ਸ੍ਰ: ਭਗਵੰਤ ਮਾਨ,
ਮੁੱਖ ਮੰਤਰੀ ਪੰਜਾਬ ਜੀਓ।
ਗੁਰਫਤਹਿ ਪ੍ਰਵਾਨ ਹੋਵੇ।
ਮਾਨ ਸਾਹਿਬ! ਅਠਾਰਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ ਨਤੀਜੇ ਆਉਣ ਨਾਲ ਤੁਹਾਨੂੰ ਨਿਰਾਸ਼ਾ ਜਰੂਰ ਹੋਈ ਹੋਵੇਗੀ ਤੇ ਅਜਿਹਾ ਹੋਣਾ ਲਾਜਮੀ ਵੀ ਬਣਦਾ ਹੈ। ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤਾਂ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੋਣ ਸਦਕਾ ਰਾਜ ਦੇ ਲੋਕ ਤੀਜਾ ਬਦਲ ਚਾਹੁੰਦੇ ਸਨ, ਉਹਨਾਂ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਵੇਖ ਹੰਢਾ ਲਈਆਂ ਸਨ, ਜਿਹਨਾਂ ਤੋਂ ਉਹਨਾਂ ਦਾ ਮਨ ਉਚਾਟ ਹੋ ਚੁੱਕਾ ਸੀ। ਅਜਿਹੇ ਸਮੇਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਾਸੀ ਤੀਜੇ ਬਦਲ ਵਜੋਂ ਸਵੀਕਾਰ ਕਰਨ ਲੱਗ ਪਏ ਸਨ। ਜਦ ਇਸ ਪਾਰਟੀ ਦੀ ਸਰਕਾਰ ਹੋਂਦ ’ਚ ਆਉਣ ਤੇ ਮੁੱਖ ਮੰਤਰੀ ਵਜੋਂ ਤੁਹਾਡਾ ਨਾਂ ਸਾਹਮਣੇ ਆਇਆ ਤਾਂ ਲੋਕਾਂ ਦੀ ਦਿਲਚਸਪੀ ਹੋਰ ਕਈ ਗੁਣਾਂ ਵਧ ਗਈ, ਕਿ ਸੂਬੇ ਦਾ ਮੁੱਖ ਮੰਤਰੀ ਅਜਿਹਾ ਬਣ ਰਿਹਾ ਹੈ ਜੋ ਪੰਜਾਬ ਦੇ ਪੇਂਡੂ ਖੇਤਰ ਵਿੱਚ ਜੰਮਿਆ ਪਲਿਆ ਹੈ, ਜਿਸਦਾ ਲੋਕਾਂ ਦੇ ਹੇਠਲੇ ਪੱਧਰ ਤੱਕ ਵਾਹ ਵਾਸਤਾ ਹੈ ਅਤੇ ਉਹ ਲੋਕਾਂ ਦੇ ਦੁੱਖ ਦੁਰਦਾਂ ਨੂੰ ਸਮਝਦਾ ਹੈ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਪਹਿਲੀਆਂ ਸਰਕਾਰਾਂ ਨਾਲੋਂ ਕੁੱਝ ਬਿਹਤਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਭਿ੍ਰਸ਼ਟਾਚਾਰ ਤੇ ਨਸ਼ੇ ਖਤਮ ਕਰਨ ਦਾ ਵੀ ਤੁਸੀਂ ਵਾਅਦਾ ਕੀਤਾ ਸੀ ਤੇ ਆਪਣੀ ਪਾਰਟੀ ਦੇ ਵਿਧਾਇਕ ਵੀ ਅਜਿਹੇ ਦੋਸ਼ਾਂ ਵਿੱਚ ਗਿ੍ਰਫਤਾਰ ਕੀਤੇ, ਪਰ ਇਹ ਸੱਚਾਈ ਹੈ ਕਿ ਇਹ ਦੋਵੇਂ ਅਲਾਮਤਾਂ ਛੇਤੀ ਕਿਤੇ ਖਤਮ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਇਹ ਲੋਕਾਂ ਦੇ ਧੁਰ ਅੰਦਰ ਤੱਕ ਵਸ ਚੁੱਕੀਆਂ ਹਨ। ਪਰ ਸਰਕਾਰਾਂ ਦਾ ਫ਼ਰਜ ਹੈ ਇਹਨਾਂ ਦੇ ਖਾਤਮੇ ਲਈ ਯਤਨ ਕਰਨ ਦਾ ਅਤੇ ਤੁਹਾਨੂੰ ਕਰਨਾ ਹੀ ਚਾਹੀਦਾ ਹੈ। ਨੌਕਰੀਆਂ ਦੇਣ ਦੇ ਮਾਮਲੇ ਵਿੱਚ ਕਾਫ਼ੀ ਹਾਂ ਪੱਖੀ ਗੱਲ ਸਾਹਮਣੇ ਆਈ ਹੈ, ਭਾਵੇਂ ਬੇਰੁਜਗਾਰੀ ਤਾਂ ਖਤਮ ਨਹੀਂ ਕੀਤੀ ਗਈ ਤੇ ਨਾ ਹੀ ਕੀਤੀ ਜਾ ਸਕਦੀ ਹੈ, ਪਰ ਕਾਫ਼ੀ ਨੌਕਰੀਆਂ ਬਗੈਰ ਸਿਫ਼ਾਰਸ ਤੇ ਪੈਸੇ ਦੇ ਦਿੱਤੀਆਂ ਵੀ ਗਈਆਂ ਹਨ। ਦੂਜਾ ਹਾਂ ਪੱਖੀ ਤੱਥ ਹੈ ਬਿਜਲੀ ਦਾ, ਕਿਸਾਨਾਂ ਨੂੰ ਚੌਵੀ ਘੰਟੇ ਮੋਟਰਾਂ ਲਈ ਬਿਜਲੀ ਮਿਲਦੀ ਰਹੀ ਅਤੇ ਘਰਾਂ ਦੇ ਜੀਰੋ ਬਿਲ ਆਉਂਦੇ ਰਹੇ ਹਨ।
ਹੁਣ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਤੁਸੀਂ ਕਹਿੰਦੇ ਰਹੇ ਕਿ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਸਾਰੀਆਂ ਤੇਰਾਂ ਸੀਟਾਂ ਤੇ ਜਿੱਤ ਹਾਸਲ ਕੀਤੀ ਜਾਵੇਗੀ, ਪਰ ਤੁਹਾਨੂੰ ਤਿੰਨ ਸੀਟਾਂ ਹੀ ਮੁਸਕਿਲ ਨਾਲ ਮਿਲੀਆਂ। ਵਿਧਾਨ ਸਭਾ ਚੋਣਾਂ ਸਮੇਂ ਤੁਹਾਡੀ ਪਾਰਟੀ ਦੇ ਉਮੀਦਵਾਰ 92 ਸੀਟਾਂ ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਅੱਗੇ ਸਨ, ਪਰ ਇਹਨਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 32 ਵਿਧਾਨ ਸਭਾ ਹਲਕਿਆਂ ਵਿੱਚ ਹੀ ਵੱਧ ਵੋਟਾਂ ਹਾਸਲ ਹੋਈਆਂ।
ਮਾਨ ਸਾਹਿਬ! ਇਹਨਾਂ ਨਤੀਜਿਆਂ ਤੋਂ ਨਿਰਾਸਤਾ ਤਾਂ ਜਰੂਰ ਹੋਈ ਹੋਵੇਗੀ, ਪਰ ਲੋੜ ਹੈ ਇਸ ਬਾਰੇ ਪਰਖ ਪੜਤਾਲ ਕਰਨ ਦੀ। ਤੁਸੀਂ ਵਿਧਾਨ ਸਭਾ ਵਿੱਚ ਚੋਣਾਂ ਜਿੱਤਣ ਲਈ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ, ਜੋ ਸ਼ਾਇਦ ਪੂਰੇ ਕੀਤੇ ਹੀ ਨਹੀਂ ਸਨ ਜਾ ਸਕਦੇ। ਲੋਕਾਂ ਨੇ ਤੁਹਾਡੇ ਤੇ ਵਿਸਵਾਸ਼ ਕਰਕੇ ਤੁਹਾਡੇ ਵਾਅਦਿਆਂ ਨੂੰ ਸੱਚ ਮੰਨ ਲਿਆ, ਪਰ ਉਹ ਪੂਰੇ ਨਹੀਂ ਕੀਤੇ ਜਾ ਸਕੇ। ਇਸ ਵਿੱਚ ਕੋਈ ਅੱਤਕਥਨੀ ਨਹੀਂ ਕਿ ਪਹਿਲੀ ਸਰਕਾਰ ਨੇ ਮੁਫ਼ਤ ਰਾਸ਼ਨ ਦੇਣ ਲਈ ਗਲਤ ਰਾਸ਼ਨ ਕਾਰਡ ਬਣਾਏ ਸਨ, ਜਿਹਨਾਂ ਦਾ ਕੋਈ ਹੱਕ ਨਹੀਂ ਸੀ ਬਣਦਾ ਉਹ ਵੀ ਇਹ ਸਹੂਲਤ ਲੈਂਦੇ ਰਹੇ। ਤੁਸੀਂ ਉਹਨਾਂ ਦੀ ਸੁਧਾਈ ਕਰਨ ਲਈ ਰਾਸ਼ਨ ਕਾਰਡ ਰੱਦ ਕਰ ਦਿੱਤੇ, ਪਰ ਸੋਧ ਕੇ ਸਹੀ ਕਾਰਡ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕੇ। ਆਮ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਵਿੱਚ ਖੜੋਤ ਆ ਗਈ ਤੇ ਉਹ ਤੁਹਾਡੀ ਸਰਕਾਰ ਵਿਰੁੱਧ ਗੁੱਸੇ ਵਿੱਚ ਆ ਗਏ। ਇਹ ਗੁੱਸਾ ਵੀ ਉਹਨਾਂ ਵੋਟ ਪਾਉਣ ਸਮੇਂ ਕੱਢਿਆ।
ਦੂਜਾ ਵੱਡਾ ਕਾਰਨ ਤੁਹਾਡੇ ਵਿਧਾਇਕਾਂ ਤੇ ਹੋਰ ਉੱਚ ਅਹੁਦਿਆਂ ਤੇ ਨਾਮਜਦ ਕੀਤੇ ਪਾਰਟੀ ਆਗੂਆਂ ਦੀ ਕਾਰਗੁਜਾਰੀ ਵਿਖਾਈ ਦਿੰਦੀ ਹੈ। ਵਿਧਾਨ ਸਭਾ ਚੋਣਾਂ ਸਮੇਂ ਬਗੈਰ ਲੋਕ ਰਾਇ ਹਾਸਲ ਕੀਤਿਆਂ ਜਾਂ ਗੈਰ ਸਿਆਸੀ ਵਿਅਕਤੀਆਂ ਨੂੰ ਦਿੱਤੀਆਂ ਟਿਕਟਾਂ ਸਦਕਾ ਸਮੇਂ ਦੀ ਬਦਲੀ ਫ਼ਿਜ਼ਾਂ ਕਾਰਨ ਉਹ ਵਿਧਾਇਕ ਤਾਂ ਬਣ ਗਏ ਪਰ ਉਹ ਲੋਕਾਂ ਦੀਆਂ ਆਸਾਂ ਤੇ ਖਰੇ ਨਾ ਉੱਤਰ ਸਕੇ। ਉਸ ਸਮੇਂ ਜਿਹੜੇ ਵਿਧਾਇਕ ਪੰਜਾਹ ਹਜ਼ਾਰ ਤੋਂ ਵੀ ਵੱਧ ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸਨ ਉਹਨਾਂ ਹਲਕਿਆਂ ਵਿੱਚ ਇਹਨਾਂ ਚੋਣਾਂ ’ਚ ਚਾਲੀ ਚਾਲੀ ਪੰਜਾਹ ਪੰਜਾਹ ਹਜ਼ਾਰ ਵੋਟਾਂ ਘਟ ਗਈਆਂ। ਕਾਫ਼ੀ ਵਿਧਾਇਕ ਅਜਿਹੇ ਸਾਹਮਣੇ ਆਏ ਜਿਹਨਾਂ ਪ੍ਰਤੀ ਲੋਕਾਂ ਦਾ ਅਜਿਹਾ ਗੁੱਸਾ ਸੀ ਕਿ ਲੋਕ ਉਸਨੂੰ ਵੇਖਣਾ ਵੀ ਬਰਦਾਸਤ ਨਹੀਂ ਸਨ ਕਰ ਰਹੇ, ਉਹਨਾਂ ਦੀ ਕਾਰਗੁਜਾਰੀ ਦਾ ਅਸਰ ਲੋਕ ਸਭਾ ਦੇ ਉਮੀਦਵਾਰਾਂ ਨੂੰ ਝੱਲਣਾ ਪਿਆ ਹੈ। ਇਸੇ ਤਰਾਂ ਸਰਕਾਰ ਵੱਲੋਂ ਨਾਮਜਦ ਕੀਤੇ ਉੱਚ ਅਹੁਦੇਦਾਰਾਂ ਦਾ ਲੋਕਾਂ ਨਾਲ ਮੇਲ ਮਿਲਾਪ ਨਾ ਹੋਣਾ ਵੀ ਵੋਟਾਂ ਘਟਾਉਣ ਦਾ ਕਾਰਨ ਬਣਿਆ।
ਤੀਜੀ ਗੱਲ ਮਾਨ ਸਾਹਿਬ, ਪ੍ਰਚਾਰ ਕਰਨ ਨਾਲ ਸਬੰਧਤ ਹੈ। ਤੁਸੀਂ ਪ੍ਰਚਾਰ ਦੌਰਾਨ ਸਟੇਜਾਂ ਤੇ ਚੁਟਕਲੇ ਤੇ ਕਿੱਕਲੀਆਂ ਬਹੁਤ ਪੇਸ਼ ਕੀਤੀਆਂ, ਲੋਕਾਂ ਨੇ ਇਹ ਸੁਣ ਕੇ ਹਾਸਾ ਵੀ ਬਹੁਤ ਬਖੇਰਿਆ ਪਰ ਸੂਝਵਾਨ ਲੋਕਾਂ ਨੇ ਇਸਨੂੰ ਚੰਗਾ ਨਹੀਂ ਸਮਝਿਆ। ਮੁੱਖ ਮੰਤਰੀ ਬਹੁਤ ਉੱਚਾ ਆਹੁਦਾ ਹੈ ਜਿਸਨੂੰ ਬਹੁਤ ਸੋਚ ਕੇ ਤੋਲ ਕੇ ਸ਼ਬਦ ਮੂੰਹੋਂ ਕੱਢਣੇ ਚਾਹੀਦੇ ਹਂ, ਜਿਹਨਾਂ ਚੋਂ ਮਿਠਾਸ, ਸੁਹਿਰਦਤਾ, ਲੋਕਾਂ ਦਾ ਦੁੱਖ ਦਰਦ ਅਤੇ ਉਹਨਾਂ ਦੀ ਮੱਦਦ ਦੀ ਭਾਵਨਾ ਪਰਤੱਖ ਹੁੰਦੀ ਹੋਵੇ। ਚੁਟਕਲੇ ਕਿੱਕਲੀਆਂ ਕਲਾਕਾਰ ਦੀ ਭਾਸ਼ਾ ਤਾਂ ਹੋ ਸਕਦੀ ਹੈ ਪਰ ਮੁੱਖ ਮੰਤਰੀ ਦੀ ਨਹੀਂ। ਅਜਿਹੇ ਭਾਸ਼ਣਾਂ ਦਾ ਪੜੇ ਲਿਖੇ ਜਾਗਰੂਕ ਲੋਕਾਂ ਤੇ ਚੰਗੇ ਦੀ ਥਾਂ ਬੁਰਾ ਪ੍ਰਭਾਵ ਹੀ ਪਿਆ।
ਮਾਨ ਸਾਹਿਬ! ਅਜੇ ਵੀ ਵੇਲਾ ਹੈ, ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਤੁਹਾਨੂੰ ਪੂਰੀ ਡੁੰਘਾਈ ਨਾਲ ਪਰਖ ਪੜਚੋਲ ਕਰਨੀ ਚਾਹੀਦੀ ਹੈ, ਕਿ ਕਿਹੜੇ ਕਿਹੜੇ ਵਿਧਾਇਕਾਂ ਜਾਂ ਅਹੁਦੇਦਾਰਾਂ ਦੀ ਕਾਰਗੁਜਾਰੀ ਤੁਹਾਡੀ ਪਾਰਟੀ ਦੇ ਹਾਰ ਦਾ ਕਾਰਨ ਬਣੀ ਹੈ। ਕੀ ਘਾਟਾਂ ਰਹੀਆਂ ਹਨ, ਲੋਕਾਂ ਨਾਲ ਕੀਤੇ ਕਿਹੜੇ ਵਾਅਦੇ ਪੂਰੇ ਕਰਨੇ ਅਜੇ ਬਕਾਇਆ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੂੰ ਸਰਕਾਰ ਪ੍ਰਤੀ ਕਾਫ਼ੀ ਗੁੱਸਾ ਹੈ ਅਤੇ ਉਹ ਨਿਰਾਸ ਵੀ ਹਨ, ਪਰ ਨਰਾਜ਼ ਨਹੀਂ ਹਨ। ਜੇਕਰ ਹਾਰ ਦੇ ਕਾਰਨ ਲੱਭ ਕੇ ਉਸਦਾ ਹੱਲ ਕੀਤਾ ਜਾਵੇ ਅਤੇ ਆਪਣੇ ਕੀਤੇ ਵਾਅਦੇ ਨਿਭਾਉਣ ਲਈ ਯਤਨ ਕੀਤੇ ਜਾਣ ਤਾਂ ਮੁੜ ਪਹਿਲਾਂ ਵਾਲੀ ਸਥਿਤੀ ਹਾਸਲ ਕੀਤੀ ਜਾ ਸਕਦੀ ਹੈ।
ਮੇਰੀ ਤੁਹਾਨੂੰ ਗੁਜ਼ਾਰਿਸ ਹੈ ਕਿ ਪਰਖ ਪੜਚੋਲ ਕਰਨ ਵੱਲ ਉਚੇਚਾ ਧਿਆਨ ਦਿਓ ਅਤੇ ਲੋਕਾਂ ਨਾਲ ਕੀਤੇ ਵਾਅਦੇ ਤੇ ਦਾਅਵੇ ਪੂਰੇ ਕਰਨ ਦੀ ਕੋਸ਼ਿਸ਼ ਕਰੋ।
ਬਲਵਿੰਦਰ ਸਿੰਘ ਭੁੱਲਰ
ਵੈਟਰਨ ਜਰਨਲਿਸਟ ਤੇ ਸਾਹਿਤਕਾਰ
ਮੋਬਾ: 098882 75913