”ਇਨਹੀ ਕੀ ਕਿਰਪਾ ਸੇ ਸਜੇ ਹਮ ਹੈਂ,
ਨਹੀਂ ਮੋਹ ਸੇ ਗਰੀਬ ਕਰੋਰ ਪਰੇ॥੨॥
ਵਿਸਾਖੀ ਪੰਜਾਬ ਦੇ ਸਭਿਆਚਾਰਕ ਬਿੰਬ ਨੂੰ ਉਭਾਰਦੀ, ਨਿਖਾਰਦੀ, ਸੁਆਰਦੀ, ਪਸਾਰਦੀ ਹੈ। ਕਿਸਾਨ ਦੇ ਮੱਥੇ ਦੀਆਂ ਲਕੀਰਾਂ ਨੂੰ ਸੋਨ-ਰੰਗੀ ਕਰਦੀ ਹੈ। ਪੰਜਾਬ, ਪੰਜਾਬੀ, ਪੰਜਾਬੀਆਤ ਦੇ ਖਿੜਾ ਨੂੰ ਬਾਹਵਾਂ ਚੁੱਕ ਕੇ ਉਡਾਰੀ ਭਰਦੀ ਮਹਿਸੂਸ ਹੁੰਦੀ ਹੈ।
ਵਿਸਾਖੀ ਅਤੇ ਖਾਲਸੇ ਦੇ ਸਾਜਨਾ ਦਿਵਸ ਨੂੰ ਦੋ ਅਲੱਗ ਅਲੱਗ ਸੋਚਾਂ ਨਾਲ ਤੁਰਨਾ ਪਵੇਗਾ। ਦੋਵੇ ਸੋਚਾਂ ਹੀ ਸਮਾਨ ਅੰਤਰ ਬਰਾਬਰ ਆਪਣੇ ਆਪਣੇ ਅਕੀਦੇ ਦੀ ਪੂਰਤੀ ਕਰਦੀਆਂ ਅੱਗ ਵੱਧਦੀਆਂ ਹਨ। ਇੱਕੋ ਭਗੋਲਿਕ ਖਿੱਤੇ ਦੀ ਤਰਜਮਾਨੀ ਕਰਦੀਆਂ ਹੋਈਆਂ ਆਪਣੇ ਹਾਵ ਭਾਵਾਂ ਨੂੰ ਬੰਨਦੀਆਂ ਹਨ। ਵਿਸਾਖੀ ਦੇ ਦਿਹਾੜੇ, ਰੱਬ ਰੂਪੀ ਕਿਸਾਨ ਦੇ ਇਕ ਆਸ ਨੂੰ ਫਲ ਪਾ੍ਪਤੀ ਵੇਲੇ ਖੁਸ਼ੀ ਦੇ ਇਜ਼ਹਾਰ ਨੂੰ ਰੂਪਾਂਤਰ ਕਰਦੀ ਹੈ। ਆਪਣੀ ਔਲਾਦ ਵਾਂਗ ਵੱਧਦੀ ਫਸਲ ਵੇਖ ਕਿਸਾਨ ਦੇ ਅੰਦਰੂਨੀ ਖੁਸ਼ੀ ਖੇੜੇਆਂ ਦੀ ਇਕ ਛਿਮਾਹੀ ਵੰਣਗੀ ਹੈ। ਕਿਸਾਨ ਦੀ ਫਸਲ ਦਾ ਪਹਿਲਾ ਪੀਪਾ ਜਾਂ ਬੋਰੀ ਗੁਰੂਘਰ ਦੇ ਨਾਂ ਤੇ ਵੱਖਰਾ ਰੱਖਣਾ ਉਸ ਦੇ ਅਸੀਮ ਰੱਜੇ ਇੰਨਸਾਨ ਦੀ ਨਿਸ਼ਾਨੀ ਹੈ। ਭੁੱਖੇ ਨੂੰ ਰੱਜ ਕੇ ਸੌਣ ਦੇ ਹਾਮੀ ਦਾ ਸੰਬੋਲਿਕ ਦਿਹਾੜਾ ਹੈ। 13 ਮਾਰਚ ਨੂੰ ਸਿੱਖ ਕਲੰਡਰ ਦੀ ਸ਼ੁਰੂਆਤ ਦਾ ਪਹਿਲਾ ਵੱਡਾ ਤਿਉਹਾਰ ਹੈ। ਬਹੁਤ ਵੱਡੀ ਮਹੱਤਤਾ ਵਾਲੇ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਗੰਧਲਾ ਰੂਪ ਪੇਸ਼ ਕੀਤਾ ਜਾ ਰਿਹਾ ਹੈ। ਭਾਵੇ ਭਾਰਤ ਵਿੱਚ ਹਰ ਤਿਉਹਾਰ ਨੂੰ ਮਨਾਉਣਾ ਉਸ ਦੇ ਅਸਲ ਮੂਲ ਤੋ ਪਿਛਾੜਿਆ ਜਾ ਰਿਹਾ ਹੈ। ਪਰ ਖਾਸ ਕਰਕੇ ਵਿਸਾਖੀ ਅਤੇ ਖਾਲਸੇ ਦੇ ਸਿਰਜ਼ਨਾਂ ਦਿਹਾੜੇ ਉਪਰ ਜੂਆ, ਸ਼ਰਾਬਾਂ ਕਬਾਬਾਂ ਸਮੇਤ ਅਨੇਕਾਂ ਹੋਰ ਗੈਰ-ਸਭਿਅਕ ਕੰਮਾਂ ਵਿੱਚ ਵਾਧਾ ਹੋ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਜੀ ਵੱਲੋ ਇਸ ਦਿਹਾੜੇ ਨੂੰ ਸਿੱਖੀ ਦੇ ਪਹਿਲੇ ਗੁਰੂ ਜਾਮੇ ਤੋ ਲੈ ਕੇ ਗੁਰੂ ਗ੍ੰਥ ਸਾਹਿਬ ਦੀ ਰਹਿਨੁਮਾਈ ਹੇਠ ਜਨਮ ਦਿਹਾੜੇ ਵੱਜੋ ਸ਼ੁਰੂਆਤ ਕਰਨਾ ਸੀ। ਗੁਰੂ ਸਾਹਿਬ ਵੱਲੋ ਖਾਲਸੇ ਦੀ ਸਥਾਪਨਾ ਦਾ ਟੀਚਾ ਧਰਮ ਅਤੇ ਧਾਰਮਿਕਤਾ ਦੇ ਅਦਰਸ਼ਾ ਲਈ ਪੂਰੇ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੇ ਸਾਜ਼ਨਾ ਦਿਵਸ ਲਈ ਇਸੇ ਦਿਹਾੜੇ ਨੂੰ ਚੁਣ ਕੇ ” ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ੰਥ ” ਦੇ ਹੁਕਮ ਨਾਲ ਦੂਜੀਆਂ ਕੌਮਾਂ ਦੇ ਬਰਾਬਰ ਇਕ ਵਿਲੱਖਣਤਾ ਨੂੰ ਪੇਸ਼ ਕਰਦੀ ਸਿੱਖ ਕੌਮ ਨੂੰ ਸਰਬੱਤ ਦਾ ਭਲਾ ਕਰਨ ਲਈ ਸੰਦੇਸ਼ ਦਿੱਤਾ। ਗਰੀਬ ਗੁਰਬੇ, ਦੱਬੇ ਕੁਚਲੇ, ਨਿਆਸਰੇ, ਨਿਥਾਂਵੇਆਂ ਨੂੰ ਜਾਤੀ ਵਿਤਕਰੇ ਰਹਿਤ ਕਿਰਤ ਕਰੋ, ਨਾਮ ਜੱਪੋ, ਵੰਡ ਛੱਕੋ ਦਾ ਸਿਧਾਂਤ ਬਖਸ਼ਿਆ। ਜਿਸ ਵਿੱਚ ਨਿਰਭਉ, ਨਿਰਵੈਰਤਾ ਨਾਲ ਉਤਮ ਜੀਵਨ ਬਸਰ ਕਰਨ ਦੀ ਇਕਲਾਖੀ ਰਹਿਣੀ ਬਹਿਣੀ ਦਾ ਮੁਦਈ ਬਣਾਇਆ। ਗੁਰੂ ਸਾਹਿਬ ਨੇ ਆਪਣੇ ਇੰਨਸਾਨੀ ਜਾਮੇ ਵਿੱਚ ਹਰ ਪੱਖ ਤੋ ਇਕ ਮਨੂੱਖ ਨੂੰ ਸਮਰੱਥ ਬਣਾਉਣ ਲਈ ਆਪਣੇ ਵੱਖ ਵੱਖ ਰੂਪਾਂ ਵਿੱਚ ਵਿਆਕਤੀਗਤ ਉਦਾਹਰਣਾ ਦੇਣ ਲਈ ਆਪਣੀ ਜੀਵਨ ਦੀਆਂ ਕੁਰਬਾਨੀਆਂ ਤੱਕ ਦਿੱਤੀਆਂ। ਬਹੁਤ ਵੱਡਾ ਅਤੇ ਔਖਾ ਕੌਮੀ ਸਫਰ ਰਿਹਾ ਹੈ। ਅੱਜ ਵੀ ਕੌਮੀ ਮਾਰਗ ਦੇ ਪੈਂਡੇ ਔਖੀਆਂ ਰਾਹਾਂ ਤੇ ਹਨ। ਧਰਮ ਉਪਰ ਰਾਜਨੀਤੀ ਦਾ ਕੁੰਡਾ ਹੋ ਗਿਆ ਹੈ। ਜਿਸ ਨਾਲ ਨਿਘਾਰਤਾ ਵਧੀ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਗੁਰਬਾਣੀ ਦੀ ਰਚਨਾ ਕੀਤੀ। ਫਾਰਸੀ ਵਿੱਚ ਲਿਖਿਆ ਜ਼ਫਰਨਾਮਾ ਉਹਨਾਂ ਦੀ ਮੂਗਲੀਆ ਸਲਤਨਤ ਨੂੰ ਵੰਗਾਰਦੀ ਉਤਮ ਰਚਨਾ ਸੀ। ਯੁੱਧ, ਧਰਮ, ਨੈਤਿਕਤਾ ਅਤੇ ਨਿਆਂ ਅਧਾਰਿਤ ਲਿਖਿਆ ਜ਼ਫਰਨਾਮਾ ਔਰੰਗਜੇਬ ਦੀ ਜ਼ਮੀਰ ਨੂੰ ਹਲੂਣਾ ਦੇ ਗਿਆ। ਕਲਮ ਦੀ ਤਾਕਤ ਦਾ ਸਾਨੂੰ ਅੰਦਾਜ਼ਾ ਲੱਗ ਜਾਣਾ ਚਾਹਿਦਾ ਹੈ ਕਿ ਕਿਸੇ ਧਰਮ, ਸਭਿਆਚਾਰ ਵਿੱਚ ਲਿਖਣਾ ਅਤੇ ਪੜਣਾ ਕਿਨਾਂ ਮਹੱਤਵ ਰੱਖਦਾ ਹੈ।
ਬਵੰਜ਼ਾ ਕਵੀਆਂ ਦਾ ਸਾਹਿਤਕ ਮੰਡਲ ਉਹਨਾਂ ਦੇ ਦਰਬਾਰ ਦਾ ਸ਼ਿੰਗਾਰ ਸੀ। ਗੁਰੂ ਸਾਹਿਬ ਨੇ ਜਿੰਨਾਂ ਸਿੱਖੀ ਨੂੰ ਸ਼ਬਦ ਨਾਲ ਜੋੜਿਆ ਗਿਆ। ਉਹ ਉਹਨਾਂ ਹੀ ਪੜਣ, ਲਿਖਣ ਤੋ ਦੂਰ ਹੋ ਗਿਆ। ਸ਼ਬਦ, ਅੱਖਰ ਤੋ ਬਣਾਈ ਦੂਰੀ ਆਪਣੇ ਆਪ ਤੋ ਮੁਨਕੱਰ ਹੋਣ ਬਰਾਬਰ ਹੈ। ਸਿੱਖ ਧਰਮ ਦੀ ਵਿਕਾਸ ਅਤੇ ਪਸਾਰ ਬਿਰਤੀ ਸੱਭ ਧਰਮਾਂ ਤੋ ਵੱਖਰੀ ਸਹਿਜ ਅਵਸਥਾ ਹੈ ਜੋ ਬਹੁਤ ਸੂਖਮਤਾ ਨਾਲ ਫੈਲਦੀ ਹੈ। ਅਤੇ ਆਪਣੇ ਮੂਲ ਅਧਾਰ ਦੇ ਆਲੇ ਦੁਆਲੇ ਰਹਿੰਦੀ ਹੈ। ਕਿੰਨੀ ਵੀ ਵਿਗਿਆਨ ਦਾ ਪਸਾਰਾ ਬਣ ਜਾਵੇ। ਪਰ ਗੁਰਬਾਣੀ ਵਿੱਚ ਸਦੀਆਂ ਪਹਿਲਾਂ, ਪਤਾਲਾਂ ਪਤਾਲ ਲੱਖ ਅਗਾਸਾਂ ਦੀ ਰੂਹਾਨੀ ਖੋਜ਼ ਦਰਜ਼ ਹੈ।
ਧਰਮਾਂ, ਕੌਮਾਂ ਉਪਰ ਸਮੇ ਸਮੇ ਸੰਕਟ ਦੇ ਬੱਦਲ ਛਾ ਜਾਦੇ ਹਨ। ਦੁਨਿਆਵੀ ਪਦਾਰਥੀ ਝੱਖੜਾ ਦਾ ਬੋਲਬਾਲਾ ਵੱਧ ਜਾਦਾ ਹੈ ਕੁਝ ਸਮਾਂ ਇਵੇ ਦਾ ਵੀ ਆਇਆ ਕਿ ਸਾਰੀ ਸਿੱਖ ਕੌਮ ਖਤਮ ਹੋ ਗਈ ਦੇ ਐਲਾਨ ਵੀ ਹੋ ਗਏ। ਕੁਝ ਕੁ ਹਜ਼ਾਰਾ ਦੀ ਗਿਣਤੀ ਹੀ ਰਹਿ ਗਈ। ਪਰ ਭਾਈ ਗਰਜ਼ਾ ਸਿੰਘ, ਭਾਈ ਬੋਤਾ ਸਿੰਘ ਨੇ ਲਕੀਰ ਖਿੱਚ ਕੇ ਲਾਏ ਨਾਕਿਆ ਨਾਲ ਆਪਣੀ ਹੋਂਦ ਨੂੰ ਦਰਸਾਉਦੀਆਂ ਮਿਸਾਲਾਂ ਕਾਇਮ ਹੋਈਆਂ। ਇਸ ਕੌਮ ਦਾ ਸੱਭ ਤੋ ਵੱਧ ਨਰਸੰਘਾਰ ਹੋਇਆ ਜੋ ਲਗਾਤਾਰ ਬਦਲਵੇਂ ਰੂਪ ਜਾਰੀ ਹੈ ਪਰ ਸਿੱਖਾਂ ਦੀ ਜਿਉਣ ਸਕਤੀ ਦਾ ਸੋਮਾਂ ਗੁਰੂ ਗ੍ੰਥ ਸਾਹਿਬ ਜੀ ਦੇ ਸਿਧਾਂਤ ਵਿੱਚ ਪਿਆ ਹੈ ਜੋ ਇਸ ਦੇ ਪਸਾਰ ਨੂੰ ਰੋਕਣ ਦੇ ਯਤਨਾਂ ਨੂੰ ਰੋਕਦੀ ਹੀ ਨਹੀ ਸਗੋ ਨੰਗਾ ਵੀ ਕਰਦੀ ਹੈ। ਵਿਸ਼ਵ ਦੇ ਸਭ ਤੋਂ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਧਰਮਾਂ ਵਿੱਚੋਂ ਇੱਕ ਸਿੱਖ ਧਰਮ ਹੈ। ਦੁਨਿਆਂ ਦੇ ਸੱਭ ਧਰਮਾਂ ਵਿੱਚੋ ਸਰਬੱਤ ਦੇ ਭਲੇ ਦੀ ਅਰਦਾਸ ਦਾ ਅਲੰਮਦਾਰੀ ਧਰਮ ਹੈ।
ਗੁਰੂ ਜੀ ਵੱਲੋਂ ਪੰਜ ਪਿਆਰਿਆਂ ਦੇ ਸਿਰ ਮੰਗਣਾ ਧਰਮ ਦੀਆਂ ਨੀਹਾਂ ਨੂੰ ਪੱਕੇ ਪੈਰੀ ਕਰਨਾ ਸੀ।
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥”
ਮਰਨਾ ਕੁਦਰਤੀ ਵਰਤਾਰਾ ਹੈ ਜੋ ਸ਼ੁਰੂ ਜਨਮ ਤੋ ਹੁੰਦਾ ਹੈ ਅਤੇ ਖਤਮ ਮੌਤ ਨਾਲ ਹੋਣਾ ਹੈ। ਮਨੁੱਖੀ ਕਦਰਾਂ ਕੀਮਤਾਂ ਉਸ ਨਿਰਭਉ ਨਿਰਵੈਰ ਦੇ ਸੰਕਲਪ ਵਿੱਚੋ ਪੈਦਾ ਹੋਈਆਂ ਹਨ। ਧਰਮ ਦੀ ਸਾਦਗੀ ਸਮੇ ਨਾਲ ਆਪਣੀਆਂ ਲੋੜ ਅਨੁਸਾਰ ਵਿਕਾਸ, ਪਸਾਰ ਨਾਲ ਮੂਲ ਸਿਧਾਂਤ ਤੋ ਪਰਾਂਹ ਨਹੀ ਹੁੰਦੀ।
ਗੁਰੂ ਗੋਬਿੰਦ ਸਿੰਘ ਜੀ ਨੇ ਪਹੁਲ ਛਕਾਉਣ ਵੇਲੇ ਕਿਹਾ,”
ਖ਼ਾਲਸਾ ਮੇਰੋ ਰੂਪ ਹੈ ਖ਼ਾਸ ਖ਼ਾਲਸੇ ਮਹਿ ਹੌ ਕਰੌ ਨਿਵਾਸ ॥
ਅਤੇ “ਖ਼ਾਲਸਾ ਗੁਰੂ ਹੈ ਅਤੇ ਗੁਰੂ ਖ਼ਾਲਸਾ ਹੈ।”
ਗੁਰੂ ਜੀ ਆਪ ਪੰਜ ਪਿਆਰੇ ਸਾਹਿਬਾਨ ਤੋ ਅਮਿ੍ੰਤ ਛੱਕ ਕੇ ਊਚ-ਨੀਚ, ਗੁਰੂ-ਚੇਲੇ ਦਾ ਵਿਖਰੇਵਾਂ ਖਤਮ ਕਰਦੇ ਹਨ। ਆਪਣੇ ਸਜ਼ੇ ਹੋਏ ਖਾਲਸਾ ਲਈ ਹੁਕਮ ਵੀ ਮੂਕੱਰਰ ਕਰਦੇ ਹਨ,
ਜਬ ਇਹ ਗਹੈ ਬਿਪ੍ਰਨ ਕੀ ਰੀਤ।।
ਮੈਂ ਨ ਕਰਉਂ ਇਨਕੀ ਪ੍ਰਤੀਤ।।
ਗੁਰੂ ਜੀ ਬਿਪਰਵਾਦ ਦਾ ਵਿਰੋਧ ਕਰਦੇ ਹਨ। ਇਸ ਲਈ ਗੁਰੂ ਦੇ ਸਿੱਖ ਵਿੱਚ ਮਨੁੱਖਤਾ ਦੇ ਹਿੱਤ ਪੂਰਤੀ ਲਈ ਦਵੈਸ਼ ਭਾਵਨਾ, ਭਿੰਨ ਭੇਦ, ਵਿਤਕਰਾ ਦੇ ਮੁਹਾਂਦਰੇ ਨੂੰ ਨਕਾਰਿਆ। ਇਸੇ ਲਈ ਗੁਰੂ ਜੀ ਨੇ ਆਪਣੀ ਸਰਵਿਆਪੀ ਹੋਂਦ ਨੂੰ ਹਰ ਸਿੱਖ ਵਿੱਚ ਮੌਜੂਦ ਦੱਸਿਆ।
“ਖ਼ਾਲਸਾ ਮੇਰੋ ਰੂਪ ਹੈ ਖ਼ਾਸ ਖ਼ਾਲਸੇ ਮਹਿ ਹੌ ਕਰੌ ਨਿਵਾਸ॥”
ਆਉ ਸਾਰੀ ਦੁਨਿਆਂ ਵਿੱਚ ਚੰਗੇ ਲਈ ਅਰਦਾਸ ਕਰੀਏ। ਮਨੁੱਖਤਾ ਦੇ ਹੱਕਾਂ ਦੀ ਪਹਿਰੇਦਾਰੀ ਕਰੀਏ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com