ਹਰੇਕ ਰੁੱਤ ਦੇ ਫਿੱਟ, ਪੰਜਾਬੀਓ, ਸਤ ਸ਼੍ਰੀ ਅਕਾਲ।
ਇੱਥੇ ਅਸੀਂ ਕੰਮ ਧੰਦਿਆਂ ਵਿੱਚ ਲੱਗੇ ਰਾਜ਼ੀ-ਖੁਸ਼ੀ ਹਾਂ। ਉਮੀਦ ਹੈ ਤੁਸੀਂ ਵੀ ਪੰਜਾਬ ਦੇ ਪੱਕੇ ਗਰਮੀ-ਸਰਦੀ ਝੱਲ ਲਵੋਗੇ। ਅੱਗੇ ਸਮਾਚਾਰ ਇਹ ਹੈ ਕਿ ਐਤਕੀਂ, ਲੱਗਦੈ ਰੱਬ ਵੀ ਬਦਲੇ ਲੈ ਰਿਹੈ। ਸਿਆਲਾਂ ਚ ਕੋਰੇ ਨੇ ਵੱਟ ਕੱਢੇ ਹੁਣ ਭੱਠੀ ਵਾਂਗੂੰ ਭੁੰਨ ਰਿਹੈ। ਸਿਖਰ ਦੁਪਹਿਰੇ ਕਈਆਂ ਦੇ ਭੋਗ ਉੱਤੇ ਆਂਉਂਦੇ ਰਿਸ਼ਤੇਦਾਰ ਵੀ ‘ਅੱਬਾ-ਅੱਬਾ
ਕਰ ਰਹੇ ਹਨ। ਬਿਜਲੀ ਵੀ ਗਈ ਤਾਂ ਜੰਟੂ ਜਾਨ ਨਿਕਲਦੀ ਵੇਖ, ਲੰਡੂਆਂ ਦੀ ਬਣ ਰਹੀ ਕੋਠੀ ਵਿੱਚ ਚਲਾ ਗਿਆ। ਛਪਰਲ, ਖੁੱਲ੍ਹੀਆਂ ਖਿੜਕੀਆਂ ਅਤੇ ਬਾਰਾਂ ਤੋਂ, ਪਲਸਤਰ ਲਈ ਤਰਾਈ ਕਰਕੇ, ਫਰਨ-ਫਰਨ, ਹਵਾ ਦੇ ਕੂਲਰ ਕੋਲ ਅੱਪੜ, ਜਾਨ ਬਚਾਈ। ਦੋ ਮੰਜਿਆਂ ਉੱਤੇ ਬੈਠੇ ਹਰਪਾਲ ਸਿੰਹੁ, ਘਾਨਾ ਅਤੇ ਪੀਲੂ ਗੜ੍ਹਮਾਲੇ ਮਾਰੀ ਜਾਂਦੇ ਸਨ। ਮਿਸਤਰੀ, ਮਜ਼ਦੂਰ, ਮੁੜਕੇ-ਮਿੱਟੀ ਨਾਲ ਗੜੁੱਚ ਹੋਏ ਭੱਜੇ ਫਿਰਦੇ ਸਨ ਅੰਦਰ-ਬਾਹਰ। ਪਲੰਬਰ ਮਸ਼ੀਨ ਨਾਲ ਛੱਤ ਉੱਪਰ ਟਰਰ-ਕਰਰ ਕਰੀ ਜਾਣ। ‘ਓ-ਹੋ, ਓ-ਹੋਕਰਦਾ ਜਿਉਂ ਹੀ ਗੁਰਜੰਟ ਮੰਜੇ ਉੱਤੇ ਬੈਠਾ, ਪੀਲੂ ਨੇ ਪੁੱਛਿਆ, “ਕਿਵੇਂ ਐ ਚਾਚਾ, ਬਕਲਕਾਤ ਹੋਇਐ ਫਿਰਦੈਂ?" “ਪੁੱਛੋ ਨਾ ਯਾਰ, ਬੱਸ ਭੋਗ ਦੀ ਤਿਆਰੀ ਕਰੋ, ਮਰਾਂਗੇ ਐਤਕੀਂ ਤਾਂ।" ਜੰਟੇ ਨੇ ਸਾਹ ਲੈਂਦਿਆਂ ਕੁਰਲਾਹਟ ਜੀ ਕੀਤੀ। “ਆਂਏਂ ਨੀਂ ਮਰਨ ਦਿੰਦੇ ਤੈਨੂੰ, ਘਬਰਾ ਨਾ, ਆਰਾਮ ਕਰ ਲੈ।" ਘਾਨੇ ਨੇ ਪਾਸੇ ਹੋ ਥਾਂ ਮੋਕਲਾ ਕਰਦਿਆਂ ਆਖਿਆ।
ਕਈ ਏਧਰ-ਉਧਰ ਦੀਆਂ ਗੱਲਾਂ ਕਰਦਿਆਂ ਇੱਕ ਮਿਸਤਰੀ ਨੇ ਆ ਕੇ ਹਰਪਾਲ ਸਿੰਹੁ ਨੂੰ ਸਮਾਨ ਲਿਖਾਉਣਾ ਸ਼ੁਰੂ ਕੀਤਾ। ਪਾਈਪਾਂ, ਪੇਚ, ਮੋਲਡਰ, ਟੇਪਾਂ, ਫਿਕਸਰ ਅਤੇ ਹੋਰ ਨਿੱਕ-ਸੁੱਕ। ਹੌਲੀ-ਹੌਲੀ ਉਸਾਰੀ ਵਾਲੇ ਠੇਕੇਦਾਰ ਨਾਲ ਲਿੱਬੜੇ-ਤਿੱਬੜੇ ਮਜ਼ਦੂਰ ਆ ਕੇ ਟਿਫਨ ਖੋਲ੍ਹ ਰੋਟੀਆਂ ਖਾਣ ਲੱਗੇ। ਰੋਟੀ ਨਿਬੇੜ ਕੇ ਥੱਲੇ ਹੀ ਚਾਦਰਾਂ ਵਿਛਾਅ ਲਾਮਲੇਟ ਹੋ ਗਏ। ਦੋ-ਕੁ ਮੁੰਡੇ, ਫੋਨ ਚਲਾਉਣ ਲੱਗੇ। ਇੱਕ ਕਹਿੰਦਾ, “ਅੱਜ ਹਨੇਰੀ, ਨਾਲ ਮੀਂਹ ਆਊਗਾ ਛੜਾਕਿਆਂ ਵਾਲਾ ਓਏ।" “ਬੰਦੇ ਬਣ ਕੇ ਝੱਟ
ਰਾਮ ਕਰਲੋ, ਲਗਦੇ ਛੜਾਕਿਆਂ ਦੇ।” ਮਿਸਤਰੀ ਨੇ ਝਿੜਕਿਆ। ਘਾਨਾ, ਹਰਪਾਲ ਸਿੰਹੁ ਨਾਲ ਸਮਾਨ ਲੈਣ ਸ਼ਹਿਰ ਚਲਾ ਗਿਆ। ਪੀਲੂ ਅਤੇ ਜੰਟਾ ਮੰਜੇ ਉੱਤੇ ਅੜਿੰਗ-ਬੜਿੰਗ ਹੋ ਗਏ। ਸ਼ਾਂਤੀ ਹੋਈ ਤੋਂ ਅੱਖ ਲੱਗ ਗੀ ਸਾਰਿਆਂ ਦੀ।
ਹੋਰ, ਅੱਗ ਮਗਰੋਂ ਆਏ ਝੱਖੜ ਤੇ ਛਰਾਟਿਆਂ ਨੇ ਜਿਉਣ ਜੋਗੇ ਕਰ ਦਿੱਤਾ ਹੈ। ਵੋਟਾਂ ਮਗਰੋਂ ਨਵੀਆਂ ਸੋਚਾਂ ਦੇ ਘੋੜੇ ਦੌੜ ਰਹੇ ਹਨ। ਪੰਜਾਬ ਚ, ਪਾਣੀ, ਪ੍ਰਦੂਸ਼ਣ ਅਤੇ ਪ੍ਰਵਾਸ ਦਾ ਕੋਈ ਹੱਲ ਨਹੀਂ ਹੋ ਰਿਹਾ। ਬੇਲੋੜੀ ਮੋਬਾਈਲ ਲੱਤ ਨੇ, ਮੱਤ ਵਿਗਾੜ ਦਿੱਤੀ ਹੈ। ਬਾਲੜੀਆਂ ਪ੍ਰਤੀ ਚੰਗੇ ਸੁਨੇਹੇ ਆ ਰਹੇ ਹਨ। ਤੁਹਾਨੂੰ, ਗੁਰੂ ਘਰਾਂ ਦੇ ਚਿੱਟੇ ਗੁੰਬਦ, ਝੂਲਦੇ ਕੇਸਰੀ ਨਿਸ਼ਾਨ, ਘਰਾਂ ਦੇ ਬਨੇਰੇ, ਵਿਹੜਿਆਂ ਦੀਆਂ ਰੌਣਕਾਂ, ਚੌਥੀ ਵਾਲੇ ਬਾਈ ਰੇਸ਼ਮ ਸਿੰਘ ਵਰਗੇ ਸਾਥੀ ਉਡੀਕ ਰਹੇ ਹਨ, ਕਦੇ ਕੱਢ ਲਿਓ ਵਿਹਲ। ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061