ਇੰਮੀਗ੍ਰੇਸ਼ਨ ਤੇ ਅਮਰੀਕਾ ‘ਚ ਸਿੱਖ ਮਸਲਿਆਂ ਬਾਰੇ ਕੀਤੇ ਖੁੱਲ੍ਹ ਕੇ ਵਿਚਾਰ-ਵਟਾਂਦਰੇ
ਸੈਕਰਾਮੈਂਟੋ, 17 ਮਈ (ਰਾਜ ਗੋਗਨਾ)- ਉੱਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨਾਲ ਇੰਮੀਗ੍ਰੇਸ਼ਨ ਅਤੇ ਅਮਰੀਕਾ ਵਿਚ ਸਿੱਖ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਉਪ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਲੰਮੇ ਚਿਰਾਂ ਤੋਂ ਲਟਕਦੇ ਆ ਰਹੇ ਇੰਮੀਗ੍ਰੇਸ਼ਨ ਕੇਸਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇ, ਖਾਸ ਕਰਕੇ ਫੈਮਿਲੀ ਪਟੀਸ਼ਨ ਦਾ ਨੰਬਰ ਕਾਫੀ ਦੇਰ ਬਾਅਦ ਆਉਂਦਾ ਹੈ।
ਬੈਕਲਾਗ ਵੱਧ ਜਾਣ ਕਾਰਨ ਬਹੁਤ ਸਾਰੇ ਬੱਚੇ ਆਪਣੇ ਮਾਂ-ਬਾਪ ਨਾਲ ਅਮਰੀਕਾ ਵਿਚ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਉਪ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਅਸਾਇਲਮ ਦੇ ਕੇਸਾਂ ਲਈ ਅਦਾਲਤਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ, ਤਾਂਕਿ ਉਨ੍ਹਾਂ ਦੇ ਕੇਸ ਜਲਦੀ ਨਿਪਟਾਏ ਜਾ ਸਕਣ। ਇਸ ਦੇ ਨਾਲ ਹੀ ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਕੁੱਝ ਤੱਤ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ‘ਤੇ ਨੱਥ ਪਾਈ ਜਾਣੀ ਚਾਹੀਦੀ ਹੈ।
ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ. ਜਸਪ੍ਰੀਤ ਸਿੰਘ ਦੀਆਂ ਦਲੀਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਇਹ ਮਸਲੇ ਹੱਲ ਕਰਵਾਉਣ ਲਈ ਵਚਨਬੱਧਤਾ ਪ੍ਰਗਟਾਈ।