ਡਾ. ਅੰਬੇਡਕਰ ਦਾ 133ਵਾਂ ਜਨਮ ਦਿਹਾੜਾ ਮਨਾਇਆ : ਬ੍ਰਿਸਬੇਨ

ਲੇਖਕ ਅਨਿਲ ਆਦਮ ਦੀ ਕਾਵਿ ਪੁਸਤਕ ‘26 ਸਾਲ ਬਾਅਦ’ ਲੋਕ ਅਰਪਿਤ
ਮਰਹੂਮ ਸੁਰਜੀਤ ਪਾਤਰ ਜੀ ਨੂੰ ਨਮਨ ਸ਼ਰਧਾਂਜਲੀ

(ਹਰਜੀਤ ਲਸਾੜਾ, ਬ੍ਰਿਸਬੇਨ 20 ਮਈ) ਇੱਥੇ ਸ੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਕਮਿਊਨਿਟੀ ਰੇਡੀਓ ਫੋਰ ਈਬੀ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ 133ਵੀਂ ਜਨਮ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਗਈ। ਮੰਚ ਸੰਚਾਲਕ ਰੀਤੂ ਅਹੀਰ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਅੰਬੇਦਕਰ ਜੀ ਦੇ ਜੀਵਨ ਅਤੇ ਦਲਿਤ ਲੋਕਾਂ ਲਈ ਕੀਤੇ ਕਾਰਜਾਂ ਦਾ ਜਿਕਰ ਕੀਤਾ। ਸੰਸਥਾ ਪ੍ਰਧਾਨ ਹਰਦੀਪ ਵਾਗਲਾ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਬਾਰੇ ਸੰਖੇਪ ਚਾਨਣਾ ਪਾਇਆ। ਸਮਾਗਮ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਬਾਬਾ ਸਾਹਿਬ ਦੇ ਜੀਵਨ ਫਲਸਫੇ ‘ਤੇ ਗੰਭੀਰ ਚਿੰਤਨ ਕਰਦਿਆਂ ਦੱਸਿਆਂ ਕਿ ਉਹਨਾਂ ਆਪਣਾ ਸਾਰਾ ਜੀਵਨ ਮੂਲ ਨਿਵਾਸੀ ਸਮਾਜ ਦੀ ਗੁਲਾਮੀ ਦੀਆਂ ਪੁਰਾਣੀਆਂ ਕੜੀਆਂ ਨੂੰ ਤੋੜਨ ਲਈ ਨਿਛਾਵਰ ਕੀਤਾ। ਉਹਨਾਂ ਵੰਡ ਤੋਂ ਪਹਿਲੇ ਪੰਜਾਬ ਦੇ ਕਿਸਾਨ ਆਗੂ ਤੇ ਯੂਨੀਨਿਸਟ ਪਾਰਟੀ ਦੇ ਮੋਢੀ ਸਰ ਛੋਟੂ ਰਾਮ ਵੱਲੋਂ ਖੇਤੀ ਬਾਬਤ ਕੀਤੇ ਉਪਰਾਲੇ ਜਿਵੇਂ ਸਾਹੂਕਾਰ ਪੰਜੀਕਰਨ ਐਕਟ ਅਤੇ ਗਿਰਵੀ ਜਮੀਨਾਂ ਦੀ ਮੁਫਤ ਵਾਪਸੀ ਐਕਟ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਹਨਾਂ ਅੰਗਰੇਜ਼ੀ ਹਕੂਮਤ ਤੋਂ ਕਿਸਾਨ ਹਿੱਤਾਂ ਲਈ ਅਹਿਮ 22 ਕਾਨੂੰਨ ਪਾਸ ਕਰਵਾਏ ਸਨ।

ਬਲਵਿੰਦਰ ਸਿੰਘ ਮੋਰੋਂ ਅਨੁਸਾਰ ਬਾਬਾ ਸਾਹਿਬ ਨੇ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਚੰਗਾ ਅਧਿਐਨ ਕਰਨ ਉਪਰੰਤ, ਚੰਗੀਆਂ ਗੱਲਾਂ ਭਾਰਤ ਦੇ ਸੰਵਿਧਾਨ ਵਿਚ ਦਰਜ ਕੀਤੀਆਂ ਸਨ। ਇਕਬਾਲ ਸਿੰਘ ਧਾਮੀ ਨੇ ਆਪਣੇ ਸੰਬੋਧਨ ‘ਚ ਭਾਰਤੀਆਂ ਨੂੰ ਜਾਤੀਗਤ ਭੇਦਭਾਵ ਤੋਂ ਬਾਹਰ ਨਿਕਲਣ ਲਈ ਪ੍ਰੇਰਿਆ। ਉਹਨਾਂ ਕਿਹਾ ਜਿਵੇਂ ਡਾ. ਬੀ ਆਰ ਅੰਬੇਡਕਰ ਨੇ ਗ਼ਰੀਬੀ ਅਤੇ ਜਾਤੀਗਤ ਭੇਦ-ਭਾਵ ਦਾ ਸਾਹਮਣਾ ਕਰਦੇ ਹੋਏ ਉੱਚ ਵਿਦਿਆ ਹਾਸਿਲ ਕੀਤੀ ਓਵੇਂ ਹੀ ਸਾਨੂੰ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ। ਗੁਰਦੀਪ ਜਗੇੜਾ ਅਨੁਸਾਰ ਅੰਬੇਡਕਰ ਦੇ ਫਲਸਫੇ ਨੂੰ ਭਾਰਤ ਦੇ ਮੂਲ ਨਿਵਾਸੀਆਂ ਨੇ ਨਹੀੰ ਅਪਣਾਇਆ। ਇਸੇ ਕਰਕੇ ਦੇਸ ਦੇ ਬਹੁਗਿਣਤੀ ਮੂਲ ਨਿਵਾਸੀ ਅੱਜ ਗਰੀਬੀ ਰੇਖਾ ਤੋਂ ਥੱਲੇ ਜੀਅ ਰਹੇ ਹਨ। ਸੁਖਜਿੰਦਰ ਸਿੰਘ ਅਤੇ ਸੁਖਵਿੰਦਰ ਸੋਨੂੰ ਮੁਤਾਬਿਕ ਜੇਕਰ ਭਾਰਤ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਸਮਾਜ ਦੇ ਹਰ ਵਰਗ ਨੂੰ ਇੱਕਜੁਟ ਹੋ ਕੇ ਬਾਬਾ ਸਾਹਿਬ ਦੇ ਸਿਧਾਂਤਾਂ ‘ਤੇ ਪਹਿਰਾ ਦੇਣਾ ਪਵੇਗਾ।

ਇਸ ਮੌਕੇ ‘ਤੇ ਹਾਜ਼ਰ ਹੋਰਨਾਂ ਬੁਲਾਰਿਆਂ ਵਿੱਚ ਤਾਨਿਸ਼ ਬਾਸੀ, ਪ੍ਰਿੰਕਾ ਜੱਸਲ, ਨਵਕਰਨ ਅਤੇ ਮਨਦੀਪ ਕੁਮਾਰ ਨੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਵਾਸੀਆਂ ਨੂੰ ਅਜਿਹਾ ਅਨਮੋਲ ਤੋਹਫ਼ਾ ਦਿੱਤਾ ਹੈ ਜਿਸਦੇ ਅੰਤਰਗਤ ਹਰੇਕ ਵਰਗ ਦੇ ਹਿੱਤਾਂ ਲਈ ਰੱਖੀਆਂ ਗਈਆਂ ਸਹੂਲਤਾਂ ਸਦਕਾ ਹੀ ਅੱਜ ਸਾਨੂੰ ਸਾਰਿਆਂ ਨੂੰ ਇਕ ਸਮਾਨ ਸਕੀਮਾਂ ਮਿਲ ਰਹੀਆਂ ਹਨ। ਇਸ ਮੌਕੇ ਕਮਿਊਨਿਟੀ ਰੇਡੀਓ ਫ਼ੋਰ ਈਬੀ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਵੱਲੋਂ ਰੇਡੀਓ ‘ਤੇ ਪੰਜਾਬੀ ਭਾਸ਼ਾ ਦੇ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਬਿਆਨਿਆ ਅਤੇ ਹਥਲੇ ਸਮਾਗਮ ਲਈ ਵਧਾਈ ਦਿੱਤੀ। ਸਤਵਿੰਦਰ ਟੀਨੂ ਨੇ ਡਾ. ਅੰਬੇਦਕਰ ਵਲੋਂ ਸੰਵਿਧਾਨ ਦੀ ਸਿਰਜਣਾ ਕਰਕੇ ਗਰੀਬ ‘ਤੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ ਦੀ ਗੱਲ ਕੀਤੀ। ਇਸ ਸਮਾਗਮ ਵਿੱਚ ਸਮੂਹ ਪਰਿਵਾਰਾਂ ਅਤੇ ਖਾਸ ਕਰਕੇ ਬੱਚਿਆਂ ਦੀ ਸਟੇਜੀ ਸ਼ਮੂਲੀਅਤ ਕਾਬਲੇ ਤਾਰੀਫ ਰਹੀ। ਗ਼ਜ਼ਲਗੋ ਜਸਵੰਤ ਵਾਗਲਾ ਨੇ ਮਿਸ਼ਨਰੀ ਗ਼ਜ਼ਲਾਂ ਨਾਲ ਸਮਾਂ ਬੰਨਿਆ। ਬੱਚਿਆਂ ਨੇ ਬਾਬਾ ਸਾਹਿਬ ਦੇ ਜੀਵਨ ’ਤੇ ਪਰਚਾ ਅਤੇ ਕਵਿਤਾਵਾਂ ਪੜ੍ਹੀਆਂ। ਸੰਸਥਾ ਵੱਲੋਂ ਲੇਖਕ ਅਨਿਲ ਆਦਮ ਦੀ ਕਾਵਿ ਪੁਸਤਕ ‘26 ਸਾਲ ਬਾਅਦ’ ਲੋਕ ਅਰਪਿਤ ਕੀਤੀ ਗਈ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਪੱਤਰਕਾਰ ਮੋਹਿੰਦਰਪਾਲ ਸਿੰਘ ਕਾਹਲੋਂ, ਗੀਤਕਾਰ ਸੁਰਜੀਤ ਸੰਧੂ, ਅਜੇਪਾਲ ਸਿੰਘ, ਜਸਕਰਨ ਸ਼ੀਹ, ਨਵਰਾਜ ਸਿੰਘ, ਸਤਵਿੰਦਰ ਕੌਰ, ਤਨਿਸ਼ ਬਾਸੀ, ਰਿੱਤੂ ਵਾਗਲਾ, ਅਨੀਤਾ, ਰੇਸ਼ਮ ਕੌਰ, ਅਮਰਨਾਥ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਡਿੰਪਲ ਬਾਲੀ ਆਦਿ ਹਾਜ਼ਰ ਸਨ।

ਸਮਾਰੋਹ ਦੇ ਅੰਤ ਵਿੱਚ ਪੰਜਾਬੀ ਦੇ ਸਿਰਮੌਰ ਕਵੀ, ਲੇਖਕ ਅਤੇ ਪਦਮਸ੍ਰੀ ਡਾ. ਸੁਰਜੀਤ ਪਾਤਰ ਜੀ ਦੇ ਬੇਵਕਤੇ ਅਕਾਲ ਚਲਾਣੇ ‘ਤੇ ਹਾਜ਼ਰੀਨ ਵੱਲੋਂ ਨਮਨ ਸ਼ਰਧਾਂਜਲੀ ਦਿੱਤੀ ਗਈ।