ਭਾਰੀ ਗਰਮੀ ਦੇ ਕਾਰਨ ਮੈਕਸੀਕੋ ਸਰਹੱਦ ਪਾਰ ਕਰਨ ਦੀ ਅਮਰੀਕਾ ਚ’ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ 6 ਪ੍ਰਵਾਸੀਆਂ ਦੀ ਮੌਤ

ਨਿਊਯਾਰਕ, 11 ਜੂਨ (ਰਾਜ ਗੋਗਨਾ)- ਬੀਤੇਂ ਦਿਨ ਦੱਖਣੀ-ਪੱਛਮੀ ਅਮਰੀਕਾ ਜਿੱਥੇ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਮੈਕਸੀਕੋ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੇ ਦੌਰਾਨ ਦੋ ਵੱਖ-ਵੱਖ ਘਟਨਾਵਾਂ ਦੇ ਵਿੱਚ ਗਰਮੀ ਦੇ ਕਾਰਨ ਛੇ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ, ਚਾਰਾਂ ਲੋਕਾਂ ਦੀ ਮੌਤ ਐਲ ਪਾਸੋ, ਟੈਕਸਾਸ ਦੇ ਨੇੜੇ ਹੋਈ ਹੈ। ਜਦੋਂ ਕਿ ਦੋ ਹੋਰ ਪ੍ਰਵਾਸੀ ਇਸ ਹਫ਼ਤੇ ਮ੍ਰਿਤਕ ਪਾਏ ਗਏ ਹਨ। ਯੂ.ਐਸ. ਬਾਰਡਰ ਪੈਟਰੋਲ ਨੇ ਚਾਰ ਪ੍ਰਵਾਸੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਪਿਛਲੇ ਹਫ਼ਤੇ ਹੀਟ ਸਟ੍ਰੋਕ ਅਤੇ ਡੀਹਾਈਡਰੇਸ਼ਨ ਨਾਲ ਹੋਈ ਸੀ, ਜਦੋਂ ਕਿ ਇਸ ਹਫ਼ਤੇ ਦੋ ਹੋਰ ਪ੍ਰਵਾਸੀਆਂ ਦੀ ਮੌਤ ਹੋ ਗਈ ਸੀ, ਹਾਲਾਂਕਿ ਇਨ੍ਹਾਂ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।

2024 ਵਿੱਚ ਅਮਰੀਕਾ ਦੇ ਕੈਲੀਫੋਰਨੀਆ, ਟੈਕਸਾਸ ਅਤੇ ਐਰੀਜ਼ੋਨਾ ਵਿੱਚ ਰਿਕਾਰਡ ਤੋੜ ਗਰਮੀ ਦਾ ਅਨੁਭਵ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਮੈਕਸੀਕੋ ‘ਚ ਸੈਂਕੜੇ ਭਾਰਤੀ ਵੀ ਸਰਹੱਦ ਪਾਰ ਕਰਨ ਦੀ ਉਡੀਕ ‘ਚ ਬੈਠੇ ਹਨ ਪਰ ਨਵਾਂ ਕਾਰਜਕਾਰੀ ਹੁਕਮ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਦੀ ਸਰਹੱਦ ਪਾਰ ਕਰਨ ‘ਚ ਦੇਰੀ ਹੋਈ ਹੈ।ਇਸ ਸਮੇਂ ਇਨ੍ਹਾਂ ਰਾਜਾਂ ਦੇ ਸਰਹੱਦੀ ਖੇਤਰਾਂ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚ ਰਿਹਾ ਹੈ ਅਤੇ ਪ੍ਰਵਾਸੀਆਂ ਲਈ ਭੁੱਖ-ਪਿਆਸ ਨਾਲ ਇੰਨੀ ਗਰਮੀ ਵਿੱਚ ਜਿਉਣਾ ਮੁਸ਼ਕਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੈਕਸੀਕੋ ਵਾਲੇ ਪਾਸਿਓਂ, ਡੋਨਕਰ ਪ੍ਰਵਾਸੀਆਂ ਨੂੰ ਸਰਹੱਦ ਦੇ ਨੇੜੇ ਇੱਕ ਖੇਤਰ ਵਿੱਚ ਸੁੱਟ ਦਿੰਦੇ ਹਨ ਅਤੇ ਉੱਥੋਂ ਉਨ੍ਹਾਂ ਨੂੰ ਕਈ ਕਿਲੋਮੀਟਰ ਤੱਕ ਪੈਦਲ ਜਾਣਾ ਪੈਂਦਾ ਹੈ।ਪਿਛਲੇ ਸਾਲ ਵੀ ਗਰਮੀ ਦੇ ਕਾਰਨ ਮੈਕਸੀਕੋ ਸਰਹੱਦ ਦੇ ਨੇੜੇ 686 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਅਤੇ ਬਹੁਤ ਸਾਰੇ ਲੋਕ ਲਾਪਤਾ ਹੋ ਗਏ ਸਨ।

ਬੀਤੇਂ ਸਾਲ 2023 ਵਿੱਚ ਗਰਮੀ ਕਾਰਨ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਸਨ। ਯੂਐਸਬੀਪੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੇਗਿਸਤਾਨ ਵਰਗੇ ਉਜਾੜ ਖੇਤਰਾਂ ਵਿੱਚ ਗਰਮੀ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਲਈ ਬਹੁਤ ਘਾਤਕ ਸਾਬਤ ਹੋ ਸਕਦੀ ਹੈ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬੰਦ ਡੱਬਿਆਂ ਵਿੱਚ ਲਿਜਾਏ ਜਾ ਰਹੇ ਪ੍ਰਵਾਸੀਆਂ ਦੀ ਗਰਮੀ ਕਾਰਨ ਮੌਤ ਹੋ ਚੁੱਕੀ ਹੈ। ਯੂਐਸ ਸਰਕਾਰ ਨੇ ਵੀ ਹਾਲ ਹੀ ਵਿੱਚ ਸਰਹੱਦ ਨੂੰ ਸਖ਼ਤ ਕਰ ਦਿੱਤਾ ਹੈ।

ਰਾਸ਼ਟਰਪਤੀ ਜੋਅ ਬਿਡੇਨ ਦੁਆਰਾ ਹਸਤਾਖਰ ਕੀਤੇ ਗਏ ਇੱਕ ਨਵੇਂ ਕਾਰਜਕਾਰੀ ਆਦੇਸ਼ ਦੇ ਰੂਪ ਵਿੱਚ ਪ੍ਰਵਾਸੀ ਦੂਜੇ ਖਤਰਨਾਕ ਰਸਤਿਆਂ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿੱਚ ਪ੍ਰਵਾਸੀ ਸਹਾਇਤਾ ਅਤੇ ਵਕਾਲਤ ਸਮੂਹਾਂ ਦੁਆਰਾ ਅਮਰੀਕਾ ਵਿੱਚ ਦਾਖਲ ਹੋਣਾ ਵਧੇਰੇ ਮੁਸ਼ਕਲ ਹੋ ਗਿਆ ਹੈ। ਅਮਰੀਕਾ ਦੇ ਟੈਕਸਾਸ ਰਾਜ ਚੇਤਾਵਨੀ ਦੇ ਰਿਹਾ ਹੈ ਕਿ ਗਰਮੀ ਕਾਰਨ ਇਸ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪੈ ਸਕਦੀ ਹੈ। ਮੈਕਸੀਕੋ ਦੇ ਚਿਹੁਆਹੁਆ ਅਤੇ ਸੋਨੋਰਾ ਰੇਗਿਸਤਾਨ ਵਿੱਚ ਵੀ ਤਾਪਮਾਨ ਇਨ੍ਹੀਂ ਦਿਨੀਂ ਰਿਕਾਰਡ ਦੀ ਉਚਾਈ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ, ਬਹੁਤ ਸਾਰੇ ਪ੍ਰਵਾਸੀ ਅਮਰੀਕੀ ਬਾਰਡਰ ਗਸ਼ਤੀ ਤੋਂ ਬਚਣ ਲਈ ਖਤਰਨਾਕ ਰਸਤੇ ਅਪਣਾ ਰਹੇ ਹਨ, ਪਰ ਸਹੀ ਜਾਣਕਾਰੀ ਦੀ ਘਾਟ ਕਾਰਨ, ਉਹ ਮਦਦ ਦੇ ਪਹੁੰਚਣ ਤੋਂ ਪਹਿਲਾਂ ਹੀ ਭੁੱਖ, ਪਿਆਸ ਅਤੇ ਅੱਤ ਦੀ ਗਰਮੀ ਕਾਰਨ ਕਈ ਗੁਆਚ ਜਾਂਦੇ ਹਨ ਅਤੇ ਕਈ ਅਮਰੀਕਾ ਪਹੁੰਚਦੇ ਪਹੁੰਚਦੇ ਰਸਤੇ ਵਿੱਚ ਮਰ ਜਾਂਦੇ ਹਨ।