ਸਖ਼ਤ-ਜਾਨ, ਮੇਰੇ ਪਿਆਰੇ ਮਿੱਤਰੋ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਸੁੱਕੀ-ਤਪਦੀ ਗਰਮੀ ਵਿੱਚ ਵੀ ਡਟੇ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਲਈ ਦੁਆ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਕਿਸਾਨ ਤੂੜੀ ਸੰਭਾਲਣ ਅਤੇ ਬਿਜਾਈ ਚ ਰੁੱਝੇ ਹਨ, ਵੋਟਾਂ ਆਲੇ ਆਵਦੇ ਬੰਨ੍ਹ-ਸੁੱਭ
ਚ ਪਰ ਠੇਕੇਦਾਰ ਮਿਸਤਰੀ ਬਲਦੇਵ ਸਿੰਹੁ ਵੱਡੇ ਦਿਨਾਂ ਦਾ ਫਾਇਦਾ ਚੁੱਕ ਉਸਾਰੀ ਚ ਮਸਤ ਹੈ। ਬਿਜਲੀ ਆਲੇ ਬਲਜੀਤ ਸਿੰਹੁ ਦੀ ਕੋਠੀ ਦਾ ਕੱਲ੍ਹ ਲੈਂਟਰ ਪਾਇਆ। ਲੈ ਬਈ, ਤੜਕੇ ਈ ਅੱਠ ਵੱਜਦੇ ਨੂੰ ਮਜ਼ਦੂਰਾਂ-ਮਸ਼ੀਨਾਂ ਨੂੰ ਲਿਆ ਬੀੜਿਆ। ਕੋਈ ਦੋ ਹਜਾਰ-ਪੱਚੀ ਸੌ ਵਰਗ ਫੁੱਟ ਹੋਊ ਛਤਾਅ। ਠੇਕੇਦਾਰ ਫਿਰੇ ਸ਼ਮਿੰਦਰ ਬਚੋਲੇ ਵਾਂਗੂੰ ਗੇੜੀਆਂ ਦਿੰਦਾ।
ਦੋ ਪਾਸਿਆਂ ਤੋਂ, ਦੋ ਮਸ਼ੀਨਾਂ, ਬੱਜਰੀ, ਰੇਤਾ, ਸੀਮਿੰਟ ਅਤੇ ਪਾਣੀ ਰਲਾਉਣ ਲਈ ਲਾਈਆਂ। ਛੱਤ ਉੱਤੇ ਸਮਾਨ ਅਪੜਾਉਣ ਲਈ ਕਰੇਨ ਵਰਗੀ ਹੋਰ ਮਸ਼ੀਨ ਚੱਲੇ। ਇੰਜਣਾਂ ਲਈ ਡੀਜ਼ਲ ਦਾ ਤੇਲ, ਬਿਜਲੀ ਲਈ ਜਰਨੇਟਰ, ਪਾਣੀ ਦੇ ਟੈਂਕਰ, ਸਮਾਨੇ ਦੇ ਢੇਰ, ਗੱਲ ਕੀ ਜੰਗ ਵਰਗੀ ਤਿਆਰੀ। ਚਾਹਾਂ ਅਤੇ ਮਸਾਲਾ ਛਕ ਮਂਡ-ਪੇ ਸਾਰੇ। ਕੰਨ ਪਈ ਵਾਜ ਨਾ ਸੁਣੇ। ਠੇਕੇਦਾਰ ਅਤੇ ਬਲਦੇਵ ਛੱਤ ਉੱਤੇ ਖੜ੍ਹ, ਸੈਨਾਪਤੀ ਵਾਂਗੂੰ ਹੁਕਮ ਕਰਨ। ਲੈ ਬਈ ਬੇਲੀਓ, ਝੁਲਸਦੀ ਗਰਮੀ ਵਿੱਚ ਸਭ ਤੋਂ ਮਾੜਾ ਹਾਲ ਮਸ਼ੀਨ ਵਿੱਚ ਬਰੇਤੀ, ਬੱਜਰੀ ਸਿੱਟਣ ਵਾਲਿਆਂ ਦਾ। ਮੁਨਸ਼ੀ ਤਾਂ ਦੋ ਕੁ ਬੱਠਲ ਸੀਮਿੰਟ ਪਾ, ਪੀਪੇ ਨਾਲ ਪਾਣੀ ਡੋਲ, ਪਾਸੇ ਖੜ ਨੰਬਰਦਾਰੀ ਦਾ ਲਾਹਾ ਲਵੇ। ‘ਛਾਵਾ-ਬਈ-ਛਾਵਾ
, ਹੋਵੇ ਪਈ। ਲੈ ਬਈ ਮੰਗੂਆ, ਮਾਈ ਗੂੰਗੀ ਵੀ ਘੁੱਕੀ ਜਾਵੇ। ਮੈਂ ਵੇਖ ਕੇ ਸੋਚਿਆ ਮਨਾ, ‘ਇਸਨੇ ਗਰੀਬਣੀ ਨੇ ਕੀ ਪਾਪ ਕੀਤਾ ਹੋਣੈਂ?ਢਿੱਡ ਵਾਸਤੇ ਸੇਕ
ਚ ਲਟੋ-ਪੀਂਘ, ਇੱਕ ਅਣ-ਮੁੱਕ, ਸਿਲਸਿਲਾ। ਬੱਠਲ ਚੁੱਕੇ ਮਸ਼ੀਨ ਚ ਸਿੱਟੇ। ਮਿੱਟੀ, ਗਰਮੀ, ਮੁੜਕਾ। ਮਸਾਂ ਕਿਤੇ ਜਾ ਕੇ ਚਾਹ ਦੀ ਛੁੱਟੀ ਹੋਈ। ਫੇਰ ਰੋਟੀ ਵੇਲਾ।
ਉਵੇਂ ਲਿਬੜੇ ਡਿੱਗ ਪੇ ਮਜਦੂਰ, ਧਰਤੀ ਉੱਤੇ, ਨਿੰਮ ਦੀ ਛਾਂਵੇਂ। ਕਿੱਥੇ ਏ.ਸੀ.? ਕਿੱਥੇ ਮਿੱਟੀ ਮਾਂ ਦੀ ਗੋਦ? ਅੱਧੇ ਘੰਟੇ ਮਗਰੋਂ ਈ ਫੇਰ ਉਠਾ ਲੇ ਠੇਕੇਦਾਰ ਨੇ। ਚਾਹ ਪੀ, ਜਰਦਾ ਮਲ, ਬੀੜੀਆਂ ਪੀ, ਫੇਰ ਉਹੀ ‘ਤਕੜੇ ਹੋ ਕੇ, ਆਉਣ ਦਿਓ, ਲੈ ਲਿਆ ਕੰਮ
। ਮੁੱਕਦੀ ਕਹਾਣੀ, ਛੇ ਵਜੇ ਮਸਾਂ ਮੁੱਕੇ ਢੇਰ। ਮਿੱਠਾ ਖਾ, ਸੰਦ-ਸਦੌੜਾ ਸੰਭਾਲ, ਜਦੋਂ ਘਰਾਂ ਨੂੰ ਮੁੜਨ ਲੱਗੇ ਲਿੱਬੜੇ-ਤਿੱਬੜੇ, ਭੂਤ ਬਣੇ ਰੱਬ ਦੇ ਜੀਅ, ਪਤਾ ਨੀਂ ਕੀ ਬੀਤਦੀ ਹੋਣੀਂ ਐਂ?ਬਾਬਾ ਘੀਲਾ ਆਂਹਦਾ, “ਇਹ ਕਰਮਾਂ ਦੀ ਖੇਡ ਐ?" ਪਰ ਮੈਨੂੰ ਨੀਂ ਸਮਝ ਆਈ ਅਜੇ, ਥੋਨੂੰ ਕਿਸੇ ਨੂੰ ਆਈ ਹੋਵੇ ਤਾਂ ਜ਼ਰੂਰ ਦੱਸਿਓ ਭਲਾ? ਕੀ ਕਹਿੰਦਾ! ਹੋਰ, ਮੂੰਹ ਕੂਲ ਛਿੰਦਾ ਵਰਕਰ, ਫੇਰ ਪਾਰਟੀ-ਪ੍ਰਚਾਰ ਕਰ ਰਿਹੈ। ਪੇਂਡੂਆਂ ਨੂੰ ਵੀ ਫੋਨ ਦੀ ਲੱਤ ਲੱਗ ਗਈ ਹੈ। ‘ਜਾ ਓਏ ਫੀਂਡਰਾ ਜਿਹਾ
ਆਖਣ ਵਾਲਾ ਗੇਲੂ, ਢਿੱਲਾ ਹੈ। ਛੱਪੜੀ ਆਲਿਆਂ ਦਾ ਭਾਨੂੰ ਸਲਫਾਸ ਖਾ ਗਿਆ ਹੈ। ਜਗਰੰਟ ਬਾਈ, ਲੋਗੜੀ, ਲੱਧਾ, ਮੋਹਰਾ, ਪਕਸੀਟੂ ਸਾਰੇ ਕੈਮ ਹਨ। ਛਾਪੇ ਆਲਿਆਂ ਨੇ ਨ੍ਹੇਕੇ ਕੀ ਭੱਠੀ ਫੜ ਲਈ ਹੈ। ਤਾਰੂ ਦੀ ਬੇਬੇ ਦੀ ਪਰਾਨੀ ਹਾਰ ਗਈ ਹੈ। ਤਪਿਆ ਤੰਦੂਰ, ਤਨ ਤੇ ਤਿਪਹਿਰਾ, ਤਰਾਰੇ `ਤੇ ਹਨ। ਪੋਸਤੀ ਪਪਲੂ ਹੁਣ ਨਿਹੰਗ-ਸੱਜ ਗਿਆ ਹੈ। ਤੁਸੀਂ ਸਾਡੇ ਵਾਂਗੂੰ ਗੱਜਦੇ ਰਹਿਓ, ਸਭ ਠੀਕ ਹੋ ਜਾਏਗਾ। ਚੰਗਾ, ਮਿਲਦੇ ਹਾਂ, ਮਿੰਟੂ-ਬਰਾੜ ਵਾਂਗੂੰ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061