ਬਠਿੰਡਾ, 3 ਮਈ, ਬਲਵਿੰਦਰ ਸਿੰਘ ਭੁੱਲਰ
ਮਨੀਪੁਰ ਦੇ ਇੱਕ ਪਿੰਡ ’ਚ ਦੋ ਔਰਤਾਂ ਨੂੰ ਹਜੂਮ ਵੱਲੋਂ ਨਿਰਵਸਤਰ ਕਰਕੇ ਘੁਮਾਉਣ ਦੇ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਵਿਚਲੇ ਜੁਰਮ ਬਾਰੇ ਭਾਜਪਾ ਆਪਣਾ ਪੱਖ ਸਪਸ਼ਟ ਕਰੇ ਕਿ ਉਸਦੇ ਰਾਜ ਕਾਲ ਦੌਰਾਨ ਅਜਿਹਾ ਕਿਉਂ ਹੋਇਆ ਅਤੇ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ? ਇਹ ਮੰਗ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਘਟਨਾ ਤੋਂ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਗੁਜਾਰੀ ਦੀ ਸਪਸ਼ਟ ਝਲਕ ਮਿਲਦੀ ਹੈ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਪੇਸ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਮਨੀਪੁਰ ਸੂਬੇ ਦੇ ਪੁਲਿਸ ਅਧਿਕਾਰੀ ਪੀੜਤ ਦੋਵਾਂ ਔਰਤਾਂ ਨੂੰ ਆਪਣੀ ਗੱਡੀ ਵਿੱਚ ਲੈ ਕੇ ਪ੍ਰਦਾਸ਼ਨਕਾਰੀਆਂ ਵਿੱਚ ਪਹੁੰਚੇ, ਇਹਨਾਂ ਵਿੱਚ ਇੱਕ ਔਰਤ ਕਾਰਗਿਲ ਦੀ ਜੰਗ ਲੜਣ ਵਾਲੇ ਫੌਜੀ ਦੀ ਪਤਨੀ ਵੀ ਸੀ। ਇਹਨਾਂ ਔਰਤਾਂ ਨੂੰ ਪ੍ਰਦਰਸ਼ਨਕਾਰੀ ਹਜੂਮ ਨੇ ਨਿਰਵਸਤਰ ਕੀਤਾ ਤੇ ਉਸੇ ਹਾਲਤ ਵਿੱਚ ਪਿੰਡ ’ਚ ਘੁਮਾਇਆ ਗਿਆ ਅਤੇ ਇਸ ਉਪਰੰਤ ਇੱਕ ਔਰਤ ਨਾਲ ਬਲਾਤਕਾਰ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਦੇਖਣ ਉਪਰੰਤ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਸੀ ਕਿ ਫਿਰਕੂ ਸੰਘਰਸ ਦੌਰਾਨ ਔਰਤਾਂ ਨੂੰ ਔਜ਼ਾਰ ਵਜੋਂ ਵਰਤਣਾ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਸੰਵਿਧਾਨ ਦਾ ਸਭ ਤੋਂ ਘਿਨਾਉਣਾ ਅਪਮਾਨ ਹੈ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਤੇ ਸਪਸ਼ਟ ਕਰੇ ਕਿ ਉਸਦੇ ਰਾਜ ਵਿੱਚ ਫਿਰਕੂ ਆਧਾਰ ਤੇ ਮਨੁੱਖਤਾ ਦੀ ਜਨਮਦਾਤੀ ਔਰਤਾਂ ਦਾ ਅਪਮਾਨ ਕਿਉਂ ਕੀਤਾ ਗਿਆ? ਕੀ ਭਾਰਤੀ ਸੰਵਿਧਾਨ ਅਜਿਹਾ ਕਰਨ ਦੀ ਇਜਾਜਤ ਦਿੰਦਾ ਹੈ, ਜੇ ਨਹੀਂ ਦਿੰਦਾ ਤਾਂ ਘਟਨਾ ਵਾਪਰਨ ਤੇ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਇਹਨਾਂ ਔਰਤਾਂ ਨੂੰ ਪੁਲਿਸ ਅਧਿਕਾਰੀ ਲੈ ਕੇ ਪਹੁੰਚੇ ਸਨ ਜਿਹਨਾਂ ਨੂੰ ਨਿਰਵਸਤਰ ਕੀਤਾ ਗਿਆ ਤੇ ਬਲਾਤਕਾਰ ਕੀਤਾ ਗਿਆ। ਹੁਣ ਤੱਕ ਉਹਨਾਂ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਅਤੇ ਉਹਨਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਹੋਈ?
ਕਾ: ਸੇਖੋਂ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿਚਲੀ ਰਿਪੋਰਟ ਤੋਂ ਮੋਦੀ ਸਰਕਾਰ ਦੀ ਕਾਰਗੁਜਾਰੀ ਦੀ ਸਪਸ਼ਟ ਝਲਕ ਮਿਲਦੀ ਹੈ। ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਭਾਜਪਾ ਆਪਣੇ ਰਾਜ ਦੀਆਂ ਪ੍ਰਾਪਤੀਆਂ ਲੋਕਾਂ ਸਾਹਮਣੇ ਪੇਸ਼ ਕਰਕੇ ਵੋਟਾਂ ਹਾਸਲ ਕਰਨ ਲਈ ਯਤਨਸ਼ੀਲ ਹੈ, ਉਸਨੂੰ ਮਨੀਪੁਰ ਦੀ ਇਸ ਘਟਨਾ ਬਾਰੇ ਵੀ ਸਪਸ਼ਟ ਕਰਨਾ ਚਾਹੀਦਾ ਹੈ। ਉਹਨਾਂ ਦੇਸ਼ ਵਾਸੀਆਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੌਰਾਨ ਵਾਪਰੀ ਇਸ ਘਟਨਾ ਤੋਂ ਸਮਝ ਲੈਣ ਕਿ ਜੇਕਰ ਮੁੜ ਮੋਦੀ ਸਰਕਾਰ ਸਥਾਪਤ ਹੋ ਗਈ ਤਾਂ ਦੇਸ਼ ਦੇ ਹਾਲਾਤ ਕਿਹੋ ਜਿਹੇ ਹੋਣਗੇ ਅਤੇ ਸੰਵਿਧਾਨ ਨੂੰ ਕਿਵੇਂ ਤੋੜਿਆ ਜਾਵੇਗਾ।