ਪਰਥ- ਆਸਟ੍ਰੇਲੀਆ ਵਿਖੇ ਹਜ਼ਾਰਾਂ ਕਿਸਾਨ ਅਲਬਾਨੀਜ਼ ਸਰਕਾਰ ਦੇ ਇਕ ਫ਼ੈਸਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਪਰਥ ਵਿੱਚ 3000 ਤੋਂ ਵੱਧ ਕਿਸਾਨ, ਟਰੱਕ ਡਰਾਈਵਰ, ਸ਼ੀਅਰਰ (ਉੱਨ ਕੱਟਣ ਵਾਲੇ) ਅਤੇ ਉਨ੍ਹਾਂ ਦੇ ਪਰਿਵਾਰ ਲਾਈਵ ਭੇਡਾਂ ਦੀ ਬਰਾਮਦ ‘ਤੇ ਰੋਕ ਦੇ ਵਿਰੋਧ ਲਈ ਇਕੱਠੇ ਹੋਏ ਹਨ। ਇਹ ਪਾਬੰਦੀ 2028 ਵਿੱਚ ਲਾਗੂ ਹੋਵੇਗੀ, ਜਿਸ ਨਾਲ ਇਹ ਚਿੰਤਾ ਵੱਧ ਗਈ ਹੈ ਕਿ ਇਸ ਉਦਯੋਗ ‘ਤੇ ਬਹੁਤ ਜ਼ਿਆਦਾ ਨਿਰਭਰ ਖੇਤਰੀ ਭਾਈਚਾਰਿਆਂ ਲਈ ਵਿਨਾਸ਼ਕਾਰੀ ਨਤੀਜੇ ਹੋਣਗੇ।
1500 ਤੋਂ ਵੱਧ ਯੂ.ਟੀ.ਈ, ਟਰੱਕਾਂ ਅਤੇ ਟਰੈਕਟਰਾਂ ਵਿੱਚ ਕਿਸਾਨਾਂ ਨੇ ਆਪਣੀ ਨਿਰਾਸ਼ਾ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਅਲਬਾਨੀਜ਼ ਸਰਕਾਰ ਤੋਂ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਖੇਤਰੀ ਲੋਕਾਂ ਨੂੰ ਡਰ ਹੈ ਕਿ ਪਾਬੰਦੀ ਦੇਸ਼ ਦੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਵੇਗੀ। ਕਿਸਾਨ ਵੇਸ ਹੈਗਬੂਮ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਫੈਡਰਲ ਸਰਕਾਰ ਪਿੱਛੇ ਨਹੀਂ ਹਟ ਰਹੀ ਹੈ। ਉੱਧਰ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ, “ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਇਸ ਨੀਤੀ ਨੂੰ ਪੱਛਮੀ ਆਸਟ੍ਰੇਲੀਅਨਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ।” ਉਸ ਨੇ ਅੱਗੇ ਕਿਹਾ,“ਇਸ ਲਈ ਹੁਣ ਅਸੀਂ ਜੋ ਕਰ ਰਹੇ ਹਾਂ ਉਹ ਹੈ ਅੱਗੇ ਵਧਣਾ ਤੇ ਚੋਣ ਪ੍ਰਤੀਬੱਧਤਾ ਨੂੰ ਪੂਰਾ ਕਰਨਾ।”