ਪੰਜਾਬ ਵਿੱਚ ਹੋ ਰਹੀ ਹਿੰਸਾ ਦੀ ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਵਲੋਂ ਕਰੜੇ ਸ਼ਬਦਾਂ ‘ਚ ਨਿੰਦਾ

•ਵਿਸ਼ਵ ਵਿੱਚ ਜਿੱਥੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਜਾ ਉਲੰਘਣਾ ਹੋਵੇਗੀ ਉਸ ਦਾ ਵਿਰੋਧ ਕੀਤਾ ਜਾਵੇਗਾ

ਨਿਊਯਾਰਕ, 11 ਜੁਲਾਈ (ਰਾਜ ਗੋਗਨਾ )- ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵਲੋਂ ਪੰਜਾਬ ਵਿੱਚ ਹੋ ਰਹੀ ਹਿੰਸਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਅਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਹਿੰਸਾ ਬਾਰੇ ਵੀ ਅਸੀਂ ਬਹੁਤ ਚਿੰਤਿਤ ਹਾਂ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਵਿੱਚ ਭਾਰਤ ਤੋਂ ਆਏ ਸਾਰੇ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਲੋਕ ਮਿਲ ਜੁਲ ਕੇ ਇੱਥੇ ਪਿਆਰ ਦੇ ਨਾਲ ਰਹਿੰਦੇ ਹਨ। ਅਤੇ ਇੱਕ ਦੂਜੇ ਦੇ ਧਰਮਾਂ ਦਾ ਪੂਰਾ ਸਤਿਕਾਰ ਕਰਦੇ ਹਨ।ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਲੋਕਾਂ ਵਿੱਚ ਅਮਨ -ਸ਼ਾਂਤੀ ਬਣੀ ਰਹੇ। ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਸਭ ਭਰਾ ਹਨ। ਕਿਸੇ ਵੀ ਧਰਮ ਦੇ ਖਿਲਾਫ ਹੋਈ ਹਿੰਸਾ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਭ ਭਾਈਚਾਰੇ ਏਕਤਾ ਅਤੇ ਪਿਆਰ ਬਣਾਈ ਰੱਖਣ।ਜਸਪ੍ਰੀਤ ਸਿੰਘ ਸਿੱਖ ਅਟਾਰਨੀ ਨੇ ਉਹਨਾਂ ਦੁਆਰਾ ਚੁੱਕੇ ਕਦਮਾਂ ਪ੍ਰਤੀ ਲੋਕਾਂ ਦੀ ਸ਼ਲਾਘਾ ਅਤੇ ਉਹਨਾਂ ਨੂੰ ਦੁਨੀਆਂ ਭਰ ਵਿੱਚੋ ਭਰਵਾ ਹੁੰਗਾਰਾ ਮਿਲਣ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ, ਅਤੇ ਕਿਹਾ ਕਿ ਸਿੱਖ ਭਾਈਚਾਰੇ ਅਤੇ ਹੋਰ ਲੋਕਾਂ ਦੁਆਰਾ ਉਹਨਾਂ ਦੇ ਇਸ ਕਦਮ ਨੂੰ ਬਹੁਤ ਸਰਾਹਿਆ ਗਿਆ ਹੈ।

ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾਂ ਹੀ ਕੋਸ਼ਿਸ਼ ਹੁੰਦੀ ਹੈ ਕਿ ਵਿਸ਼ਵ ਵਿੱਚ ਜਿੱਥੇ ਵੀ ਕਿਸੇ ਵੀ ਸਮਾਜ, ਭਾਈਚਾਰੇ ਜਾਂ ਵਿਅਕਤੀ ਵਿਸ਼ੇਸ਼ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਜਾਂ ਉਲੰਘਣਾ ਹੋਵੇਗੀ ਉਹ ਉਸ ਦਾ ਵਿਰੋਧ ਕਰਨਗੇ। ਭਾਵੇਂ ਅਮਰੀਕਾ ਵਿੱਚ ਵੀ ਜੇਕਰ ਸਿੱਖਾਂ ਪ੍ਰਤੀ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧੀ ਕੋਈ ਵੀ ਮਨੁੱਖੀ ਅਧਿਕਾਰਾਂ ਜਾਂ ਨਸਲਕੁਸ਼ੀ ਦਾ ਮਸਲਾ ਸਾਹਮਣੇ ਆਉਂਦਾ ਹੈ ਤਾਂ ਮੈਂ ਉਸ ਦੇ ਖਿਲਾਫ ਆਵਾਜ਼ ਚੁੱਕਦਾ ਹਾਂ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਪਹਿਲੀ ਵਾਰ ਅਜਿਹਾ ਮਸਲਾ ਉਹਨਾਂ ਦੇ ਸਾਹਮਣੇ ਆਇਆ ਸੀ ਅਤੇ ਉਹਨਾਂ ਨੇ ਇਸ ਸੰਬੰਧੀ ਮੁੱਦਾ ਚੁੱਕਿਆ। ਅਮਰੀਕਾ ਵਿੱਚ ਰਹਿੰਦੇ ਸਾਰੇ ਭਾਰਤੀ ਐਨ.ਆਰ.ਆਈ. ਭਰਾਵਾਂ ਜਿਹਨਾਂ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਾ ਸ਼ਾਮਿਲ ਹੈ, ਇੱਥੋਂ ਦੇ ਸਾਰੇ ਹੀ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਕਮੇਟੀ ਮੈਂਬਰਾਂਨ ਅਤੇ ਇੱਥੇ ਵਸਦੇ ਉਹਨਾਂ ਦੇ ਹੋਰ ਕਲਾਇੰਟ, ਸਭ ਹੀ ਚਾਹੁੰਦੇ ਸਨ ਕਿ ਇਸ ਮੁੱਦੇ ਨੂੰ ਅੱਗੇ ਲਿਆਂਦਾ ਜਾਵੇ।ਜਸਪ੍ਰੀਤ ਸਿੰਘ ਅਟਰਾਨੀ ਨੇ ਕਿਹਾ ਕਿ ਪਹਿਲਾਂ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਬੇਨਤੀ ਕੀਤੀ ਗਈ ਸੀ ਅਤੇ ਹੁਣ ਵੀ ਉਹ ਇਹੀ ਬੇਨਤੀ ਕਰਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਲਗਾਏ ਗਏ ਇਲਜ਼ਾਮ ਬਿਲਕੁਲ ਗਲਤ ਹਨ, ਉਹਨਾਂ ਉੱਪਰ ਲਗਾਏ ਕਈ ਇਲਜ਼ਾਮ ਬੇਲ-ਏਬਲ ਅਫੈਂਸ ਹਨ, ਜਿਹਨਾਂ ਉੱਪਰ ਐੱਨ.ਐੱਸ.ਏ. ਲਗਾਉਣੀ ਸਹੀ ਨਹੀਂ ਬਣਦੀ।

ਸੰਵਿਧਾਨ ਦੀ ਸਹੁੰ ਚੁੱਕਣ ਤੇ ਜੇਲ੍ਹ ਵਿੱਚ ਕੈਦ ਕਿਸੇ ਵੀ ਵਿਅਕਤੀ ਦਾ ਇਹ ਅਧਿਕਾਰ ਬਣਦਾ ਹੈ ਕਿ ਉਹ ਬਾਹਰ ਆ ਕੇ ਉਹਨਾਂ ਲੋਕਾਂ ਦੀ ਸੇਵਾ ਕਰ ਸਕੇ, ਜਿਹਨਾਂ ਨੇ ਉਸ ਨੂੰ ਵੋਟਾਂ ਪਾ ਕੇ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ ਹੈ।ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਮੈਂ ਅੱਗੇ ਤੋਂ ਵੀ ਅਜਿਹੇ ਮੁੱਦਿਆਂ ਸੰਬੰਧੀ ਆਵਾਜ਼ ਚੁੱਕਦਾ ਰਹਾਂਗਾ। ਉਹਨਾਂ ਕਿਹਾਂ ਕਿ ਵਿਦੇਸ਼ਾਂ ਵਿੱਚ ਭਾਰਤ ਤੋਂ ਆਏ ਸਾਰੇ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਲੋਕ ਇੱਥੇ ਮਿਲ ਕੇ ਪਿਆਰ ਨਾਲ ਰਹਿੰਦੇ ਹਨ।ਅਤੇ ਗੁਰੂਘਰਾਂ ਦੇ ਦਰਵਾਜ਼ੇ ਸਭ ਧਰਮਾਂ ਲਈ ਖੁੱਲੇ ਰਹਿੰਦੇ ਹਨ ।ਅਤੇ ਇੱਥੇ ਵਸਦੇ ਸਭ ਧਰਮਾਂ ਦੇ ਲੋਕ ਇੱਕ ਦੂਜੇ ਦਾ ਸਤਿਕਾਰ ਕਰਦੇ ਹਨ। ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵੀ ਸਭ ਇਸ ਤਰਾਂ ਹੀ ਮਿਲ ਜੁਲ ਕੇ ਰਹਿਣ।ਉਹਨਾਂ ਕਿਹਾ ਕਿ ਸਭ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ। ਕਿਸੇ ਵੀ ਭਾਈਚਾਰੇ ਖਿਲਾਫ ਕਿਸੇ ਵੀ ਤਰਾਂ ਦੀ ਹਿੰਸਾ ਜਾਂ ਹਿੰਸਾਤਮਕ ਵਿਰੋਧ ਸਹੀ ਨਹੀਂ ਹੈ।ਅਤੇ ਹਿੰਸਾ ਦੇ ਕਾਰਨ ਭਾਈਚਾਰਾ ਕਮਜ਼ੋਰ ਹੁੰਦਾ ਹੈ। ਅਤੇ ਲੋਕਾਂ ਵਿੱਚ ਵੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ।ਅਟਾਰਨੀ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅਜਿਹੀਆਂ ਹਿੰਸਾਤਮਕ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਇਹਨਾਂ ਦੇ ਖਿਲਾਫ ਯੋਗ ਕਦਮ ਚੁੱਕ ਕੇ ਅਮਨ ਤੇ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਿਆ ਜਾਵੇ।