ਪਿੰਡ, ਪੰਜਾਬ ਦੀ ਚਿੱਠੀ (194)

ਅੰਨਦਾਤੇ ਪੰਜਾਬੀਓ, ਸਤ ਸ਼੍ਰੀ ਅਕਾਲ। ਇੱਥੇ ਅਸੀਂ ਰੌਣਕਾਂ ਵਿੱਚ ਹਾਂ। ਤੁਹਾਡੀ ਰੌਣਕ ਲਈ ਦੁਆ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਗਊਸ਼ਾਲਾ ਆਲੇ ਮੋੜ ਉੱਤੇ ਬਣਾਈ ਛਤਰੀ ਥੱਲੇ ਦੁਪਹਿਰਾ ਕੱਟਦਿਆਂ ਨੇ, ‘ਕੌਂਸਲ ਮੈਂਬਰਨੂੰ ਆਉਂਦਿਆਂ ਵੇਖ ਛੇੜਿਆ, “ਆ ਬਈ ਪ੍ਰਿਥੀ ਸਿੰਹੁ ਦਿਆ ਗ੍ਹੀਰਿਆ!" “ਕਿਉਂ ਓਏ ਕੌਲ ਦਿਆ ਕੌਲਿਆ, ਮੈਂ ਕਿਉਂ ਗਹੀਰਾ, ਥੋਡਾ, ਸਾਰਾ ਟੱਬਰ ਹੋਊਗਾ ਗ੍ਹੀਰਾ ਤਾਂ।" ਕੌਂਸਲ ਮੈਂਬਰ ਜੇਠੇ ਨੇ ਤਾਅ ਖਾਂਦਿਆਂ ਮੋੜਵਾਂ ਗਾਲ ਕੱਢਣ ਵਰਗਾ ਉੱਤਰ ਦਿੱਤਾ। “ਆ ਮੇਰੀ ਡੱਡ-ਮੱਡ, ਗਰਮੀਚ ਤੱਤੀ ਹੋਗੀ, ਆ ਜਾ ਤੈਨੂੰ ਕੋਲ ਬਿਠਾਵਾਂ, ਤੂੰ ਤਾਂ ਸਾਡਾ ਲਾਡਲਾ ਮੰਬਰ ਐਂ। ਛੇਤੀ ਭਖ ਜਾਨੈਂ!” ਚਾਚਾ ਲੱਗਦੇ ਹਮ-ਉਮਰ ਕੌਲ ਸਿੰਘ ਨੇ, ਨਾਲੇ ਪਲੂਸਿਆ ਨਾਲੇ ਫੇਰ ਗੁੱਝੀ ਛੇੜ-ਛੇੜਤੀ। “ਲੈ ਬਈ, ਤੇਰੇ ਗਹੀਰੇ ਤੋਂ ਯਾਦ ਆ ਗਿਆ, ਮੈਂ ਗਿਆ ਤੀ, ਕੱਲ੍ਹ ਬਠਿੰਡੇ ਅੱਲ, ਇੱਕ ਪਿੰਡ ਦੇ ਬਾਹਰ ਗਹੀਰੇ ਅਤੇ ਪਾਥੀਆਂ ਚਿਣੀਆਂ ਵੇਖ, ਪੁਰਾਣੇ ਸਮੇਂ ਚੇਤੇ ਆ ਗੇ। ਮੈਸਾਂ ਦੇ ਗਿੱਲੇ ਫੋਸ ਫਹੁੜੇ ਨਾਲ, ਟਾਲ ਕੇ ਬਚਾਉਣੇ, ਨਿਰਸੰਕੋਚ ਹੱਥਾਂ ਨਾਲ ਚੁੱਕ ਬੁੜੀਆਂ, ਬੱਠਲ ਭਰ, ਸਣੇ ਮੁਤਰੈਲ, ਪਥਕਣ ਚ ਲਿਜਾਂਦੀਆਂ। ਟੈਮ ਕੱਢ ਰੀਣ੍ਹ ਨਾਲ ਗੁੰਨ ਪਾਥੀਆਂ ਤੇ ਪਥੋਲੀਆਂ ਪੱਥਦੀਆਂ। ਆਠਰਣ ਉੱਤੇ ਮੂਧੀਆਂ ਕਰਦੀਆਂ, ਫੇਰ ਟੇਡੀਆਂ, ਮਗਰੋਂ ਜੋਟੇ ਬਣਾ ਕੇ ਲਾਈਨਾਂ ਲਾਉਂਦੀਆਂ। ਇਕੱਠੀਆਂ ਹੁੰਦੀਆਂ ਤਾਂ ਚਿਣ ਕੇ ਗਹੀਰਾ ਬਣਾਉਂਦੀਆਂ, ਗੋਲ-ਗੋਲ, ਵਿੱਚ ਸੁਆਹ ਧੂੜਦੀਆਂ। ਗੋਹੇ ਨਾਲ ਲੇਪਣ ਕਰਦੀਆਂ। ਕੁੱਤਿਆਂ, ਕੁੱਕੜਾਂ, ਪਸ਼ੂਆਂ ਤੋਂ ਕੰਡੇ ਲਾਂਉਂਦੀਆਂ। ਗਹੀਰੇ ਤੋਂ ਕਈ ਕਹਾਣੀਆਂ, ਗੀਤ ਬਣਦੇ। ਲੜਾਈਆਂ ਵੀ ਹੁੰਦੀਆਂ। ਰੂੜੀਆਂ ਦੇ ਮੈਦਾਨਚ ਪਾਥੀਆਂ ਦੇ ਗੋਲੇ ਚਲਦੇ। ਸੁੱਕ ਜਾਣ ਉੱਤੇ, ਸੰਨ੍ਹ ਲਾ ਪਾਥੀਆਂ ਕੱਢਦੇ, ਸੱਪ ਸਲੂਤੀ ਤੋਂ ਬਚਦੇ। ਪਾਥੀਆਂ ਦੀ ਦੁਨੀਆਂ ਵੱਸਦੀ ਸੀ, ਕੋਈ ਸੂਗ ਨਾ ਕਰਦਾ। ਪਾਥੀਆਂ ਬਾਲਦੇ, ਮੰਗਦੇ, ‘ਪਾ ਮਾਈ ਪਾਥੀ।" ਸੁਖਦੇਵ ਸਿੰਹੁ ਨੇ ਪਾਥੀਆਂ ਦਾ ਪੰਜਾਬੀ ਇਤਿਹਾਸ ਦੁਹਰਾ ਦਿੱਤਾ। “ਓਏ ਕੇਰਾਂ, ਪਰਗਟ ਦੇ ਬੂਟ ਵੇਖ ਕੇ, ਕਾਲਜ ਦੀਆਂ ਕੁੜੀਆਂ ਨੇ ਮਸ਼ਕਰੀ ਕੀਤੀ ਸੀ, ‘ਅਕੇ ਤੋਰ ਵੇਖ ਜਿਵੇਂ ਪਾਥੀਆਂਤੇ ਕਾਂ ਤੁਰਦਾ ਹੁੰਦੈ।ਪਾੜਾ, ਪਿੱਪਲ ਸਿੰਹੁ ਆਪਣੀ ਛੁਰਲੀ ਛੱਡ ਗਿਆ। ਹੁਣ ਭਾਈ ਨਵੀਆਂ ਕੁੜੀਆਂ-ਚਿੜੀਆਂ ਪੜ੍ਹ-ਲਿਖ ਕੇ ਕਿਉਂ ਗੰਦਚ ਹੱਥ ਮਾਰਨ। ਪਸ਼ ਖਤਮ, ਦੁੱਧ ਖਤਮ, ਪਾਥੀਆਂ ਅਤੇ ਗਹੀਰੇ ਵੀ। ਹੁਣ ਤਾਂ ਫੋਟੋਆਂ ਈ ਵੇਖਿਆ ਕਰਨਗੇ, ਕੈਸੇ ਬਨਾਤੇ ਥੇ ਯੇ ਗੋਲ-ਗੋਲ ਵਸਤੂ।” ਨਿਰਮਲ ਨੇ ਪਾਥੀਆਂ ਦੇ ਭਵਿੱਖ ਦੀ ਚਿੰਤਾ ਜਾਹਰ ਕਰਦਿਆਂ ਗਹੀਰੇ ਵਾਂਗੂੰ ਮੂੰਹ ਬਣਾ ਲਿਆ। ਕੋਈ ਸਪੀਕਰ ਗਰਜਿਆ, ਗੱਲ-ਬਾਤ ਦਮ ਤੋੜ ਗਈ।
ਹੋਰ, ਲੱਧੂ ਕਾ ਕਰੀਂਡਲ ਜਾ ਵੀ, ਲਿਬਨਾਨ ਚਲਾ ਗਿਆ ਹੈ। ਪੀਜ਼ਾ ਤੇ ਵੀਜ਼ਾ ਉਵੇਂ ਹੀ ਹਨ। ਭੂਰਾ ਬਾਈ ਪੂਰਾ ਹੋ ਗਿਆ ਹੈ। ਹਰ ਥਾਂ ਪੁੱਤ ਤੇ ਪਾਣੀ, ਚਲੇ ਜਾਣ ਦੀ ਕਹਾਣੀ ਹੈ। ਸਕੂਲ ਚ ਪੱਖੇ ਨਾਲ ਵੱਜ ਕੇ ਕਬੂਤਰ ਭੁਰ ਗਿਆ ਹੈ। ਗੜੁੱਪਾਂ ਦੇ ਭੋਗ ਉੱਤੇ, ਵਿਆਹ ਵਰਗਾ ਮਾਹੌਲ ਸੀ। ਹੁਣ ਪੰਡਤਾਂ ਦੀ ਥਾਂ ਇੰਟਰਨੈਟ ਉੱਤੇ ਵਿਸ਼ਵਾਸ ਵੱਧ ਰਿਹਾ ਹੈ। ਹਾੜ੍ਹੀ ਨਿਬੜਨ ਦੇ ਨੇੜੇ ਹੈ, ਰੌਣੀ ਸ਼ੁਰੂ ਹੈ। ਵੋਟਾਂਚ ਲੋਕਾਂ ਦੀ ਦਿਲਚਸਪੀ ਘੱਟ ਹੈ। ਪੰਜਾਬ ਚੜ੍ਹਦੀ ਕਲਾ ਵਿੱਚ ਹੈ। ਜਿੰਦਾਬਾਦ ਹੀ ਰਹਾਂਗੇ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061