ਫਾਸ਼ੀਵਾਦੀ ਤਾਕਤਾਂ ਵੱਲੋਂ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਦੇਸ਼ ਦਾ ਸੰਵਿਧਾਨ ਤੇ ਧਰਮ ਨਿਰਪੱਖਤਾ ਖਤਰੇ ਵਿੱਚ ਪੈ ਚੁੱਕੀ ਹੈ ਅਤੇ ਨਾਬਰਾਬਰੀ ਲਗਾਤਾਰ ਵਧ ਰਹੀ ਹੈ। ਘੱਟ ਗਿਣੀਆਂ ਤੇ ਹਮਲੇ ਕੀਤੇ ਜਾ ਰਹੇ ਹਨ, ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਿਆਸੀ ਸ਼ਹਿ ਪ੍ਰਾਪਤ ਅਪਰਾਧੀ ਚਾਂਭਲੇ ਫਿਰਦੇ ਹਨ। ਅਜਿਹੇ ਹਾਲਾਤਾਂ ਸਮੇਂ ਦੇਸ਼ ਦੇ ਆਮ ਲੋਕਾਂ ਨੂੰ ਸੋਚਣਾ ਪਵੇਗਾ ਕਿ ਉਹਨਾਂ ਦਾ ਫ਼ਰਜ ਕੀ ਹੈ ਅਤੇ ਉਹ ਕੀ ਕਰ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਗਰੀਬ ਨਹੀਂ ਹੈ, ਨਾ ਹੀ ਸੋਮਿਆਂ ਦੀ ਕੋਈ ਘਾਟ ਹੈ, ਪਰ ਜੇਕਰ ਕੋਈ ਕਮਜੋਰ ਤੇ ਗਰੀਬ ਹੈ ਤਾਂ ਉਹ ਆਦਮੀ ਹੈ ਜਿਸਨੇ ਦੇਸ਼ ਤੇ ਆਪਣੇ ਹਿਤਾਂ ਲਈ ਸੋਚਣਾ ਛੱਡ ਦਿੱਤਾ ਹੈ। ਹਰ ਵਿਅਕਤੀ ਦੀ ਜੁਮੇਵਾਰੀ ਬਣਦੀ ਹੈ ਕਿ ਉਹ ਰਾਜਨੀਤਕ ਮਾਮਲਿਆਂ ਬਾਰੇ ਆਪਣੀਆਂ ਧਾਰਨਾਵਾਂ ਤੇ ਵਿਚਾਰਾਂ ਨੂੰ ਇਮਾਨਦਾਰੀ ਨਾਲ ਦਰਜ ਕਰਨ ਦਾ ਫ਼ਰਜ ਨਿਭਾਵੇ। ਦੇਸ਼ ਨੂੰ ਬਚਾਉਣ ਲਈ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਪਵੇਗਾ, ਪਰ ਜਮਹੂਰੀ ਦੇਸ਼ ਵਿੱਚ ਇਹ ਵੋਟ ਦੀ ਤਾਕਤ ਨਾਲ ਵੀ ਦਿੱਤਾ ਜਾ ਸਕਦਾ ਹੈ।
ਆਰ ਐੱਸ ਐੱਸ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਚਰਚਾ ਕਈ ਦਹਾਕਿਆਂ ਪਹਿਲਾਂ ਸੁਰੂ ਹੋ ਗਈ ਸੀ, ਪਰ ਦੇਸ਼ ਭਗਤ ਲੋਕਾਂ ਨੇ ਉਹਨਾਂ ਦੇ ਮਨਸੂਬੇ ਸਫ਼ਲ ਨਹੀਂ ਸਨ ਹੋਣ ਦਿੱਤੇ। ਹੁਣ ਕਰੀਬ ਦਸ ਸਾਲਾਂ ਤੋਂ ਫਾਸ਼ੀਵਾਦੀ ਤਾਕਤਾਂ ਵੱਲੋਂ ਡੰਡੇ ਦੇ ਜੋਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦੇਸ਼ ਵਿੱਚ ਘੱਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ, ਗਊ ਮਾਸ ਜਾਂ ਹੋਰ ਕੋਈ ਬਹਾਨਾ ਬਣਾ ਕੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨ। ਘੱਟ ਗਿਣਤੀ ਫਿਰਕਿਆਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ, ਜਿਸ ਦਾ ਪਰਤੱਖ ਸਬੂਤ ਬਿਲਕੀਸ ਬਾਨੋ ਦੇ ਪਰਿਵਾਰ ਨਾਲ ਗੁਜਰਾਤ ਵਿਖੇ ਹੋਇਆ ਅੱਤਿਆਚਾਰ ਕਿਸੇ ਤੋਂ ਛੁਪਿਆ ਨਹੀਂ ਹੈ। ਪਿਛਲੇ ਵਰੇ ਕੁੱਕੀ ਔਰਤਾਂ ਨਾਲ ਵਾਪਰਿਆ ਦੁਖਾਂਤ, ਉਹਨਾਂ ਨੂੰ ਅਲਫ਼ ਨੰਗੀਆਂ ਕਰਕੇ ਘੁਮਾਇਆ ਤੇ ਕੀਤੇ ਬਲਾਤਕਾਰ ਘੱਟ ਗਿਣਤੀਆਂ ਤੇ ਕੀਤੇ ਜਾ ਰਹੇ ਹਮਲਿਆਂ ਦੇ ਪੁਖਤਾ ਸਬੂਤ ਹਨ। ਭਾਵੇਂ ਕਿ ਹੁਣ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰੰਤੂ ਇਹ ਰੁਝਾਨ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ। ਇਹਨਾਂ ਫਾਸ਼ੀਵਾਦੀ ਲੋਕਾਂ ਦੇ ਹੀਰੋ ਵਿਨਾਇਕ ਦਮੋਦਰ ਸਾਵਰਕਰ ਨੇ ਵੀ ਮੁਸਲਮਾਨ ਔਰਤਾਂ ਨਾਲ ਕੀਤੇ ਜਾਣ ਵਾਲੇ ਬਲਾਤਕਾਰਾਂ ਨੂੰ ਜਾਇਜ਼ ਠਹਿਰਾਇਆ ਸੀ। ਇੱਥੇ ਹੀ ਬੱਸ ਨਹੀਂ ਦੇਸ਼ ਵਿੱਚ ਬਰਾਬਰਤਾ ਨੂੰ ਵੀ ਸੱਟ ਮਾਰੀ ਜਾ ਰਹੀ ਹੈ। ਜਾਤਾਂ, ਧਰਮਾਂ, ਕੌਮਾਂ ਵਿੱਚ ਝਗੜੇ ਕਰਵਾਏ ਜਾ ਰਹੇ ਹਨ, ਦਲਿਤਾਂ ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ, ਹੱਕ ਮੰਗਣ ਵਾਲਿਆਂ ਨੂੰ ਉਜਾੜਿਆ ਜਾ ਰਿਹਾ ਹੈ। ਜੇਕਰ ਕੋਈ ਅਜਿਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਤਾਂ ਗੋਲੀ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ ਜਾਂ ਆਪਣੇ ਹੀ ਦੇਸ਼ ਦੇ ਅਗਾਂਹਵਧੂ ਇਨਸਾਫਪਸੰਦ ਲੋਕਾਂ ਤੇ ਅਤੀ ਖਤਰਨਾਕ ਕਾਨੂੰਨਾਂ ਯੂ ਏ ਪੀ ਏ, ਅਫ਼ਸਪਾ, ਐੱਨ ਆਈ ਏ, ਮਕੋਕਾ, ਐੱਨ ਐੱਸ ਏ, ਪਕੋਕਾ ਆਦਿ ਦੀ ਵਰਤੋਂ ਕਰਕੇ ਉਹਨਾਂ ਨੂੰ ਲੰਬੇ ਸਮੇਂ ਲਈ ਜੇਲਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਦੇਸ਼ ਵਿੱਚ ਨਾਬਰਾਬਰੀ ਫੈਲਾਉਣ ਦੀ ਨੀਤੀ ਸਦਕਾ ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲੁੱਟ ਘਸੁੱਟ ਦੀ ਖੁੱਲ ਦਿੱਤੀ ਜਾ ਰਹੀ ਹੈ। ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੇ ਯਤਨ ਜਾਰੀ ਹਨ। ਮਜਦੂਰਾਂ ਦੇ ਕੰਮ ਦੇ ਘੰਟੇ ਘਟਾਏ ਜਾ ਰਹੇ ਹਨ, ਮਨੁੱਖੀ ਕੰਮ ਨੂੰ ਘੱਟ ਕੀਤਾ ਜਾ ਰਿਹਾ ਹੈ। ਮਹਿੰਗਾਈ ਵਿੱਚ ਵਾਧਾ ਕਰਕੇ ਗਰੀਬਾਂ ਨੂੰ ਬੰਧੂਆ ਮਜਦੂਰ ਬਣਾਇਆ ਜਾ ਰਿਹਾ ਹੈ। ਸਮੁੱਚੇ ਦੇਸ਼ ਦੀ ਜਾਇਦਾਦ ਕੁੱਝ ਘਰਾਣਿਆਂ ਦੇ ਹੱਥਾਂ ਵਿੱਚ ਇਕੱਠੀ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦੇਸ਼ ਦੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੋ ਚੁੱਕਾ ਹੈ। ਦੇਸ਼ ਦੀ ਪੜੀ ਲਿਖੀ ਜਵਾਨੀ ਰੁਜਗਾਰ ਨਾ ਮਿਲਣ ਸਦਕਾ ਵਿਦੇਸ਼ਾਂ ਨੂੰ ਭੱਜ ਰਹੀ ਹੈ। ਇੱਥੇ ਕੰਮ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਨੌਜਵਾਨ ਮੁੰਡੇ ਕੁੜੀਆਂ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਸਿਆਸੀ ਲੋਕ ਖੇਡਾਂ ਖੇਡ ਰਹੇ ਹਨ। ਬੁੱਧੀਜੀਵੀ ਵਰਗ ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਚਿੰਤਾਤੁਰ ਹੈ, ਪਰ ਅਜਿਹਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ।ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਕਈ ਰਾਜਾਂ ਵਿੱਚ ਵੋਟਾਂ ਪੈ ਚੁੱਕੀਆਂ ਹਨ ਅਤੇ ਕੁੱਝ ’ਚ ਰਹਿੰਦੀਆਂ ਹਨ। ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਅਤੇ ਆਪਣੀਆਂ ਅਗਲੀਆਂ ਪੀੜੀਆਂ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਉਹਨਾਂ ਦਾ ਫਿਕਰ ਕਰਨਾ ਚਾਹੀਦਾ ਹੈ। ਅੱਜ ਸਿਆਸਤਦਾਨ ਲੁਭਾਉਣੇ ਨਾਅਰੇ ਦੇ ਕੇ ਜਾਂ ਵਿਰੋਧੀਆਂ ਨੂੰ ਗਾਲਾਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨ ਲਈ ਯਤਨਸ਼ੀਲ ਹਨ। ਲੋਕਰਾਜ ਲਈ ਇਹ ਚੰਗਾ ਹੁੰਦਾ ਹੈ ਕਿ ਰਾਜਨੀਤੀਵਾਨ ਤੇ ਆਮ ਲੋਕ ਆਪਸੀ ਮੱਤਭੇਦ ਤਿੱਖੇ ਕਰਨ ਦੀ ਬਜਾਏ ਸਹਿਮਤੀ ਦੇ ਦਾਇਰੇ ਵਿੱਚ ਰਹਿ ਕੇ ਅੱਗੇ ਵਧਣ ਤਾਂ ਜੋ ਦੇਸ਼ ਵਿੱਚ ਸਾਂਤੀ ਤੇ ਖੁਸ਼ਹਾਲੀ ਹੋ ਸਕੇ। ਜੇਕਰ ਰਾਜਨੀਤੀਵਾਨ ਅਜਿਹੇ ਵਿਚਾਰਾਂ ਤੇ ਅਮਲ ਨਹੀਂ ਕਰਦੇ ਤਾਂ ਅਜਿਹੇ ਸਮੇਂ ਵੋਟਰਾਂ ਦਾ ਫ਼ਰਜ ਬਣਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੀਆਂ ਨੀਤੀਆਂ, ਪਿਛਲੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਦਾਅਵਿਆਂ ਤੇ ਪੂਰਾ ਉੱਤਰਨ, ਸੱਤਾ ਭੋਗਣ ਸਮੇਂ ਦੀ ਕਾਰਗੁਜਾਰੀ, ਲੋਕਾਂ ਨੂੰ ਦਿੱਤੇ ਹੱਕਾਂ ਤੇ ਇਨਸਾਫ਼ ਦਾ ਲੇਖਾ ਜੋਖਾ ਕਰਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ। ਉਪਰੋਕਤ ਮਾੜਾ ਰੁਝਾਨ ਜੋ ਲਗਾਤਾਰ ਵਧ ਰਿਹਾ ਹੈ, ਉਸਨੂੰ ਰੋਕਣਾ ਅੱਜ ਦੇ ਸਮੇਂ ਦੀ ਲੋੜ ਹੈ, ਅਜਿਹਾ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਹੀ ਸੋਚਣਾ ਪਵੇਗਾ। ਲੋਕਤੰਤਰ ਵਿੱਚ ਵੋਟ ਦੀ ਬਹੁਤ ਤਾਕਤ ਹੁੰਦੀ ਹੈ, ਪਰ ਉਸਦੀ ਵਰਤੋਂ ਕਰਨਾ ਅਤੀ ਮਹੱਤਵਪੂਰਨ ਕਾਰਜ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913