ਲੇਖਕ : ਭਰਗਾ ਨੰਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ
ਪੰਨੇ : 124 ਮੁੱਲ : 220 ਰੁਪਏ
ਨਾਵਲ, ਕਹਾਣੀਆਂ, ਲੋਕ ਕਥਾਵਾਂ ਆਦਿ ਦੀਆਂ ਦਸ ਪੁਸਤਕਾਂ ਦਾ ਰਚੇਤਾ ਸ੍ਰੀ ਭਰਗਾ ਨੰਦ ਇੱਕ ਨਵਾਂ ਇਤਿਹਾਸਕ ਨਾਵਲ ‘ਸੂਰਜ ਤਪ ਕਰਦਾ’ ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਹੈ। ਸੰਸਕ੍ਰਿਤ, ਹਿੰਦੀ ਜਾਂ ਹੋਰ ਭਾਸ਼ਾਵਾਂ ਵਿੱਚ ਤਾਂ ਅਜਿਹੇ ਭਾਰਤੀ ਸਮਾਜਿਕ ਸਥਿਤੀਆਂ ਨੂੰ ਉਧੇੜਣ ਵਾਲੇ ਨਾਵਲ ਬਹੁਤ ਮਿਲਦੇ ਹਨ, ਪਰ ਪੰਜਾਬੀ ਵਿੱਚ ਗਿਣਤੀ ਨਗੂਣੀ ਹੈ। ਲੇਖਕ ਦੇ ਇਸ ਨਾਵਲ ਵਿੱਚ ਵੀ ਸੰਸਕ੍ਰਿਤ ਦੇ ਮੰਨੇ ਪ੍ਰਮੰਨੇ ਇਤਿਹਾਸਕਾਰ ਤੇ ਰਾਸ਼ਟਰਪਤੀ ਐਵਾਰਡ ਨਾਲ ਨਿਵਾਜੇ ਉਸਦੇ ਦਾਦਾ ਪੰਡਤ ਕਾਸੀ ਰਾਮ ਲੌਂਗੋਵਾਲੀਆ ਦੀ ਵਿਦਵਾਨੀ ਦਾ ਅਸਰ ਝਲਕਦਾ ਹੈ। ਉਸਨੇ ਸਦੀਆਂ ਪੁਰਾਣੇ ਇਤਿਹਾਸ ਨੂੰ ਬੜੀ ਮਿਹਨਤ ਤੇ ਨਵੇਂ ਤਰੀਕੇ ਨਾਲ ਲਿਖ ਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਜਿਸ ਵਿੱਚੋਂ ਕਰੀਬ ਤਿੰਨ ਹਜ਼ਾਰ ਸਾਲ ਪਹਿਲਾਂ ਦੇ ਭਾਰਤ ਦੀ ਰਾਜਨੀਤਕ, ਸਮਾਜਿਕ, ਸੱਭਿਆਚਾਰਕ ਤੇ ਇਤਿਹਾਸਕ ਜਾਣਕਾਰੀ ਮਿਲਦੀ ਹੈ।
ਮਾਂ ਬਾਪ ਦੇ ਲਾਡਲੇ ਵਿਸ਼ਣੂ ਨੇ ਬਚਪਨ ਵਿੱਚ ਆਪਣੀ ਹਾਨਣ ਉਰਵਸੀ ਨਾਲ ਖੇਡਦੇ ਹੋਏ ਉਸਦੇ ਦਿਲ ਵਿੱਚ ਥਾਂ ਬਣਾ ਲਿਆ ਸੀ, ਪਰ ਬਾਰਾਂ ਸਾਲ ਦੀ ਉਮਰ ਵਿੱਚ ਉਸਨੇ ਉਸ ਸਮੇਂ ਦੀ ਉੱਚ ਦਰਜੇ ਦੀ ਸਿੱਖਿਅਕ ਸੰਸਥਾ ਤਰਕਸਿਲਾ ਜਾਣ ਦਾ ਫੈਸਲਾ ਕੀਤਾ ਤੇ ਉਰਵਸੀ ਵੀ ਉਸਦੇ ਰਾਹ ’ਚ ਅੜਿੱਕਾ ਨਾ ਬਣੀ। ਵਿਸ਼ਣੂ ਉੱਥੋਂ ਸਿੱਖਿਆ ਹਾਸਲ ਕਰਕੇ ਆਚਾਰਯ ਚਾਣਕੱਯ ਬਣ ਗਿਆ। ਉਹ ਅੰਧ ਵਿਸ਼ਵਾਸੀ ਨਹੀਂ ਸੀ ਤੇ ਉੱਚੀ ਸੋਚ ਦਾ ਮਾਲਕ ਸੀ, ਉਸ ਦੇ ਲਿਖੇ ਗੰ੍ਰਥ ਹਜ਼ਾਰਾਂ ਸਾਲ ਬਤੀਤ ਹੋਣ ਦੇ ਬਾਵਜੂਦ ਅੱਜ ਵੀ ਪ੍ਰਸੰਗਕ ਹਨ। ਨਾਵਲ ਵਿੱਚ ਪਿਆਰ ਦੀ ਪਰਿਭਾਸ਼ਾ ਇਉਂ ਦੱਸੀ ਗਈ ਹੈ, ‘ਪਿਆਰ ਇੱਕ ਠਰਕ ਹੈ ਅਤੇ ਠਰਕ ਇੱਕ ਫਿਤਰਤ। ਫਿਤਰਤ ਜੋ ਪ੍ਰੇਮੀਆਂ ਨੇ ਆਪ ਨਹੀਂ ਬਣਾਈ ਹੁੰਦੀ, ਕੁਦਰਤੀ ਵਰਦਾਨ ਹੈ, ਇਹ ਜੋ ਬਦੋਬਦੀ ਮਨੁੱਖ ਦੇ ਦਿਲੋ ਦਿਮਾਗ ਅੰਦਰ ਘੁਸੜ ਜਾਂਦੀ ਹੈ।’’ ਔਰਤ ਮਰਦ ਦੇ ਪ੍ਰੇਮ ਨੂੰ ਅੰਜੂਸਾ ਤੇ ਚੰਦਰ ਗੁਪਤ ਦੇ ਮਿਲਣ ਦੇ ਆਧਾਰ ਤੇ ਪਰਤੱਖ ਕੀਤਾ ਹੈ। ਇਸ਼ਕ ਦੇ ਸਿਖ਼ਰ ਪਹੁੰਚਣ ਉੱਤੇ ਅਹੁਦਿਆਂ ਤੋਂ ਬੇਪਰਵਾਹ ਹੋਈ ਰਾਜਕੁਮਾਰੀ ਦੇ ਬੋਲ ਪਿਆਰੇ ਦੀ ਅੰਦਰੂਨੀ ਸੱਚਾਈ ਪੇਸ਼ ਕਰਦੇ ਹਨ, ‘‘ਚੰਦਰਿਆ…..ਜਿਸ ਕੰਮ ਦੀ ਪਹਿਲ ਤੇਰੇ ਵਰਗੇ ਬਹਾਦਰ ਗੱਭਰੂ ਨੂੰ ਕਰਨੀ ਚਾਹੀਦੀ ਸੀ, ਤੀਵੀਂ ਮਾਨੀ ਹੋ ਕੇ ਮੈਨੂੰ ਕਰਨੀ ਪੈ ਰਹੀ ਹੈ। ਮੇਰੀ ਇਸਤਰੀ ਮਰਜਾਦਾ ਦਾ ਕੁੱਝ ਤਾਂ ਲਿਹਾਜ ਕਰ …..ਚੰਦਰਿਆ।’’
ਔਰਤਾਂ ਦੇ ਚਰਿੱਤਰ ਤੇ ਬਹਾਦਰੀ ਬਾਰੇ ਚਾਣਕੱਯਾ ਦੀ ਸਮਝ ਉੱਚ ਦਰਜੇ ਦੀ ਸੀ, ਜਿਸਦਾ ਪਰਤੱਖ ਸਬੂਤ ਦੇਵੀ ਮੰਤਰੀ ਤੇ ਆਚਾਰਯ ਕਸੁੰਭੀ ਵੱਲੋਂ ਪਾਲੀ ਅਨਾਥ ਬੱਚੀ ਸਹੋਦਰਾ ਦੀ ਪਰਖ ਕਰਦਿਆਂ ਉਸਨੂੰ ਮੰਗ ਕੇ ਆਪਣੀ ਧੀ ਬਣਾਉਣ ਤੇ ਫੇਰ ਇਸਤਰੀ ਸੈਨਿਕਾਂ ਦੀ ਸੈਨਾਪਤੀ ਬਣਾਉਣਾ ਹੈ। ਰਚਨਾਕਾਰ ਅਨੁਸਾਰ ਜੇ ਚੰਦਰ ਗੁਪਤ ਜਿੰਦਗੀ ਦੀਆਂ ਰੌਣਕਾਂ ਹੰਢਾਉਣ ਲਈ ਜੀਵਨ ਭਰ ਯਤਨਸ਼ੀਲ ਰਿਹਾ ਤਾਂ ਅਚਾਰਯ ਚਾਣਕੱਯ ਨੇ ਭੌਤਿਕ ਤੇ ਸਰੀਰਕ ਵਾਸ਼ਨਾਵਾਂ ਤੋਂ ਦੂਰ ਰਹਿੰਦਿਆਂ ਸ;ੱਤਾ ਸ਼ਕਤੀ, ਧਨ ਦੌਲਤ, ਮਾਨ ਸਨਮਾਨ, ਵਿਵੇਕ ਬੁੱਧੀ ਆਦਿ ਹੋਣ ਦੇ ਬਾਵਜੂਦ ਤਿਆਗ ਨੂੰ ਪਹਿਲ ਦਿੱਤੀ। ਇਸ ਤੱਥ ਨੂੰ ਸਪਸ਼ਟ ਕਰਦਾ ਲੇਖਕ ਲਿਖਦਾ ਹੈ ਕਿ ਚੰਨ ਲੋਕਾਂ ਲਈ ਚੰਨ ਚਾਨਣੀ ਦੀ ਸੌਗਾਤ ਲੈ ਕੇ ਆਉਂਦਾ ਹੈ ਤੇ ਖ਼ੁਦ ਜਿੰਦਗੀ ਦੇ ਐਸ਼ ਅਰਾਮ ਤੇ ਹੁਸੀਨ ਝਾਕੀਆਂ ਦਾ ਆਨੰਦ ਮਾਣਦਾ ਹੈ, ਜਦ ਕਿ ਲੋਕਾਈ ਦੇ ਕਲਿਆਣ ਲਈ ਊਰਜਾ ਊਸ਼ਮਾ ਤੇ ਪ੍ਰਕਾਸ਼ ਵੰਡਣ ਵਾਲਾ ਸੂਰਜ ਤਪ ਕਰਦਾ ਹੈ। ਸੂਰਜ ਦੀ ਚਾਣਕੱਯ ਦੇ ਜੀਵਨ ਨੂੰ ਲੋਕਾਈ ਦੇ ਸੰਦਰਭ ’ਚ ਨਿਰਖ ਪਰਖ ਕੇ ਉਸਦੀ ਤੁਲਨਾ ਸੂਰਜ ਨਾਲ ਕਰਦਾ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913