ਪਿੰਡ, ਪੰਜਾਬ ਦੀ ਚਿੱਠੀ (196)

ਕਿਰਤੀ ਪੰਜਾਬੀਓ, ਗੁਰੂ-ਰਾਖਾ। ਸਾਡੇ ਉੱਤੇ ਰੱਬ ਦਾ ਹੱਥ ਹੈ। ਤੁਹਾਡੇ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਵੋਟਾਂ ਦੀ ਗਰਮੀ ਟੀ.ਵੀ., ਫ਼ੋਨ ਅਤੇ ਅਖ਼ਬਾਰਾਂ ਤੋਂ ਚੱਲਦੀ, ਹੁਣ ਹੌਲੀ-ਹੌਲੀ, ਪਿੰਡ, ਸੱਥਾਂ, ਗਲੀ-ਮੁਹੱਲਿਆਂ ਅਤੇ ਘਰਾਂ ਤੱਕ ਪੁੱਜ ਰਹੀ ਹੈ। ਅੱਜ ਸਵੇਰੇ ਮੱਲ ਸਿੰਹੁ ਕੇ ਦਰਵਾਜੇ ਅੱਗੇ ਬੈਠਿਆਂ ਦਾ ਧਿਆਨ ਜਦੋਂ ਕਮਲਿਆਂ ਵਾਂਗੂੰ ਹੱਥ ਮਾਰਦੇ ਅਤੇ ਫੇਰ ਤੇਜ਼-ਤੇਜ਼ ਗਲੀ ਚ ਵੜਦੇ ਬਿੰਦਰ ਵੱਲੋਂ ਹਟਿਆ ਤਾਂ ਜਗਨਾਮ ਸਿੰਹੁ ਨੇ ਜਗਜੀਤ ਮਾਸਟਰ ਨੂੰ ਪੁੱਛਿਆ, “ਮਾਸ਼ਟਰ ਜੀ, ਥੋਡੀਆਂ ਵੋਟਾਂਚ ਬਹੁਤ ਡਿਊਟੀਆਂ ਲੱਗੀਆਂ। ਹੁਣ ਫੇਰ ਰੁੱਤ ਐ, ਅੱਜ ਕੋਈ ਹੱਡ-ਬੀਤੀ ਸੁਣਾਓ!” “ਸਦਾ ਈ, ਸਾਰੀ ਨੌਕਰੀ ਚ ਢੇਰ ਡਿਊਟੀਆਂ ਲੱਗੀਆਂ, ਅਨੇਕਾਂ ਕਿੱਸੇ ਐ! ਭਾਂਵੇਂ ਕਿਤਾਬ ਬਣਾ ਲੋ। ਇੱਕ ਵਾਰੀ, ਮੇਰੀ ਡਿਊਟੀ ਲੱਗੀ ਪੰਚੈਤੀਚ, ਦੂਰ। ਰੱਜ ਕੇ, ਧੱਕੇ ਖਾ ਅੱਪੜੇ। ਗਰਮੀ ਦੀ ਰੁੱਤ ਸੀ। ਘਰੇ ਸੁੱਖ ਦੀ ਪਈ ਆਦਤ ਕਰਕੇ ਦਿਨ ਤੇ ਰਾਤ ਅਵਾਜ਼ਾਰੀਚ ਕੱਟੇ। ਤਾਕਤ ਕੱਠੀ ਕਰ ਵੋਟਾਂ ਪਵਾਈਆਂ ਸਾਰਾ ਦਿਨ। ਭੀੜ ਲੱਗੀ ਸੀ। ਚਾਹਾਂ ਪੀ-ਪੀ, ਸਰੀਰ ਨੂੰ ਚਲਾਇਆ। ਮੈਂ ਸੀ ਟੀਮ ਦਾ ਮੋਹਰੀ। ਵਾਰ-ਵਾਰ ਰੌਲਾ ਪਵੇ, ਲੜਾਈ-ਝਗੜਾ-ਰੁਕਾਵਟ। ਇੱਕ ਨੂੰ ਹਾਰ ਦਿਸੀ ਤਾਂ ਸਾਡੇ ਦੁਆਲੇ ਹੋ ਗਿਆ, ‘ਤੁਸੀਂ ਦੂਜੇ ਕੰਨੀਂ ਰਲੇਂ ਓਂ! ਮੈਂ ਆਖਿਆ ਭਲਿਆ ਮਾਨਸਾ, ਅਸੀਂ ਤਾਂ ਦੋ ਸੌ ਮੀਲ ਤੋਂ ਆਏ ਆਂ, ਸਾਨੂੰ ਤਾਂ ਥੋਡੇ ਨਾਂ-ਥੇਹ ਵੀ ਨੀਂ ਪਤਾ? ਅਸੀਂ ਤਾਂ ਆਵਦੇ ਹੱਡ ਛੁੜਾਉਨੇਂ ਆਂ, ਜਾਨ ਬਚਾ ਕੇ, ਨਿਕਲਣ ਨੂੰ ਫਿਰਦੇ ਐਂ।ਖੈਰ! ਘੈਂਸ-ਘੈਂਸ ਹੋ ਕੇ ਆਥਣੇ, ਮਸਾਂ ਵੋਟਾਂ ਗਿਣੀਆਂ। ਜਿੱਤੇ, ਢੋਲ ਵਜਾ ਕੇ ਟੱਪ ਗੇ। ਸਕੂਲ ਖਾਲੀ। ਪਾਣੀ ਖ਼ਤਮ। ਗਵਾਂਢੋਂ, ਪਾਣੀ ਪੀ, ਹਿੰਮਤ, ਇਕੱਠੀ ਕਰ ਕਾਗਜ਼ ਸੰਭਾਲੇ। ਭੁੱਖਣ-ਭਾਣੇ। ਰਾਤ ਦੇ 10 ਵਜੇ ਬੱਸ ਆਈ, ਅਗਲੇ ਬੂਥ ਉੱਤੇ ਗਏ। ਉਹ ਅਜੇ ਟਿੰਡ-ਫੌਹੜੀ ਸੰਭਾਲਦੇ ਸੀ। ਨੁੱਕਰਚ ਦੋ ਜਣੇ ਰੋਟੀ ਖਾਈ ਜਾਣ। ਅਸੀਂ ਜੂਠਾ ਪਾਣੀ, ਜੂਠੇ ਗਿਲਾਸਾਂ ਚ ਪੀ, ਸੰਘ ਗਿੱਲਾ ਕਰ ਟੁੱਟ ਪੇ। ਇੱਕ-ਇੱਕ ਰੋਟੀ ਆਈ, ਤਰੀ ਨਾਲ ਲਿੱਬੜੇ ਭਾਂਡੇ ਨੂੰ ਪੂੰਝ, ਢਿੱਡਚ ਬਾਲਣ ਪਾਇਆ। ਜਾਨ ਥੋੜੀ ਜੀਹ ਤੁੜਕੀ। ਸੋਚਿਆ, ‘ਕੇਰਾਂ ਤਾਂ ਬਚਗੇ। ਦੋ ਵਜੇ ਤੁਰੇ। ਚਾਰ ਵਜੇ ਸ਼ਹਿਰ, ਸਮਾਨ ਜਮ੍ਹਾਂ ਕਰਾਉਣਚ ਫੇਰ ਰੱਜ ਕੇ ਖਰਾਬ ਹੋਏ। ਘਰ ਨੂੰ ਤੁਰੇ ਤਾਂ ਪੈਰ ਅਗਾਂਹ ਧਰੀਏ, ਜਾਵੇ ਪਿਛਾਂਹ ਨੂੰ। ਟੁੱਟੇ ਸਰੀਰ ਨਾਲ ਘਰੇ ਜਾਂਦਿਆਂ ਈਂ ਰੋਟੀ ਮੰਗੀ, ਖਾਧੀ। ਖੂਬ ਸੁੱਤੇ। ਮੁੱਕੀ ਮੇਰੀ ਬਾਤ, ਅੱਗੇ ਸਾਖੀ ਹੋਰ ਚੱਲੀ।” ਜੱਗੇ ਮਾਸਟਰ ਨੇ ਉਬਾਸੀ ਲੈ ਕੇ, ਘਰ ਵੱਲ, ਰੋਟੀ ਖਾਣ ਲਈ ਚਾਲੇ ਪਾ ਲਏ।

ਹੋਰ ਤਾਂ ਗਰਮੀ ਫੁੜਕਾਈ ਜਾਂਦੀ ਹੈ। ਰਾਜੂ ਮਿਸਤਰੀ, ਧਰਮਾ ਪੇਂਟਰ, ਕਾਕਾ ਨਾਗਪਾਲ, ਟਾਪਾ ਟੈਰਾਂ ਵਾਲਾ, ਕਾਸਨੀਆ ਚਾਹ ਆਲਾ ਅਤੇ ਫੂਲਾ ਕਾਲੀ ਕਾਇਮ ਹਨ। ਤਪਦੇ ਪੰਜਾਬਚੋਂ, ਸੰਤ, ਰਾਗੀ, ਢਾਡੀ, ਪ੍ਰਚਾਰਕ ਵਿਦੇਸ਼ੀਂ ਗਏ ਹਨ, ਬਚੇ ਪਹਾੜੀਂ ਚੜ੍ਹ ਗਏ ਹਨ। ਉੱਬਲੀ ਜਾਂਦੇ ਲੀਡਰ ਵੀ, ਇੱਕ ਜੂਨ ਨੂੰ ਟੱਪ ਜਾਣਗੇ। ਸੁੱਕੀ ਅੱਗ ਤੋਂ ਬਚਣ ਦੀ ਕੋਸ਼ਟ ਚ ਹਾਂ। ਤਪਸ਼ ਕਰਕੇ, ਵੋਟ-ਤਮਾਸ਼ਾ ਠੰਡਾ ਹੀ ਹੈ। ਸੱਚ, ਮਿੱਠੂ ਦਾ ਬਲੱਡ ਵੱਧ ਗਿਆ ਸੀ। ਚੰਗਾ, ਰੱਬ ਦੇ ਰੰਗਾਂਚ ਰਹਿ ਕੇ ਜਿੰਦਗੀ ਦੇ ਰੰਗ ਭਰੋ। ਖੁਸ਼ ਰਹੋ, ਖੁਸ਼ ਕਰੋ। ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061