਆ ਹੈ, ਸੂਬੇ ਦੀ ਆਰਥਿਕ, ਧਾਰਮਿਕ ਤੇ ਸਮਾਜਿਕ ਸਥਿਤੀ ਨੂੰ ਵੱਡੀ ਸੱਟ ਵੱਜੀ। ਪਰ ਜੇ ਲਾਭ ਦੀ ਗੱਲ ਕਰੀਏ ਤਾਂ ਨਾ ਸੂਬੇ ਦਾ ਹੋਇਆ ਅਤੇ ਨਾ ਦੇਸ਼ ਦਾ, ਜੇ ਲਾਭ ਹੋਇਆ ਤਾਂ ਕੁੱਝ ਰਾਜਨੀਤਕ ਪਾਰਟੀਆਂ ਦਾ ਹੋਇਆ ਜਿਹਨਾਂ ਦਰਬਾਰ ਸਾਹਿਬ ਉੱਪਰ ਹੋਏ ਹਮਲੇ, ਜਾਂ ਹਿੰਦੂਆਂ ਦੇ ਕੀਤੇ ਕਤਲਾਂ ਆਦਿ ਨੂੰ ਵਰਤ ਕੇ ਸੱਤਾ ਹਾਸਲ ਕੀਤੀ। ਪਰ ਅੱਜ ਤੱਕ ਵੀ ਬਹੁਤੇ ਲੋਕ ਇਹਨਾਂ ਸਾਜਿਸ਼ਾਂ ਨੂੰ ਸਮਝ ਨਹੀਂ ਸਕੇ।

ਅੱਜ ਵੀ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਏਕਤਾ ਨਾਲ ਵਸਦੇ ਹਨ, ਭਾਈਚਾਰਕ ਸਾਂਝ ਕਾਇਮ ਹੈ। ਪਰ ਲਗਦਾ ਹੈ ਕਿ ਇਹ ਸੁਖੀ ਵਸਦੇ ਲੋਕ ਕੁੱਝ ਸਰਾਰਤੀਆਂ ਨੂੰ ਚੰਗੇ ਨਹੀਂ ਲਗਦੇ। ਪੰਜਾਬ ਵਿੱਚ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਕਰੀਬ ਦਸ ਗ੍ਰਨੇਡ ਹਮਲੇ ਹੋ ਚੁੱਕੇ ਹਨ, ਜੋ ਪੁਲਿਸ ਚੌਂਕੀਆਂ ਅਤੇ ਥਾਨਿਆਂ ਦੇ ਨਜਦੀਕ ਕੀਤੇ ਗਏ। ਬੀਤੇ ਦਿਨੀਂ ਭਾਜਪਾ ਦੇ ਇੱਕ ਸੀਨੀਅਰ ਆਗੂ, ਜੋ ਪੰਜਾਬ ਦਾ ਸਾਬਕਾ ਮੰਤਰੀ ਵੀ ਹੈ ਉਸਦੇ ਜਲੰਧਰ ਸਥਿਤ ਘਰ ਤੇ ਵੀ ਗ੍ਰਨੇਡ ਹਮਲਾ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਹਮਲਾ ਵੀ ਈ ਰਿਕਸ਼ਾ ਤੇ ਆਏ ਨੌਜਵਾਨਾਂ ਨੇ ਕੀਤਾ ਅਤੇ ਫਰਾਰ ਹੋ ਗਏ। ਦੂਜੇ ਦਿਨ ਦੋ ਹਮਲਾਵਰ ਫੜ ਵੀ ਲਏ ਗਏ ਤੇ ਪੁਲਿਸ ਨੇ ਬਿਆਨ ਦਿੱਤਾ ਕਿ ਇਹਨਾਂ ਦਾ ਪਾਕਿਸਤਾਨ ਦੀ ਏਜੰਸ਼ੀ ਆਈ ਐੱਸ ਆਈ ਨਾਲ ਸਬੰਧ ਹੈ। ਸੁਆਲ ਉੱਠਦਾ ਹੈ ਕਿ ਪਾਕਿਸਤਾਨ ਦੀ ਇੱਕ ਵੱਡੀ ਖ਼ੁਫੀਆ ਏਜੰਸੀ ਹੁਣ ਈ ਰਿਕਸ਼ਾ ਵਾਲਿਆਂ ਤੱਕ ਪਹੁੰਚ ਗਈ ਹੈ। ਦੂਜੀ ਗੱਲ ਇੱਕ ਰਾਤ ਦੇ ਬਾਰਾਂ ਇੱਕ ਵਜੇ ਹਮਲਾ ਹੋਇਆ ਦੂਜੇ ਦਿਨ ਫਰਾਰ ਹੋਏ ਦੋਸ਼ੀ ਕਾਬੂ ’ਚ ਵੀ ਆ ਗਏ, ਕੀ ਪੁਲਿਸ ਉਹਨਾਂ ਦੇ ਕੋਲ ਹੀ ਬੈਠੀ ਸੀ।

ਅਸਲ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਅਜਿਹੇ ਬਿਆਨਾਂ ਨਾਲ ਆਪਣਾ ਬਚਾਅ ਕਰਨ ਲਈ ਅਤੇ ਲੋਕਾਂ ਵਿੱਚ ਆਪਣੀ ਸ਼ਾਖ ਬਚਾਉਣ ਲਈ ਯਤਨਸ਼ੀਲ ਹਨ। ਇਹ ਗੱਲ ਪੰਜਾਬ ਸਰਕਾਰ ਤੇ ਪੁਲਿਸ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਤਨਦੇਹੀ, ਸੁਹਿਰਦਤਾ ਅਤੇ ਡੁੰਘਾਈ ਨਾਲ ਅਜਿਹੀਆਂ ਘਟਨਾਵਾਂ ਬਾਰੇ ਜਾਂਚ ਪੜਤਾਲ ਕਰਕੇ ਠੋਸ ਕਦਮ ਨਾ ਚੁੱਕੇ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ। ਪੰਜਾਬ ਦੇ ਲੋਕ ਸੁਖ ਸਾਂਤੀ ਚਾਹੁੰਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਰੁੱਧ ਰਚੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਲੋਕਾਂ ਸਾਹਮਣਾ ਨੰਗਾ ਕਰੇ ਅਤੇ ਇਹਨਾਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਠੋਸ ਨੀਤੀ ਤੈਅ ਕੀਤੀ ਜਾਵੇ।

ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਸਾਥੀ ਪ੍ਰਾਪੇਗੰਡਾ ਰਾਜਨੀਤੀ ਦਾ ਤਿਆਗ ਕਰਕੇ ਪੰਜਾਬ ਦੇ ਹਿਤ ਲਈ ਕੰਮ ਕਰਨ। ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਪੰਜਾਬ ਵਿੱਚ ਗ੍ਰਨੇਡ ਹਮਲੇ ਹੋ ਰਹੇ ਹਨ, ਮੁੱਖ ਮੰਤਰੀ ਅਤੇ ਮੰਤਰੀ ਪੰਜਾਬ ਦੇ ਸਕੂਲਾਂ ਵਿੱਚ ਕਮਰਿਆਂ ਜਾਂ ਕੰਧਾਂ ਦੀ ਮੁਰੰਮਤ ਦੇ ਉਦਘਾਟਨ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ ਸਕੂਲਾਂ ਵਿੱਚ ਇਹਨਾਂ ਉਦਘਾਟਨਾਂ ਲਈ ਆਪਣੀ ਪਾਰਟੀ ਦੇ ਹਾਈਕਮਾਂਡ ਦੇ ਉਹਨਾਂ ਆਗੂਆਂ, ਜਿਹਨਾਂ ਲੋਕਾਂ ਨੂੰ ਦਿੱਲੀ ਵਾਲਿਆਂ ਨੇ ਨਕਾਰ ਦਿੱਤਾ ਹੈ ਅਤੇ ਜਿਹਨਾਂ ਵਿਰੁੱਧ ਭਿ੍ਰਸਟਾਚਾਰ ਵਰਗੇ ਮੁਕੱਦਮੇ ਦਰਜ ਹਨ, ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਵਾ ਰਹੇ ਹਨ ਤੇ ਭੰਗੜੇ ਵਿਖਾ ਰਹੇ ਹਨ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਜਾਂ ਰਾਜ ਸਰਕਾਰ ਦੀਆਂ ਫੇਲ ਨੀਤੀਆਂ ਤੋਂ ਲਾਂਭੇ ਕਰਨ ਲਈ ਬਲਡੋਜਰ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਇਨਕਾਊਂਟਰਾਂ ਵਿੱਚ ਪੈਰਾਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਨਸ਼ਿਆਂ ਵਿਰੁੱਧ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜੇ ਨਸ਼ਿਆਂ ਜਾਂ ਰੋਜਗਾਰ ਲਈ ਕੁੱਝ ਕੰਮ ਕੀਤਾ ਵੀ ਜਾ ਰਿਹਾ ਹੈ ਤਾਂ ਇਹ ਕਿਸੇ ਤੇ ਅਹਿਸਾਨ ਨਹੀਂ ਹੈ, ਸਰਕਾਰਾਂ ਦਾ ਇਹ ਫ਼ਰਜ ਤੇ ਕਰਤੱਵ ਹੈ। ਹੋਣਾ ਚਾਹੀਦਾ ਹੈ ਅਤੇ ਜੇ ਹੋ ਰਿਹਾ ਹੈ ਤਾਂ ਚੰਗੀ ਗੱਲ ਹੈ। ਪਰ ਹਾਲਾਤਾਂ ਨੂੰ ਧਿਆਨ ਵਿੱਚ ਜਰੂਰ ਰੱਖਣਾ ਚਾਹੀਦਾ ਹੈ।

ਇੱਕ ਕਹਾਵਤ ਹੈ ਕਿ ‘‘ਪਿੰਡ ਉਜੜਿਆ ਜਾਵੇ ਕਮਲੀ ਨੂੰ ਗਿੱਟੇ ਕੂਚਣ ਦੀ’’ ਪੰਜਾਬ ਸਰਕਾਰ ਨੂੰ ਰੰਗਾ ਰੰਗ ਪ੍ਰੋਗਰਾਮਾਂ ਤੋਂ ਸੰਕੋਚ ਕਰਕੇ ਪੰਜਾਬ ਦੇ ਹਾਲਾਤ ਵਿਗਾੜਣ ਵਾਲੀਆਂ ਸਾਜਿਸ਼ਾਂ ਵਿਰੁੱਧ ਠੋਸ ਕਾਰਵਾਈਆਂ ਕਰਨ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਇੱਕ ਦੂਜੇ ਵਿਰੁੱਧ ਭੜਾਸ ਕੱਢਣ ਦੀ ਬਜਾਏ ਪੰਜਾਬ ਵਿੱਚ ਸਾਂਤੀ ਲਈ ਇੱਕਮੁੱਠਤਾ ਨਾਲ ਕੰਮ ਕਰਨਾ ਚਾਹੀਦਾ ਹੈ। ਪੰਜਾਬ ਵਾਸੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਸੂਬੇ ਦੇ ਹਾਲਾਤਾਂ ਨੂੰ ਵਿਗੜਣ ਤੋਂ ਬਚਾਇਆ ਜਾ ਸਕੇ।

ਮੋਬਾ: 098882 75913