‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਚਰਚਾ ਕਰਦਾ ਦਸਤਾਵੇਜ਼

ਬਹੁ-ਚਰਚਿਤ ਪੰਜਾਬੀ ਪ੍ਰਵਾਸੀ ਸਾਹਿਤਕਾਰ ਸੁਖਿੰਦਰ ਬਹੁ ਵਿਧਾਵੀ ਲੇਖਕ ਹੈ। 1972 ਤੋਂ 2024 ਤੱਕ ਉਹ 46 ਸਾਹਿਤਕ ਪੁਸਤਕਾਂ ਦੀ ਸਿਰਜਣਾ ਕਰ ਚੁੱਕਿਆ ਹੈ- ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਨਾਵਲ, ਬਾਲ ਸਾਹਿਤ, ਸੰਪਾਦਨ ਆਦਿ ਖੇਤਰਾਂ ਵਿਚ । ਉਹ ‘ਸੰਵਾਦ’ ਮੈਗਜ਼ੀਨ ਦਾ ਸੰਪਾਦਕ ਵੀ ਹੈ ਅਤੇ ਅੰਗ੍ਰੇਜ਼ੀ ਭਾਸ਼ਾ ਵਿਚ ਵੀ ਉਸ ਦੀ ਇਕ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ। ਉਹ ਜਿਹੜੀ ਵੀ ਵਿਧਾ ਵਿਚ ਰਚਨਾ ਕਰ ਰਿਹਾ ਹੋਵੇ, ਉਸ ਨਾਲ ਇਨਸਾਫ਼ ਕਰਦਾ ਹੈ। ਸਮੇਂ-ਸਮੇਂ ਵਾਪਰਦੀਆਂ ਮਹੱਤਵਪੂਰਨ ਘਟਨਾਵਾਂ ਤੇ ਵੀ ਕਲਮ ਚਲਾਉਂਦਾ ਹੈ। ਮਸਲਨ ਜਦੋਂ ਦੋ-ਤਿੰਨ ਸਾਲ ਪਹਿਲਾਂ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੇ ਵਿਸ਼ਵ ਪੱਧਰ ਤੇ ਹੀ ਤਬਾਹੀ ਮਚਾਈ ਤਾਂ ਉਸ ਸੰਬੰਧੀ ਉਸ ਨੇ ਨਾਵਲ ਲਿਖਿਆ; ਜਦੋਂ ਇੰਡੀਆ ਵਿਚ ਚੱਲੇ ਕਿਸਾਨ ਅੰਦੋਲਨ ਦੀ ਅੰਤਰ-ਰਾਸ਼ਟਰੀ ਪੱਧਰ ਤੇ ਚਰਚਾ ਹੋਈ ਤਾਂ ਉਸ ਨੇ ਕਿਸਾਨ ਅੰਦੋਲਨ ਸੰਬੰਧੀ ਲਿਖੀਆਂ ਕਵਿਤਾਵਾਂ ਵਿਚੋਂ ਕੁਝ ਕੁ ਕਵਿਤਾਵਾਂ ਚੁਣ ਕੇ ਇਕ ਪੁਸਤਕ ਸੰਪਾਦਿਤ ਕੀਤੀ। ਇਸ ਤੋਂ ਬਾਅਦ ਉਸ ਨੇ ਦੋ ਮਹੱਤਵਪੂਰਨ ਮੁੱਦਿਆਂ ਨੂੰ ਅਧਾਰ ਬਣਾ ਕੇ ਦੋ ਪੁਸਤਕਾਂ ਦਾ ਸੰਪਾਦਨ ਕੀਤਾ, ਜਿਸ ਲਈ ਉਸ ਨੇ ਦੁਨੀਆਂ ਦੇ ਹਰ ਖ਼ਿੱਤੇ ਵਿਚ ਵਸੇ ਪੰਜਾਬੀ ਲੇਖਕਾਂ ਨੂੰ ਆਪਣੇ ਵੱਲੋਂ ਨਿਰਧਾਰਤ ਕੀਤੇ ਵਿਸ਼ਿਆਂ ਤੇ ਲੇਖ ਲਿਖਣ ਲਈ ਪ੍ਰੇਰਿਤ ਕੀਤਾ। ਇਹ ਦੋ ਪੁਸਤਕਾਂ ਸੀ-ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ:ਖੁੱਲ੍ਹੇ ਭੇਦ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ। ਇਸੇ ਲੜੀ ਵਿਚ ਉਸ ਦੀ ਤੀਸਰੀ ਪੁਸਤਕ ‘ਪੰਜਾਬੀ ਬੋਲੀ ਅਤੇ ਵਿਰਸਾ (ਨਿਬੰਧ) ਹੁਣੇ ਹੀ ਪ੍ਰਕਾਸ਼ਿਤ ਹੋਈ ਹੈ। ਪ੍ਰਸਤੁਤ ਪੁਸਤਕ ਵਿਚ ਡਾ. ਦਲਬੀਰ ਸਿੰਘ ਕਥੂਰੀਆ ਉਸ ਦਾ ਸਹਿ ਸੰਪਾਦਕ ਹੈ।

‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਸੋਚਣਾ, ਉਸ ਦਾ ਖ਼ਾਕਾ ਉਲੀਕਣਾ, ਵਿਸ਼ਿਆਂ ਦੀ ਚੋਣ ਕਰਨਾ ਅਤੇ ਲੇਖਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਦਿੱਤੇ ਗਏ ਵਿਸ਼ਿਆਂ ਵਿਚੋਂ ਕਿਸੇ ਇਕ ਵਿਸ਼ੇ ਦੀ ਚੋਣ ਕਰ ਕੇ ਉਸ ਸੰਬੰਧੀ ਲਿਖਣ ਲਈ ਪ੍ਰੇਰਿਤ ਕਰਨਾ, ਲੇਖਾਂ ਦੀ ਚੋਣ ਕਰਕੇ ਉਹਨਾਂ ਨੂੰ ਤਰਤੀਬ ਦੇਣਾ, ਕੋਈ ਸਹਿਜ ਕਾਰਜ ਨਹੀਂ ਸਗੋਂ ਇਕ ਜਟਿਲ ਕਾਰਜ ਹੈ। ਪੁਸਤਕ ਦੀ ਛਪਾਈ ਤੇ ਆਉਣ ਵਾਲੇ ਖਰਚਿਆਂ ਲਈ ਉਸ ਨੇ ਆਪਣੇ ਦੂਜੇ ਸੰਪਾਦਕ ਦੀ ਜਿੱਮੇਵਾਰੀ ਲਾਈ।

ਇਸ ਪੁਸਤਕ ਵਿਚ 37 ਲੇਖ ਹਨ। ਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੁਖਿੰਦਰ ਨੇ ਇਸ ਲਈ ਮਿਹਨਤ ਕੀਤੀ ਹੈ: ਪੰਜਾਬੀ ਬੋਲੀ ਅਤੇ ਅਨੇਕਾਂ ਪੰਜਾਬ (ਬਲਵਿੰਦਰ ਸਿੰਘ ਚਾਹਲ ਯੂ. ਕੇ), ਪੰਜਾਬੀ ਬੋਲੀ ਅਤੇ ਪੰਜਾਬ ਦੀ ਵੰਡ(ਡਾ. ਪਵਨ ਸ਼ਰਮਾ, ਇੰਡੀਆ), ਪੰਜਾਬੀ ਬੋਲੀ ਅਤੇ ਰਾਜਸੀ ਵਿਤਕਰੇ(ਨਿਰੰਜਣ ਬੋਹਾ, ਇੰਡੀਆ), ਪੰਜਾਬੀ ਬੋਲੀ ਦੇ ਵਾਧੇ ਦੇ ਰਾਹ ਵਿਚ ਚੁਣੌਤੀਆਂ(ਸੁਖਿੰਦਰ, ਕੈਨੇਡਾ), ਪੰਜਾਬੀ ਬੋਲੀ, ਪੰਜਾਬੀ ਬੰਦੇ ਅਤੇ ਪੰਜਾਬੀ ਵਿਰਸੇ ਦੇ ਪ੍ਰਸਪਰ ਰਿਸ਼ਤੇ ਦਾ ਸਰਾਪ(ਡਾ. ਸੁਖਪਾਲ ਸੰਘੇੜਾ, ਯੂ.ਐਸ.ਏ), ਪਾਕਿਸਤਾਨ ਵਿਚ ਪੰਜਾਬੀ ਬੋਲੀ ਦਾ ਮੰਦਾ ਹਾਲ(ਪ੍ਰੋ. ਆਸ਼ਿਕ ਰਹਿਲ, ਪਾਕਿਸਤਾਨ), ਪੰਜਾਬੀ ਜੁਬਾਨ ਕਦੇ ਨਹੀਂ ਮਰ ਸਕਦੀ(ਡਾ. ਸੈਮਾ ਬੈਤੂਲ, ਪਾਕਿਸਤਾਨ), ਪੰਜਾਬੀ ਬੋਲੀ ਅਤੇ ਪੰਜਾਬੀ ਬੱਚੇ(ਡਾ. ਦਰਸ਼ਨ ਸਿੰਘ ਆਸਟ, ਇੰਡੀਆ), ਪੰਜਾਬੀ ਬੋਲੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ, (ਡਾ.ਦਵਿੰਦਰ ਪਾਲ ਸਿੰਘ, ਕੈਨੇਡਾ), ਆਈ ਐਮ ਪੰਜਾਬੀ, ਬਟ ਮੀ ਨੋ ਪੰਜਾਬੀ(ਸੁਰਜੀਤ ਸਿੰਘ ਫਲੋਰਾ, ਕੈਨੇਡਾ), ਪੰਜਾਬੀ ਬੋਲੀ ਦਾ ਵਿਰਸਾ(ਪ੍ਰੋ. ਜਸਪਾਲ ਸਿੰਘ, ਇਟਲੀ), ਪੰਜਾਬੀ ਗੀਤਾਂ ਨੂੰ ਅੰਗਰੇਜ਼ੀ ਦਾ ਤੜਕਾ(ਪ੍ਰੋ. ਨਵ ਸੰਗੀਤ ਸਿੰਘ, ਇੰਡੀਆ), ਮਾਂ ਬੋਲੀ ਦਾ ਮਹੱਤਵ ਅਤੇ ਪੰਜਾਬੀ ਭਾਸ਼ਾ ਦੀਆਂ ਉੱਪ-ਬੋਲੀਆਂ ਦੀ ਮੌਜੂਦਾ ਸਥਿਤੀ(ਡਾ. ਦਲਬੀਰ ਸਿੰਘ ਕਥੂਰੀਆ), ਮਾਂ ਬੋਲੀ ਪੰਜਾਬੀ ਨੂੰ ਬਚਾਉਣ ਮਾਂਵਾਂ ਅੱਗੇ ਆਉਣ(ਡਾ. ਪਰਗਟ ਸਿੰਘ ਬੱਗਾ, ਕੈਨੇਡਾ) ਆਦਿ ਅਸਲ ਦੇਖਣ ਵਾਲੀ ਗੱਲ ਇਹ ਹੈ ਕਿ ਲੇਖਕਾਂ ਨੇ ਸੰਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਕਿਵੇਂ ਪ੍ਰਗਟਾਏ ਹਨ ਅਤੇ ਵਿਚਾਰਾਂ ਦੀ ਲੜੀ ਦੀ ਨਿਰੰਤਰਤਾ ਬਣਾਈ ਰੱਖੀ ਹੈ ਜਾ ਨਹੀਂ। ਮੁੱਖ ਬੰਦ ਵਿਚ ਸੰਪਾਦਕ ਨੇ ਪੰਜਾਬੀ ਬੋਲੀ ਦੇ ਇਤਿਹਾਸਕ ਵਿਰਸੇ ਦੇ ਉਸਰਨ ਦੀ ਗੱਲ ਕੀਤੀ ਹੈ, ਦੋਵੇਂ ਪੰਜਾਬ ਦੇ ਮੁੱਖ-ਮੁਖ ਸਾਹਿਤਕਾਰਾਂ ਦਾ ਜਿਕਰ ਵੀ ਕੀਤਾ ਹੈ ਅਤੇ ਪੰਜਾਬੀ ਭਾਸ਼ਾ ਦੇ 5500 ਸਾਲ ਪੁਰਾਣੀ ਹੋਣ ਦੀ ਗੱਲ ਕੀਤੀ ਹੈ। ਮੇਰਾ ਵਿਚਾਰ ਹੈ ਕਿ ਸੁਖਿੰਦਰ ਨੂੰ ਮੁੱਖ ਬੰਦ ਵਿਚ ਇਹ ਚਰਚਾ ਜਰੂਰ ਕਰਨੀ ਚਾਹੀਦੀ ਸੀ ਕਿ ਉਸ ਨੇ ‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਇਹ ਪੁਸਤਕ ਦੀ ਸੰਪਾਦਨ ਦਾ ਕਾਰਜ ਕਿਉਂ ਆਰੰਭਿਆ। ਬਲਵਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਨੂੰ “ਸੰਪੂਰਨ ਬੋਲੀ ਮੰਨਿਆ ਹੈ ਅਤੇ ਲਿਖਿਆ ਹੈ ਕਿ “ਪੰਜਾਬ ਪੰਜ ਦਰਿਆਵਾਂ ਤੋਂ ਫੈਲ ਕੇ ਸਾਗਰਾਂ ਦਾ ਪੰਜਾਬ ਬਣ ਚੁੱਕਿਆ ਹੈ।” ਡਾ. ਪਵਨ ਸ਼ਰਮਾ ਅਨੁਸਾਰ “ਪਾਕਿਸਤਾਨ ਵਿਚ ਪੰਜਾਬੀ ਬਹੁਤ ਹੱਦ ਤੱਕ ਇਕ ਗੈਰ ਰਸਮੀ ਭਾਸ਼ਾ ਤੱਕ ਸੀਮਤ ਹੋ ਗਈ ਹੈ।” ਉਸ ਦਾ ਇਹ ਵੀ ਕਹਿਣਾ ਹੈ ਕਿ “ਪੰਜਾਬੀ ਜਾ ਸ਼ਬਦ ਭੰਡਾਰ ਸੁੰਗੜ ਰਿਹਾ ਹੈ”, ਪਰ ਮੇਰੇ ਮੁਤਾਬਕ ਇਸ ਪੱਖੋਂ ਡਾ. ਸ਼ਰਮਾ ਨੂੰ ਕੁਝ ਟਪਲਾ ਲੱਗਿਆ ਹੈ। ਨਿਰੰਜਣ ਬੋਹਾ ਦਾ ਵਿਚਾਰ ਹੈ ਕਿ “ਪੰਜਾਬ(ਭੂਗੋਲਿਕ ਖੇਤਰ), ਪੰਜਾਬੀ ਬੋਲੀ ਤੇ ਪੰਜਾਬੀਅਤ(ਭਾਈਚਾਰਾ) ਇਕ ਦੂਜੇ ਦੇ ਇਸ ਤਰਾਂ ਪੂਰਕ ਹਨ ਕਿ ਜੇ ਇਕ ਅੰਗ ਨੂੰ ਥੋੜ੍ਹੀ ਜਿਹੀ ਵੀ ਤਕਲੀਫ਼ ਹੁੰਦੀ ਹੈ ਤਾਂ ਉਸ ਦਾ ਪ੍ਰਭਾਵ ਫ਼ੌਰੀ ਤੌਰ ਤੇ ਦੂਸਰੇ ਅੰਗਾਂ ਤੇ ਵੀ ਪੈਂਦਾ ਹੈ।” ਉਸ ਨੇ ਬੜੀ ਬੇਬਾਕੀ ਨਾਲ ਲਿਖਿਆ ਹੈ ਕਿ “ਕੇਂਦਰੀ ਸਰਕਾਰਾਂ(ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ) ਖੇਤਰੀ ਬੋਲੀਆਂ ਨਾਲ ਅਨਿਆਂ ਹੀ ਕੀਤਾ ਹੈ?” ਇਸ ਪੱਖ ਤੋਂ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਲਕੀ ਸੋਚ ਦਾ ਵੀ ਜਿਕਰ ਕੀਤਾ ਹੈ, ਜੋ ਬਿਲਕੁਲ ਸਹੀ ਹੈ।

ਸੁਖਿੰਦਰ ਨੇ ਲਿਖਿਆ ਹੈ ਕਿ “ਰਾਜਨੀਤੀ ਨੇ ਹਮੇਸ਼ਾ ਹੀ ਪੰਜਾਬੀ ਬੋਲੀ ਦੇ ਵਾਧੇ ਵਿਚ ਰੁਕਾਵਟ ਹੀ ਪਾਈ ਹੈ।” ਸੰਪਾਦਕ ਦੇ ਇਸ ਵਿਚਾਰ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉਸ ਨੇ ਮਾਂ ਬੋਲੀ ਅਤੇ ਧਰਮ ਨਿਰਪਖਤਾ, ਇੰਟਰਨੈੱਟ ਅਤੇ ਨਵੀਂ ਤਕਨਾਲੋਜੀ, ਪੁਸਤਕ ਮੇਲੇ, ਜੰਗ, ਅਮਨ ਤੇ ਦੋਸਤੀ, ਲੱਚਰ ਗਾਇਕੀ, ਤਨਕੀਦ/ਆਲੋਚਨਾ/ਸਮੀਖਿਆ ਜਿਹੇ ਨੁਕਤਿਆਂ ਨੂੰ ਵੀ ਆਪਣੇ ਨਿਬੰਧ ਵਿਚ ਛੁਹਿਆ ਹੈ। ਡਾ. ਸੁਖਪਾਲ ਸੰਘੇੜਾ ਦਾ ਵਿਦਵਤਾ ਪੂਰਨ ਲੇਖ ਪੜ੍ਹਨ ਯੋਗ ਹੈ। ਉਸ ਨੇ ਪੰਜਾਬੀ ਬੋਲੀ ਦੇ ਦੋ ਵੱਡੇ ਦੁਸ਼ਮਣ-ਜੜ੍ਹਤਾ ਅਤੇ ਭੂਤ ਮੁਖੀ ਸੋਚ ਤੇ ਚਰਚਾ ਕਰਦੇ ਹੋਏ ਲਿਖਿਆ ਹੈ ਕਿ ‘ਪੰਜਾਬੀ ਦੀ ਰਖਵਾਲੀ ਲਈ ਭਵਿਖ ਮੁਖੀ ਸੋਚ’ ਦੀ ਜ਼ਰੂਰਤ ਹੈ। ਆਪਣੇ ਲੇਖ ਵਿਚ ਉਸ ਨੇ ਪੰਜਾਬੀ ਬੋਲੀ ਦੇ ਜਿਉਂਦੇ ਰਹਿਣ ਲਈ ਤਿੰਨ ਨੁਕਤਿਆਂ ਦਾ ਵੀ ਜਿਕਰ ਕੀਤਾ ਹੈ। ਪ੍ਰੋ. ਆਸ਼ਿਕ ਰਹਿਲ ਅਤੇ ਸਲੀਮ ਪਾਸਾ ਨੇ ਮੌਜੂਦਾ ਸਮੇਂ ਵਿਚ ਪਾਕਿਸਤਾਨੀ ਪੰਜਾਬ ਵਿਚ ਪੰਜਾਬੀਆਂ ਅਤੇ ਸਰਕਾਰ ਵੱਲੋਂ ਹੀ ਪੰਜਾਬੀ ਮਾਂ-ਬੋਲੀ ਪ੍ਰਤੀ ਬੇਰੁਖ਼ੀ ਸੰਬੰਧੀ ਲੋਕ ਅਵਾਜ ਦੀ ਤਰਜਮਾਨੀ ਕੀਤੀ ਹੈ। ਡਾ.ਦੇਵਿੰਦਰ ਪਾਲ ਸਿੰਘ ਨੇ ਆਪਣੇ ਲੇਖ ਵਿਚ ਪੰਜਾਬੀ ਬੋਲੀ ਉੱਤੇ ਏ.ਆਈ. ਦੇ ਚੰਗੇ ਅਤੇ ਮਾੜੇ ਦੋਹਾਂ ਪੱਖਾਂ ਦਾ ਜਿਕਰ ਕੀਤਾ ਹੈ। ਇਹ ਲੇਖ ਅਜੋਕੇ ਸਮੇਂ ਦੀਆਂ ਨਵੀਆਂ ਚੁਣੌਤੀਆਂ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਹਰਵਿੰਦਰ ਸਿੰਘ ਨੇ ਵੀ ਪੰਜਾਬੀ ਭਾਸ਼ਾ ਅਤੇ ਡਿਜਿਟਲ ਕਲਚਰ ਤੇ ਗੱਲ ਕਰਦੇ ਹੋਏ ਸੰਬੰਧਿਤ ਵਿਸ਼ੇ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵੱਲ ਪਾਠਕਾਂ ਦਾ ਧਿਆਨ ਦਿਵਾਇਆ ਹੈ। ਸੁਰਜੀਤ ਸਿੰਘ ਫਲੋਰਾ ਨੇ ਆਪਣੀ ਉਦਾਹਰਣ ਦੇ ਕੇ ਆਪਣੇ ਵਿਸ਼ੇ ਤੇ ਚਰਚਾ ਕੀਤੀ ਹੈ ਅਤੇ ‘ਵਿਦੇਸ਼ਾਂ ਵਿਚ ਵੀ ਲੇਖਕਾਂ ਦੇ ਆਪਣੇ-ਆਪਣੇ ਗਰੁੱਪਾਂ’ ਵੱਲ ਇਸ਼ਾਰਾ ਕੀਤਾ ਹੈ ਅਤੇ ਉਸ ਨੂੰ ਦੁੱਖ ਹੈ ਕਿ ਪੰਜਾਬੀ ਭਾਸ਼ਾ ਆਪਣੇ ਮੁਲਕ ਦੇ ਵੱਖ-ਵੱਖ ਰਾਜਾਂ ਵਿਚ ਦਮ ਤੋੜ ਰਹੀ ਹੈ। ਇਹਨਾਂ ਸਤਰਾਂ ਦੇ ਲੇਖਕ ਨੇ ਪੰਜਾਬੀ ਪ੍ਰਕਾਸ਼ਕਾਂ ਦੇ ਗੈਰ ਇਖਲਾਕੀ ਰਵੀਏ ਸੰਬੰਧੀ ਚਰਚਾ ਕਰਦੇ ਹੋਏ ਕੁਝ ਉਦਾਹਰਣਾ ਦੇ ਕੇ ਆਪਣੇ ਪੱਖ ਨੂੰ ਪੇਸ਼ ਕੀਤਾ ਹੈ।

ਇਸ ਪੁਸਤਕ ਦੇ ਕੁਝ ਹੋਰ ਮਹੱਤਵਪੂਰਨ ਨਿਬੰਧਾਂ ਵਿਚੋਂ ਪ੍ਰੋ. ਨਵ ਸੰਗੀਤ ਸਿੰਘ, ਸੁਖਮਿੰਦਰ ਸੇਖੋਂ, ਡਾ. ਹਰਜੀਤ ਕੌਰ ਖੈਹਿਰਾ, ਅਫ਼ਜ਼ਲ ਰਾਜ਼, ਦਲਜਿੰਦਰ ਸਿੰਘ ਰਹਿਲ, ਡਾ. ਦਰਸ਼ਨ ਸਿੰਘ ਆਸਟ ਦੇ ਲੇਖ ਵੀ ਜਿਕਰਯੋਗ । ਇਸ ਦੇ ਨਾਲ ਹੀ ਇਹ ਲਿਖਣ ਵਿਚ ਵੀ ਮੈਨੂੰ ਕੋਈ ਇਤਰਾਜ਼ ਨਹੀਂ ਕਿ ਕੁਝ ਲੇਖ ਹਲਕੇ ਪੱਧਰ ਦੇ ਵੀ ਸ਼ਾਮਿਲ ਕਰ ਲਏ ਗਏ ਹਨ। ਸੁਖਿੰਦਰ ਨੂੰ ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਮਿਆਰੀ ਪੁਸਤਕ ਲਈ ਰਚਨਾਵਾਂ ਦੇ ਗੁਣਾਤਮਕ ਪੱਧਰ ਦਾ ਧਿਆਨ ਰਖਣਾ ਜਰੂਰੀ ਹੁੰਦਾ ਹੈ, ਗਿਣਾਤਮਕ ਪੱਖ ਦਾ ਨਹੀਂ।

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਬੋਲੀ ਤੇ ਵਿਰਸੇ ਸੰਬੰਧੀ ਪੁਸਤਕ ਦਾ ਸੰਪਾਦਨ ਕਰ ਕੇ ਸੁਖਿੰਦਰ ਅਤੇ ਡਾ. ਕਥੂਰੀਆ ਨੇ ਪ੍ਰਸੰਸਾ ਯੋਗ ਕਾਰਜ ਕੀਤਾ ਹੈ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ , ਕੈਨੇਡਾ