ਸਾਰਿਆਂ ਨੂੰ ਗੁਰਫਤਹਿ ਜੀ। ਅਸੀਂ ਇੱਥੇ ਮਾਨਸੂਨ ਵਰਗੇ ਹਾਂ। ਪ੍ਰਮਾਤਮਾ ਤੁਹਾਡੇ ਉੱਪਰ ਵੀ ਰਹਿਮਤ ਦੀਆਂ ਬੁਛਾੜਾਂ ਕਰੇ। ਅੱਗੇ ਸਮਾਚਾਰ ਇਹ ਹੈ ਕਿ ਕਈ ਵਾਰੀ ਬੂੰਦਾ-ਬਾਂਦੀ ਤਾਂ ਹੋ ਗਈ ਸੀ ਪਰ ਖੁੱਲ੍ਹ ਕੇ ਰੱਬ ਨਹੀਂ ਸੀ ਬਹੁੜਿਆ। ਕਾਲੂ ਕੜਛਾ ਸੋਚਦਾ ਸੀ ਬਈ ਰੱਬ ਭੁੱਲ ਗਿਆ ਬਾਈ ਆਪਾਂ ਨੂੰ। ਲੌਣੇ-ਲੌਣੇ ਤਾਂ ਵਾਹਵਾ ਰੰਗ ਲਾਏ ਐ। ਲੈ ਬਈ, ਕੱਲ੍ਹ ਬਲਦੇਵ ਸਿੰਹੁ ਕੇ ਦਰਵਾਜੇ ਦੀ ਓਟੇ ਬੈਠੇ ਭਾਈ ਬੰਦ ਰੁਣ-ਝੁਣ ਕਰੀ ਜਾਂਦੇ ਸਨ ਕਿ ਛਟਾਕੇ ਨੇ ਪਟਾਕੇ ਪਾ ਤੇ। ਮੋਟੀ ਕਣੀ ਦਾ ਮੀਂਹ, ਬੱਦਲੀ ਜੀ ਨੇ ਆ ਰੌਣਕ ਲਾ ਤੀ।
ਮਿੰਟਾਂ ਚ ਹਨੇਰਾ ਹੋ ਗਿਆ, ਗੜੂੰ-ਗੜੂੰ, ਭੱਜੇ ਸਾਰੇ। ਬਾਬਾ ਗੰਡਾ ਸਿੰਹੁ ਤਾਂ ਗੰਡੇ ਵਾਂਗੂੰ ਰੁੜ੍ਹਦਾ, ਸੁੱਕ-ਭਿੱਜ ਜਾ ਹੁੰਦਾ ਛੱਤੜੇ
ਚ ਜਾ ਖੜਾ। ਸਾਰੇ, ਸਕਿੰਟਾਂ ਚ ਛਾਂਈਂ-ਮਾਂਈਂ ਹੋ ਗੇ। ਰੋੜੂ ਮੀਂਹ ਨੇ ਪੱਕੀਆਂ ਨਾਲੀਆਂ ਦੇ ਕਾਲੇ ਪਾਣੀ ਨੂੰ ਨਾਲ ਲੈ, ਨੀਂਵੇਂ ਥਾਂਵਾਂ ਕੰਨੀਂ ਘਾਰੇ ਪਾ ਤੇ। ਮੀਂਹ ਨੇ ਛੱਤਾਂ-ਕੰਧਾਂ ਕੀ, ਗਲੀਆਂ-ਸੜ੍ਹਕਾਂ ਸਭ ਧੋ-ਮਾਂਜ ਕੇ
ਕੇਰਾਂ ਤਾਂ ਲਿਸ਼ਕਣ ਲਾਤੀਆਂ। ਖੇਤੋਂ ਇੰਜਣ ਬੰਦ ਕਰਕੇ, ਭਿੱਜਿਆ ਆਇਆ ਜਸ ਭੁੱਲਰ ਗਾਂਉਂਦਾ ਆਵੇ, “ਬੱਲੇ ਓਏ ਰੱਬਾ, ਲਾ-ਤੀਆਂ ਰੌਣਕਾਂ, ਬਚਾਤਾ ਹਜਾਰਾਂ ਦਾ ਡੀਜ਼ਲ। ਝੋਨੇ ਲਾ ਤੇ ਹੱਸਣ ਤੇ ਖੇਤੀਵਾਨ ਵੱਸਣ, ਤੇਰੀਆਂ ਨਹੀਂ ਰੀਸਾਂ। ਲੈ ਬਈ ਕਈ ਪਾਸਿਓਂ ਆਉਣ ਲੱਗ-ਪੀਆਂ, ਗੁਲਗੁਲੇ-ਪੂੜਿਆਂ ਦੀਆਂ ਖੁਸ਼ਬੋਆਂ। ਆਥਣੇ ਭਰੇ-ਗੰਦੇ ਛੱਪੜ ਦੇ ਕਿਨਾਰੇ, ਪੀਲੇ-ਵੱਡੇ ਡੱਡੂ, ਬੁਲਬੁਲੇ ਜੇ ਫੁਲਾ ਕੇ ਟਰੈਂ-ਟਰੈਂ ਲੱਗੇ ਕਰਨ। ਪਿੰਡ ਦਾ ਸਾਰਾ ਕੱਖ-ਕਾਨ ਛੱਪੜ ਕਿਨਾਰੇ ਤਰਦਾ ਫਿਰੇ। ਉਪਕਾਰ ਕਾ ਬਟਾਊ ਆਖੇ, “ਬਾਈ ਜੀ ਸਾਡੇ ਅੱਲ ਤਾਂ ਭੋਰਾ ਨੀ ਪਿਆ, ਇਹ ਤਾਂ ਥੋਡੇ ਵੱਲ ਈ ਕਰ ਗਿਆ ਅੱਜ ਸਪੈਸ਼ਲ।” ਜਗਮੋਹਨ ਸਿੰਹੁ ਆਂਹਦਾ, “ਓ ਭਾਈ! ਇਹ ਤਾਂ ਸਾਡਾ ਪੁਰਾਣਾ ਕੋਟਾ ਪੂਰਾ ਕੀਤਾ ਰੱਬ ਨੇ, ਹੁਣ ਤੱਕ ਜਬ੍ਹਾਕੇ ਈ ਖਾਧੇ ਐ, ਅਜੇ ਤਾਂ ਇੱਕ ਵਾਰੀ ਫੇਰ ਵੀ ਆਊਗਾ, ਭਾਦੋਂ ਦਾ ਰਾਸ਼ਨ ਲੈ ਜਾਂਦਾ-ਜਾਂਦਾ।” ਸੱਚ ਹੁਣ ਗਲੀਆਂ ਦੀ ਮਿੱਟੀ ਚ ਆੜ ਕਿਆਰੇ ਨੀਂ ਖੇਡਦੇ ਜਵਾਕ।
ਗਲੀਆਂ ਵੀ ਪੱਕੀਆਂ ਅਤੇ ਬੱਚੇ ਵੀ ਮੋਬਾਈਲ ਗੇਮ ਚਲਾਉਂਦੇ, ‘ਰੱਬਾ-ਰੱਬਾ ਮੀਂਹ ਪਾ
ਦੀ ਥਾਂ ‘ਰੇਨ-ਰੇਨ ਗੋ ਅਵੇਕਰਦੇ ਹਨ। ਹੋਰ, ਤੋਰੀਆਂ ਨੂੰ ਫੁੱਲ ਪੈ ਗਏ ਹਨ। ਫੀਲਾ ਜਵਾਨ, ‘ਫੁੱਲ ਬਾਡੀ ਟੈਸਟ
ਕਰਾ ਰਿਹੈ। ਦਸਾਂ ਚੋਂ ਸੱਤ ਪੰਜਾਬੀ ‘ਮੋਬਾਇਲ-ਨਸ਼ੇ
ਲੱਗਣ ਦੀ ਰਿਪੋਰਟ ਹੈ। ਨਮੀ ਕਰਕੇ ਭੂੰਡੀਆਂ-ਸੁੰਡੀਆਂ ਵੱਧ ਗਈਆਂ ਹਨ। ਆਬਾਦੀ ਜਿੰਨੇ ਦਰਖਤ ਗੱਡ ਦਿੱਤੇ ਹਨ। ਪ੍ਰਾਈਵੇਟ ਹੋਣ ਜਾ ਰਹੇ ਸਕੂਲ-ਕਾਲਜ ਵੇਖੋ ਕਿੱਧਰ? ਗੁਆਂਢੀ ਰਾਜਾਂ ਦੀਆਂ ਚੋਣਾਂ ਲਈ ਅਸੀਂ ਵੀ ਪੂਸਾਂ ਚੱਕ ਲੀਆਂ। ਪਿੰਡ ਦੇ ਰੋਸੇ-ਮਸਾਲੇ, ਸਰਪੰਚੀ ਕਰਕੇ ਹੁਣ ਉੱਠ ਰਹੇ ਹਨ। ਕੈਨੀਆਂ ਆਲਾ ਪਾਣੀ, ਪਾਪੜ-ਵੜੀਆਂ, ਕੁਲਚੇ ਛੋਲੇ ਹੁਣ ਸਾਧੇ ਕੀ ਦੁਕਾਨ ਤੋਂ ਮਿਲ ਜਾਂਦੇ ਹਨ। ਕਈ ਹਿੰਮਤੀ ਲੋਕਾਂ ਨੇ ਆਪ ਹੀ ਪਿੰਡ ਸੰਵਾਰ ਲਏ ਹਨ। ਅਸੀਂ ਤਿਆਰੀ ਚ ਹਾਂ ਅਗਲੇ ਮੋਰਚੇ ਲਈ। ਹੌਂਸਲੇ ਵਿੱਚ ਰਹਿਓ, ਚੱਕ ਦਿਆਂਗੇ ਫੱਟੇ। ਹਿੰਮਤ ਵਾਲੇ ਜ਼ਿੰਦਾਬਾਦ। ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061