ਬਾਬੇ ਆਪਣੇ ਭਗਤਾਂ ‘ਤੇ ਅਜਿਹਾ ਕੀ ਜਾਦੂ ਕਰ ਦੇਂਦੇ ਹਨ ਕਿ ਉਹ ਉਸ ਖਾਤਰ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹਨ। ਬਾਬਾ ਚਾਹੇ ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਜਾਵੇ ਜਾਂ ਕਤਲ ਕੇਸ ਵਿੱਚ, ਉਸ ਦੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਉਂਦੀ। ਇਸ ਦੀ ਤਾਜ਼ਾ ਮਿਸਾਲ 7 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਫੁਲਰਈ ਪਿੰਡ (ਜਿਲ੍ਹਾ ਹਾਥਰਸ) ਸੂਰਜ ਪਾਲ ਉਰਫ ਭੋਲੇ ਬਾਬਾ ਉਰਫ ਨਰਾਇਣ ਸਕਾਰ ਵਿਸ਼ਵ ਹਰੀ ਦੇ ਸਮਾਗਮ ਵਿੱਚ ਹੋਈ ਭਗਦੜ ਤੋਂ ਮਿਲਦੀ ਹੈ ਜਿਸ ਵਿੱਚ ਬੱਚਿਆਂ ਤੇ ਔਰਤਾਂ ਸਮੇਤ 123 ਵਿਅਕਤੀ ਮਾਰੇ ਗਏ ਤੇ 150 ਜਖਮੀ ਹੋ ਗਏ। ਵੱਡੇ ਰਾਜਨੀਤਕ ਪ੍ਰਭਾਵ ਵਾਲੇ ਬਾਬੇ ‘ਤੇ ਤਾਂ ਕਿੱਥੋਂ ਮੁਕੱਦਮਾ ਦਰਜ਼ ਹੋਣਾ ਸੀ, ਇਸ ਕਾਂਡ ਵਿੱਚ ਆਪਣੇ ਧੀਆਂ ਪੁੱਤਰ ਗਵਾ ਚੁੱਕੇ ਉਸ ਦੇ ਸ਼ਰਧਾਲੂਆਂ ਦੇ ਪ੍ਰਤੀਕਰਮ ਹੈਰਾਨ ਕਰ ਦੇਣ ਵਾਲੇ ਸਨ। ਇੱਕ ਸ਼ਰਧਾਲੂ ਜਿਸ ਦੀ ਪਤਨੀ ਅਤੇ ਇੱਕ ਬੇਟਾ ਮਾਰੇ ਗਏ ਸਨ, ਕਹਿ ਰਿਹਾ ਸੀ ਕਿ ਚਾਹੇ ਮੈਂ ਤੇ ਮੇਰੇ ਬਚੇ ਹੋਏ ਦੋਵੇਂ ਬੱਚੇ ਵੀ ਮਰ ਜਾਂਦੇ, ਭੋਲੇ ਬਾਬਾ ਸਾਡੇ ਲਈ ਭਗਵਾਨ ਹੈ। ਇਹੋ ਜਿਹੇ ਵਿਚਾਰ ਹੀ ਬਾਕੀ ਸਭ ਲੋਕਾਂ ਦੇ ਸਨ। ਉਹ ਗੱਲ ਵੱਖਰੀ ਹੈ ਕਿ ਬਾਬਾ ਅਜੇ ਤੱਕ ਨਾ ਤਾਂ ਜ਼ਖਮੀਆਂ ਜਾਂ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਅਫਸੋਸ ਕਰਨ ਗਿਆ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਆਰਥਿਕ ਮਦਦ ਕੀਤੀ ਹੈ।
ਭਾਰਤ ਵਿੱਚ ਹਫਤੇ ਦਸਾਂ ਦਿਨਾਂ ਬਾਅਦ ਕੋਈ ਨਾ ਕੋਈ ਅਜਿਹਾ ਬਾਬਾ, ਧਰਮ ਪ੍ਰਚਾਰਕ ਅਤੇ ਅਵਤਾਰ ਪ੍ਰਗਟ ਹੁੰਦਾ ਹੀ ਰਹਿੰਦਾ ਹੈ ਜੋ ਲੱਖਾਂ ਲੋਕਾਂ ਨੂੰ ਆਪਣੇ ਮਗਰ ਲਗਾ ਕੇ ਕੁਝ ਹੀ ਮਹੀਨਿਆਂ ਵਿੱਚ ਫਾਈਵ ਸਟਾਰ ਆਸ਼ਰਮਾਂ, ਵਿਦੇਸ਼ੀ ਮਹਿੰਗੀਆਂ ਗੱਡੀਆਂ ਤੇ ਸੁੰਦਰੀਆਂ ਦਾ ਮਾਲਕ ਬਣ ਜਾਂਦਾ ਹੈ। ਇਹ ਬਾਬੇ ਵੱਖ ਵੱਖ ਜ਼ਾਤਾਂ ਵਿੱਚੋਂ ਆਉਂਦੇ ਹਨ ਤੇ ਇਨ੍ਹਾਂ ਦੇ ਸ਼ੁਰੂਆਤੀ ਚੇਲੇ ਆਪਣੀ ਹੀ ਜ਼ਾਤ ਦੇ ਹੁੰਦੇ ਹਨ। ਜਦੋਂ ਧੰਦਾ ਚੱਲ ਨਿਕਲਦਾ ਹੈ ਤਾਂ ਬਾਬੇ ਦੇ ਚਮਤਕਾਰਾਂ ਬਾਰੇ ਚੇਲਿਆਂ ਦੁਆਰਾ ਫੈਲਾਏ ਗਏ ਕੁਫਰ ਕਾਰਨ ਹੋਰ ਜ਼ਾਤਾਂ ਧਰਮਾਂ ਦੇ ਲੋਕ ਵੀ ਉਸ ਦੇ ਪਿੱਛੇ ਲੱਗ ਜਾਂਦੇ ਹਨ। ਜਿਆਦਾਤਰ ਬਾਬੇ ਪਿੱਛੜਿਆਂ ਅਤੇ ਦਲਿਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਸਮਾਜ ਦੇ ਇਹ ਘੱਟ ਪੜ੍ਹੇ ਲਿਖੇ ਤੇ ਗਰੀਬ ਵਰਗ ਸਦੀਆਂ ਤੋਂ ਸਾਡੀਆਂ ਰੂੜੀਵਾਦੀ ਕਥਿੱਤ ਉੱਚੀਆਂ ਜ਼ਾਤਾਂ ਤੇ ਪੁਜਾਰੀਆਂ ਵੱਲੋਂ ਦੱਬੇ ਕੁਚਲੇ ਜਾਂਦੇ ਰਹੇ ਹਨ। ਇਹ ਲੋਕ ਸਿਰਫ ਇਸ ਕਾਰਨ ਬਾਬਿਆਂ ਦੇ ਮਗਰ ਲੱਗ ਜਾਂਦੇ ਹਨ ਕਿ ਸ਼ਾਇਦ ਬਾਬੇ ਦਾ ਕੋਈ ਚਮਤਕਾਰ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇ। ਇਸ ਸਬੰਧੀ ਜੈ ਗੁਰੂਦੇਵ ਅਤੇ ਨਰਾਇਣ ਸਾਕਾਰ ਹਰੀ ਆਦਿ ਬਾਬਿਆਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਸਾਕਾਰ ਹਰੀ ਖੁਦ ਜਾਟਵ ਜ਼ਾਤ ਦਾ ਹੈ ਜੋ ਸ਼ਡਿਊਲਡ ਕਾਸਟ ਵਿੱਚ ਆਉਂਦੀ ਹੈ। ਇਸ ਕਾਰਨ ਹੀ ਇਸ ਦਾ ਜਿਆਦਾ ਪ੍ਰਭਾਵ ਪੱਛਮੀ ਯੂ.ਪੀ. ਦੇ ਜਾਟਵ ਅਤੇ ਹੋਰ ਪਿਛੜੀਆ ਜ਼ਾਤੀਆਂ ਵਿੱਚ ਜਿਆਦਾ ਹੈ।
ਇਹ ਨਹੀਂ ਕਿ ਬਾਬਿਆਂ ਦਾ ਪ੍ਰਭਾਵ ਸਿਰਫ ਗਰੀਬਾਂ ਅਤੇ ਅਨਪੜ੍ਹਾਂ ਵਿੱਚ ਹੈ, ਲੱਖਾਂ ਕਰੋੜਪਤੀ, ਅਫਸਰ ਅਤੇ ਨੇਤਾ ਇਨ੍ਹਾਂ ਦੇ ਪੈਰਾਂ ਵਿੱਚ ਲੋਟਦੇ ਹਨ। ਉਸ ਦਾ ਕਰਨ ਇਹ ਹੈ ਕਿ ਜਿਆਦਾਤਰ ਅਫਸਰ ਅਤੇ ਲੀਡਰ ਗਰੀਬ ਜਾਂ ਮੱਧ ਵਰਗੀ ਪਰਿਵਾਰਾਂ ਵਿੱਚੋਂ ਆਉਂਦੇ ਸਨ। ਗਰੀਬ ਆਦਮੀ ਜਦੋਂ ਤਰੱਕੀ ਕਰ ਜਾਂਦਾ ਹੈ ਤਾਂ ਉਸ ਨੂੰ ਹਮੇਸ਼ਾਂ ਇਹ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਉਹ ਦੁਬਾਰਾ ਪਹਿਲਾਂ ਵਾਲੇ ਹਾਲਾਤ ਵਿੱਚ ਨਾ ਪਹੁੰਚ ਜਾਵੇ। ਬਾਬੇ ਦੀਆਂ ਕਥਿੱਤ ਚਮਤਕਾਰੀ ਸ਼ਕਤੀਆਂ ਕਾਰਨ ਉਸ ਨੂੰ ਹੌਂਸਲਾ ਰਹਿੰਦਾ ਹੈ ਕਿ ਬਾਬੇ ਦੀ ਮਿਹਰ ਸਦਕਾ ਸਭ ਠੀਕ ਰਹੇਗਾ। ਜਿਆਦਾਤਰ ਬਾਬੇ ਮਾਨਵ ਧਰਮ ਅਤੇ ਬਰਾਬਰੀ ਦਾ ਉਪਦੇਸ਼ ਦੇਂਦੇ ਹਨ। ਜਦੋਂ ਸਧਾਰਨ ਲੋਕ ਇਨ੍ਹਾਂ ਦੇ ਸਮਾਗਮਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਾਕੀ ਸਮਾਜ ਨਾਲ ਬਰਾਬਰੀ ਦੀ ਭਾਵਨਾ ਮਹਿਸੂਸ ਹੁੰਦੀ ਹੈ। ਭਾਰਤ ਵਿੱਚ ਇਸ ਵੇਲੇ ਇਲਾਜ ਬਹੁਤ ਮਹਿੰਗਾ ਹੋ ਗਿਆ ਹੈ। ਗਰੀਬ ਲੋਕਾਂ ਨੂੰ ਲੱਗਦਾ ਹੈ ਕਿ ਬਾਬਾ ਆਪਣੀਆਂ ਚਮਤਕਾਰੀ ਸ਼ਕਤੀਆਂ ਨਾਲ ਉਨ੍ਹਾਂ ਦੇ ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਨਾਲ ਜਕੜੇ ਹੋਏ ਪਰਿਵਾਰਿਕ ਮੈਂਬਰ ਨੂੰ ਠੀਕ ਕਰ ਦੇਵੇਗਾ ਤੇ ਉਨ੍ਹਾਂ ਦਾ ਖਰਚਾ ਬਚ ਜਾਵੇਗਾ। ਪਿਛਲੇ ਸਾਲ ਡੇਢ ਸਾਲ ਤੋਂ ਪ੍ਰਸਿੱਧ ਹੋਇਆ ਮੱਧ ਪ੍ਰਦੇਸ਼ ਦਾ ਇੱਕ ਨੌਜਵਾਨ ਬਾਬਾ ਅਜਿਹੇ ਪਾਖੰਡ ਕਰ ਕੇ ਹੀ ਲੋਕਾਂ ਨੂੰ ਲੁੱਟ ਰਿਹਾ ਹੈ। ਕਿਸੇ ਦੇ ਭੂਤ ਕੱਢ ਦੇਂਦਾ ਹੈ ਤੇ ਕਿਸੇ ਦਾ ਉਸ ਦੀ ਫੇਸਬੁੱਕ ਵੇਖ ਕੇ ਹੀ ਅਗਲਾ ਪਿਛਲਾ ਹਿਸਾਬ ਦੱਸ ਦੇਂਦਾ ਹੈ।
ਲੋਕਾਂ ਨੂੰ ਵਿਸ਼ਵਾਸ਼ ਹੁੰਦਾ ਹੈ ਕਿ ਬਾਬੇ ਦੀ ਅਲੌਕਿਕਤਾ ਉਨ੍ਹਾਂ ਦੇ ਸ਼ਾਦੀ, ਵਿਆਹ, ਜੀਵਨ, ਮਰਨ ਵਿੱਚ ਮਦਦ ਕਰੇਗੀ। ਸਾਕਾਰ ਹਰੀ ਦੇ ਸਮਾਗਮ ਵਿੱਚ ਮਰਨ ਵਾਲੇ ਅਨੇਕਾਂ ਲੋਕਾਂ ਕੋਲੋਂ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਕਾਰਡ ਜਾਂ ਫੋਟੋਆਂ ਮਿਲੀਆਂ ਹਨ ਜਿਨ੍ਹਾਂ ਵਾਸਤੇ ਬਾਬੇ ਤੋਂ ਅਸ਼ੀਰਵਾਦ ਲੈਣਾ ਸੀ। ਅਮੀਰ ਸ਼ਰਧਾਲੂਆਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਬਾਬੇ ਇੱਕ ਹੋਰ ਹਰਬਾ ਵਰਤਦੇ ਹਨ। ਕਿਉਂਕਿ ਉਨ੍ਹਾਂ ਦੀ ਪਹੁੰਚ ਸਿੱਧੀ ਵੱਡੇ ਨੇਤਾਵਾਂ, ਮੁੱਖ ਮੰਤਰੀਆਂ ‘ਤੇ ਮੰਤਰੀਆਂ ਤੱਕ ਹੁੰਦੀ ਹੈ, ਇਸ ਲਈ ਉਹ ਆਪਣੇ ਭਗਤਾਂ ਲਈ ਸਰਕਾਰੀ ਠੇਕੇ ਲੈਣ, ਨੌਕਰੀ ਪ੍ਰਾਪਤ ਕਰਨ, ਬਦਲੀਆਂ ਅਤੇ ਪੋਸਟਿੰਗ ਆਦਿ ਵਿੱਚ ਮਦਦ ਕਰ ਦੇਂਦੇ ਹਨ। ਪੰਜਾਬ ਪੁਲਿਸ ਦਾ ਇੱਕ ਚੋਟੀ ਦਾ ਅਫਸਰ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਇੱਕ ਪ੍ਰਸਿੱਧ ਬਾਬੇ ਦਾ ਪਰਮ ਭਗਤ ਸੀ। ਉਸ ਦੀ ਵੇਖਾ ਵੇਖੀ ਕਈ ਜੂਨੀਅਰ ਅਫਸਰ ਵੀ ਉਸ ਬਾਬੇ ਦੇ ਗੋਡੇ ਘੁੱਟਣ ਲੱਗ ਪਏ ਤੇ ਉਸ ਅਫਸਰ ਦੇ ਗੁਰ ਭਾਈ ਬਣ ਬੈਠੇ। ਜਦ ਤੱਕ ਉਹ ਅਫਸਰ ਰਿਟਾਇਰ ਨਾ ਹੋਇਆ, ਉਹ ਬਾਬੇ ਦੀ ਕ੍ਰਿਪਾ ਨਾਲ ਮਲਾਈਦਾਰ ਪੋਸਟਾਂ ਦਾ ਸੁੱਖ ਮਾਣਦੇ ਰਹੇ। ਅਜਿਹੇ ਲੋਕਾਂ ਲਈ ਤਾਂ ਬਾਬਾ ਰੱਬ ਦਾ ਰੂਪ ਹੁੰਦਾ ਹੈ ਤੇ ਉਸ ਦੇ ਮੂੰਹੋਂ ਨਿਕਲਿਆ ਹਰ ਸ਼ਬਦ ਇਲਾਹੀ ਹੁਕਮ ਹੁੰਦਾ ਹੈ।
ਸਮਾਗਮਾਂ ਤੋਂ ਇਲਾਵਾ ਇਨ੍ਹਾਂ ਬਾਬਿਆਂ ਦੀਆਂ ਰਿੱਧੀਆਂ, ਸਿੱਧੀਆਂ ਅਤੇ ਚਮਤਕਾਰਾਂ ਬਾਰੇ ਰੱਜ ਕੇ ਮੌਖਿਕ, ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ। ਹਰੀ ਚਟਨੀ, ਲਾਲ ਚਟਨੀ ਤੇ ਸਮੋਸੇ ਆਦਿ ਖਵਾ ਕੇ ਵਿਗੜੇ ਕੰਮ ਸਵਾਰਨ ਵਾਲਾ ਨਿਰਮਲ ਬਾਬਾ, ਬਾਬਾ ਰਾਮਦੇਵ ਅਤੇ ਬਗੇਸ਼ਵਰ ਬਾਬਾ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਦੀ ਹੀ ਪੈਦਾਇਸ਼ ਹਨ। ਲੋਕ ਬਾਬਿਆਂ ਦੀਆਂ ਕਰਤੂਤਾਂ ਬਹੁਤ ਜਲਦੀ ਭੁੱਲ ਜਾਂਦੇ ਹਨ। ਬਹੁਤ ਸਾਲ ਪਹਿਲਾਂ ਝਬਾਲ ਨੇੜੇ ਇੱਕ ਡੇਰੇ ਦਾ ਬਾਬਾ ਬਲਾਤਕਾਰ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਪੁਲਿਸ ਉਸ ਨੂੰ ਡੇਰੇ ਤੋਂ ਲਿਜਾ ਰਹੀ ਸੀ ਤਾਂ ਜਨਾਨੀਆਂ ਭੱਜ ਭੱਜ ਕੇ ਉਸ ਦੇ ਪੈਰਾਂ ਨੂੰ ਚੰਬੜ ਰਹੀਆਂ ਸਨ। ਇਸੇ ਤਰਾਂ ਸਕਾਰ ਹਰੀ ਦੇ ਖਿਲਾਫ ਵੀ ਦੋ ਤਿੰਨ ਸਾਲ ਪਹਿਲਾਂ ਡਰੱਗਜ਼ ਐਂਡ ਰੈਮੀਡੀਜ਼ ਐਕਟ ਅਧੀਨ ਮੁਕੱਦਮਾ ਦਰਜ਼ ਹੋਇਆ ਸੀ। ਉਸ ਨੇ ਆਪਣੇ ਕੁਝ ਮੁਸ਼ਟੰਡੇ ਚੇਲਿਆਂ ਨਾਲ ਇੱਕ ਮ੍ਰਿਤਕ ਲੜਕੀ ਦੇ ਅੰਤਿਮ ਸੰਸਕਾਰ ਸਮੇਂ ਇਹ ਕਹਿ ਕੇ ਖਰੂਦ ਮਚਾਇਆ ਸੀ ਕਿ ਉਹ ਇਸ ਲੜਕੀ ਨੂੰ ਜ਼ਿੰਦਾ ਕਰ ਸਕਦਾ ਹੈ। ਲੋਕ ਅਜੇ ਵੀ ਮੰਨਦੇ ਹਨ ਕਿ ਜੇ ਕਿਤੇ ਪੁਲਿਸ ਦਖਲ ਅੰਦਾਜ਼ੀ ਨਾ ਕਰਦੀ ਤਾਂ ਬਾਬੇ ਨੇ ਉਹ ਲੜਕੀ ਜ਼ਿੰਦਾ ਦੇਣੀ ਸੀ।
ਭਗਤਾਂ ਦਾ ਬਾਬੇ ‘ਤੇ ਅਟੱਲ ਵਿਸ਼ਵਾਸ਼ ਹੁੰਦਾ ਹੈ ਕਿ ਉਹ ਉਨ੍ਹਾਂ ਦੀਆਂ ਮੁਸੀਬਤਾਂ ਹੱਲ ਕਰ ਸਕਦਾ ਹੈ। ਬਾਬੇ ਦੀ ਛੋਹ, ਉਸ ਦੀ ਚਰਨ ਧੂੜੀ, ਫੂਕ ਮਾਰ ਕੇ ਦਿੱਤਾ ਪਾਣੀ ਜਾਂ ਪ੍ਰਸ਼ਾਦ ਉਨ੍ਹਾਂ ਦੇ ਸਾਰੇ ਦੁੱਖ ਦਲਿੱਦਰ ਚੁੱਕ ਦੇਵੇਗਾ। ਸਾਕਾਰ ਹਰੀ ਦੀ ਚਰਨ ਧੂੜ ਲੈਣ ਦੀ ਹੋੜ ਨੇ ਹੀ 125 ਭਗਤਾਂ ਦੀ ਮੁਕਤੀ ਕੀਤੀ ਹੈ। ਇੱਕ ਹੋਰ ਬਹੁਤ ਵੱਡਾ ਪਾਖੰਡ ਚੱਲਦਾ ਹੈ ਕਿ ਬਾਬੇ ਨੇ ਫਲਾਣੇ ਦਾ ਕਸ਼ਟ ਆਪਣੇ ‘ਤੇ ਲੈ ਲਿਆ ਜਿਸ ਕਾਰਨ ਉਹ ਬਿਮਾਰ ਹੋ ਗਿਆ ਹੈ। ਭਾਵੇਂ ਮੁਫਤ ਦਾ ਦੇਸੀ ਘਿਉ ਵੱਧ ਮਾਤਰਾ ਵਿੱਚ ਖਾਣ ਨਾਲ ਬਾਬੇ ਨੂੰ ਮਰੋੜ ਹੀ ਲੱਗੇ ਹੋਣ। 1998 99 ਵਿੱਚ ਮੈਂ ਡੀ.ਐਸ.ਪੀ. ਪਾਇਲ ਸੀ ਤੇ ਉਥੇ ਡੇਰਿਆਂ ਦੀ ਭਰਮਾਰ ਹੈ। ਉਨ੍ਹਾਂ ਡੇਰਿਆਂ ਦੀ ਕੜਕ ਮੜਕ ਵੇਖ ਕੇ ਇੱਕ ਅਣਪੜ੍ਹ ਜਿਹੇ ਬਾਬੇ ਨੇ ਵੀ ਨਹਿਰ ਕਿਨਾਰੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰ ਕੇ ਆਪਣਾ ਡੇਰਾ ਕਾਇਮ ਕਰ ਲਿਆ। ਜੈਸਾ ਬਾਬਾ, ਵੈਸੇ ਹੀ ਬਾਬੇ ਦੇ ਚੇਲੇ ਚਾਟੜੇ ਬਣ ਗਏ। ਇੱਕ ਦਿਨ ਇੱਕ ਚੇਲਾ ਆਪਣੀ ਨਵੀਂ ਖਰੀਦੀ ਨਵੀਂ ਜੀਪ ਵਿੱਚ ਬਾਬੇ ਦੇ ਚਰਨ ਪਵਾਉਣ ਲਈ ਡੇਰੇ ਪਹੁੰਚ ਗਿਆ। ਬਾਬੇ ਨੂੰ ਤਾਂ ਸਕੂਟਰ ਵੀ ਨਹੀਂ ਸੀ ਚਲਾਉਣਾ ਆਉਂਦਾ, ਉਸ ਨੇ ਬਿਨਾਂ ਕੁਝ ਸੋਚੇ ਸਮਝੇ ਡਰਾਈਵਰ ਸੀਟ ‘ਤੇ ਬੈਠ ਕੇ ਸੈਲਫ ਮਾਰ ਦਿੱਤੀ। ਗੱਡੀ ਪਹਿਲਾਂ ਹੀ ਗੇਅਰ ਵਿੱਚ ਪਈ ਹੋਈ ਸੀ। ਬਾਬੇ ਨੇ ਬਰੇਕ ਦੀ ਬਜਾਏ ਰੇਸ ਦੱਬ ਦਿੱਤੀ ਤੇ ਗੱਡੀ ਖਤਾਨਾਂ ਵਿੱਚ ਜਾ ਡਿੱਗੀ। ਚੇਲਿਆਂ ਨੂੰ ਥੋੜ੍ਹੀਆਂ ਬਹੁਤੀਆਂ ਸੱਟਾਂ ਲੱਗੀਆਂ ਪਰ ਬਾਬੇ ਦੀ ਸੱਜੀ ਬਾਂਹ ਟੁੱਟ ਗਈ। ਸਾਰੇ ਪਾਸੇ ਬਾਬੇ ਦੀ ਬੱਲੇ ਬੱਲੇ ਹੋ ਗਈ ਕਿ ਉਸ ਨੇ ਭਗਤ ‘ਤੇ ਆਉਣ ਵਾਲਾ ਕਸ਼ਟ ਆਪਣੇ ‘ਤੇ ਲੈ ਲਿਆ, ਨਹੀਂ ਤਾਂ ਭਗਤ ਦੀ ਕਿਸੇ ਐਕਸੀਡੈਂਟ ਵਿੱਚ ਮੌਤ ਹੋ ਜਾਣੀ ਸੀ।
ਇਥੇ ਬਾਬਾ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ ਅਤੇ ਖਾਲਸਾ ਏਡ ਆਦਿ ਵਰਗੇ ਸੱਚੇ ਲੋਕ ਸੇਵਕ ਵੀ ਹਨ ਤੇ ਲੋਕਾਂ ਦੇ ਦੁੱਖਾਂ ਤੋਂ ਫਾਇਦਾ ਉਠਾਉਣ ਵਾਲੇ ਠੱਗ ਵੀ। ਜਨਤਾ ਨੂੰ ਚਾਹੀਦਾ ਹੈ ਕਿ ਉਹ ਮਨੁੱਖਤਾ ਦੇ ਸੱਚੇ ਸੇਵਕਾਂ ਦੀ ਪਹਿਚਾਣ ਕਰਨ ਅਤੇ ਠੱਗਾਂ ਤੋਂ ਬਚ ਕੇ ਰਹਿਣ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062