ਕੈਨੇਡਾ ‘ਚ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ, 6 ਦੀ ਮੌਤ

ਉੱਤਰੀ ਕੈਨੇਡਾ ਵਿੱਚ ਮਜ਼ਦੂਰਾਂ ਨੂੰ ਇੱਕ ਖਾਣ ਵਿੱਚ ਲਿਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਇਸ ਹਾਦਸੇ ‘ਚ ਇਕ ਵਿਅਕਤੀ ਦੀ ਜਾਨ ਬਚ ਗਈ ਹੈ। ਹਾਲਾਂਕਿ ਵਿਅਕਤੀ ਦੀ ਹਾਲਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8:50 ਵਜੇ ਫੋਰਟ ਸਮਿਥ ਤੋਂ ਜਹਾਜ਼ ਦੇ ਉਡਾਣ ਭਰਨ ਦੇ ਤੁਰੰਤ ਬਾਅਦ ਵਾਪਰਿਆ। ਜਿਸ ਥਾਂ ‘ਤੇ ਜਹਾਜ਼ ਡਿੱਗਿਆ ਉਹ ਰਨਵੇਅ ਦੇ ਸਿਰੇ ਤੋਂ 1.1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਫੌਜ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਦੱਸ ਦਈਏ ਕਿ ਨੌਰਥਵੈਸਟਰਨ ਏਅਰ ਨੇ ਇਕ ਖਾਨ ਲਈ ਚਾਰਟਰ ਫਲਾਈਟ ‘ਤੇ ਜਹਾਜ਼ ਦੀ ਪਛਾਣ ਜੈਟਸਟ੍ਰੀਮ ਟਵਿਨ ਟਰਬੋਪ੍ਰੌਪ ਵਜੋਂ ਕੀਤੀ। ਇਸ ਹਾਦਸੇ ਤੋਂ ਬਾਅਦ ਫੋਰਟ ਸਮਿਥ ਤੋਂ ਸਾਰੀਆਂ ਉਡਾਣਾਂ ਨੂੰ ਅੱਜ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇਸ ਦਰਦਨਾਕ ਘਟਨਾ ਦੀ ਜਾਂਚ ਲਈ ਟੀਮ ਭੇਜ ਦਿੱਤੀ ਹੈ।