ਸਤ ਸ਼੍ਰੀ ਅਕਾਲ ਜੀ, ਅੱਗੇ ਸਮਾਚਾਰ ਇਹ ਹੈ ਕਿ ਅੱਜ ਬਿਜਲੀ ਨਾ ਹੋਣ ਕਾਰਣ ਬਾਬਾ ਵੀ ਨੀਂ ਬੋਲਿਆ। ਇਕਦਮ ਬੱਦਲ ਗੱਜਿਆ। ਮਨਪ੍ਰੀਤ ਹੜ੍ਹਬੜਾ ਕੇ ਉੱਠਿਆ। ਦਿਨ ਚੜ੍ਹਿਆ ਸੀ ਪਰ ਘਟਾ-ਟੋਪ ਹੋਏ ਦੇਵਤੇ ਨੇ ਹਨੇਰਾ ਕਰ ਰੱਖਿਆ ਸੀ। ਗਾਂ ਖੁਰਲੀ ਉੱਤੇ ਉਡੀਕੀ ਜਾਂਦੀ, ਗੇੜੇ ਦੇ-ਦੇ ਥੱਕ ਗਈ ਸੀ। ਖੁਰ-ਵੱਢ ਕਰਕੇ, ਗੋਹੇ ਦਾ ਖਿਲਾਰਾ ਪਾਇਆ ਸੀ। ਮਨਪ੍ਰੀਤ ਦੀ ਮਾਂ ਵੀ ਉੱਠ-ਉਡੀਕ ਕੇ ਫਿਰ ਪੈ ਆਈ ਸੀ। ਹੁਣ ਬਰਾਂਡੇ ਚ ਖੜੀ, ਮਨੂੰ ਦੇ ਉੱਠਣ ਅਤੇ ਚਾਹ ਧਰਨ ਲਈ ਡਿਬਕਦੀ ਸੀ।
ਮਨੂੰ ਨੇ ਬਾਹਰ ਵੇਖਿਆ, ਫਟਾਫਟ ਪਿੰਡ ਦੇ ਗਰੁੱਪ ਨੂੰ ਕੱਢਿਆ। ਗੁੱਡ-ਮਾਰਨਿੰਗ ਦੇ ਜਵਾਬ ਦਿੱਤੇ, ਤਰਦੀਆਂ ਖ਼ਬਰਾਂ ਨਿਹਾਰੀਆਂ। ਅੱਜ ਦੇ, ਲੁੱਡੇ ਬਾਬੇ ਦੇ ਭੋਗ, ਖੇਤ ਵੱਟ ਪਾਉਣ ਅਤੇ ਵਲੈਤ ਦੇ ਨਤੀਜੇ ਵੇਖ, ਫੋਨ ਬੰਦ ਕਰ, ਸਮਾਂ-ਸਾਰਣੀ ਸੋਚਦਾ ਨੰਗੇ ਸਿਰ ਟੋਕਰੀ ਵੱਲ ਅਹੁਲਿਆ। ਫਟਾਫਟ ਗਾਂ ਨੂੰ ਨੀਰਾ ਸਿੱਟਦਿਆਂ, ਬੇਧਿਆਨੇ
ਚ ਸਿਲਤ ਵੱਜ ਗੀ- ਉਂਗਲ ਨੱਪ ਸਿਲਤ ਕੱਢ, ਖੂਨ ਨੂੰ ਮੂੰਹ ਚ ਹੀ ਸੁੱਟ ਲਿਆ। ਬੇਬੇ ਦੀ ਚਾਹ ਧਰਨ ਦੀ ਅਵਾਜ਼ ਨਾਲ ਹੀ ਕੋਈ-ਕੋਈ ਕਣੀ ਡਿੱਗਣ ਲੱਗੀ। ਪੱਠੇ ਮੀਂਹ ਦੇ ਡਰੋਂ ਭਿੱਜ ਨਾ ਜਾਣ, ਫੇਰ ਭੱਜ ਕੇ ਟੋਕਰੀ
ਚ ਪਾਏ, ਛਤੜੇ ਚ ਪਾ, ਗਾਂ ਜਾ ਬੰਨ੍ਹੀ।
ਮਾਂ ਕੋਲ ਖੜ ਫੇਰ ਉਂਗਲਾਂ ਚੱਲਣ ਲੱਗੀਆਂ। “ਮਾਤਾ ਅੱਜ ਲੁੱਡੇ ਬਾਬੇ ਦਾ ਭੋਗ ਹੈ।" “ਹੂੰ", ‘ਵਾਹਗੁਰੂ-ਵਾਗਰੂ
ਕਰਦੀ ਮਾਂ ਗੁਣਗਣਾਈ। ਚਾਹ ਬਾਟੀ ਚ ਪਾ, ਬਰਾਂਡੇ
ਚ ਬੈਠੇ, ਮੀਂਹ ਤਕੜਾ ਲਹਿ ਪਿਆ। ਬਿਜਲੀ ਲਿਸ਼ਕੀ, ਦੂਰ ਧੜੱਮ-ਧੜੱਮ ਹੋਈ। ਚਾਹ ਮੁੱਕੀ, ਕਾਕੇ ਦਾ ਫ਼ੋਨ ਆ ਗਿਆ, “ਲੈ ਬਈ, ਤੈਨੂੰ ਪਹਿਲੇ ਮੀਂਹ ਦੀਆਂ, ਲੇਬਰ ਪਾਰਟੀ ਜਿੱਤਣ ਦੀਆਂ, ਵਧਾਈਆਂ। ਵੱਟ ਆਲਾ ਕੰਮ ਤਾਂ ਹੁਣ ਅੱਗੇ ਪਾ ਦੀਏ, ਕਣੀਆਂ ਦਾ ਰੁੱਖ ਵੇਖ ਗੁਰਦੁਆਰੇ ਚੱਲਾਂਗੇ ਟੈਮ ਨਾਲ, ਹੋਰ ਨਵੀਂ ਤਾਜੀ? ਚੰਗਾ ਆ ਜੀਂ ਫੇਰ ਝੱਬਦੇ”, “ਚੰਗਾ” ਆਖ ਮਨੂੰ ਸਿਰ ਸੁੱਟ ਫੇਰ ਫੋਨ ਦੁਆਲੇ ਹੋ ਗਿਆ। ਮੀਂਹ ਆਪੇ ਈ ਪਈ ਗਿਆ। “ਭੋਗ ਤੇ ਤਾਂ ਜਾ ਆਂਈਂ ਮੁੰਡਿਆ, ਅੱਜ ਘਰ ਦੇ ਬਾਕੀ ਕੰਮਾਂ ਵੱਲ ਵੀ ਧਿਆਨ ਕਰ ਲੀਂ।” “ਕੋਈ ਨੀਂ, ਕੋਈ ਨੀਂ, ਕਰ ਲਾਂਗੇ। ਦੁਪਹਿਰੇ ਤਾਂ ਮੈਂ ਰੋਟੀ ਖਾ ਹੀ ਆਂਊਂ, ਆਥਣ ਦਾ ਸੋਚ ਲਾਂ ਗੇ।” ਮਨਪ੍ਰੀਤ ਨੇ ਫੇਰ ਉਵੇਂ ਹੀ ਜਵਾਬ ਦਿੱਤਾ। “ਸੋਚਣਾ ਕੀ ਐ, ਖੇਤ ਗੇੜਾ ਮਾਰ ਲੀਂ, ਕੋਈ ਦਾਲ-ਭਾਜੀ ਲੈ ਆਂਈਂ”, “ਕੋਈ ਨੀਂ, ਕੋਈ ਨੀਂ ਲੈ ਆਂਉਂਗਾ” ਆਖਿਆ ਹੀ ਸੀ ਕਿ ਗਾਂ ਕਿੱਲਾ ਪਟਾ, ਵਿਹੜੇ ਚ ਆ ਡੌਰ-ਭੌਰੀ ਹੋ ਰੰਭੀ। ਹੋਰ, ਪਰਮਿੰਦਰ ਸਿੰਘ, ਸੋਹਣੀ ਲਿਖਾਈ ਵਾਲਾ, ਕੈਨੇਡਾ ਜਾ ਕੇ ਸੋਹਣੀ ਯਾਤਰਾ ਪੂਰੀ ਕਰ ਗਿਆ ਹੈ। ਬੜਾ ਰੁਦਨ ਕੀਤਾ ਸਾਰਿਆਂ ਨੇ। ਰੱਬ ਦਾ ਭਾਣਾ ਮੰਨਣਾ ਹੀ ਪੈਣੈਂ। ਬਾਹਰ ਦੇ ਮਹਿੰਗੇ, ਖ਼ਰਚਿਆਂ ਦਾ ਖੁਲਾਸਾ, ਖੁੱਲ੍ਹਿਆ। ਹਰ ਪਾਸੇ, ਨਿੱਜੀਕਰਨ ਦੀ ਲੁੱਟ, ਨੇਤਾਵਾਂ ਦੇ ਸਿਰ ਉੱਤੇ ਵੱਧ ਰਹੀ ਹੈ।
ਭੋਲੂ, ਭਾਲਾ, ਭੀਤਾ, ਭਾਚਰ ਅਤੇ ਭਗਵੰਤ ਠੀਕ ਹਨ। ਸੱਚ, ਮੌਨਸੂਨ ਨੇ, ਫਿਰਨੀ ਦਾ ਫਲੱਡ ਬਣਾ ਦਿੱਤਾ ਹੈ। ਆਨਲਾਈਨ ਖ਼ਬਰਾਂ ਦਾ ਵਰਤਾਰਾ ਵੱਧ ਰਿਹੈ। ਚੰਗਾ, ਚੜ੍ਹਦੀ ਕਲਾ
ਚ ਰਹੋ। ਮਿਲਦੇ ਆਂ ਅਗਲੇ ਐਤਵਾਰ, ਮੀਂਹ ਦੇ ਫੁਹਾਰਿਆਂ ਵਾਂਗ,
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061