ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਿਆਨਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਨਿਊਯਾਰਕ, 17 ਮਈ (ਰਾਜ ਗੋਗਨਾ)- ਬੀਤੇਂ ਦਿਨ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ।ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਦਿਆਰਥੀਆਂ ਦੀ ਉਮਰ ਮਹਿਜ਼ 18 ਸਾਲ ਦੇ ਕਰੀਬ ਸੀ ਅਤੇ ਮ੍ਰਿਤਕ ਵਿਦਿਆਰਥੀਆਂ ਵਿੱਚ ਇੱਕ ਨੌਜਵਾਨ ਲੜਕਾ ਸਮੇਤ ਦੋ ਲੜਕੀਆਂ ਸ਼ਾਮਲ ਹਨ। ਜਿਨ੍ਹਾਂ ਦੀ ਪਛਾਣ ਆਰੀਅਨ ਜੋਸ਼ੀ, ਸ਼ਰੀਆ ਅਵਸਰਲਾ ਅਤੇ ਅਵਨੀ ਸ਼ਰਮਾ ਦੇ ਵਜੋਂ ਹੋਈ ਹੈ।

ਪੁਲਸ ਦੇ ਮੁਤਾਬਕ ਆਰੀਅਨ ਅਤੇ ਸ਼੍ਰਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਵਨੀ ਨੇ ਬੁੱਧਵਾਰ ਸਵੇਰੇ ਨਾਰਥ ਫੁਲਟਨ ਹਸਪਤਾਲ ‘ਚ ਆਖਰੀ ਸਾਹ ਲਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਹੋਰ ਵਿਦਿਆਰਥੀਆਂ ਦੀ ਪਛਾਣ ਵੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਪਛਾਣ ਰਿਤਵਾਕ ਸੰਪੱਲੀ ਅਤੇ ਮੁਹੰਮਦ ਲਿਆਕਤ ਦੇ ਵਜੋਂ ਹੋਈ ਹੈ।ਹਾਦਸੇ ਦਾ ਸ਼ਿਕਾਰ ਹੋਏ ਇਹ ਵਿਦਿਆਰਥੀ ਅਮਰੀਕਾ ਪੜ੍ਹਨ ਗਏ ਸਨ ਜਾਂ ਉਥੋਂ ਦੇ ਨਾਗਰਿਕ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਹੋ ਸਕਦਾ ਹੈ, ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਜਿਸ ਵਿੱਚ ਵਿਦਿਆਰਥੀ ਜਾ ਰਹੇ ਸਨ, ਦੇ ਡਰਾਈਵਰ ਨੇ ਪੂਰੀ ਰਫ਼ਤਾਰ ਨਾਲ ਸਟੇਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਦੇ ਨਾਲ ਟਕਰਾ ਕੇ ਕਾਰ ਪਲਟ ਗਈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ‘ਚ ਜਾਨ ਗੁਆਉਣ ਵਾਲਾ ਆਰੀਅਨ ਅਲਫਾਰੇਟਾ ਹਾਈ ਸਕੂਲ ਦਾ ਵਿਦਿਆਰਥੀ ਸੀ ਅਤੇ ਇਕ ਹਫਤੇ ਬਾਅਦ ਗ੍ਰੈਜੂਏਟ ਹੋਣ ਵਾਲਾ ਸੀ, ਜਦਕਿ ਅਵਨੀ ਅਤੇ ਸ਼੍ਰਿਆ ਨੇ ਜਾਰਜੀਆ ਯੂਨੀਵਰਸਿਟੀ ‘ਚ ਆਪਣਾ ਪਹਿਲਾ ਸਾਲ ਪੂਰਾ ਕੀਤਾ ਸੀ।

ਅਲਫਾਰੇਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਅਨੁਸਾਰ, ਇਹ ਹਾਦਸਾ ਮੰਗਲਵਾਰ ਰਾਤ 8:00 ਵਜੇ ਦੇ ਕਰੀਬ ਹੈਮਬਰੀ ਰੋਡ ਅਤੇ ਮੈਕਸਵੈਲ ਰੋਡ ਦੇ ਵਿਚਕਾਰ ਵੈਸਟਸਾਈਡ ਪਾਰਕਵੇਅ ‘ਤੇ ਵਾਪਰਿਆ, ਜਿਸ ਨਾਲ ਕਾਰ ਦਾ ਡਰਾਈਵਰ ਜ਼ਖਮੀ ਹੋ ਗਿਆ। ਕਾਰ ਵਿੱਚ ਕੁੱਲ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮੀਆਂ ਵਿੱਚੋਂ ਇੱਕ ਅਲਫਾਰੇਟਾ ਹਾਈ ਸਕੂਲ ਦਾ ਵਿਦਿਆਰਥੀ ਸੀ ਅਤੇ ਦੂਜਾ ਜਾਰਜੀਆ ਸਟੇਟ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਹਾਦਸੇ ਦੀ ਮੁੱਢਲੀ ਜਾਂਚ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਕਾਰ ਮੁੱਖ ਸੜਕ ਤੋਂ ਫਿਸਲ ਕੇ ਦਰਖਤ ਨਾਲ ਜਾ ਟਕਰਾਈ, ਸੰਭਵ ਤੌਰ ‘ਤੇ ਤੇਜ਼ ਰਫਤਾਰ ਦੇ ਕਾਰਨ ਕਾਰ ਪਲਟ ਗਈ, ਜਿਸ ਕਾਰਨ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ‘ਚੋਂ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।