ਸਮਾਜਕ ਬਣਤਰ ’ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨ ਅਤੇ ਨਿਵਾਰਣ

ਭਾਰਤੀ ਸਮਾਜਕ ਪਰੰਪਰਾ ਦੇ ਅੰਤਰਗਤ ਇਹ ਸਿਧਾਂਤ ਪੇਸ਼ ਕੀਤਾ ਜਾਂਦਾ ਹੈ ਕਿ ‘ਸਮਾਜ’
ਤੋਂ ਬਿਨਾਂ ਮਨੁੱਖ ਦੇ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਦੂਜੇ ਸ਼ਬਦਾਂ
ਵਿਚ; ਸਮਾਜ ਦੀ ਅਣਹੋਂਦ ਮਨੁੱਖੀ ਜੀਵਨ ਦੀ ਅਣਹੋਂਦ ਮੰਨੀ ਜਾਂਦੀ ਹੈ। ਇੱਥੇ ਖ਼ਾਸ ਗੱਲ
ਇਹ ਹੈ ਕਿ ਜਿੱਥੇ (ਜਿਸ ਜਗ੍ਹਾ ’ਤੇ ਵੀ) ਸਮਾਜਕ ਬਣਤਰ ਦਰੁਸਤ ਅਤੇ ਪੁਖ਼ਤਾ ਪ੍ਰਬੰਧ
ਅਧੀਨ ਗਤੀਸ਼ੀਲ ਹੁੰਦੀ ਹੈ ਉੱਥੇ ਮਨੁੱਖੀ ਜੀਵਨ ਵਧੇਰੇ ਆਰਾਮਦਾਇਕ ਅਤੇ ਸੁਖਾਲਾ ਹੁੰਦਾ
ਹੈ। ਪਰੰਤੂ ਦੂਜੇ ਪਾਸੇ, ਜਿੱਥੇ ਸਮਾਜਕ ਬਣਤਰ ਕਮਜ਼ੋਰ ਅਤੇ ਢਿੱਲੇ ਪ੍ਰਬੰਧ ਅਧੀਨ
ਗਤੀਸ਼ੀਲ ਹੁੰਦੀ ਹੈ ਉੱਥੇ ਮਨੁੱਖ ਦਾ ਜੀਵਨ ਅਮੁਮਨ ਕਠਿਨਾਈਆਂ ਅਤੇ ਜਟਿਲ ਮੁਸ਼ਕਲਾਂ
ਭਰਿਆ ਹੁੰਦਾ ਹੈ। ਖ਼ੈਰ,

ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ‘ਸਮਾਜਕ ਬਣਤਰ ’ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨ
ਅਤੇ ਨਿਵਾਰਣ’ ਉੱਪਰ ਕੇਂਦਰਿਤ ਹੈ। ਇਸ ਲਈ ਪੱਛਮੀ ਪ੍ਰਭਾਵਾਂ ਦੇ ਨਾਕਾਰਮਤਕ ਪ੍ਰਭਾਵਾਂ
ਅਤੇ ਉਹਨਾਂ ਤੋਂ ਬਚਣ ਦੇ ਨੁਕਤਿਆਂ ਉੱਪਰ ਸੰਖੇਪ ਰੂਪ ਵਿਚ ਚਰਚਾ ਕੀਤੀ ਜਾਵੇਗੀ ਤਾਂ
ਕਿ ਲੇਖ ਨੂੰ ਵੱਡ ਆਕਾਰੀ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਾਰਥਕ ਨਤੀਜੇ ਪ੍ਰਾਪਤ ਕੀਤੇ
ਜਾ ਸਕਣ।

ਮਨੁੱਖੀ ਸੱਭਿਅਤਾ ਦੀ ਆਰੰਭਤਾ ਤੋਂ ਹੀ ਇਹ ਸਿਧਾਂਤ ਗਤੀਮਾਨ ਹੈ ਕਿ ਇੱਕ ਸੱਭਿਅਤਾ ਦਾ
ਦੂਜੀ ਸੱਭਿਅਤਾ ’ਤੇ ਪ੍ਰਭਾਵ ਪੈਂਦਾ ਹੈ। ਉਹ ਭਾਵੇਂ ਨਾਕਾਰਤਮਕ ਪ੍ਰਭਾਵ ਹੋਣ ਅਤੇ
ਭਾਵੇਂ ਸਾਕਾਰਤਮਕ ਪ੍ਰਭਾਵ। ਇਹ ਪ੍ਰਭਾਵ ਸਮੁੱਚੀ ਸੱਭਿਅਤਾ/ ਸਮਾਜ ਅਤੇ ਸਮਾਜਕ ਬਣਤਰ
ਉੱਪਰ ਮਨ ਇੱਛਤ ਪ੍ਰਭਾਵ ਤਾਂ ਨਹੀਂ ਪਾ ਪਾਉਂਦੇ ਪਰੰਤੂ ਇਹਨਾਂ ਪ੍ਰਭਾਵਾਂ ਨੂੰ 100
ਫ਼ੀਸਦੀ ਰੋਕਿਆ ਵੀ ਨਹੀਂ ਜਾ ਸਕਦਾ। ਭਾਵ ਹਰ ਸੱਭਿਅਤਾ ਆਪਣੇ ਅੰਦਰ ਕੁਝ ਨਾ ਕੁਝ
ਤਬਦੀਲੀਆਂ ਪ੍ਰਵਾਨ ਕਰਦੀ ਰਹਿੰਦੀ ਹੈ। ਇਹ ਤਬਦੀਲੀ ਇੱਕੋ ਸਮੇਂ ਵਿਚ ਜਾਂ ਇੱਕੋ ਵਾਰ
ਨਹੀਂ ਹੁੰਦੀ ਬਲਕਿ ਸਹਿਜੇ-ਸਹਿਜੇ ਲੰਮੇਂ ਸਮੇਂ ਵਿਚ ਗਤੀਮਾਨ ਹੁੰਦੀ ਹੈ। ਖ਼ੈਰ,

ਸਮਾਜਕ ਵਿਗਿਆਨ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਅੱਜ ਦਾ
ਮਨੁੱਖ ‘ਸਮਾਜਕ ਬਣਤਰ’ ਦੇ ਮੂਲ ਸਿਧਾਂਤ ਤੋਂ ‘ਥਿੜਕਦਾ’ ਨਜ਼ਰ ਆ ਰਿਹਾ ਹੈ। ਇਸਦਾ ਇੱਕ
ਕਾਰਨ ਇਹ ਵੀ ਹੈ ਕਿ ਅਜੋਕਾ ਮਨੁੱਖ ਇਕਲਾਪੇ ਦਾ ਸੰਤਾਪ ਹੰਢਾ ਰਿਹਾ ਹੈ। ਮਨੁੱਖ ਵਿਚੋਂ
ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਮਨੁੱਖ ਭੱਜਦੌੜ ਦੀ ਜਿ਼ੰਦਗੀ ਜੀਅ ਰਿਹਾ ਹੈ/
ਮਸ਼ੀਨੀ ਦੌਰ ਵਿਚ ‘ਮਸ਼ੀਨ’ ਬਣ ਕੇ ਰਹਿ ਗਿਆ ਹੈ। ਕੋਮਲ ਸੰਵੇਦਨਾਵਾਂ ਦੀ ਅਣਹੋਂਦ ਨੇ
‘ਆਦਰਸ਼ਕ ਸਮਾਜ’ ਦੀ ਸਿਰਜਣਾ ਵਿਚ ਅੜਿੱਕਾ ਪੈਦਾ ਕਰ ਦਿੱਤਾ ਹੈ। ਅੱਜ ਸਮਾਜਕ ਬਣਤਰ ਦੇ
ਬਨਿਆਦੀ ਸਿਧਾਂਤ ਖ਼ਤਮ ਹੁੰਦੇ ਦਿਖਾਈ ਦੇ ਰਹੇ ਹਨ।

ਅਜੋਕੇ ਮਨੁੱਖ ਦਾ ਮੂਲ ਮਨੋਰਥ ਪੈਸਾ, ਤਰੱਕੀ ਅਤੇ ਐਸ਼ੋ-ਆਰਾਮ ਦਾ ਜੀਵਨ ਹੋ ਗਿਆ ਹੈ।
ਇਸ ਲਈ ਕੋਮਲ ਸੰਵੇਦਨਾਵਾਂ/ ਸਮਾਜਕਤਾ ਅਤੇ ਕਾਰ-ਵਿਹਾਰ ਵਿਚ ‘ਪੱਛਮੀ ਪ੍ਰਭਾਵ’ ਦੇਖਣ
ਨੂੰ ਮਿਲ ਰਹੇ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੱਛਮੀ ਪਰੰਪਰਾ ਵਿਚ
‘ਸਮਾਜ’ ਰੂਪੀ ਥੰਮ੍ਹ ਨੂੰ ਕੋਈ ਜਿ਼ਆਦਾ ਤਵੱਜੋਂ/ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇਹ
ਪਰੰਪਰਾ ‘ਸਵੈ’ ਤੀਕ ਸੀਮਤ ਪਰੰਪਰਾ ਕਹੀ ਜਾਂਦੀ ਹੈ। ਇਸ ਵਿਚ ‘ਪਰਿਵਾਰ’ ਅਤੇ ‘ਸਮਾਜ’
ਕੋਈ ਬਹੁਤਾ ਵੱਡਾ ਸਥਾਨ ਨਹੀਂ ਸਮਝੇ ਜਾਂਦੇ। ਇੱਥੇ ਪਰਿਵਾਰ ਅਤੇ ਸਮਾਜ ਨਾਲੋਂ ਆਪਣੇ
ਨਿੱਜ ਦੇ ਹਿੱਤ/ ਨਫ਼ੇ ਵਧੇਰੇ ਭਾਰੂ ਹੁੰਦੇ ਹਨ। ਹੁਣ ਇਹ ਪ੍ਰਭਾਵ ਭਾਰਤੀ ਪਰੰਪਰਾ
(ਸਮਾਜਕ ਬਣਤਰ) ਵਿਚ ਆਉਣੇ ਸ਼ੁਰੂ ਹੋ ਗਏ ਹਨ। ਵੱਡੇ ਸ਼ਹਿਰਾਂ ਵਿਚ ਇਹ ਪ੍ਰਭਾਵ
ਆਪਣੀਆਂ ਜੜ੍ਹਾਂ ਨੂੰ ਡੂੰਘਾ ਕਰ ਚੁਕੇ ਹਨ। ਪਰੰਤੂ ਹੁਣ ਸਹਿਜੇ–ਸਹਿਜੇ ਨਿੱਕੇ
ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਇਹ ‘ਪ੍ਰਭਾਵ’ ਆਪਣਾ ਅਸਰ ਦਿਖਾਉਣ ਲੱਗ ਪਏ ਹਨ।

ਪਰ ਦੂਜੇ ਪਾਸੇ, ਭਾਰਤੀ ਸਮਾਜਕ ਪਰੰਪਰਾ ਵਿਚ ‘ਸਮਾਜ’ ਦੀ ਥਾਂ ਨੂੰ ਸਭ ਤੋਂ ਉੱਚੀ ਅਤੇ
ਨਵੇਕਲੀ ਮੰਨਿਆ ਜਾਂਦਾ ਹੈ। ਮਨੁੱਖ; ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਭਾਰਤੀ
ਪਰੰਪਰਾ ਦੇ ਮੂਲ ਸਿਧਾਂਤ ਦੇ ਅਨੁਰੂਪ ‘ਸਮਾਜ’ ਮਨੁੱਖ ਦੇ ਸਰਵਪੱਖੀ ਵਿਕਾਸ ਵਿਚ ਅਹਿਮ
ਰੋਲ ਅਦਾ ਕਰਦਾ ਹੈ। ਪਰੰਤੂ ਹੁਣ ਇਸ ਸਮਾਜਕ ਬਣਤਰ ਨੂੰ ਪੱਛਮ ਦੇ ਪ੍ਰਭਾਵ ਨੇ ਸਹਿਜੇ-
ਸਹਿਜੇ ਖ਼ੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਅੱਜ ਨੌਜਵਾਨ ਵਰਗ ਚੰਗੇ ਭੱਵਿਖ ਲਈ ਇਸ ਕਦਰ ਚਿੰਤਾਗ੍ਰਸਤ ਹੈ ਕਿ ਹੁਣ ਉਹਨਾਂ ਦੀਆਂ
ਨਜ਼ਰਾਂ ਵਿਚ ਸਮਾਜ ਵਾਧੂ ਦਾ ਭਾਰ ਬਣ ਕੇ ਰਹਿ ਗਿਆ ਹੈ। ਅੱਜ ਦਾ ਨੌਜਵਾਨ ਸਮਾਜਕ
ਰਿਸ਼ਤਿਆਂ ਨੂੰ ਭੁੱਲਦਾ ਜਾ ਰਿਹਾ ਹੈ। ਸਮਾਜ ਵਿਚ ਮਾਂ-ਬਾਪ ਦੀ ਤਵੱਜੋਂ ਘੱਟਣੀ ਆਰੰਭ
ਹੋ ਗਈ ਹੈ। ਘਰਾਂ ਵਿਚ ਲੜਾਈ-ਝਗੜੇ ਆਮ ਦੇਖਣ ਨੂੰ ਮਿਲਦੇ ਹਨ। ਇਹਨਾਂ ਝਗੜਿਆਂ ਦਾ ਮੂਲ
ਕਾਰਨ ਨਿੱਕੀਆਂ-ਨਿੱਕੀਆਂ ਘਟਨਾਵਾਂ/ ਗੱਲਾਂ ਹਨ। ਇੱਥੇ ਇਕੱਲੇ ਬੱਚਿਆਂ/ ਨੌਜਵਾਨਾਂ ਦੀ
ਗੱਲ ਨਹੀਂ ਕੀਤੀ ਜਾ ਰਹੀ ਬਲਕਿ ਔਰਤਾਂ ਵਿਚੋਂ ‘ਮਮਤਾ’ ਦਾ ਮੂਲ ਤੱਤ ਗੁਆਚਦਾ ਜਾ ਰਿਹਾ
ਹੈ। ਬਜ਼ੁਰਗਾਂ ਵਿਚੋਂ ਸਹਿਣਸ਼ੀਲਤਾ/ ਸਿਆਪਣ ਅਤੇ ਹਲੀਮੀ ਦੀ ਅਣਹੋਂਦ ਦੇਖਣ ਨੂੰ ਮਿਲ
ਰਹੀ ਹੈ। ਉਮਰ ਦੇ ਤਜ਼ੁਰਬੇ ਕਿਤੇ ਗੁਆਚਦੇ ਨਜ਼ਰ ਆ ਰਹੇ ਹਨ। ਕੁਲ ਮਿਲਾ ਕੇ ਸਮਾਜਕ
ਬਣਤਰ ਸਹਿਜੇ-ਸਹਿਜੇ ਖੁਰਦੀ ਜਾ ਰਹੀ ਹੈ/ ਢਹਿੰਦੀ ਜਾ ਰਹੀ ਹੈ।

ਇੱਕ ਉਦਾਹਰਣ ਦੇ ਤੌਰ ’ਤੇ ; ਪੱਛਮੀ ਪ੍ਰਭਾਵ ਦੇ ਨਤੀਜੇ ਵੱਜੋਂ ‘ਬਿਰਧ ਆਸ਼ਰਮਾਂ’ ਨੇ
ਸਾਡੇ ਸਮਾਜ ਵਿੱਚ ਆਪਣੀ ‘ਥਾਂ’ ਪੱਕੀ ਕਰ ਲਈ ਹੈ। ਅੱਜ ਵੱਡੇ ਸ਼ਹਿਰਾਂ ਦੇ ਨਾਲ-ਨਾਲ
ਨਿੱਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ‘ਬਿਰਧ ਆਸ਼ਰਮਾਂ’ ਦਾ ਜ਼ਾਲ ਦੇਖਿਆ ਜਾ ਸਕਦਾ
ਹੈ। ਇਹ ‘ਬਿਰਧ ਆਸ਼ਰਮ’ ਭਾਰਤੀ ਸਮਾਜਕ ਪਰੰਪਰਾ ਦਾ ਹਿੱਸਾ ਨਹੀਂ ਕਹੇ ਜਾ ਸਕਦੇ। ਇਹ
ਤਾਂ ਪੱਛਮੀ ਪ੍ਰਭਾਵ ਦਾ ਨਤੀਜਾ ਕਹੇ ਜਾ ਸਕਦੇ ਹਨ।

ਦੂਜੇ ਪਾਸੇ, ਅੱਜ ਅਖ਼ਬਾਰਾਂ ਇਹਨਾਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਜਿਹਨਾਂ ਵਿਚ
ਸਮਾਜਕ ਰਿਸ਼ਤੇ ਤਾਰ–ਤਾਰ ਹੋਏ ਹੁੰਦੇ ਹਨ। ਬੱਚਿਆਂ ਵੱਲੋਂ ਮਾਂ-ਬਾਪ ਦਾ ਕਤਲ,
ਮਾਂ-ਬਾਪ ਵੱਲੋਂ ਬੱਚਿਆਂ ਦਾ ਕਤਲ, ਭਰਾ ਹੱਥੋਂ ਭਰਾ ਦਾ ਕਤਲ ਆਦਿਕ ਰਿਸ਼ਤਿਆਂ ਨੂੰ
ਖੇਰੂ-ਖੇਰੂ ਕਰਦੀਆਂ ਖ਼ਬਰਾਂ ਨਿੱਤ ਦਿਨ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਇਹ ਸਭ
ਘਟਨਾਵਾਂ/ ਖ਼ਬਰਾਂ ਭਾਰਤੀ ਸਮਾਜਕ ਬਣਤਰ ਦਾ ਵਿਗੜਿਆ ਹੋਇਆ ਰੂਪ ਕਹੀਆਂ ਜਾ ਸਕਦੀਆਂ
ਹਨ।

ਭਾਰਤੀ ਪਰੰਪਰਾ ਅਤੇ ਸਮਾਜਕ ਬਣਤਰ ਵਿਚ ਤਾਂ ‘ਸਰਵਣ ਪੁੱਤਰਾਂ’ ਦੀਆਂ ਮਿਸਾਲਾਂ
ਦਿੱਤੀਆਂ ਜਾਂਦੀਆਂ ਰਹੀਆਂ ਹਨ। ਇੱਥੇ ‘ਭਰਤ’ ਵਰਗੇ ਭਰਾ ਦੀ ਉਦਾਹਰਣ ਆਮ ਲੋਕਾਂ ਲਈ
ਮਿਸਾਲ ਬਣਦੀ ਹੈ ਜਿਸਨੇ ਆਪਣੇ ਭਰਾ (ਰਾਮ ਜੀ) ਦੀਆਂ ਖੜਾਵਾਂ ਨੂੰ ਰਾਜ ਗੱਦੀ ਉੱਪਰ
ਰੱਖ ਕੇ ਰਾਜ ਕੀਤਾ ਅਤੇ ਆਪਣੇ ਭਰਾ ਨਾਲ ਵਫ਼ਾਦਾਰੀ ਨਿਭਾਈ। ਇੱਥੇ ਮਿੱਤਰਤਾ ਲਈ
ਕ੍ਰਿਸ਼ਨ ਜੀ ਅਤੇ ਸੁਦਾਮਾ ਦੀ ਸਾਖੀ ਬੱਚਿਆਂ ਨੂੰ ਸੁਣਾਈ ਜਾਂਦੀ ਹੈ।

ਪਰੰਤੂ ਇਹਨਾਂ ਉੱਤਮ ਸਾਖੀਆਂ ਤੋਂ ਸਾਡਾ ਅੱਜ ਦਾ ਨੌਜਵਾਨ ਵਰਗ ਸੇਧ ਨਹੀਂ ਲੈ ਰਿਹਾ
ਬਲਕਿ ਪੱਛਮੀ ਸੱਭਿਅਤਾ ਦੇ ਪ੍ਰਭਾਵ ਦਾ ਵਧੇਰੇ ਅਸਰ ਕਬੂਲ ਰਿਹਾ ਹੈ। ਇਸ ਲਈ ਜਿੱਥੇ
ਨੌਜਵਾਨਾਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਉੱਥੇ ਹੀ ਅਜੋਕੇ ਮਾਂ-ਬਾਪ ਨੂੰ ਵੀ
ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਸਿੱਖਿਆ ਆਪਣੇ ਬੱਚਿਆਂ
ਨੂੰ ਦੇ ਰਹੇ ਹਨ? ਜਿਹੜੇ ਮਾਂ-ਬਾਪ ਖ਼ੁਦ ਚੰਗੇ ਧੀਆਂ-ਪੁੱਤਰ ਨਹੀਂ ਬਣਦੇ ਫੇਰ ਉਹਨਾਂ
ਦੇ ਧੀਆਂ-ਪੁੱਤਰ ਵੀ ਚੰਗੇ ਧੀਆਂ-ਪੁੱਤਰ ਨਹੀਂ ਬਣ ਪਾਉਣਗੇ। ਜੇਕਰ ਅਸੀਂ ਆਪਣੇ
ਮਾਂ-ਬਾਪ ਲਈ ‘ਸਰਵਣ ਪੁਤਰ’ ਬਣਾਂਗੇ ਤਾਂ ਹੀ ਸਾਡੇ ਧੀਆਂ-ਪੁੱਤਰ ਸਾਡੇ ਲਈ ਸਰਵਣ
ਪੁੱਤਰ ਬਣਨ ਦੇ ਰਾਹ ਪੈਣਗੇ। ਪਰੰਤੂ! ਇਹ ਸਭ ਕੁਝ ਹੁੰਦਾ ਕਦੋਂ ਹੈ? ਇਹ ਅਜੇ ਭੱਵਿਖ
ਦੀ ਕੁੱਖ ਵਿੱਚ ਹੈ।

ਉਪਰੋਕਤ ਚਰਚਾ ਵਿਚ ਕੇਵਲ ‘ਸਮਾਜਕ ਰਿਸ਼ਤਿਆਂ’ ਦੇ ਸੰਦਰਭ ਵਿਚ ਸਮਾਜਕ ਬਣਤਰ ’ਤੇ
ਪੈਂਦੇ ਨਾਕਾਰਤਮਕ ਪ੍ਰਭਾਵਾਂ ਬਾਰੇ ਗੱਲ ਕੀਤੀ ਗਈ ਹੈ ਪਰੰਤੂ ਇਹ ਚਰਚਾ ਕੇਵਲ ਇੱਥੋਂ
ਤੀਕ ਸੀਮਤ ਚਰਚਾ ਨਹੀਂ ਹੈ। ਸਮਾਜਕ ਬਣਤਰ ਵਿਚ ਕੇਵਲ ਮਨੁੱਖੀ ਰਿਸ਼ਤਿਆਂ-ਨਾਤਿਆਂ ਨੂੰ
ਹੀ ਨਹੀਂ ਸਮਝਿਆ ਜਾਂਦਾ ਬਲਕਿ ਰਹੁ-ਰੀਤਾਂ, ਤਿਉਹਾਰਾਂ, ਰਹਿਣ-ਸਹਿਣ, ਆਰਥਕਤਾ,
ਸਮਾਜਕਤਾ, ਔਰਤ ਦੀ ਸਥਿਤੀ, ਮਨੁੱਖੀ ਮਨੋਬਿਰਤੀਆਂ, ਸੁਪਨੇ, ਬੋਲੀ, ਪਹਿਰਾਵਾ ਅਤੇ
ਵਿਚਾਰ ਆਦਿਕ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਭਾਰਤੀ ਸਮਾਜਕ ਬਣਤਰ ਉੱਪਰ ਇਹਨਾਂ
ਸੰਦਰਭਾਂ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ ਕਿ ਪੱਛਮੀ ਪ੍ਰਭਾਵ ਕਰਕੇ ਉਪਰੋਕਤ
ਹਵਾਲਿਆਂ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਰਿਹਾ ਹੈ?

ਅੱਜ ਜਿੱਥੇ ਸ਼ੁੱਧ ‘ਬੋਲੀ’ ਸਮਾਪਤ ਹੋ ਰਹੀ ਹੈ ਉੱਥੇ ਹੀ ਮਨੁੱਖ ਦੇ ਪਹਿਰਾਵੇ ਵੀ ਬਦਲ
ਰਹੇ ਹਨ। ਅੱਜ ਦੇ ਮਨੁੱਖ ਦੇ ਵਿਚਾਰ, ਸੁਪਨੇ ਅਤੇ ਮਨੋਬਿਰਤੀਆਂ ਵਿਚ ਵੀ ਤਬਦੀਲੀ ਦੇਖਣ
ਨੂੰ ਮਿਲ ਰਹੀ ਹੈ। ਇਹ ਸਭ ਪ੍ਰਭਾਵ ਵੀ ਗੰਭੀਰ ਚਰਚਾ ਦੀ ਮੰਗ ਕਰਦੇ ਹਨ। ਪਹਿਰਾਵੇ ਦੇ
ਸੰਦਰਭ ਵਿਚ ਗੱਲ ਕਰਨ ’ਤੇ; ਅੱਜ ਕੁੜਤੇ-ਚਾਦਰੇ ਅਤੇ ਕੁੜਤੇ- ਪਜ਼ਾਮੇ ਦਾ ਯੁੱਗ ਲਗਭਗ
ਸਮਾਪਤ ਹੁੰਦਾ ਜਾ ਰਿਹਾ ਹੈ। ਹੁਣ ਕੋਟ, ਪੈਂਟ ਅਤੇ ਟਾਈ ਦਾ ਯੁੱਗ ਆਪਣਾ ਪ੍ਰਭਾਵ ਪਾ
ਰਿਹਾ ਹੈ। ਬੋਲੀ ਵਿਚ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਸ਼ਾਵਾਂ ਦਾ ਰਲ਼ੇਵਾਂ ਦੇਖਣ ਨੂੰ
ਮਿਲ ਰਿਹਾ ਹੈ। ਸੁਪਨਿਆਂ ਦਾ ਵਿਗਿਆਨ ਬਦਲ ਰਿਹਾ ਹੈ। ਅੱਜ ਤੋਂ 50 ਸਾਲ ਪਹਿਲਾਂ ਦੇ
ਮਨੁੱਖੀ ਮਨ ਦੇ ਸੁਪਨੇ ਅਤੇ ਅੱਜ ਦੇ ਮਨੁੱਖੀ ਮਨ ਦੇ ਸੁਪਨੇ ਬਿਲਕੁਲ ਬਦਲ ਗਏ ਹਨ। ਅੱਜ
ਮਨੁੱਖ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਵੱਖ ਹਨ ਜਦੋਂਕਿ ਪਹਿਲਾਂ ਇਹ ਵੱਖ ਤਰ੍ਹਾਂ ਦੀ
ਹੁੰਦੀਆਂ ਹਨ। ਸੋ, ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੱਛਮੀ ਪ੍ਰਭਾਵ ਨੇ ਕੇਵਲ
ਮਨੁੱਖੀ ਰਿਸ਼ਤਿਆਂ ਉੱਪਰ ਹੀ ਅਸਰ ਨਹੀਂ ਪਾਇਆ ਬਲਕਿ ਭਾਰਤੀ ਪਰੰਪਰਾ ਦੀ ਸਮਾਜਕ ਬਣਤਰ
ਉੱਪਰ ਪੱਛਮ ਦਾ ਪ੍ਰਭਾਵ ਆਪਣਾ ਅਸਰ ਦਿਖਾ ਰਿਹਾ ਹੈ।

ਅੰਤ ਵਿਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਨੁੱਖ
ਨੂੰ ਆਪਣੇ ਜੀਵਨ ਵਿਚ ਜਿੱਥੇ ਤਰੱਕੀ ਕਰਨੀ ਚਾਹੀਦੀ ਹੈ ਉੱਥੇ ਹੀ ਆਪਣੀਆਂ ਜੜ੍ਹਾਂ
ਨਾਲੋਂ ਵੀ ਨਹੀਂ ਟੁੱਟਣਾ ਨਹੀਂ ਚਾਹੀਦਾ। ਸਾਡੇ ਸਮਾਜਕ ਸਰੋਕਾਰ; ਸਾਡੇ ਸਮਾਜ ਦੀਆਂ
ਜੜ੍ਹਾਂ ਹਨ। ਇਹਨਾਂ ਜੜ੍ਹਾਂ ਨੂੰ ਸੰਭਾਲਣ ਅਤੇ ਸਵਾਰਨ ਦਾ ਵੇਲਾ ਹੈ। ਨੌਜਵਾਨਾਂ ਨੂੰ
ਇਸ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਚਾਹੀਦਾ ਹੈ। ਜੇਕਰ ਇੰਝ ਹੀ ਸਮਾਜਕ ਬਣਤਰ ਦਾ
ਰੂਪ ਵਿਗੜਦਾ ਰਿਹਾ ਤਾਂ ਆਉਂਦੇ ਕੁਝ ਸਾਲਾਂ ਵਿਚ ਭਾਰਤੀ ਸਮਾਜਕ ਬਣਤਰ ਦਾ ਅਸਲ ਰੂਪ
ਖ਼ਤਮ ਹੋ ਜਾਵੇਗਾ।

ਡਾ: ਨਿਸ਼ਾਨ ਸਿੰਘ ਰਾਠੌਰ
# 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009