ਵਣ ਮਹਾਂਉਤਸਵ ਸਮੇਂ ਸਾਡੇ ਦੇਸ਼ ਵਿੱਚ ਪੌਦੇ ਲਗਾਉਂਦੇ ਹੋਏ ਫੋਟੋ ਖਿਚਵਾਉਣ ਦੀ ਹੋੜ ਲੱਗ ਜਾਂਦੀ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਚੌਂਕੀਦਾਰ ਤੱਕ ਇਸ ਹੋੜ ਵਿੱਚ ਸ਼ਾਮਲ ਹੋ ਜਾਂਦੇ ਹਨ।ਇੱਕ ਪੌਦੇ ਦੇ ਆਲੇ ਦੁਆਲੇ ਵੀਹ ਬੰਦਿਆਂ ਦਾ ਝੁਰਮਟ ਫੋਟੋ ਖਿਚਵਾ ਕੇ ਅਖਬਾਰ ਵਿੱਚ ਲਵਾਉਣ ਲਈ ਪੱਤਰਕਾਰਾਂ ਦੇ ਤਰਲੇ ਕੱਢਦੇ ਫਿਰਦੇ ਹਨ। ਵਗਦੀ ਗੰਗਾ ਵਿੱਚ ਹੱਥ ਧੋਣ ਲਈ ਥਾਣਾ ਖਬਾਲ ਦੇ ਐਸ.ਐਚ.ਉ. ਨੇ ਵੀ ਜਿਲ੍ਹੇ ਦੇ ਐਸ.ਐਸ.ਪੀ. ਨੂੰ ਪੌਦੇ ਲਗਾਉਣ ਲਈ ਬੁਲਾ ਲਿਆ।
ਜਦੋਂ ਐਸ.ਐਸ.ਪੀ. ਪੌਦਾ ਲਗਾਉਣ ਲੱਗਾ ਤਾਂ ਕੁਝ ਸੋਚ ਕੇ ਉਸ ਦਾ ਮੱਥਾ ਠਣਕਿਆ। ਉਸ ਨੇ ਐਸ.ਐਚ.ਉ. ਘੂਰ ਕੇ ਪੁੱਛਿਆ, “ਕਰਮਜੀਤ, ਇਸ ਜਗ੍ਹਾ ‘ਤੇ ਤਾਂ ਮੈਂ ਪਿਛਲੇ ਸਾਲ ਵੀ ਪੌਦਾ ਲਗਾ ਕੇ ਗਿਆ ਸੀ। ਮੈਨੂੰ ਚੇਤਾ ਉਦੋਂ ਆਪਾਂ ਥਾਣੇ ਵਿੱਚ 50 60 ਪੌਦੇ ਲਗਾਏ ਸਨ। ਉਹ ਕਿੱਥੇ ਗਏ?” ਕਰਮਜੀਤ ਉਰਫ ਪੱਪੂ ਪੇਜ਼ਰ ਦੇ ਮੁੜਕੇ ਨਾਲ ਲੱਥ ਪੱਥ ਚਿਹਰੇ ‘ਤੇ ਠੰਡੀਆਂ ਤਰੇਲੀਆਂ ਆ ਗਈਆਂ, “ਉਹ ਤੇ ਜ਼ਨਾਬ ਇਸ ਵਾਰ ਗਰਮੀ ਜਿਆਦਾ ਪੈਣ ਕਾਰਨ ਸਾਰੇ ਈ ਸੁੱਕ ਗਏ ਆ। ਬੱਸ ਡਿਊਟੀ ਐਨੀ ਪੈਂਦੀ ਆ ਕੇ ਧਿਆਨ ਈ ਨਹੀਂ ਰਿਹਾ ਪਾਣੀ ਪਾਉਣ ਦਾ।”“ਅੱਛਾ, ਤੇ ਉਸ ਤੋਂ ਪਿਛਲੇ ਸਾਲ ਵਾਲੇ?” ਐਸ.ਐਸ.ਪੀ. ਨੇ ਸੱਤ ਤਿਊੜੀਆਂ ਪਾ ਕੇ ਪੁੱਛਿਆ।
“ਸਰ ਮੈਨੂੰ ਤਾਂ ਡੇਢ ਕੁ ਸਾਲ ਹੋਇਆ ਆ ਇਥੇ ਲੱਗੇ ਨੂੰ। ਉਨ੍ਹਾਂ ਬਾਰੇ ਮੈਨੂੰ ਨਹੀਂ ਪਤਾ,” ਪੱਪੂ ਪੇਜ਼ਰ ਨੇ ਹੌਲੀ ਜਿਹੀ ਬੱਕਰੀ ਵਾਂਗ ਮਿਣ ਮਿਣ ਕੀਤੀ। “ਪਹਿਲਾਂ ਵੀ ਤੇਰੇ ਵਰਗਾ ਈ ਮਹਾਂਪੁਰਖ ਲੱਗਾ ਹੋਇਆ ਸੀ ਇਥੇ ਕਰਨੈਲ ਝੂਠ। ਮੇਰੇ ਕੋਲੋਂ ਨਾ ਇਹ ਪਾਖੰਡ ਕਰਵਾ ਤੇ ਆਪੇ ਲਗਾ ਲੈਪੌਦੇ। ਪਰ ਧਿਆਨ ਰਹੇ, ਮੈਂ ਹਰ ਮਹੀਨੇ ਚੈੱਕ ਕਰਾਇਆ ਕਰਾਂਗਾ,” ਐਸ.ਐਸ.ਪੀ. ਗੱਡੀ ਵਿੱਚ ਬੈਠ ਕੇ ਥਾਣੇ ਤੋਂ ਬਾਹਰ ਹੋ ਗਿਆ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062