ਟੈਲੀਵਿਜ਼ਨ ਚੈਨਲਾਂ ʼਤੇ ਸਿਹਤਮੰਦ ਮਨੋਰੰਜਨ, ਜਾਣਕਾਰੀ ਤੇ ਗਿਆਨ ਵਰਗਾ ਹੁਣ ਕੁਝ ਨਹੀਂ ਲੱਭਦਾ। ਇਹਦੇ ਲਈ ਹੁਣ ਦਰਸ਼ਕਾਂ ਨੂੰ ਯੂ ਟਿਊਬ ਜਾਂ ਨੈਟਫਲਿਕਸ ʼਤੇ ਜਾਣਾ ਪੈਂਦਾ ਹੈ।
ਜਿਹੜੇ ਲੋਕ ਫ਼ਿਲਮੀ ਮਨੋਰੰਜਨ ਵਿਚ ਦਿਲਚਸਪੀ ਰੱਖਦੇ ਹਨ ਉਹ ਨੈਟਫਲਿਕਸ ʼਤੇ ਜਾਂਦੇ ਹਨ। ਵੰਨਸਵੰਨੀਆਂ ਵੀਡੀਓ ਵੇਖਣ ਵਾਲਿਆਂ ਲਈ ਯੂ ਟਿਊਬ ਬਿਹਤਰ ਹੈ। ਇਨ੍ਹਾਂ ਦੋਹਾਂ ਮੰਚਾਂ ਨੇ ਮਨੋਰੰਜਨ ਉਦਯੋਗ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਇਕੋ ਵੇਲੇ ਪੂਰੇ ਵਿਸ਼ਵ ਤੱਕ ਪਹੁੰਚ ਇਸਦਾ ਵੱਡਾ ਕਾਰਨ ਹੈ।
ਉਦਾਹਰਨ ਵਜੋ ਨੈਟਫਲਿਕਸ ʼਤੇ 14000 ਤੋਂ ਵੱਧ ਫ਼ਿਲਮਾਂ, ਟੀ.ਵੀ. ਸ਼ੋਅ ਉਪਲਬਧ ਹਨ ਅਤੇ ਜਨਵਰੀ 2023 ਦੇ ਅੰਕੜਿਆਂ ਅਨੁਸਾਰ ਇਸਦੇ 220 ਮਿਲੀਅਨ ਗਾਹਕ ਹਨ ਜਿਹੜੇ 190 ਦੇਸ਼ਾਂ ਵਿਚ ਫੈਲੇ ਹੋਏ ਹਨ ਇਹ ਫ਼ਿਲਮਾਂ, ਐਵਾਰਡ-ਸ਼ੋਅ, ਦਸਤਾਵੇਜ਼ੀ ਫ਼ਿਲਮਾਂ ਦਾ ਖਜ਼ਾਨਾ ਹੈ। ਨੈਟਫਲਿਕਸ ਅਤੇ ਯੂ ਟਿਊਬ ਇਹ ਸਮੱਗਰੀ ਤੁਹਾਨੂੰ ਕਿਤੇ ਵੀ ਹਰ ਵਕਤ ਮੁਹੱਈਆ ਕਰਦੇ ਹਨ। ਇਹਦੇ ਲਈ ਇੰਟਰਨੈਟ ਦੀ ਸਹੂਲਤ ਚਾਹੀਦੀ ਹੈ ਅਤੇ ਮਾਮੂਲੀ ਜਿਹਾ ਮਹੀਨਾਵਾਰ ਕਰਾਇਆ।
ਦੋਹਾਂ ਨੇ ਦਰਸ਼ਕਾਂ ਨੂੰ ਗਰੁੱਪ ਦੀ ਸਹੂਲਤ ਵੀ ਮੁਹੱਈਆ ਕੀਤੀ ਹੋਈ ਹੈ। ਇਕ ਇਮਾਰਤ ਵਿਚ ਰਹਿੰਦੇ ਲੋਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ, ਦੇਸ਼਼ਾਂ ਵਿਚ ਰਹਿੰਦੇ ਪਰਿਵਾਰ ਦੇ ਮੈਂਬਰਾਂ ਲਈ ਵੀ ਇਹ ਸਹੂਲਤ ਉਪਲਬਧ ਹੈ।
ਯੂ ਟਿਊਬ ਅੱਜ ਇਕ ਮਹੱਤਵਪੂਰਨ ਮੰਚ ਬਣ ਗਿਆ ਹੈ ਜਿਸਨੇ ਮਨੋਰੰਜਨ, ਸਿੱਖਿਆ, ਪ੍ਰੇਰਨਾ ਅਤੇ ਆਰਥਿਕਤਾ ਦੇ ਅਨੇਕਾਂ ਮੌਕੇ ਮੁਹੱਈਆ ਕੀਤੇ ਹਨ। ਇਸਨੇ ਦੁਨੀਆਂ ਦੇ ਕਰੋੜਾਂ ਲੋਕਾਂ ਦੇ ਰੋਜ਼ਾਨਾ ਜੀਵਨ ʼਤੇ ਵੱਡਾ ਪ੍ਰਭਾਵ ਪਾਇਆ ਹੈ। ਇਕੋ ਵੇਲੇ ਵਿਸ਼ਾਲ ਦਰਸ਼ਕਾਂ ਤੱਕ ਪਹੁੰਚ ਨੇ ਇਸਨੂੰ ਬੇਹੱਦ ਮਹੱਤਵਪੂਰਨ ਬਣਾ ਦਿੱਤਾ ਹੈ। ਲੋਕ ਨਿੱਜੀ ਪੱਧਰ ʼਤੇ, ਕਾਰੋਬਾਰੀ ਪੱਧਰ ʼਤੇ ਅਤੇ ਸੰਸਥਾ ਦੀ ਪੱਧਰ ʼਤੇ ਇਸਦਾ ਪ੍ਰਯੋਗ ਕਰ ਰਹੇ ਹਨ। ਇਸਦੀ ਮੁਖ ਵਰਤੋਂ ਵੱਖ ਵੱਖ ਵਿਸਿਆ ʼਤੇ ਬਣਾਈਆਂ ਵੀਡੀਓ ਸ਼ੇਅਰ ਕਰਨ ਲਈ ਕੀਤੀ ਜਾਂਦੀ ਹੈ। ਇਸਤੇ ਅਪਲੋਡ ਕੀਤੀ ਗਈ ਵੀਡੀਓ ਪੂਰੀ ਦੁਨੀਆਂ ਵਿਚ ਕੋਈ ਵੀ ਕਿਤੇ ਵੀ ਵੇਖ ਸਕਦਾ ਹੈ।
ਯੂ ਟਿਊਬ ਦੇ ਸ਼ਬਦੀ ਅਰਥ ਸਮਝਣੇ ਹੋਣ ਤਾਂ ਕਿਹਾ ਜਾ ਸਕਦਾ ਹੈ ˈਤੁਹਾਡਾ ਟੈਲੀਵਿਜ਼ਨˈ। ਅਰਥਾਤ ਜੋ ਕੁਝ ਤੁਸੀਂ ਯੂ ਟਿਊਬ ʼਤੇ ਵੇਖਦੇ ਹੋ ਉਹ ਤੁਹਾਨੂੰ ਟੈਲੀਵਿਜ਼ਨ ਵੇਖਣ ਵਾਲਾ ਅਹਿਸਾਸ ਕਰਵਾਉਂਦਾ ਹੈ।
ਦੁਨੀਆਂ ਵਿਚ ਇਸਨੂੰ ਭੂਗਤਾਨ ਦੇ ਆਧਾਰ ʼਤੇ ਵੇਖਣ ਵਾਲਿਆਂ ਦੀ ਗਿਣਤੀ 2.70 ਬਿਲੀਅਨ ਹੈ। ਇਸ ਤਰ੍ਹਾਂ ਫੇਸਬੁਕ ਤੋਂ ਬਾਅਦ ਇਹ ਦੁਨੀਆਂ ਦਾ ਦੂਸਰਾ ਸੱਭ ਤੋਂ ਵੱਡਾ ਸੋਸ਼ਲ ਮੀਡੀਆ ਮੰਚ ਬਣ ਗਿਆ ਹੈ। ਇਹ ਦੂਸਰਾ ਸੱਭ ਤੋਂ ਵੱਡਾ ਸਰਚ-ਇੰਝਣ ਹੈ। ਪਹਿਲਾ ਸਥਾਨ ਗੂਗਲ ਦਾ ਹੈ।
ਯੂ ਟਿਊਬ ਦੀ ਸ਼ੁਰੂਆਤ 2005 ਵਿਚ ਹੋਈ ਸੀ ਅਤੇ 2006 ਵਿਚ ਇਸਨੂੰ ਗੂਗਲ ਨੇ ਖ਼ਰੀਦ ਲਿਆ ਸੀ।
ਯੂ ਟਿਊਬ ਨੂੰ ਸੱਭ ਤੋਂ ਵੱਧ ਵੇਖਣ ਵਾਲੇ ਲੋਕ ਭਾਰਤ ਵਿਚ ਹਨ। ਇਹ ਗਿਣਤੀ 462 ਮਿਲੀਅਨ ਦੇ ਕਰੀਬ ਹੈ। ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਵਿਚ ਐਨੀ ਗਣਤੀ ਨਹੀਂ ਹੈ। ਅਮਰੀਕਾ ਦਾ 239 ਮਿਲੀਅਨ ਨਾਲ ਦੂਸਰਾ ਸਥਾਨ ਹੈ।
ਅੰਕੜੇ ਦੱਸਦੇ ਹਨ ਕਿ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਵਿਚੋਂ 77 ਫੀਸਦੀ 15-35 ਸਾਲ ਦੀ ਉਮਰ ਵਾਲੇ ਯੂ ਟਿਊਬ ਦੀ ਵਰਤੋਂ ਕਰਦੇ ਹਨ।
ਯੂ ਟਿਊਬ ʼਤੇ ਵੀਡੀਓ ਸ਼ੇਅਰ ਕਰਨ ਨੂੰ ਮੁਫ਼ਤ ਇਸ ਲਈ ਰੱਖਿਆ ਗਿਆ ਹੈ ਕਿਉਂ ਕਿ ਇਸਦੀ ਆਮਦਨ ਦਾ ਮੁਖ ਸਰੋਤ ਇਸ਼ਤਿਹਾਰ ਹਨ। ਇਸਨੂੰ ਝੱਟਪਟ ਐਨੀ ਮਕਬੂਲੀਅਤ ਇਸ ਲਈ ਮਿਲ ਗਈ ਕਿਉਂ ਕਿ ਇਸਨੇ ਵਿਸ਼ਾਲ ਦਰਸ਼ਕਾਂ ਤੱਕ ਪਹੁੰਚ ਲਈ ਵੀਡੀਓ ਸ਼ੇਅਰ ਕਰਨ ਦੇ ਢੰਗ-ਤਰੀਕੇ ਅਤੇ ਨਿਯਮਾਂ ਨੂੰ ਬੇਹੱਦ ਸਰਲ ਰੱਖਿਆ ਹੈ ਅਤੇ ਇਸ ਤੋਂ ਪਹਿਲਾਂ ਅਜਿਹਾ ਕੋਈ ਮੰਚ ਮੌਜੂਦ ਨਹੀਂ ਸੀ। ਹਿ਼ੰਸਾਤਮਕ ਜਾਂ ਖ਼ਤਰਨਾਕ ਵਿਸ਼ਾ-ਸਮੱਗਰੀ ਨੂੰ ਸ਼ੇਅਰ ਕਰਨ ਦੀ ਆਗਿਆ ਨਹੀਂ ਹੈ।
ਬੀਤੇ ਸਾਲਾਂ ਦੌਰਾਨ ਇਨ੍ਹਾਂ ਦੀ ਪਹੁੰਚ ਤੇ ਪ੍ਰਭਾਵ ਏਨਾ ਵੱਧ ਗਿਆ ਹੈ ਕਿ ਟੈਲੀਵਿਜ਼ਨ ਦੇ ਵੱਡੇ ਵੱਡੇ ਸ਼ੋਅ ਨੈਟਫਲਿਕਸ ʼਤੇ ਚਲੇ ਗਏ ਹਨ। ਕਪਿਲ ਸ਼ਰਮਾ ਦਾ ਸ਼ੋਅ ਇਸਦੀ ਵਧੀਆ ਉਦਾਹਰਨ ਹੈ ਜਿਸਨੇ 2023 ਦੇ ਅਖ਼ੀਰ ਵਿਚ ਨੈਟਫਲਿਕਸ ਨਾਲ ਸਮਝੌਤਾ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਪਹਿਲਾਂ ਉਸ ਸ਼ੋਅ ਦੀ ਸਿੱਧੀ ਪਹੁੰਚ ਕੇਵਲ ਭਾਰਤੀ ਦਰਸ਼ਕਾਂ ਤੱਕ ਸੀ ਹੁਣ ਪੂਰੀ ਦੁਨੀਆਂ ਤੱਕ ਹੋ ਗਈ ਹੈ।
ਸਾਬਕਾ ਰਾਸ਼ਟਰਪਤੀ ਦੀ ਅਪੀਲ
ਟੈਲੀਵਿਜ਼ਨ ਚੈਨਲ ਕਿਸੇ ਵੀ ਪ੍ਰਸਾਰਨ ਤੋਂ ਪਹਿਲਾਂ ਉਸਦੀ ਤਿਆਰੀ ਦੌਰਾਨ ਟੀ.ਆਰ.ਪੀ. ਨੂੰ ਧਿਆਨ ਵਿਚ ਰੱਖਦੇ ਹਨ। ਇਸ ਲਈ ਉਹ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦੇ ਹਨ। ਪਰੰਤੂ ਇਸ ਦੌਰਾਨ ਸੱਭ ਤੋਂ ਵੱਧ ਪ੍ਰਭਾਵ ਗੁਣਵਤਾ, ਮਿਆਰ ਅਤੇ ਮਰਯਾਦਾ ʼਤੇ ਪੈਂਦਾ ਹੈ। ਜਿਸ ਨਾਲ ਸਮਾਜ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਦਾ ਹੈ।
ਇਸਦੇ ਮੱਦੇ-ਨਜ਼ਰ ਬੀਤੇ ਦਿਨੀਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਊਜ਼ ਚੈਨਲ ਟੀ.ਆਰ.ਪੀ. ਖਾਤਰ ਖ਼ਬਰਾਂ ਨੂੰ ਸਨਸਨੀਖ਼ੇਜ਼ ਨਾ ਬਨਾਉਣ। ਇਹੀ ਨਹੀਂ ਉਨ੍ਹਾਂ ਡੀਪਫੇਕ, ਪੇਡ ਅਤੇ ਫੇਕ ਨਿਊਜ਼ ਦਾ ਮਸਲਾ ਵੀ ਉਭਾਰਿਆ ਅਤੇ ਕਿਹਾ ਕਿ ਅਜਿਹਾ ਕੋਈ ਵੀ, ਕਿਤੇ ਵੀ, ਕਿਸੇ ਵੀ ਸਮੇਂ ਕਰ ਸਕਦਾ ਹੈ। ਇਸ ਰੁਝਾਨ ਤੋਂ ਬਚਣ ਦੀ ਲੋੜ ਹੈ। ਟੈਲੀਵਿਜ਼ਨ ਚੈਨਲਾਂ, ਸਮਾਚਾਰ ਸੰਪਾਦਕਾਂ, ਸਮਾਚਾਰ ਪ੍ਰੋਡਿਊਸਰਾਂ ਅਤੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦਰਸ਼ਕਾਂ ਤੱਕ ਸੰਤੁਲਿਤ ਤੇ ਸਹੀ ਖ਼ਬਰਾਂ ਪਹੁੰਚਾਉਣ।
ਫਰਜ਼ੀ ਖ਼ਬਰਾਂ, ਪੇਡ ਨਿਊਜ਼ ਅਤੇ ਡੀਪਫੇਕ ਪ੍ਰਤੀ ਖ਼ੁਦ ਵੀ ਸੁਚੇਤ ਰਹਿਣ ਅਤੇ ਪਾਠਕਾਂ, ਦਰਸ਼ਕਾਂ ਨੂੰ ਵੀ ਚੇਤੰਨ ਕਰਨ।
ਪ੍ਰੋ. ਕੁਲਬੀਰ ਸਿੰਘ