ਪਿੰਡ, ਪੰਜਾਬ ਦੀ ਚਿੱਠੀ (165)

ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਸਾਡੇ ਉੱਪਰ ਬਾਬੇ ਨਾਨਕ ਦਾ ਹੱਥ ਹੈ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ, ਸਦਾ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ, ਕੁੱਝ ਦਿਨ ਪਹਿਲਾਂ ਗੇਜੇ ਬਾਈ ਦੀ, ਕਿਸੇ ਚੈਨਲ ਆਲੇ ਨੇ, ਵੀਡੀਓ ਬਣਾਈ। ਸਿਰਲੇਖ ਸੀ, ‘ਪੰਜਾਬ ਦਾ ਮਿਹਨਤੀ ਪਰਿਵਾਰ, ਪੁਰਖਿਆਂ ਤੋਂ, ਕਦੇ ਵੀ ਕਿਸੇ ਨੇ ਕਰਜ਼ਾ ਨੀ ਚੱਕਿਆ।ਸੁਭੈਕੀਂ ਸਵੇਰੇ-ਸਵੇਰੇ, ਗੁਰੂ ਘਰ ਮੱਥਾ ਟੇਕ ਕੇ, ਨਿਆਂਈਂ ਆਲੇ ਘਰ ਨੂੰ ਜਾਂਦਾ ਬਾਈ ਅੰਗਰੇਜ਼ ਸਿੰਘ ਉਰਫ਼ ਗੇਜਾ ਗਲੀਚੋਂ ਲੰਘਿਆ ਤਾਂ ਭਿੰਦਰ ਨੇ ਬੁਲਾ ਲਿਆ, ਕਹਿੰਦਾ, “ਓਏ ਚਾਚੂ, ਅੱਜ-ਕੱਲ੍ਹ ਬੜਾ ਛਾਇਆ ਪਿਐਂ ਯੂ-ਟਿਊਬ ਤੇ, ਨਾਲ ਆਪਣੇ ਪਿੰਡ ਦਾ ਵੀ ਨਾਂ ਮਸ਼ਹੂਰ ਹੋ ਗਿਐ।" ਲੈ ਬਈ ਸੋਹਣਿਓ, ‘ਵਡਿਆਈ ਕੀਹਨੂੰ ਨੀਂ ਚੰਗੀ ਲੱਗਦੀ? ਗੇਜਾ ਵੀ ਪੈਰ ਮਲ ਗਿਆ, “ਹਲ੍ਹਾਅ, ਮੈਂ ਵੀ ਆਖਾਂ ਮੁੰਡੇ ਨੂੰ ਐਨੇਂ ਫ਼ੋਨ ਕਿਉਂ ਆਈ ਜਾਂਦੇ ਐ, ਭਲਾਂ ਕਿੰਨਿਆਂ ਕੁ ਨੇ ਵੇਖੀ ਸਾਡੀ ਕਹਾਣੀ?” “ਓਹ ਤਾਂ ਮੈਂ ਹੁਣੇ ਦੱਸ ਦਿੰਨਾਂ”, ਕਵਾਲੇ ਨੇ ਆਵਦੇ ਫੋਨ ਤੋਂ ‘ਕੈਂਡੀ-ਕਰਸ਼ਗੇਮ ਬੰਦ ਕਰਕੇ, ਟਿੱਪ-ਟਿੱਪ ਕੀਤੀ, ਤਾਂ ਆਂਹਦਾ, “ਲੈ ਬਈ, ਇਹ ਤਾਂ ਲਖੂਖਾਂ ਨੇ ਵੇਖਲੀ, ਵਧਾਈਆਂ ਬਾਈ, ਕਰਾਤੀ ਬੱਲੇ-ਬੱਲੇ! ਪਾਰਟੀ?" “ਪਾਰਟੀਆਂ ਵਾਧੂ, ਊਂ ਲੋਕ ਕੀ ਬੋਲਦੇ ਐ?" ਗੇਜੇ ਨੇ ਤਸੱਲੀ ਚਾਹੀ। “ਲੈ ਸੁਣ", “ਕਰਜ਼ਾ ਨਾ ਲੈ ਕੇ ਬਾਈ ਨੇ ਮਿਸਾਲ ਕਾਇਮ ਕਰਤੀ", “ਸਿਰਾ, “ਜਿੰਦਾਬਾਦ, “ਬਾਈ ਜਮਾਂ ਸੱਚ ਬੋਲਦੈ", “ਬਚੋ ਪੰਜਾਬੀਓ, ਕੰਮ ਕਰੋ, ਇੱਥੋਂ ਈ ਕਨੇਡਾ", “ਬਾਈ ਦਾ ਫੂਨ ਨੰਬਰ ਦਿਓ ਜੀ", ਬੱਸ ਚੰਗਾ ਈ-ਚੰਗਾ ਸਾਰਾ। “ਆਪਾਂ ਵੀ ਤਾਂ ਫੇਰ ਸਹੀ ਗੱਲ ਈ ਕੀਤੀ ਐ", ਮੈਂ ਆਖਿਆ ਬਈ, ਮੇਰੇ ਬਾਪੂ ਨੇ ਫੂਕ ਮਾਰੀ ਸੀ, ਘੱਟ ਖਾ ਲੀਂ, ਕੋਈ ਮੈਂਸ, ਬੈਲ, ਦਰਖ਼ਤ, ਟੂਮ ਵੇਚ ਲੀਂ, ਟੈਮ ਪਾਸ ਕਰ ਲੀਂ, ਕਰਜ਼ਾ ਨਾ ਲਈਂ, ਥੋਡੇ ਸਾਹਮਣੇ ਐਂ, ਦੋ ਕੀਲੇ ਮੇਰੇ, ਦੋ ਫੌਜੀ ਬਾਈ ਦੇ ਹਿੱਸੇਤੇ, ਇੱਕ ਗਹਿਣੇ ਐਂ ਨਵਾਬਾਂ ਦਾ। ਨਿਆਂਈਂ ਚ ਦੋ ਕੋਠੇ ਐ, ਮੁੰਡਾ-ਕੁੜੀ ਸਰਕਾਰੀ ਸਕੂਲਚ ਤੁਰ ਕੇ ਜਾਂਦੇ ਐ। ਆਵਦੀ ਖੋਲੀ, ਗਾਂ ਤੇ ਸ਼ੈਂਕਲ ਐ। ਨਾ ਟਰੈਕਟਰ, ਨਾ ਕਾਰ ਨਾ ਮੋਟਰਟੈਂਕਲ। ਅਜੀਤਪਾਲ ਨਕਦ ਵਾਹ-ਬੀਜ ਦਿੰਦੈ। ਘਰ ਦਾ ਅੰਨ, ਦੁੱਧ ਅਤੇ ਸਬਜ਼ੀਆਂ। ਰੂੜੀ ਦਾ ਅਨਾਜ ਐ। ਨਾ ਰੇਹ ਨਾ ਸਪਰੇਅ। ਨਾਂ ਹੀ ਬੈਂਕ ਭਰਿਆ ਅਤੇ ਨਾ ਹੀਂ ਕੋਈ ਪੈਸਾ ਸਿਰ ਐ। ਸਾਰਾ ਟੱਬਰ ਕੰਮ ਕਰਦੈ। ਵੈਲ ਨੀ ਖੈਲ ਨੀਂ। ਹੁਣ, ਕੁਦਰਤੀ ਖੇਤੀ ਆਲਿਆਂ ਨਾਲ ਵੀ ਜੁੜ ਗਿਐਂ। ਬਾਬਾ ਨਾਨਕ ਭਲੀ ਕਰੂ” ਕਹਿੰਦਾ, ਗੇਜਾ ਸਾਰਿਆਂ ਨੂੰ ਛੱਡ, ਔਹ-ਗਿਆ, ਔਹ ਗਿਆ, ਹੋ ਗਿਆ।

ਹੋਰ, ਰਾਜਸਥਾਨ ਵਿੱਚ ਵੀ, ਵੋਟਾਂ ਤੋਂ ਪਹਿਲਾਂ ਮੁਫ਼ਤਖੋਰੀ ਦਾ ਮੀਂਹ ਵਰ੍ਹ ਗਿਐ। ਗਿੱਲਾਂ ਦਾ ਬਾਬਾ ਅਤੇ ਸੁੱਖਾਂ ਦਾਈ ਤੁਰ ਗਏ ਹਨ। ਸੁੰਦਕ ਐ, ਬਈ, ਆਪਣਾ ਪਿੰਡ ਪੰਚੈਤੀ ਚੋਣ ਵਿੱਚ ਐਤਕੀਂ ਰਿਜ਼ਰਵ ਐ। ਫਿਟਫਿਟਿਏ ਤੋਂ ਡਿੱਗੇ ਕਰਮੇ ਦੀ ਲੱਤ ਤਾਂ ਵੈਲਡਿੰਗ ਹੋ ਗਈ ਐ ਪਰ ਪੂਰਾ ਸੂਤ ਨਹੀਂ ਹੋਇਆ ਅਜੇ। ਮੀਤੇ ਨੇ ਆਵਦੀ ਵਰਕਸ਼ਾਪ ਖੋਹਲ ਲਈ ਐ, ਅੱਡੇ `ਤੇ। ਬਿਮਲੇ ਦੀ ਕੁੜੀ ਵੀ ਕਨੇਡੇ ਜਾ ਰਹੀ ਐ। ਛਾਬੜੇ ਕੇ ਘਰ ਦੇ ਪੁਰਾਣੇ, ਇਤਿਹਾਸਕ ਤਖਤੇ ਉਦਾਸੇ ਜੇ ਖੜੇ ਐ। ਭਿੰਡੇ, ਭਗੌੜੇ ਦਾ ਭਰਮ ਭੱਜ ਗਿਆ ਐ। ਰਿਸ਼ਤੇਦਾਰੀ ਵਿੱਚ, ਤੋਰੀਆਂ, ਮੌਸਮੀ ਅਤੇ ਲਸਣ ਆਦਿ ਹੁਣ ਵੀ ਦਿੱਤੀ ਜਾਂਦੀ ਹੈ। ਝੋਨੇ ਅਤੇ ਨਰਮੇ ਦਾ ਸੋਨਾ ਆ ਰਿਹੈ। ਚੰਗਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061