ਬਲਰਾਜ ਸਾਹਨੀ ਵਾਂਗ ਅੱਜ ਵੀ ਅਦਾਕਾਰ ਕਰਦੇ ਨੇ ਬੜੀ ਮਿਹਨਤ

ਹਰ ਖੇਤਰ ਵਿਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ। ਸਾਹਿਤ ਆਲੋਚਨਾ ਦੇ ਖੇਤਰ ਵਿਚ ਉਹ ਲੋਕ ਵੀ ਹਨ ਜਿਹੜੇ ਗੱਡੀ ਵਿਚ ਬੈਠ ਕੇ ਸਮਾਗਮ ਵਾਲੇ ਸ਼ਹਿਰ ਪਹੁੰਚਣ ਤੱਕ ਖੋਜ-ਪੇਪਰ ਲਿਖ ਲੈਂਦੇ ਹਨ। ਉਹ ਲੋਕ ਵੀ ਹਨ ਜਿਹੜੇ ਹਰੇਕ ਸਮਾਰੋਹ ਵਿਚ ਉਹੀ ਗੱਲਾਂ ਕਹਿ ਆਉਂਦੇ ਹਨ ਬੱਸ ਨਾਂ ਥਾਂ ਬਦਲ ਦਿੰਦੇ ਹਨ ਅਤੇ ਉਹ ਲੋਕ ਵੀ ਹਨ ਜਿਹੜੇ ਪਹਿਲਾਂ ਧਿਆਨ ਨਾਲ ਪੁਸਤਕ ਪੜ੍ਹਦੇ ਹਨ, ਲੇਖਕ ਬਾਰੇ ਪੜ੍ਹਦੇ ਹਨ, ਫਿਰ ਹਫ਼ਤਾ ਦਸ ਦਿਨ ਲਗਾ ਕੇ ਖੋਜ-ਆਰਟੀਕਲ ਲਿਖਦੇ ਹਨ। ਤਿੰਨਾਂ ਦਾ ਅੰਤਰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।

ਇਹੀ ਸਥਿਤੀ, ਇਹੀ ਹਾਲਾਤ ਅਦਾਕਾਰੀ ਦੇ ਖੇਤਰ ਵਿਚ ਹਨ। ਬਲਰਾਜ ਸਾਹਨੀ ਦੀ ਅਕਸਰ ਉਦਾਹਰਨ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਕਿਰਦਾਰ ਵਿਚ ਜਾਨ ਪਾ ਦਿੰਦੇ ਸਨ। ਜਾਨ ਇਸ ਲਈ ਪੈ ਜਾਂਦੀ ਸੀ ਕਿ ਉਹ ਫ਼ਿਲਮ ਦੇ ਆਪਣੇ ਕਿਰਦਾਰ ਨੂੰ ਸਮਝਣ, ਜਾਨਣ, ਨਿਭਾਣ ਲਈ ਸਖ਼ਤ ਮਿਹਨਤ, ਲੰਮਾ ਸਮਾਂ ਹੋਮ-ਵਰਕ ਕਰਦੇ ਸਨ। ਇਕ ਫ਼ਿਲਮ ਵਿਚ ਉਨ੍ਹਾਂ ਨੇ ਰਿਕਸ਼ਾ ਚਲਾਉਣ ਵਾਲੇ ਦਾ ਕਿਰਦਾਰ ਨਿਭਾਉਣਾ ਸੀ। ਔਖਾ ਕਿਰਦਾਰ ਸੀ। ਇਹਦੇ ਲਈ ਉਨ੍ਹਾਂ ਨੇ ਲਗਾਤਾਰ ਇਕ ਮਹੀਨਾ ਕਲਕੱਤਾ ਦੀਆਂ ਸੜਕਾਂ ʼਤੇ ਇਸ ਲਈ ਰਿਕਸ਼ੇ ਵਾਲਾ ਬਣ ਕੇ ਰਿਕਸ਼ਾ ਚਲਾਇਆ ਤਾਂ ਜੋ ਇਸ ਕਿਰਦਾਰ ਨੂੰ ਸਹੀ ਮਾਅਨਿਆਂ ਵਿਚ ਸਮਝ ਸਕਣ, ਜਿਊ ਸਕਣ। ਸਾਰੇ ਜਾਣਦੇ ਹਨ ਉਹ ਫ਼ਿਲਮ, ਉਹ ਕਿਰਦਾਰ ਕਿੰਨਾਂ ਚਰਚਿਤ, ਕਿੰਨਾ ਪ੍ਰਸਿੱਧ ਹੋਇਆ ਸੀ।

ਕੁਝ ਦਿਨ ਪਹਿਲਾਂ ਮੈਂ ਕਿਧਰੇ ਪੜ੍ਹ ਰਿਹਾ ਸੀ ਕਿ ਫ਼ਿਲਮ ਅਦਾਕਾਰ ਕਾਰਤਿਕ ਆਰੀਅਨ ਨੇ ਫ਼ਿਲਮ ˈਚੰਦੂ ਚੈਂਪੀਅਨˈ ਵਿਚ ਆਪਣੀ ਭੂਮਿਕਾ ਨੂੰ ਜਾਨਦਾਰ ਬਨਾਉਣ ਲਈ ਅਤੇ ਵਾਸਤਵਿਕ ਦਿੱਖ ਦੇਣ ਲਈ ਲਗਾਤਾਰ ਇਕ ਸਾਲ ਮਿੱਠਾ ਨਹੀਂ ਖਾਧਾ। ਦਿਨ ਵਿਚ ਕੇਵਲ ਇਕ ਵਾਰ ਹੀ ਖਾਣਾ ਖਾਂਦਾ ਸੀ। ਡੇਢ ਸਾਲ ਤੱਕ ਬਾਕੀ ਸਾਰੇ ਪ੍ਰਾਜੈਕਟਾਂ ਨੂੰ ਭੁੱਲ ਕੇ ਖੁਦ ਨੂੰ ਚੰਦੂ ਦੇ ਕਿਰਦਾਰ ਵਿਚ ਲੀਨ ਕਰ ਲਿਆ।

ਆਮਿਰ ਖ਼ਾਨ ਬਾਰੇ ਪ੍ਰਸਿੱਧ ਹੈ ਕਿ ਕਿਸੇ ਫ਼ਿਲਮ ਦੇ ਕਿਰਦਾਰ ਲਈ ਕਿਵੇਂ ਉਹ ਸਖ਼ਤ ਮਿਹਨਤ ਕਰਦੇ ਹਨ, ਸਮਾਂ ਲਗਾਉਂਦੇ ਹਨ, ਖੋਜ ਕਰਦੇ ਹਨ, ਆਪਣੀ ਦਿੱਖ ਬਦਲਣ ਲਈ ਖ਼ੁਦ ਨੂੰ ਮੋਟਾ ਪਤਲਾ ਕਰਦੇ ਹਨ। ਭਾਰ ਘਟਾਉਂਦੇ ਵਧਾਉਂਦੇ ਹਨ। ਜਦ ਦੂਰਦਰਸ਼ਨ ʼਤੇ ਆਮਿਰ ਖ਼ਾਨ ਸ਼ੋਅ ਪ੍ਰਸਾਰਿਤ ਹੋਣਾ ਸੀ ਤਾਂ ਉਸਦੀ ਹਰੇਕ ਕੜੀ ਲਈ ਉਸਨੇ ਅਤੇ ਉਸਦੀ ਟੀਮ ਨੇ ਵਿਸਥਾਰਤ ਖੋਜ ਪੜਤਾਲ ਕੀਤੀ ਸੀ।

ਦਲੀਪ ਕੁਮਾਰ, ਅਮਿਤਾਬ ਬੱਚਨ, ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਕਮਲ ਹਸਨ ਵਰਗੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਨ੍ਹਾਂ ਵਾਂਗ ਸਥਾਪਿਤ ਹੋਣ ਅਤੇ ਅਲੱਗ ਪਹਿਚਾਣ ਬਨਾੳਣ ਲਈ ਅੱਜ ਵੀ ਅਦਾਕਾਰ ਉਵੇਂ ਹੀ ਉਨ੍ਹਾਂ ਤੋਂ ਵੀ ਵੱਧ ਮਿਹਨਤ ਕਰ ਰਹੇ ਹਨ। ਇਹ ਵੀ ਧਿਆਨ ਦੇਣ ਯੋਗ ਹੈ ਕਿ ਉਨ੍ਹਾਂ ਵਿਚ ਬਹੁਤਿਆਂ ਦਾ ਪਰਿਵਾਰਕ ਪਿਛੋਕੜ ਫ਼ਿਲਮੀ ਨਹੀਂ ਹੈ ਅਤੇ ਉਨ੍ਹਾਂ ਆਪਣੀ ਮਿਹਨਤ ਅਤੇ ਅਦਾਕਾਰੀ ਦੇ ਬਲਬੂਤੇ ਖ਼ੁਦ ਨੂੰ ਪਹਿਲੀ ਕਤਾਰ ਦੇ ਕਲਾਕਾਰਾਂ ਵਿਚ ਸ਼ਾਮਲ ਕੀਤਾ।

ਇਰਫਾਨ ਖਾਨ, ਸ਼ਾਹਰੁਖ ਖਾਨ, ਅਯੁਸ਼ਮਨ ਖੁਰਾਣ, ਵਿਕੀ ਕੌਸ਼ਲ ਜਿਹੀਆਂ ਬਹੁਤ ਸਾਰੀਆਂ ਉਦਾਹਰਨਾ ਹਨ। ਕੋਈ ਵੀ ਕਲਾ, ਕੋਈ ਵੀ ਹੁਨਰ ਸਿੱਖਣ ਲਈ, ਉਸ ਖੇਤਰ ਵਿਚ ਨਾਮਣਾ ਖੱਟਣ ਲਈ ਸਖ਼ਤ ਮਿਹਨਤ, ਲਗਨ ਤੇ ਇਕਾਗਰਤਾ ਦੀ ਲੋੜ ਹੁੰਦੀ ਹੈ। ਉਸ ਮਿਹਨਤ, ਉਸ ਲਗਨ, ਉਸ ਇਕਾਗਰਤਾ ਨੂੰ ਨਿਰੰਤਰ ਬਣਾਈ ਰੱਖਣਾ ਹੁੰਦਾ ਹੈ। ਬੱਸ ਇਹੀ ਦੋ ਕੰਮ ਔਖੇ ਹਨ। ਬਹੁਤੇ ਸ਼ੁਹਰਤ ਅਤੇ ਪੈਸਾ ਆਉਣ ʼਤੇ ਪੈਰ ਛੱਡ ਜਾਂਦੇ ਹਨ।

ਵੇਖਿਅ ਜਾਵੇ ਤਾਂ ਸਾਰੇ ਫ਼ਿਲਮ ਕਲਕਾਰਾਂ ਨੂੰ ਫ਼ਿਲਮ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਘਰ ਤੋਂ ਦੂਰ ਗਰਮੀ ਸਰਦੀ ਦੇ ਮੌਸਮ ਵਿਚ ਦਿਨ ਰਾਤ ਇਕ ਕਰਨਾ ਪੈਂਦਾ ਹੈ। ਕਦੇ ਦੇਰ ਰਾਤ ਤੱਕ ਸ਼ੂਟਿੰਗ ਚੱਲ ਰਹੀ ਹੁੰਦੀ ਹੈ, ਕਦੇ ਤੜਕੇ ਸਵੇਰੇ ਸਾਰੀ ਟੀਮ ਸੈੱਟ ʼਤੇ ਪਹੁੰਚ ਜਾਂਦੀ ਹੈ। ਕਈ ਵਾਰ ਫ਼ਿਲਮ ਦੀ ਤਿਆਰੀ ਲਈ ਕਹਾਣੀ ਅਨੁਸਾਰ ਬੜੇ ਅਣਸੁਖਾਵੇਂ ਹਾਲਾਤਾਂ ਵਿਚ ਕੰਮ ਕਰਨ ਲਈ ਖ਼ੁਦ ਨੂੰ ਮਾਨਸਿਕ ਸਰੀਰਕ ਤੌਰ ʼਤੇ ਤਿਆਰ ਕਰਨਾ ਪੈਂਦਾ ਹੈ। ਕਈ ਕਈ ਘੰਟੇ, ਕਈ ਕਈ ਦਿਨ ਰਿਹਰਸਲਾਂ ਕਰਨੀਆਂ ਪੈਂਦੀਆਂ ਹਨ। ਸਰੀਰਕ ਦਿੱਖ ਅਤੇ ਚੁਸਤੀ ਫੁਰਤੀ ਬਣਾਈ ਰੱਖਣ ਲਈ ਖ਼ੁਰਾਕ ਅਤੇ ਕਸਰਤ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਇਹ ਸਾਰੇ ਕੰਮ ਐਨੇ ਸੁਖਾਲੇ ਨਹੀਂ ਹਨ ਜਿੰਨੇ ਜਾਪਦੇ ਹਨ। ਗੀਤ ਦੇ ਡਾਂਸ ਲਈ ਔਖੇ ਕਦਮ ਸਿੱਖਣੇ ਹਰੇਕ ਦੇ ਵੱਸ ਵਿਚ ਨਹੀਂ ਹੁੰਦਾ।

ਕਰੋਨਾ ਸੰਕਟ ਸਮੇਂ ਕੁਝ ਕਲਾਕਾਰ ਵਿਦੇਸ਼ਾਂ ਵਿਚ ਜਾ ਕੇ ਆਪਣੀਆਂ ਫ਼ਿਲਮਾਂ ਮੁਕੰਮਲ ਕਰਦੇ ਰਹੇ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਕੋਈ ਘਰੋਂ ਨਿਕਲਣ ਲੱਗਾ ਡਰਦਾ ਸੀ। ਭਾਰਤੀ ਫ਼ਿਲਮ ਉਦਯੋਗ ਵਿਚ ਬਹੁਤ ਸਾਰੇ ਕਲਾਕਾਰ ਹਨ ਜਿਹੜੇ ਆਪਣੀ ਪ੍ਰਤੀਬੱਧਤਾ ਅਤੇ ਸਮਰਪਣ ਕਰਕੇ ਜਾਣੇ ਜਾਂਦੇ ਹਨ। ਜਿਹੜੇ ਇਕ ਜਨੂੰਨ, ਇਕ ਮਿਸ਼ਨ ਵਜੋਂ ਅਦਾਕਾਰੀ ਕਰਦੇ ਹਨ। ਜਿਹੜੇ ਆਪਣੀਆਂ ਭੂਮਿਕਾਵਾਂ ਨਿਭਾਉਣ ਲਈ ਆਪਣੀ ਬਹੁਪੱਖੀ ਪ੍ਰਤਿਭਾ ਕਾਰਨ ਪ੍ਰਸਿੱਧ ਹਨ। ਜਿਹੜੇ ਸੀਮਾਵਾਂ ਤੋਂ ਪਾਰ ਜਾ ਕੇ ਆਪਣੀ ਭੂਮਿਕਾ ਵਿਚ ਜਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੀ ਇਹ ਕੋਸ਼ਿਸ਼ ਅਕਸਰ ਸਫ਼ਲ ਹੁੰਦੀ ਹੈ।

ਪ੍ਰੋ. ਕੁਲਬੀਰ ਸਿੰਘ