ਕਰਤਾਰ ਸਿੰਘ ਗਿੱਲ ਪੱਤਰਕਾਰ ਨੂੰ ਇਲਾਕੇ ਦੇ ਲੋਕ ਕਰਤਾਰ ਸਿੰਘ ਦੁਖੀਆ ਦੇ ਨਾਂ ਨਾਲ ਵਧੇਰੇ ਜਾਣਦੇ ਹਨ। ਉੱਠਦੀ ਜਵਾਨੀ ਸਮੇਂ ਹੀ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਵੇਖਦਿਆਂ ਲੋਕਾਂ ਦਾ ਹਰਦਰਦ ਹੋਣ ਸਦਕਾ ਉਸਨੇ ਆਪਣਾ ਤਖ਼ੱਲਸ ਦੁਖੀਆ ਰੱਖ ਲਿਆ ਸੀ। ਉਹ ਅਗਾਂਹਵਧੂ, ਚਿੰਤਕ, ਜਾਗਰੂਕ ਤੇ ਸੰਵੇਦਨਸ਼ੀਲ ਵਿਅਕਤੀ ਹੈ। ਕਰੀਬ ਛੇ ਦਹਾਕਿਆਂ ਤੋਂ ਉਸਦਾ ਸਬੰਧ ਆਮ ਲੋਕਾਂ ਤੋਂ ਇਲਾਵਾ ਸਿਆਸਤਦਾਨਾਂ, ਸੰਤਾਂ, ਸੰਘਰਸਸ਼ੀਲ ਲੋਕਾਂ ਨਾਲ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ, ਉਸਨੇ ਪੰਜਾਬੀ ਦੇ ਹਰ ਅਖ਼ਬਾਰ ਲਈ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਉਸਨੇ ਆਪਣੇ ਜੀਵਨ ਵਿੱਚ ਵਾਪਰੀਆਂ, ਅੱਖੀ ਡਿੱਠੀਆਂ, ਸੁਣੀਆਂ ਪੜੀਆਂ ਘਟਨਾਵਾਂ ਲੜੀ ਵਿੱਚ ਪਰੋ ਕੇ ਇੱਕ ਪੁਸਤਕ ‘‘ਲਹੂ ਡੁਲਦਾ ਰਿਹਾ’’ ਰਾਹੀਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਇਹ ਪੁਸਤਕ ਇੱਕ ਤਰਾਂ ਨਾਲ ਸਵੈਜੀਵਨੀ ਦੀ ਤਰਜ਼ ਤੇ ਹੀ ਲਿਖੀ ਗਈ ਹੈ। ਲੇਖਕ ਜਿਲਾ ਬਠਿੰਡਾ ਦੇ ਹੀ ਪਿੰਡ ਗਿੱਲ ਕਲਾਂ ਦਾ ਜੰਮਪਲ ਹੈ।
ਲਿਖਾਰੀ ਨੇ ਇਸ ਪੁਸਤਕ ਨੂੰ ਅੱਠ ਕਾਂਡਾਂ ਵਿੱਚ ਸੰਪੂਰਨ ਕੀਤਾ ਹੈ। ਪਹਿਲਾ ਕਾਂਡ ਉਸਦੇ ਬਚਪਨ ਨਾਲ ਸਬੰਧਤ ਹੈ, ਜਦੋਂ ਉਹ ਆਪਣੇ ਨਾਨਕੇ ਪਿੰਡ ਧਨ ਸਿੰਘ ਖਾਨਾ ਵਿਖੇ ਖੇਤਾਂ ’ਚ ਪਸੂ ਚਾਰ ਰਿਹਾ ਸੀ, ਤਾਂ ਪੰਡਤ ਬਰਮਾ ਨੰਦ ਨੇ ਉਸਦੇ ਮਾਮੇ ਨੂੰ ਕਿਹਾ, ‘‘ਮੁੰਡੇ ਨੂੰ ਪੜਣ ਲਾ ਦਿਓ, ਡੰਗਰਾਂ ਮਗਰ ਲੱਗਿਆ ਮੁੰਡਾ ਤਾਂ ਡੰਗਰਾਂ ਵਰਗਾ ਹੋ ਜਾਂਦਾ ਹੈ।’’ ਉਹ ਅਪੜਤਾ ਵਾਲਾ ਭਿੱਟ ਦਾ ਸਮਾਂ ਸੀ, ਜਦ ਕਰਤਾਰ ਨੇ ਦਲਿਤ ਪਾਲੀ ਮੁੰਡੇ ਨਾਲ ਪਈ ਦੋਸਤੀ ਸਦਕਾ ਹੱਥ ਮਿਲਾਉਣਾ ਚਾਹਿਆ ਤਾਂ ਪਾਲੀ ਡਰ ਰਿਹਾ ਸੀ ਕਿ ਕਿਸੇ ਨੇ ਵੇਖ ਲਿਆ ਤਾਂ ਉਸਤੇ ਕੁੱਟ ਪਵੇਗੀ, ਪਰ ਕਰਤਾਰ ਨੇ ਵਿਤਕਰੇ ਦੀ ਭਾਵਨਾ ਦਾ ਡਰ ਖਤਮ ਕਰਨ ਲਈ ਉਸ ਹੱਥ ਮਿਲਾ ਕੇ ਹਮਦਰਦੀ ਪ੍ਰਗਟ ਕੀਤੀ ਸੀ। ਫੇਰ ਉਹ ਆਪਣੇ ਪਿੰਡ ਗਿਆ ਤਾਂ ਉਸਦਾ ਚਾਚਾ ਸਕੂਲ ’ਚ ਦਾਖ਼ਲ ਕਰਵਾ ਆਇਆ ਤੇ ਮਾਸਟਰ ਨੇ ਕਿਹਾ, ‘‘ਕੱਲ ਨੂੰ ਕਾਕਾ ਇੱਕ ਬੋਰੀ ਬੈਠਣ ਵਾਸਤੇ, ਇੱਕ ਝੋਲਾ, ਇੱਕ ਫੱਟੀ ਤੇ ਕਲਮ ਦਵਾਤ ਲੈ ਆਵੀਂ।’’ ਇਹ ਛੋਟੀਆਂ ਘਟਨਾਵਾਂ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੀਆਂ ਹਨ। ਪੜਾਈ ਪੂਰੀ ਹੋਈ ਤਾਂ ਜ਼ਮੀਨ ਦੀ ਹੈਂਕੜਬਾਜੀ ਕਾਰਨ ਮਾਂ ਨੇ ਫੌਜ ਜਾਂ ਮਾਸਟਰ ਦੀ ਨੌਕਰੀ ਨਾ ਕਰਨ ਦਿੱਤੀ, ਜਿਸਦਾ ਉਸਨੇ ਸਾਰੀ ਉਮਰ ਪਛਤਾਵਾ ਹੰਢਾਇਆ ਹੈ। ਜਵਾਨੀ ਵਿੱਚ ਉਸਨੇ ਪੱਤਰਕਾਰੀ ਸੁਰੂ ਕੀਤੀ ਅਤੇ ਰਣਜੀਤ, ਅਕਾਲੀ ਪੱਤ੍ਰਕਾ, ਹਮਦਰਦ, ਅਜੀਤ, ਪੰਜਾਬੀ ਟਿ੍ਰਬਿਊਨ ਅਤੇ ਹੋਰ ਅਖ਼ਬਾਰਾਂ ਲਈ ਕੰਮ ਕੀਤਾ।
ਦੂਜੇ ਕਾਂਡ ਵਿੱਚ ਅਕਾਲੀ ਦਲ ਦੇ ਆਗੂਆਂ ਸੰਤ ਫਤਹਿ ਸਿੰਘ ਤੇ ਮਾ: ਤਾਰਾ ਸਿੰਘ ਦੀ ਖਿੱਚੋਤਾਣ, ਲਛਮਣ ਸਿੰਘ ਗਿੱਲ ਦੀ ਸਰਕਾਰ ਦੀ ਕਾਰਗੁਜਾਰੀ, ਗੁਰਨਾਮ ਸਿੰਘ ਦੀ ਸਰਕਾਰ ਤੋੜਣ ਦੀ ਘਟਨਾ ਨੂੰ ਦਰਜ ਕੀਤਾ ਹੈ। ਇਸ ਸਮੇਂ ਨਕਸਲਬਾੜੀ ਲਹਿਰ ਧੁਖ਼ਣ ਲੱਗ ਗਈ ਸੀ, ਜੋ ਉਸਤੋਂ ਬਾਅਦ ਬਾਦਲ ਸਰਕਾਰ ਸਮੇਂ ਭਾਂਬੜ ਬਣੀ, ਜਿਸਨੇ ਪ੍ਰੋਫੈਸਰਾਂ, ਅਧਿਆਪਕਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਉਪਰੰਤ ਗਰੀਬ ਲੋਕਾਂ ਵਿੱਚ ਆਪਣੇ ਪੈਰ ਜਮਾਏ। ਪੰਜਾਬ ਰਜਦੇ ਪੁਜਦੇ ਲੋਕਾਂ ਦੀ ਧਰਤੀ ਹੈ, ਇਸ ਲਈ ਇੱਥੇ ਇਹ ਲਹਿਰ ਫੇਲ ਹੋ ਗਈ। ਇਸਤੋਂ ਇਲਾਵਾ ਸੰਤ ਫਤਹਿ ਸਿੰਘ ਹੋਰਾਂ ਪੰਜਾਬੀ ਸੂਬੇ ਲਈ ਸੜ ਕੇ ਮਰਨ ਲਈ ਕੁੰਡ ਬਣਾਉਣ ਤੇ ਸਮੇਂ ਦੀ ਇੰਦਰਾ ਸਰਕਾਰ ਵੱਲੋਂ ਅਕਾਲੀ ਮੋਰਚਾ ਫੇਲ ਕਰਨ ਦਾ ਵੇਰਵਾ ਦਰਜ ਹੈ। ਤੀਜੇ ਕਾਂਡ ’ਚ ਗਿ: ਜੈਲ ਸਿੰਘ ਦੀ ਸਰਕਾਰ ਸਮੇਂ ਮੋਗਾ ਵਿਖੇ ਵਾਪਰੇ ਰੀਗਲ ਸਿਨੇਮਾ ਕਾਂਡ ਦਾ ਵਰਨਣ ਹੈ ਕਿ ਮਾਲਕਾਂ ਤੇ ਪੁਲਿਸ ਨੇ ਕਿਵੇਂ ਰਲ ਕੇ ਵਿਦਿਆਰਥੀਆਂ ਤੇ ਗੋਲੀ ਚਲਾਈ ਤੇ ਵਿਰੋਧੀਆਂ ਨੇ ਇਸ ਮੌਕੇ ਵਿਦਿਆਰਥੀਆਂ ਦਾ ਸਾਥ ਦਿੱਤਾ।
ਚੌਥੇ ਕਾਂਡ ਵਿੱਚ ਐਂਮਰਜੈਂਸੀ ਮੋਰਚੇ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਰੂਬਰੂ ਕੀਤੀਆਂ ਹਨ। ਕਿਵੇਂ ਮੋਹਨ ਸਿੰਘ ਤੁੜ ਨੇ ਮੋਰਚਾ ਭਖਾਇਆ ਤੇ ਫੇਰ ਸੰਤ ਹਰਚੰਦ ਸਿੰਘ ਨੂੰ ਡਿਕਟੇਟਰ ਬਣਾ ਕੇ ਆਪ ਗਿ੍ਰਫਤਾਰੀ ਦਿੱਤੀ। ਮੋਰਚਾ ਜਿੱਤਣ ਤੋਂ ਬਾਅਦ ਐਮਰਜੈਂਸੀ ਖਤਮ ਹੋਣ ਤੇ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਸਾਰੇ ਲੀਡਰ ਮੈਂਬਰ ਪਾਰਲੀਮਂਟ ਬਣੇ। ਇਸ ਸਾਰੇ ਸਮੇਂ ਲੇਖਕ ਦੀ ਸੰਤ ਫਤਹਿ ਸਿੰਘ ਨਾਲ ਅਤੀ ਨੇੜਤਾ ਰਹੀ, ਪਰ ਉਹ ਕੋਈ ਸਿਆਸੀ ਜਾਂ ਆਰਥਿਕ ਲਾਭ ਨਾ ਲੈ ਸਕਿਆ। ਪੰਜਵਾਂ ਕਾਂਡ 1973 ’ਚ ਡੀਜ਼ਲ ਦੀ ਥੁੜ ਨਾਲ ਸਬੰਧਤ ਹੈ, ਜਦੋਂ ਲੇਖਕ ਨੇ ਖ਼ੁਦ ਤੇਲ ਦੀ ਬਲੈਕ ਬੰਦ ਕਰਕੇ ਲੋਕਾਂ ਨੂੰ ਸਹੀ ਵੰਡ ਕਰਕੇ ਦੇਣ ਲਈ ਭੁੱਖ ਹੜਤਾਲ ਕੀਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕੀਤੀ। ਛੇਵਾਂ ਕਾਂਡ ਸੰਤ ਭਿੰਡਰਾਂ ਵਾਲੇ ਦੀ ਚੜਤ ਦੇ ਸਮੇਂ ਨਾਲ ਸਬੰਧਤ ਹੈ। ਭਿੰਡਰਾਂ ਵਾਲਿਆਂ ਵੱਲੋਂ ਦੀਵਾਨ ਲਾਉਣ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨ ਤੇ ਨਿਰੰਕਾਰੀ ਭਵਨ ਬੰਦ ਕਰਾਉਣ ਦੇ ਪ੍ਰਚਾਰ ਨੂੰ ਪੇਸ਼ ਕੀਤਾ ਹੈ। ਉਹਨਾਂ ਦੀ ਪੱਤਰਕਾਰਾਂ ਨਾਲ ਨਰਾਜਗੀ ਦੇ ਕਾਰਨ, ਆਪਣੀ ਸੰਤ ਭਿੰਡਰਾਂਵਾਲਿਆਂ ਨਾਲ ਨੇੜਤਾ ਨੂੰ ਦਰਸਾਇਆ ਹੈ।
ਸੱਤਵਾਂ ਕਾਂਡ ਅਨੰਦਪੁਰ ਦੇ ਮਤੇ ਨੂੰ ਵਿਸਥਾਰ ਪੂਰਬਕ ਪੇਸ਼ ਕਰਦਾ ਹੈ। ਪੰਜਾਬ ’ਚ ਖਾੜਕੂਵਾਦ ਦੇ ਉਭਾਰ ਤੋਂ ਸਾਕਾ ਨੀਲਾ ਤਾਰਾ ਅਪਰੇਸ਼ਨ ਤੱਕ ਦਾ ਵਰਨਣ ਹੈ, ਜਿਸ ’ਚ ਲੇਖਕ ਦਾ ਅੱਖੀ ਡਿੱਠਾ ਤੇ ਅਖ਼ਬਾਰਾਂ ਤੋਂ ਪੜਿਆ ਵੀ ਦਰਜ ਕੀਤਾ ਗਿਆ ਹੈ। ਅੱਠਵਾਂ ਕਾਂਡ ਖਾੜਕੂਵਾਦ ਦੌਰਾਨ ਖਾੜਕੂਆਂ ਦੀ ਕਾਰਗੁਜਾਰੀ, ਲੋਕ ਪੱਖੀ ਕੰਮਾਂ, ਪੱਤਰਕਾਰਾਂ ਦੀ ਮੌਤ ਤੇ ਡਰ ਹੇਠਲੀ ਪੱਤਰਕਾਰੀ, ਖਾੜਕੂਆਂ ਵੱਲੋਂ ਚੋਣਾਂ ਦੇ ਬਾਈਕਾਟ ਦੇ ਬਾਵਜੂਦ ਬੇਅੰਤ ਸਿੰਘ ਦੀ ਸਰਕਾਰ ਬਣਨ ਤੇ ਵਾਪਰੀਆਂ ਘਟਨਾਵਾਂ ਦਾ ਅੱਖੀਂ ਵੇਖਿਆ ਵਰਨਣ ਹੈ। ਬੇਅੰਤ ਸਿੰਘ ਵੱਲੋਂ ਕੇ ਪੀ ਐੱਸ ਗਿੱਲ ਨੂੰ ਸਾਂਤੀ ਲਈ ਆਦੇਸ਼ ਦੇਣੇ, ਉਹਨਾਂ ਦੀ ਪੂਰਤੀ ਲਈ ਨੌਜਵਾਨੀ ਦਾ ਘਾਣ, ਸਾਜਿਸ਼ੀ ਕਤਲ, ਹਿੰਦੂ ਸਿੱਖਾਂ ’ਚ ਦੁਸਮਣੀ ਪੈਦਾ ਕਰਨ ਲਈ ਖਾੜਕੂਆਂ ਦੇ ਲਿਬਾਸ ’ਚ ਲੋਕਾਂ ਨੂੰ ਪਰੇਸਾਨ ਕਰਨਾ, ਹਿੰਦੂਆਂ ਤੇ ਹਮਲੇ ਕਰਨਾ ਤੇ ਕਤਲ ਕਰਨ ਆਦਿ ਦੀਆਂ ਘਟਨਾਵਾਂ ਨੂੰ ਖੁਲ ਕੇ ਪਾਠਕਾਂ ਦੇ ਪੇਸ਼ ਕੀਤਾ ਗਿਆ।
ਇਹ ਪੁਸਤਕ ਪਿਛਲੇ ਕਈ ਦਹਾਕਿਆਂ ਦੀਆਂ ਪੰਜਾਬ ’ਚ ਵਾਪਰੀਆਂ ਘਟਨਾਵਾਂ ਤੇ ਚੱਲੀਆਂ ਲਹਿਰਾਂ ਬਾਰੇ ਭਰਪੂਰ ਜਾਣਕਾਰੀ ਉਪਲੱਭਦ ਕਰਦੀ ਹੈ। ਪੁਸਤਕ ਵਿੱਚ ਸ਼ਬਦਾਂ ਜਾਂ ਸ਼ਬਦ ਜੋੜਾਂ ਦੀਆਂ ਬਹੁਤ ਗਲਤੀਆਂ ਹਨ ਜਿਵੇਂ ਪਰੂਫ਼ ਪੜਣ ਦੀ ਜ਼ਹਿਮਤ ਹੀ ਨਾ ਉਠਾਈ ਹੋਵੇ। ਇਹ ਗਲਤੀਆਂ ਪਾਠਕ ਦੀ ਲਗਾਤਾਰਤਾ ਨੂੰ ਤੋੜਦੀਆਂ ਹਨ। ਪਿਛਲੇ ਛੇ ਦਹਾਕਿਆਂ ਦੇ ਪੰਜਾਬ ਦੇ ਸੰਘਰਸ਼ਾਂ ਦੀ ਗਾਥਾ ਹੈ ਇਹ ਪੁਸਤਕ ਅਤੇ ਸੱਚਮੁੱਚ ਸੰਭਾਲਣਯੋਗ ਇੱਕ ਇਤਿਹਾਸਕ ਦਸਤਾਵੇਜ਼ ਹੈ। ਲੇਖਕ ਵਧਾਈ ਦਾ ਪਾਤਰ ਹੈ। ਅਖ਼ੀਰ ’ਚ ਉਸਨੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਿਸਾਨ ਕਾਨੂੰਨਾਂ ਨੂੰ ਯਾਦ ਕਰਦਿਆਂ ਕਿਸਾਨ ਅੰਦੋਲਨ ਬਾਰੇ ਲਿਖਣ ਦੀ ਇੱਛਾ ਪ੍ਰਗਟ ਕੀਤੀ ਹੈ, ਜਿਸ ਵਿੱਚ ਕਰੋਨਾ ਸਮਾਂ ਅੜਿੱਕਾ ਬਣਿਆ। ਲੇਖਕ ਨੂੰ ਸੁਝਾਅ ਹੈ ਕਿ ਆਪਣੀ ਸਮਝ ਅਨੁਸਾਰ ਇਸ ਸੰਘਰਸ਼ ਨੂੰ ਵੀ ਕਲਮਬੱਧ ਕਰਕੇ ਪਾਠਕਾਂ ਦੇ ਰੂਬਰੂ ਕਰਨ ਦੀ ਖੇਚਲ ਕਰੇ।
ਲੇਖਕ: ਕਰਤਾਰ ਸਿੰਘ ਗਿੱਲ ਪੱਤਰਕਾਰ
ਰਿਵੀਊਕਾਰ : ਬਲਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ ਪ੍ਰਕਾਸ਼ਨ
ਮੁੱਲ : 300 ਪੰਨੇ : 272