ਇੱਕ ਮਿਸ਼ਨਰੀ ਜੀਊੜਾ, ਮਿਸਟਰ ਸਿੰਘ, ਸਰਦਾਰ ਬਹਾਦਰ ਸਿੰਘ (ਸਲੇਮ) ਅਮਰੀਕਾ
ਪੰਜ ਦਰਿਆਵਾਂ ਦੀ ਧਰਤੀ ਦੇ ਜਾਏ ਪੰਜਾਬੀ, ਦੇਸ਼ ਵਿਦੇਸ਼ ਵਿੱਚ ਜਿਧਰ ਕਿਧਰੇ ਵੀ ਰੋਟੀ-ਰੋਜ਼ੀ ਦੀ ਭਾਲ ਵਿੱਚ ਗਏ, ਨਵੀਂਆਂ ਪੈੜਾਂ ਪਾਉਂਦੇ, ਨਵੇਂ ਦਿਸਹੱਦੇ ਸਿਰਜਦੇ, ਆਪਣੀ ਜਨਮ ਭੂਮੀ ਦਾ ਕਰਜ਼ਾ ਚੁਕਾਉਣੋਂ ਕਦੇ ਨਾ ਥਿੜਕੇ। ਪੰਜਾਬ ਦੇ ਪਾਣੀਆਂ ਦੀ ਤਾਸੀਰ ਹੀ ਕੁਝ ਇਹੋ ਜਿਹੀ ਹੈ, ਜਿਹੜੀ ਸੇਵਾ, ਸਰਬਤ ਦੇ ਭਲੇ, “ਕਿਰਤ ਕਰ ਵੰਡ ਛਕ” ਦਾ ਪਾਠ ਪੜ੍ਹਾਉਂਦੀ ਹੈ।
ਬਚਪਨ ਦੇ ਪੰਜ ਵਰ੍ਹੇ ਦੁਆਬੇ ਦੀ ਧਰਤੀ ਦੇ ਕਸਬੇ ਫਗਵਾੜਾ ਦੇ ਇਲਾਕੇ ਬਸੰਤ ਨਗਰ, ਖੇੜਾ ਰੋਡ ‘ਚ ਆਪਣੇ ਮਾਪਿਆਂ ਦੇ ਜੱਦੀ ਘਰ ਖੇਡਦਿਆਂ, ਮਲਦਿਆਂ, 1971 ਤੋਂ ਮਾਤਾ-ਪਿਤਾ ਨਾਲ ਯੂ.ਪੀ. ਚਲੇ ਗਏ। ਇਸ ਨੌਜਵਾਨ ਨੇ ਉਥੇ ਹੀ ਪੜ੍ਹਾਈ ਕੀਤੀ ਅਤੇ 25 ਵਰ੍ਹਿਆਂ ਦੀ ਭਰ-ਜੁਆਨੀ ਉਮਰੇ 1991 ‘ਚ ਅਮਰੀਕਾ ਜਾ ਡੇਰੇ ਲਾਏ। ਜਿਥੇ ਪਹਿਲਾਂ ਕੈਲੇਫੋਰਨੀਆਂ ਪੈਟਰੋਲ ਪੰਪਾਂ, ਸਟੋਰਾਂ ‘ਚ ਨੌਕਰੀ ਕੀਤੀ ਤੇ ਫਿਰ ਆਪਣਾ ਕਾਰੋਬਾਰ ਖੋਲ੍ਹਿਆ ।
ਇਹ ਕਹਾਣੀ ਇੱਕ ਇਹੋ ਜਿਹੇ ਸਖ਼ਸ਼ ਦੀ ਹੈ, ਜਿਹੜੀ ਬਹੁਤੇ ਪੰਜਾਬੀ ਨੌਜਵਾਨਾਂ, ਕਾਰੋਬਾਰੀਆਂ ਦੀ ਹੈ, ਜਿਹੜੇ ਪ੍ਰਵਾਸ ਦੇ ਰਾਹ ਪੈਂਦੇ ਹਨ, ਅੱਤ ਦਰਜੇ ਦੀਆਂ ਮੁਸੀਬਤਾਂ ਸਹਿੰਦੇ ਹਨ, ਪਰਿਵਾਰਾਂ ਤੋਂ ਦੂਰ ਇਕੱਲ ਹੰਢਾਉਂਦੇ ਹਨ ਅਤੇ ਉਹ ਵਰ੍ਹੇ ਜਿਹਨਾ ‘ਚ ਉਹਨਾ ਜ਼ਿੰਦਗੀ ਦਾ ਸੁੱਖ ਮਾਨਣਾ ਹੁੰਦਾ ਹੈ, ਆਪਣੇ ਚੰਗੇਰੇ ਭਵਿੱਖ ਲਈ, ਆਪਣੀ ਅਗਲੀ ਪੀੜ੍ਹੀ ਦੇ ਸੁੱਖ ਅਰਾਮ ਲਈ ਬਿਤਾ ਦਿੰਦੇ ਹਨ।
ਇਹੋ ਕਹਾਣੀ ਉਹਨਾ ਨੌਜਵਾਨਾਂ ਦੀ ਵੀ ਹੈ, ਜਿਹੜੇ ਓਪਰੇ ਸਭਿਆਚਾਰ ‘ਚ , ਉਥੋਂ ਦੀ ਬੋਲੀ ਤੋਂ ਸੱਖਣੇ, ਪੜ੍ਹਾਈ ਤੋਂ ਊਣੇ, ਸਥਾਨਕ ਲੋਕਾਂ ਨਾਲ ਸਾਂਝ ਪਾਉਂਦੇ ਹਨ ਤੇ ਸਫ਼ਲ ਹੁੰਦੇ ਹਨ।
ਪਰ ਇਹੋ ਜਿਹੇ ਲੋਕਾਂ ਤੋਂ ਵੱਖਰੇ ਉਹ ਸਫ਼ਲ ਨੌਜਵਾਨ ਵੀ ਹਨ, ਜਿਹੜੇ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਰਹਿੰਦੇ, ਸਮਾਜ ਭਲਾਈ ਲਈ ਅੱਗੇ ਆਉਂਦੇ ਹਨ, ਲੋਕਾਂ ਦਾ ਦਰਦ ਵੰਡਾਉਂਦੇ ਹਨ ਤੇ ਆਪਣੀ ਜ਼ਿੰਦਗੀ ਉਹਨਾ ਦੇ ਲੇਖੇ ਲਾ ਦਿੰਦੇ ਹਨ।
ਇਹੋ ਜਿਹਾ ਕਰਮੀ ਜੀਊੜਾ, ਕਰਮਯੋਗੀ, ਸਿੱਖ ਧਰਮ ਦੇ ਅਸੂਲਾਂ ਨੂੰ ਪ੍ਰਣਾਇਆ, ਅਮਰੀਕਾ ਦੇ ਸ਼ਹਿਰ ਸਲੇਮ ਵਸਦਾ ਸਰਦਾਰ ਬਹਾਦਰ ਸਿੰਘ ਹੈ ਜਿਸਨੇ ਆਪਣਾ ਪੂਰਾ ਜੀਵਨ ‘ਲੋਕ ਲੇਖੇ’ ਲਾਇਆ ਹੋਇਆ ਅਤੇ ਜੀਵਨ ਦੀ ਵਗਦੀ ਧਾਰਾ ‘ਚ ਗੁਰੂ ਦਾ ਜੱਸ ਖੱਟਦਾ ਆਪਣਾ ਤਨ ਮਨ, ਧਨ ਲੋਕ ਅਰਪਨ ਕਰੀ ਬੈਠਾ ਹੈ।
ਸਿੱਖ ਸੇਵਾ ਫਾਊਂਡੇਸ਼ਨ ਸਟੇਟ (ਅਮਰੀਕਾ) ਦਾ ਬਾਨੀ ਬਹਾਦਰ ਸਿੰਘ ਕਮਿਊਨਿਟੀ ਸੇਵਾ ‘ਚ ਇੰਨੀਆਂ ਕੁ ਪੁਲਾਘਾਂ ਪੁੱਟ ਚੁੱਕਾ ਹੈ ਕਿ ਕਿਸੇ ਵੀ ਦਾਨੀ, ਸਮਾਜ ਸੇਵਕ, ਲੋਕ ਸੇਵਾ ਨੂੰ ਸਪਰਪਿਤ ਸਖ਼ਸ਼ੀਅਤ ਤੋਂ ਉਸਦਾ ਕੱਦ ਬੁੱਤ ਉੱਚਾ ਹੈ। ਗੁਰਬਾਣੀ ਦੇ ਪ੍ਰਚਾਰ, ਪ੍ਰਸਾਰ, ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨਾ, ਲੋੜਵੰਦਾਂ ਲਈ ਖਾਣੇ ਦਾ ਪ੍ਰਬੰਧ, ਆਫ਼ਤਾਂ ਵੇਲੇ ਸਰਕਾਰ ਅਤੇ ਲੋਕਾਂ ਨਾਲ ਖੜਕੇ ਸੇਵਾ ਦੇ ਪ੍ਰਾਜੈਕਟ ਚਲਾਉਣ ਉਸਦੇ ਹਿੱਸੇ ਆਇਆ ਹੈ।
ਦੇਸ਼ ਦੇ ਲਈ ਜਾਨਾਂ ਵਾਰਨ ਵਾਲੇ ਗ਼ਦਰੀ ਬਾਬਿਆਂ ਦੀ ਡਾਕੂਮੈਂਟਰੀ ਤਿਆਰ ਕਰਾਉਣਾ ਉਸਦੇ ਦੇਸ਼ ਪ੍ਰੇਮ ਦੀ ਬਿਹਤਰ ਮਿਸਾਲ ਹੈ। ਆਪਣਿਆਂ ਨੂੰ ਯਾਦ ਰੱਖਣਾ ਅਤੇ ਉਹਨਾ ਲਈ ਕੁਝ ਵੀ ਕਰਨ ਦੀ ਵਿਰਤੀ ਮਨ ‘ਚ ਪਾਲਕੇ ਸ: ਬਹਾਦਰ ਸਿੰਘ ਨੇ ਯੂ.ਪੀ. ਦੇ ਲਖੀਮਪੁਰ ਜ਼ਿਲੇ ਝੀਰਾ ਖੀਰੀ ‘ਚ 150 ਬਿਸਤਰਿਆਂ ਦੇ ਹਸਪਤਾਲ ਦੀ ਉਸਾਰੀ 2012-14 ‘ਚ ਕਰਵਾਈ, ਇਹ ਸੇਵਾ ਅੱਜ ਵਨ ਬੀਟ ਚੈਰੀਟੇਬਲ ਦੇ ਤਿੰਨ ਹਸਪਤਾਲਾਂ ਤੱਕ ਪੁੱਜ ਚੁੱਕੀ ਹੈ,ਜਿਥੇ ਮੁਫ਼ਤ ਇਲਾਜ, ਐਕਸਰੇ, ਸਰਜਰੀ, ਐਮਰਜੈਂਸੀ ਸੇਵਾਵਾਂ ਲਈ ਲੋਕਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਹਰ ਰੋਜ਼ 4 ਤੋਂ 5 ਹਜ਼ਾਰ ਲੋਕ ਇਹਨਾ ਹਸਪਤਾਲਾਂ ‘ਚ ਮੁਫ਼ਤ ਦਵਾਈਆਂ ਇਲਾਜ ਸੇਵਾ ਪ੍ਰਾਪਤ ਕਰਦੇ ਹਨ। ਮੁਫ਼ਤ ਲੰਗਰ ਸੇਵਾ ਨਿਰੰਤਰ ਰਹਿੰਦੀ ਹੈ। ਇਥੇ ਹੀ ਬੱਸ ਨਹੀਂ ਮੈਡੀਕਲ ਸਿੱਖਿਆ ਦੇਣ ਲਈ ਸ:ਬਹਾਦਰ ਸਿੰਘ(ਸਲੇਮ) ਵਲੋਂ ਫਾਰਮੇਸੀ, ਨਰਸਿੰਗ, ਪੈਰਾ ਮੈਡੀਕਲ ਕਾਲਜ ਖੋਲ੍ਹੇ ਗਏ ਹਨ, ਜਿਹੜੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ।
ਕਰਮਭੂਮੀ ਅਮਰੀਕਾ ਦੀ ਔਰਗੇਨ ਸਟੇਟ ‘ਚ ਵਸਦਾ ਬਹਾਦਰ ਸਿੰਘ, ਕਦੇ ਵੀ ਆਪਣੀ ਜਨਮ ਭੂਮੀ ਨੂੰ ਭੁਲਾ ਨਹੀਂ ਸਕਿਆ। ਪੰਜਾਬੀ ਬੋਲੀ, ਪੰਜਾਬੀ ਵਿਰਸੇ, ਨੂੰ ਮਨ ‘ਚ ਸਮੋਈ ਹਰ ਪਲ ਉਹ ਕੁਝ ਇਹੋ ਜਿਹਾ ਕਰਨ ਲਈ ਤਤਪਰ ਰਹਿੰਦਾ ਹੈ, ਜੋ ਉਸਦੇ ਮਨ ਨੂੰ ਸਿਰਫ਼ ਸਕੂਨ ਹੀ ਨਾ ਦੇਵੇ, ਸਗੋਂ ਲੋਕਾਂ ਦੇ ਪੱਲੇ ਵੀ ਕੁਝ ਪਾਵੇ।
ਚਮਕੌਰ ਸਾਹਿਬ(ਪੰਜਾਬ) ਵਿੱਚ ਤਿਆਰ ਕੀਤਾ ਜਾ ਰਿਹਾ ਮਲਟੀਸਪੈਸ਼ਲਿਟੀ ਹਸਪਤਾਲ, ਜੋ ਫਰਵਰੀ 2025 ਤੱਕ ਚਾਲੂ ਹੋਏਗਾ, ਸ:ਬਹਾਦਰ ਸਿੰਘ ਦਾ ਇੱਕ ਇਹੋ ਜਿਹਾ ਪ੍ਰਾਜੈਕਟ ਸਾਬਤ ਹੋਏਗਾ, ਜੋ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਉਸ ਵਲੋਂ ਜ਼ਿੰਦਗੀ ਦੀ ਤਿਲ ਫੁਲ ਸੇਵਾ ਹੋਏਗਾ।ਇਹ ਉਸਦਾ ਦ੍ਰਿੜ ਸੰਕਲਪ ਅਤੇ ਇਰਾਦਾ ਹੈ।
ਸ: ਬਹਾਦਰ ਸਿੰਘ ਦਾ ਕਾਰੋਬਾਰ ਵੱਡਾ ਹੈ। ਆਪਣੇ ਪੂਰੇ ਪਰਿਵਾਰ ਨਾਲ ਉਹ “ਸੈਂਟਰ ਮਾਰਕੀਟ ਗਰੁੱਪ”, ਨਾਮ ਹੇਠ ਗਰੌਸਰੀ, ਡਿਪਾਰਟਮੈਂਟਲ ਸਟੋਰ ਚਲਾ ਰਿਹਾ ਹੈ। ਜਿਸਦੇ ਪੂਰੇ ਦੇਸ਼ ਅਮਰੀਕਾ ਦੇਸ਼ ਭਰ ‘ਚ 45 ਸਟੋਰ ਹਨ। ਦੋ ਭਰਾ, ਉਹਨਾ ਦਾ ਪ੍ਰੀਵਾਰ ਪਤਨੀ, ਦੋ ਲੜਕੇ ਅਤੇ ਇੱਕ ਲੜਕੀ, ਰਿਸ਼ਤੇਦਾਰ ਉਹਨਾ ਦੇ ਕੰਮ ਕਾਰ ‘ਚ ਵਾਧੇ ਅਤੇ ਸਮਾਜ ਸੇਵਾ ‘ਚ ਜੁਟੇ ਰਹਿੰਦੇ ਹਨ। ਉਹਨਾ ਦੇ ਲੜਕੇ, ਲੜਕੀ ਅਮਰੀਕਾ ‘ਚ ਉੱਚ ਸਿੱਖਿਆ ਕਰਕੇ ਆਪੋ-ਆਪਣੇ ਥਾਵੀਂ ਕਾਰਜ਼ਸ਼ੀਲ ਹਨ।
ਸ. ਬਹਾਦਰ ਸਿੰਘ ਸਿੱਖ ਸੇਵਾ ਫਾਉਂਡੇਸ਼ਨ ਦਾ ਚੇਅਰਮੈਨ ਹੈ, ਸੈਂਟਰ ਮਾਰਕੀਟ ਗਰੁੱਪ ਦਾ ਚੇਅਰਮੈਨ ਹੈ, ਵਨ ਬੀਟ ਚੈਰੀਟੇਬਲ ਹਸਪਤਾਲਾਂ ਦੇ ਗਰੁੱਪ ਦਾ ਚੇਅਰਮੈਨ ਹੈ ਅਤੇ ਹੋਰ ਵੀ ਕਈ ਸੰਸਥਾਵਾਂ ਨਾਲ ਜੁੜੀ ਉਹ ਇੱਕ ਵਿਲੱਖਣ ਸਖ਼ਸ਼ੀਅਤ ਹੈ। ਇਹ ਸਖ਼ਸ਼ੀਅਤ ਖ਼ਾਲਸਾ ਪੰਥ ਦੀਆਂ ਸ਼ਾਨਦਾਰ ਰਵਾਇਤਾਂ ਅਤੇ ਵਿਰਾਸਤ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਜਿਸ ਤਨਦੇਹੀ ਨਾਲ ਕੰਮ ਕਰ ਰਹੀ ਸਖ਼ਸ਼ੀਅਤ ਹੈ, ਉਸਦਾ ਕੋਈ ਸਾਨੀ ਨਹੀਂ ਹੈ।
ਅਣਥੱਕ, ਮਿਹਨਤੀ, ਸਿਦਕੀ ਮਿਸ਼ਨਰੀ, ਪਰ ਨਾਲ-ਨਾਲ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਇਹ ਸ਼ਖ਼ਸੀਅਤ ਸ: ਬਹਾਦਰ ਸਿੰਘ।
ਸ: ਬਹਾਦਰ ਸਿੰਘ ਅਮਰੀਕਾ ਵਸਦਾ ਹੈ, ਉਸਦਾ ਆਪਣੀ ਕਰਮਭੂਮੀ ਦੇ ਲੋਕਾਂ ਪ੍ਰਤੀ ਪਿਆਰ ਅਨੂਠਾ ਹੈ। ਉਥੇ ਵਸਦਿਆਂ ਉਹ ਆਪਣੇ ਪੰਜਾਬੀ ਪਿਆਰਿਆਂ ਦੇ ਕੰਮ ਆਉਣ ਦਾ ਯਤਨ ਕਰਦਾ ਹੈ। ਉਹ ਯੂ.ਪੀ.(ਭਾਰਤ) ਵਾਲਿਆਂ ਲਈ ਸਰਦਾਰ ਜੀ ਹੈ। ਆਪਣੀ ਜਨਮ ਭੂਮੀ ਪੰਜਾਬ ਵਾਲਿਆਂ ਲਈ ਛੋਟਾ-ਵੱਡਾ ਭਰਾ ਹੈ, ਭਾਵੇਂ ਕਿ ਅਮਰੀਕਾ ਵਾਲਿਆਂ ਲਈ ਮਿਸਟਰ ਸਿੰਘ ਹੋਵੇਗਾ। ਉਸਦੇ ਮਿਸਟਰ, ਸਰਦਾਰ, ਭਰਾ ਵਾਲੇ ਖਿਤਾਬ, ਇੱਕ ਇਹੋ ਜਿਹੇ ਹਰਮਨ ਪਿਆਰੇ ਪੰਜਾਬੀ ਦਾ ਰੋਸ਼ਨ ਨਾਮ ਹੈ, ਜਿਹਨਾ ਉਤੇ ਪੰਜਾਬੀ ਪਿਆਰਿਆਂ ਨੂੰ ਮਾਣ ਹੈ।
ਸਰਬੱਤ ਦੇ ਭਲੇ ਲਈ ਕਾਰਜ਼ਸ਼ੀਲ ਹੈ ਯੂਨਾਈਟਿਡ ਸਿੱਖ ਮਿਸ਼ਨ ਕੈਲੇਫੋਰਨੀਆ
ਚੰਗੇ ਭਵਿੱਖ ਲਈ, ਪਰ ਕਦੇ-ਕਦੇ ਮਜ਼ਬੂਰੀਆਂ ਕਾਰਨ ਮਨੁੱਖ ਦਾ ਖਾਸਾ ਪ੍ਰਵਾਸ ਹੰਢਾਉਣ ਦਾ ਰਿਹਾ ਹੈ। ਪ੍ਰਵਾਸ ਦੀ ਇਹ ਪ੍ਰਵਿਰਤੀ ਮਨੁੱਖ ਨੂੰ ਦੇਸ਼, ਵਿਦੇਸ਼ ਦੇ ਲੋਕਾਂ ਨਾਲ ਸਾਂਝ ਪਾਉਣ, ਆਪਣਾ ਭਵਿੱਖ ਸੁਆਰਣ, ਨਵੇਂ ਸਭਿਆਚਾਰਾਂ ‘ਚ ਵਿਚਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਪ੍ਰਵਾਸੀ ਮਨੁੱਖ ਨਵੇਂ ਥਾਵਾਂ ‘ਤੇ ਜਾਕੇ ਬਹੁਤ ਕੁਝ ਸਿਖਦਾ ਹੈ, ਤਜ਼ਰਬੇ ਹਾਸਲ ਕਰਦਾ ਹੈ, ਵੱਡੀਆਂ ਪ੍ਰਾਪਤੀਆਂ ਕਰਦਾ ਹੈ, ਪਰ ਜਨਮ ਭੂਮੀ ਨਾਲ ਉਸਦਾ ਲਗਾਅ ਲਗਾਤਾਰ ਰਹਿੰਦਾ ਹੈ ਅਤੇ ਉਹ ਜ਼ਿੰਦਗੀ ਭਰ ਉਸਦਾ ਕਰਜ਼ਾ ਚੁਕਾਉਣ ਲਈ ਤਤਪਰ ਰਹਿੰਦਾ ਹੈ।
ਹਿੰਦੋਸਤਾਨੀ ਪ੍ਰਵਾਸੀਆਂ ਖ਼ਾਸ ਕਰਕੇ ਪੰਜਾਬੀ ਪ੍ਰਵਾਸੀਆਂ, ਜਿਹਨਾ ਜਿਥੇ ਵਿਸ਼ਵ ਦੇ ਵੱਖੋ-ਵੱਖਰੇ ਥਾਵਾਂ ‘ਤੇ ਜਾਕੇ ਬਹੁਤ ਕੁਝ ਹਾਸਲ ਕੀਤਾ, ਉਥੇ ਉਹਨਾ ਆਪਣੇ ਧਰਮ, ਸਭਿਆਚਾਰ, ਬੋਲੀ ਨੂੰ ਜੀਊਂਦੇ ਰੱਖਿਆ। ਉਹ ਇੰਜੀਨੀਅਰ, ਡਾਕਟਰ, ਪ੍ਰੋਫੈਸ਼ਨਲ ਬਣੇ। ਉਹਨਾ ਖੇਤੀ ਅਤੇ ਬਿਜ਼ਨੈਸ ਖ਼ਾਸ ਕਰਕੇ ਟਰੱਕਿੰਗ ‘ਚ ਵਿਸ਼ੇਸ਼ ਉਪਲੱਬਧੀਆਂ ਹਾਸਲ ਕੀਤੀਆਂ। ਸਿਆਸੀ ਖੇਤਰ ‘ਚ ਪੈਰ ਪਸਾਰੇ, ਪਰ ਸਮਾਜ ਸੇਵਾ ‘ਚ ਉਹਨਾ ਗੁਰੂਆਂ ਦੇ ਦੱਸੇ ਰਸਤੇ ‘ਤੇ ਚਲਦਿਆਂ ਵੱਡੇ ਮਾਅਰਕੇ ਮਾਰੇ।
ਇਸੇ ਸਦਕਾ ਪਿਛਲੇ ਚਾਰ -ਪੰਜ ਦਹਾਕਿਆਂ ਤੋਂ ਪ੍ਰਵਾਸੀ ਪੰਜਾਬੀਆਂ ਆਪਣੇ ਦੇਸ਼ ਪੰਜਾਬ ਅਤੇ ਆਪਣੇ ਪਿੰਡਾਂ, ਸ਼ਹਿਰਾਂ ਲਈ ਉਹਨਾ ਦੇ ਬੁਨਿਆਦੀ ਢਾਂਚੇ ‘ਚ ਉਸਾਰੀ ਲਈ ਵਿਸ਼ੇਸ਼ ਯੋਗਦਾਨ ਪਾਇਆ, ਹਸਪਤਾਲ, ਸਕੂਲ, ਸਟੇਡੀਅਮ, ਜੰਜ ਘਰ ਆਦਿ ਉਸਾਰੇ, ਲੋੜਵੰਦ ਲੜਕੀਆਂ ਦੇ ਵਿਆਹਾਂ, ‘ਚ ਯੋਗਦਾਨ ਪਾਇਆ। ਸਕੂਲ, ਕਾਲਜਾਂ ਦੇ ਵਿਦਿਆਰਥੀ ਲਈ ਫ਼ੀਸਾਂ ਅਦਾ ਕਰਕੇ ਉਹਨਾ ਨੂੰ ਪੜ੍ਹਾਇਆ। ਪਰ ਕੁਝ ਇੱਕ ਸੰਸਥਾਵਾਂ ਨੇ ਵਿਲੱਖਣ ਸੇਵਾ ਕਰਦਿਆਂ ਪੰਜਾਬ ‘ਵ ਵਧ ਰਹੇ ਕੈਂਸਰ ਅਤੇ ਅੱਖਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਭਰਪੂਰ ਉਪਰਾਲੇ ਕੀਤੇ।
ਇਹੋ ਜਿਹੀਆਂ ਸੰਸਥਾਵਾਂ ਵਿਚੋਂ ਇੱਕ ਯੂਨਾਈਟਿਡ ਸਿੱਖ ਮਿਸ਼ਨ ਸੰਸਥਾ ਹੈ, ਜਿਸ ਦੇ ਆਗੂਆਂ ਨੇ ਭਰਪੂਰ ਯਤਨ ਕਰਕੇ ਪੰਜਾਬ ਦੇ ਪਿੰਡਾਂ ‘ਚ ਵੱਡੀ ਪੱਧਰ ਉਤੇ ਕੰਮ ਕੀਤਾ ਹੈ। ਹਜ਼ਾਰਾਂ ਵਿਅਕਤੀਆਂ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਪਰਤਾਈ ਅਤੇ ਬੁਢਾਪੇ ‘ਚ ਨਿਆਸਰੇ ਲੋੜਬੰਦ ਬਜ਼ੁਰਗਾਂ ਦੀਆਂ ਅੱਖਾਂ ‘ਚ ਲੈੱਨਜ਼ ਪਾਉਣ ਦੀ ਸੇਵਾ ਨਿਭਾਈ।
ਯੂਨਾਈਟਿਡ ਸਿੱਖ ਮਿਸ਼ਨ ਕੈਲੇਫੋਰਨੀਆ ਯੂਐਸਏ ਦਾ ਮੁੱਖ ਉਦੇਸ਼ ਅੱਖਾਂ ਦੇ ਅਪਰੇਸ਼ਨ ਅਤੇ ਅੱਖਾਂ ਦੇ ਚੈੱਕਅੱਪ ਕੈਂਪ ਲਾਉਣਾ ਹੈ। ਸਾਲ 2023 ‘ਚ ਕੁਲ ਮਿਲਾਕੇ ਦਸ ਹਜ਼ਾਰ ਤੋਂ ਵਧ ਲੋਕਾਂ ਦੀਆਂ ਅੱਖਾਂ ਦੇ ਚੈੱਕ ਅੱਪ ਕਰਵਾਏ ਗਏ। ਸਾਲ 2024 ਵਿੱਚ ਵੀ ਇਹ ਕਾਰਜ ਨਿਰਵਿਘਨ ਜਾਰੀ ਹੈ।
ਯੂਨਾਈਟਿਡ ਸਿੱਖ ਮਿਸ਼ਨ ਅੱਖਾਂ ਦੇ ਕੈਂਪ ਲਗਾਕੇ ਪੰਜਾਬ ਦੇ ਬਜ਼ੁਰਗਾਂ, ਲੋੜਬੰਦਾਂ ਦੀ ਸਹਾਇਤਾ ਲਈ ਕਾਰਜਸ਼ੀਲ ਹੈ, ਕਿਉਂਕਿ ਪੰਜਾਬ ਦੇ ਲੋਕ ਅੱਖਾਂ ਪ੍ਰਤੀ ਖ਼ਾਸ ਤੌਰ ‘ਤੇ ਅਵੇਸਲੇ ਹਨ, ਇਸੇ ਕਰਕੇ ਇੱਕ ਡੂੰਘੀ ਸੋਚ ਮਨ ‘ਚ ਰੱਖਦਿਆਂ ਇਸ ਸੰਸਥਾ ਦੇ ਮੈਂਬਰਾਂ ਨੇ ਰਸ਼ਪਾਲ ਸਿੰਘ ਢੀਂਡਸਾ, ਵਰਿੰਦਰ ਕੌਰ ਸੰਘਾ, ਗੁਰਪਾਲ ਸਿੰਘ ਢੀਂਡਸਾ, ਰਣਜੀਤ ਸਿੰਘ, ਬਿੰਦਰ ਸਿੰਘ ਢਿਲੋਂ, ਬਲਵਿੰਦਰ ਸਿੰਘ ਬੜੈਚ ਅਤੇ ਹੋਰਨਾਂ ਦੀ ਅਗਵਾਈ ਵਿੱਚ ਇਸ ਸਬੰਧ ਵਿੱਚ ਵਡੇਰੇ ਕਦਮ ਪੁੱਟੇ। ਇਸ ਸੰਸਥਾ ਵਲੋਂ ਦੋ ਦਹਾਕਿਆਂ ਵਿੱਚ 250 ਤੋਂ ਵੱਧ ਅੱਖਾਂ ਦੇ ਕੈਂਪ ਪਿਛਲੇ ਪੰਜਾਂ ਸਾਲਾਂ ਵਿੱਚ ਅਤੇ 600 ਤੋਂ ਵੱਧ ਕੈਂਪ ਪਿਛਲੇ 19 ਸਾਲਾਂ ਵਿੱਚ ਲਗਾ ਚੁੱਕੀ ਹੈ, ਜਿਸ ਤੋਂ 3 ਲੱਖ ਤੋਂ ਵਧ ਲੋਕਾਂ ਨੇ ਫਾਇਦਾ ਲਿਆ ਹੈ। ਅੱਖਾਂ ਦੇ ਸਰਜਰੀ ਕਰਕੇ ਲੈੱਨਜ਼ ਹੀ ਨਹੀਂ ਪਾਏ ਗਏ, ਸਗੋਂ ਉਹਨਾ ਨੂੰ ਮੁਫਤ ਦਵਾਈਆਂ, ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ।
ਕੈਲੇਫੋਰਨੀਆ ਦੀ ਯੂਨਾਈਟਿਡ ਸਿੱਖ ਮਿਸ਼ਨ ਇੱਕ ਗੈਰ-ਸਰਕਾਰੀ ਅੰਤਰਰਾਸ਼ਟਰੀ ਸੰਸਥਾ ਹੈ, ਜੋ ਸਿਹਤ, ਸਿੱਖਿਆ, ਵਾਤਾਵਰਨ ਅਤੇ ਮਨੁੱਖੀ ਵਿਕਾਸ ਲਈ ਬਚਨਬੱਧਤਾ ਦੇ ਨਾਲ ਕੰਮ ਕਰਦੀ ਹੈ। ਇਹ ਸੰਸਥਾ ਅਮਰੀਕਾ ਵਿੱਚ ਵੱਖੋ-ਵੱਖਰੇ ਦੇਸ਼ਾਂ ‘ਚ ਕੰਮ ਕਰਨ ਲਈ ਚੈਰੀਟੇਬਲ ਸੁਸਾਇਟੀ ਵਲੋਂ ਰਜਿਸਟਰਡ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਜਿਥੇ ਸਿਹਤ ਸੰਭਾਲ ਖ਼ਾਸ ਕਰਕੇ ਅੱਖਾਂ ਦੀ ਸੰਭਾਲ ਮੁੱਖ ਤੌਰ ‘ਤੇ ਹੈ ਉਥੇ ਸੰਸਥਾਂ ਵਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਸਾਲ 2021 ਵਿੱਚ ਰਸ਼ਪਾਲ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਵਿੱਚ 1.2 ਮੈਗਾਵਾਟ ਦੇ ਸੋਲਰ ਸਿਸਟਮ ਲਗਾਏ ਗਏ, ਜਿਸ ਨਾਲ ਸਾਫ਼-ਸੁਥਰਾ ਵਾਤਾਵਰਨ ਬਣਾਉਣ ਵਿੱਚ ਤਾਂ ਫ਼ਾਇਦਾ ਹੋਇਆ ਹੀ ਪਰ ਨਾਲ ਦੀ ਨਾਲ ਬਿਜਲੀ ਖਪਤ ਅਤੇ ਖ਼ਰਚ ਵੀ ਘਟਿਆ।
ਇਸ ਸੰਸਥਾ ਦੇ ਕੰਮਾਂ ਅਤੇ ਭਵਿੱਖ ਯੋਜਨਾ ਬਾਰੇ ਜਦੋਂ ਪ੍ਰਧਾਨ ਰਸ਼ਪਾਲ ਸਿੰਘ ਢੀਂਡਸਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਦੱਸਿਆ ਕਿ ਉਹਨਾ ਦੀ ਯੋਜਨਾ ਪੰਜਾਬ ਦੇ ਹਰ ਪਿੰਡਾਂ ਵਿੱਚ ਅੱਖਾਂ ਦੇ ਮਿਸ਼ਨ ਨੂੰ ਲੈ ਕੇ ਪਹੁੰਚਣ ਦੀ ਹੈ। ਉਹਨਾ ਨੇ ਇਹ ਵੀ ਕਿਹਾ ਕਿ ਅਮਰੀਕਾ ਵਸਦੇ ਪ੍ਰਵਾਸੀ ਵੀਰਾਂ ਵਲੋਂ ਉਹਨਾ ਦੀ ਸੰਸਥਾ ਨੂੰ ਇਸ ਕਾਰਜ ਵਿੱਚ ਵਿਸ਼ੇਸ਼ ਸਹਿਯੋਗ ਮਿਲਦਾ ਹੈ ਕਿਉਂਕਿ ਲੋਕ ਆਪਣੇ-ਆਪਣੇ ਪਿੰਡਾਂ ਵਿੱਚ ਅੱਖਾਂ ਦੇ ਕੈਂਪ ਲਗਵਾ ਕੇ ਉਹਨਾ ਨੂੰ ਮੁਫ਼ਤ ਸਹੂਲਤਾਂ ਦੇਣ ਲਈ ਯੋਗਦਾਨ ਪਾਉਂਦੇ ਹਨ। ਉਹਨਾ ਦੱਸਿਆ ਕਿ ਉਹਨਾ ਦਾ ਮਿਸ਼ਨ ਪੰਜਾਬ ਦੇ ਹਰ ਪਿੰਡ ਵਿੱਚ ਪਹੁੰਚਣ ਦਾ ਹੈ ਅਤੇ ਸਾਲ ਦਰ ਸਾਲ ਉਹਨਾ ਦੀ ਸੰਸਥਾ ਅੱਖਾਂ ਦੇ ਕੈਂਪ ਲਗਾਉਣ ‘ਚ ਵਾਧਾ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ। ਰਸ਼ਪਾਲ ਸਿੰਘ ਢੀਂਡਸਾ ਅਤੇ ਉਹਨਾ ਦੀ ਟੀਮ ਦਾ ਸੁਪਨਾ ਪੰਜਾਬ ਵਿੱਚ ਇੱਕ ਵੱਡਾ ਸੁਪਰਸਪੈਸ਼ਲਿਟੀ ਹਸਪਤਾਲ ਬਣਾਉਣ ਦਾ ਹੈ, ਜਿਥੇ ਮਾਡਰਨ ਸੁਵਿਧਾਵਾਂ ਤਾਂ ਪ੍ਰਦਾਨ ਕੀਤੀਆਂ ਹੀ ਜਾਣਗੀਆਂ ਸਗੋਂ ਮਾਹਰ ਡਾਕਟਰ ਦੀ ਸੇਵਾ ਵੀ ਲਈ ਜਾਵੇਗੀ।
-ਗੁਰਮੀਤ ਸਿੰਘ ਪਲਾਹੀ
-9815802070