ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਖੇਤਰ ਚ ਤਰੱਕੀ ਕਰਦੇ ਹਨ ਪਰ ਇਸ ਤਰੱਕੀ ਦਾ ਚਾਅ ਓਦੋਂ ਹੋਰ ਦੁੱਗਣਾ ਹੋ ਜਾਂਦਾ ਹੈ ਜਦੋਂ ਅਗਲੇ ਪੀੜ੍ਹੀ ਵੀ ਆਪਣੇ ਮਾਂ ਬਾਪ ਦੇ ਨਕਸ਼-ਏ-ਕਦਮ ‘ਤੇ ਚੱਲ ਕੇ ਕਾਮਯਾਬੀ ਦੇ ਝੰਡੇ ਗੱਡਦੀ ਹੈ , ਇਸੇ ਤਰ੍ਹਾ ਦੀ ਇਕ ਖੁਸ਼ੀ ਭਰੀ ਖ਼ਬਰ ਆਸਟਰੇਲੀਆ ਤੋਂ ਸਾਹਮਣੇ ਆਈ ਹੈ ਜਿੱਥੇ ਮੈਲਬੌਰਨ ਦੇ ਫ਼ਤਿਹਦੀਪ ਸਿੰਘ ਨੇ 9 ਸਾਲ ਤੋਂ ਘੱਟ ਉਮਰ ਵਰਗ ਵਿੱਚ ਵਿਕਟੋਰੀਆ ਦੇ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ 100 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਕੰਬਾਇਡ ਇਵੈਂਟ ਤਹਿਤ ਉਹ ਹੁਣ ਵਿਕਟੋਰੀਆ ਦੇ ‘ਟਾਪ 8’ ਅਥਲੀਟਾਂ ਵਿੱਚ ਸ਼ਾਮਲ ਹੈ। ਦੱਸ ਦਈਏ ਇਸ ਤੋਂ ਪਹਿਲਾਂ ਫ਼ਤਿਹਦੀਪ ਰਾਜ ਪੱਧਰ ਦੇ ਰਿਲੇਅ ਮੁਕਾਬਲਿਆਂ ਵਿੱਚ ਦੋ ਸੋਨੇ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤ ਚੁੱਕਾ ਹੈ। ਫ਼ਤਿਹਦੀਪ ਤੋਂ ਇਲਾਵਾ ਲਿਟਲ ਅਥਲੈਟਿਕਸ, ਕ੍ਰੇਨਬਰਨ ਵੱਲੋਂ ਮੇਹਰ ਅਤੇ ਜਪਲੀਨ ਕੌਰ ਵੱਲੋਂ ਵੀ ਮਾਣ-ਮੱਤੀਆਂ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਫਤਿਹ ਦੀਪ ਸਿੰਘ ਦੇ ਪਿਤਾ ਜੀ ਕੁਲਦੀਪ ਔਲਖ ਵੀ ਇਕ ਸਫ਼ਲ ਕੋਚ ਹਨ ਅਤੇ ਉਹਨਾਂ ਦੀ ਅਣਥੱਕ ਮਿਹਨਤ ਸਦਕਾ ਹੀ ਉਹਨਾਂ ਦਾ ਪੁੱਤਰ ਅੱਜ ਇਸ ਮੁਕਾਮ ‘ਤੇ ਪੁੱਜਾ ਹੈ । ਫਤਿਹ ਦੀਪ ਸਿੰਘ ਦੀ ਇਸ ਪ੍ਰਾਪਤੀ ਨਾਲ ਜਿੱਥੇ ਮਾਂ ਬਾਪ ਦਾ ਸਿਰ ਉੱਚਾ ਹੋਇਆ ਹੈ ਉੱਥੇ ਹੀ ਇਲਾਕੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।