Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਖ਼ੁਦਕੁਸ਼ੀ : ਭਾਰਤ ‘ਚ ਫੈਲੀ ਮਹਾਂਮਾਰੀ | Punjabi Akhbar | Punjabi Newspaper Online Australia

ਖ਼ੁਦਕੁਸ਼ੀ : ਭਾਰਤ ‘ਚ ਫੈਲੀ ਮਹਾਂਮਾਰੀ

ਆਰਥਕ ਤੰਗੀ ਅਤੇ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਦੇਸ਼ ਦੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਹਨ। ਸਾਧਨ ਵਿਹੁਣੇ ਖੇਤ ਮਜ਼ਦੂਰ, ਮਜ਼ਦੂਰ ਵੀ ਬੇਵਸ ਹਨ, ਅਣਿਆਈ ਮੌਤੇ ਮਰ ਰਹੇ ਹਨ। ਦੇਸ਼ ਦੇ ਨੌਜਵਾਨ ਖ਼ਾਸ ਕਰਕੇ ਵਿਦਿਆਰਥੀ ਬੇਰੁਜ਼ਗਾਰੀ, ਪਰਿਵਾਰਕ ਸਮੱਸਿਆਵਾਂ, ਮਾਨਸਿਕ ਭੇਦਭਾਵ ਅਤੇ ਦੁਰਵਿਵਹਾਰ ਕਾਰਨ ਨਿੱਤ ਦਿਹਾੜੇ ਖ਼ੁਦਕੁਸ਼ੀਆਂ ਕਰ ਰਹੇ ਹਨ। ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ, ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ। ਖੁਦਕੁਸ਼ੀਆਂ ‘ਚ ਦੇਸ਼ ਵਿੱਚ ਸਾਲ-ਦਰ-ਸਾਲ ਵਾਧਾ ਹੋ ਰਿਹਾ ਹੈ।

ਖ਼ੁਦਕੁਸ਼ੀ, ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਹੈ। 28 ਅਗਸਤ 2024 ਨੂੰ ਐਨ.ਸੀ.ਆਰ.ਬੀ.(ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ) ਦੇ ਅੰਕੜਿਆਂ ਦੇ ਅਧਾਰ ‘ਤੇ ਇੱਕ ਰਿਪੋਰਟ ਅਨੁਸਾਰ ਛੋਟੀ ਉਮਰ ਦੇ ਨੌਜਵਾਨਾਂ ਦੀ ਖ਼ੁਦਕੁਸ਼ੀ ਦਾ ਕਾਰਨ 54 ਫ਼ੀਸਦੀ ਸਿਹਤ ਸਮੱਸਿਆਵਾਂ, 36 ਫ਼ੀਸਦੀ ਨਾਕਾਰਾਤਮਕ ਪਰਿਵਾਰਕ ਮੁੱਦੇ 23 ਫ਼ੀਸਦੀ ਸਿੱਖਿਆ ਸਮੱਸਿਆਵਾਂ ਅਤੇ 20 ਫ਼ੀਸਦੀ ਸਮਾਜਿਕ ਅਤੇ ਜੀਵਨ ਸ਼ੈਲੀ ਕਾਰਕ ਹਨ। ਉਂਜ ਹਿੰਸਾ ਕਾਰਨ 22 ਫ਼ੀਸਦੀ, ਆਰਥਿਕ ਸੰਕਟ ਕਾਰਨ 9.1 ਫ਼ੀਸਦੀ ਅਤੇ ਭਾਵਾਤਮਕ ਸਬੰਧਾਂ ਕਾਰਨ 9 ਫ਼ੀਸਦੀ ਨੌਜਵਾਨ ਖ਼ੁਦਕੁਸ਼ੀ ਕਰਦੇ ਹਨ। ਸਰੀਰਕ ਅਤੇ ਯੋਨ ਸੋਸ਼ਣ, ਘੱਟ ਉਮਰ ‘ਚ ਮਾਂ ਬਨਣਾ, ਘਰੇਲੂ ਹਿੰਸਾ, ਲਿੰਗਕ ਭੇਦਭਾਵ ਅਤੇ ਕਈ ਐਸੇ ਕਾਰਨ ਹਨ, ਜਿਹਨਾ ਕਾਰਨ ਨੌਜਵਾਨ ਲੜਕੀਆਂ ਖ਼ੁਦਕੁਸ਼ੀ ਕਰਦੀਆਂ ਹਨ।

ਵਿਦਿਆਰਥੀਆਂ ‘ਚ ਵਧਦੀਆਂ ਖ਼ੁਦਕੁਸ਼ੀਆਂ ਪੂਰੇ ਸਮਾਜ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਹਨ। 3 ਦਸੰਬਰ 2023 ਦੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ) ਵਲੋਂ ਜਾਰੀ ਸਲਾਨਾ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 1,70,924 ਖ਼ੁਦਕੁਸ਼ੀਆਂ ਸਾਲ 2022 ਵਿੱਚ ਰਿਕਾਰਡ ਕੀਤੀਆਂ ਗਈਆਂ ਹਨ। ਇਹ ਗਿਣਤੀ 2021 ਨਾਲੋਂ 4.2 ਫ਼ੀਸਦੀ ਅਤੇ 2018 ਦੀ ਤੁਲਨਾ ‘ਚ 27 ਫ਼ੀਸਦੀ ਵੱਧ ਹੈ। ਇਹ ਅੰਕੜਾ ਪ੍ਰਤੀ ਇੱਕ ਲੱਖ ‘ਤੇ 12.4 ਹੈ, ਜੋ ਭਾਰਤ ਵਿੱਚ ਹਰ ਵਰ੍ਹੇ ਦਰਜ ਕੀਤੇ ਜਾਣ ਵਾਲੇ ਆਤਮ ਹੱਤਿਆ ਦੇ ਅੰਕੜਿਆਂ ‘ਚ ਉੱਚੇ ਦਰਜੇ ‘ਤੇ ਹੈ।

ਵਿਦਿਆਰਥੀ ਜਦੋਂ ਆਪਣੇ ਪਰਿਵਾਰ ਤੋਂ ਦੂਰ, ਕੋਚਿੰਗ ਸੈਂਟਰਾਂ ਦੇ ਨਵੇਂ ਮਾਹੌਲ ਵਿੱਚ ਆਉਂਦੇ ਹਨ, ਤਾਂ ਬਹੁਤ ਕੁਝ ਉਹਨਾ ਨਾਲ ਇਹੋ ਜਿਹਾ ਹੁੰਦਾ ਹੈ, ਜਿਸਦੇ ਬਾਰੇ ਉਹਨਾ ਪਹਿਲਾਂ ਸੋਚਿਆ ਵੀ ਨਹੀਂ ਹੁੰਦਾ। ਵਿੱਤੀ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਉਤੇ ਤਾਂ ਜਲਦੀ ਤੋਂ ਜਲਦੀ ਕੁਝ ਬਣਕੇ ਆਪਣੇ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੱਧ ਹੁੰਦੀ ਹੈ, ਲੇਕਿਨ ਨੌਕਰੀ ਨਾ ਮਿਲਣ ਜਾਂ ਪਲੇਸਮੈਂਟ ਨਾ ਹੋਣ ਦੀ ਸੰਭਾਵਨਾ ਵੀ ਕਾਫ਼ੀ ਹੁੰਦੀ ਹੈ। ਇਹੋ ਜਿਹੇ ‘ਚ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਲਈ ਕੋਚਿੰਗ ਸੈਂਟਰ ਵੀ ਜ਼ੁੰਮੇਵਾਰ ਬਣਦੇ ਹਨ, ਜੋ ਦਾਖ਼ਲੇ ਵੇਲੇ ਵਿਦਿਆਰਥੀਆਂ ਨੂੰ ਉੱਚੇ ਸਬਜ ਬਾਗ ਦਿਖਾਉਂਦੇ ਹਨ।

ਜੇਕਰ ਭਾਰਤ ‘ਚ ਖ਼ੁਦਕੁਸ਼ੀਆਂ ਦੇ ਵਧਦੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਸਮਾਜ ਦੇ ਵੱਖੋ-ਵੱਖਰੇ ਵਰਗਾਂ ਦੇ ਨਾਲ-ਨਾਲ ਦੇਸ਼ ਭਰ ਦੇ ਵਿਦਿਆਰਥੀ ‘ਚ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ।

ਕਿਧਰੇ ਕੋਈ ਐਮ.ਬੀ.ਬੀ.ਐਸ. ਦਾ ਵਿਦਿਆਰਥੀ ਖ਼ੁਦਕੁਸ਼ੀ ਕਰ ਕਰਦਾ ਹੈ, ਕਿਧਰੇ ਆਈ.ਆਈ.ਟੀਜ਼ ਤੋਂ ਖ਼ੁਦਕੁਸ਼ੀ ਦੀ ਖ਼ਬਰ ਆਉਂਦੀ ਹੈ। ਕਾਰਨ ਪੜ੍ਹਾਈ ਦਾ ਦਬਾਅ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ 2018 ਤੋਂ 2023 ਦੇ 5 ਸਾਲਾਂ ਵਿੱਚ ਆਈ ਆਈ ਟੀ, ਐਨ.ਆਈ.ਟੀ.,ਆਈ. ਆਈ. ਐਮ,ਜਿਹੀਆਂ ਦੇਸ਼ ਦੇ ਉੱਚ ਸਿੱਖਿਆ ਸੰਸਥਾਵਾਂ ਵਿੱਚ 60 ਤੋਂ ਜਿਆਦਾ ਵਿਦੀਆਰਥੀਆਂ ਨੇ ਆਪਣੇ ਉਤੇ ਪੈਟਰੋਲ ਛਿੜਕਕੇ, ਹੋਸਟਲ ਦੀ ਉੱਚੀ ਮੰਜ਼ਿਲ ਤੋਂ ਚਾਲ ਮਾਰਕੇ ਖ਼ੁਦਕੁਸ਼ੀ ਕੀਤੀ। ਇਹਨਾ ਵਿੱਚੋਂ 34 ਵਿਦਿਆਰਥੀ ਆਈ.ਆਈ.ਟੀ. ਸੰਸਥਾਵਾਂ ਦੇ ਸਨ।

ਦਰਅਸਲ ਸਿੱਖਿਆ ਅਤੇ ਕਰੀਅਰ ਵਿੱਚ ਮਾਤਾ-ਪਿਤਾ ਤੇ ਅਧਿਆਪਕਾਂ ਦੀ ਆਪਣੇ ਬੱਚਿਆਂ ਤੋਂ ਚੰਗੀ ਕਾਰਗੁਜਾਰੀ ਦੀ ਹੋੜ ਦੇ ਚਲਦਿਆਂ ਵਿਦਿਆਰਥੀਆਂ ਉਤੇ ਪੜ੍ਹਾਈ ਦਾ ਨਾਕਾਰਾਤਮਕ ਅਸਰ ਵੱਡਾ ਹੈ। ਸਾਡੀ ਸਿੱਖਿਆ ਪ੍ਰਣਾਲੀ ਅੰਕਾਂ ‘ਤੇ ਅਧਾਰਤ ਹੈ। ਇਸ ਵਿੱਚ ਮਾਤਾ-ਪਿਤਾ ਦਾ ਦਬਾਅ ਬਚਪਨ ਤੋਂ ਹੀ ਬੱਚਿਆਂ ‘ਤੇ ਜਿਆਦਾ ਰਹਿੰਦਾ ਹੈ । ਸਕੂਲਾਂ ਵਿੱਚ ਵੀ ਅਧਿਆਪਕ ਵਿਦਿਆਰਥੀ ਦੀ ਯੋਗਤਾ ਅੰਕਾਂ ਤੋਂ ਪਰਖਦੇ ਹਨ। ਜਿਹੜਾ ਬੱਚਿਆਂ ਦੇ ਮਾਨਸਿਕ ਵਿਕਾਸ ‘ਚ ਵੱਡੀ ਰੁਕਾਵਟ ਬਣ ਰਿਹਾ ਹੈ। ਇਸ ਤੋਂ ਵੀ ਅੱਗੇ ਇੰਟਰਨੈੱਟ ਦੇ ਪਸਾਰ ਨੇ ਵਿਦਿਆਰਥੀਆਂ ਦੀ ਸੋਚ ਉਤੇ ਵੱਡਾ ਅਸਰ ਪਾਇਆ ਹੈ। ਇੱਕ ਵਿਸ਼ੇਸ਼ਣ ਅਨੁਸਾਰ ਵੀਹ ਫ਼ੀਸਦੀ ਕਾਲਜ ਵਿਦਿਆਰਥੀ, ਇੰਟਰਨੈੱਟ ਦੇ ਬੁਰੀ ਤਰ੍ਹਾਂ ਆਦੀ ਹੋ ਚੁੱਕੇ ਹਨ, ਇਹਨਾ ਵਿੱਚੋਂ ਇੱਕ ਤਿਹਾਈ ਯੁਵਕ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਹਨ ਅਤੇ ਉਹਨਾ ਵਿੱਚੋਂ ਇੱਕ ਤਿਹਾਈ ਖ਼ੁਦਕੁਸ਼ੀ ਕਰ ਲੈਂਦੇ ਹਨ।

ਰਾਜਸਥਾਨ ਵਿੱਚ ਕੋਟਾ ਸ਼ਹਿਰ ਵਿੱਚ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੀਆਂ ਵੱਧ ਰਹੀਆਂ ਘਟਨਾਵਾਂ ਦੀ ਦਰ ਨਾਲ ਹਰ ਕੋਈ ਦੁੱਖੀ ਹੈ, ਇਥੇ ਨੀਟ, ਜੇ.ਈ.ਈ. ਅਤੇ ਹੋਰ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਨ ਵਾਲੇ ਨੌਜਵਾਨ ਵਿਦਿਆਰਥੀ ਨਿਰੰਤਰ ਆਪਣੀ ਜਾਨ ਦਿੰਦੇ ਰਹੇ ਹਨ। ਕੀ ਇਹੋ ਜਿਹੀਆਂ ਘਟਨਾਵਾਂ ਨੂੰ ਵਾਪਰਣ ਤੋਂ ਰੋਕਣਾ ਸਰਕਾਰੀ ਪ੍ਰਾਸਾਸ਼ਨ ਦੀ ਜ਼ੁੰਮੇਵਾਰੀ ਨਹੀਂ ਹੈ?

ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਮਾਮਲੇ ‘ਚ ਮਨੋਚਕਿਤਸਕਾਂ ਦਾ ਵਿਚਾਰ ਹੈ ਕਿ ਵਿਦਿਆਰਥੀਆਂ ‘ਚ ਵੱਧ ਰਹੀਆਂ ਖ਼ੁਦਕੁਸ਼ੀਆਂ ਦਾ ਕਾਰਨ ਵਿਦਿਆਰਥੀ ਉਤੇ ਪੜ੍ਹਾਈ ਦਾ ਉਹਨਾ ਦੀ ਸਮਰੱਥਾ ਤੋਂ ਵੱਧ ਬੋਝ ਅਤੇ ਇਮਤਿਹਾਨਾਂ ਵਿੱਚ ਵੱਧ ਤੋਂ ਵੱਧ ਅੰਕ ਲੈਣ ਦੀ ਹੋੜ ਹੈ। ਮੌਜੂਦਾ ਸਿੱਖਿਆ ਪ੍ਰਣਾਲੀ ਨੂੰ “ਡਾਟਾ ਔਰੀਐਨਟਿਡ” ਰੱਖਣਾ ਕਿਸੇ ਤਰ੍ਹਾਂ ਦੀ ਵਿਦਿਆਰਥੀ ਦੀ ਮਾਨਸਿਕ ਸਿਹਤ ਦੇ ਅਨੁਕੂਲ ਨਹੀਂ ਹੈ। ਅਸਲ ‘ਚ ਮਾਪੇ ਆਪਣੇ ਬੱਚਿਆਂ ਤੋਂ ਇਸ ਗੱਲ ਦੀ ਬੇਲੋੜੀ ਆਸ ਰੱਖਦੇ ਹਨ ਕਿ ਜੋ ਕੁਝ ਉਹ ਜ਼ਿੰਦਗੀ ‘ਚ ਨਹੀਂ ਬਣ ਸਕੇ, ਉਹਨਾ ਦੇ ਬੱਚੇ ਉਹ ਕੁਝ ਬਨਣ। ਇਹੋ ਇੱਛਾ ਵਿਦਿਆਰਥੀ ਦੀ ਮਾਨਸਿਕ ਸਿਹਤ ਉਤੇ ਬੁਰਾ ਅਸਰ ਪਾਉਂਦੀ ਹੈ।

ਮੌਜੂਦਾ ਦੌਰ ‘ਚ ਜਦੋਂ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਜਿਹੇ ਮਹਾਂ ਦੈਂਤ ਦੇ ਜਵਾੜੇ ਹੇਠ ਹੈ। ਨੌਜਵਾਨ ਪ੍ਰਵਾਸ ਦੇ ਰਾਹ ਪੈਣ ਲਈ ਮਜ਼ਬੂਰ ਹੁੰਦੇ ਹਨ। ਵਿਦਿਆਰਥੀ ਵੀਜ਼ਾ ਜਾਂ ਵਰਕ ਪਰਮੈਂਟ ਵੀਜ਼ਾ ਲੈ ਕੇ ਉਹ ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ‘ਚ ਜਾਂਦੇ ਹਨ। ਉਥੇ ਪੜ੍ਹਾਈ ਅਤੇ ਕੰਮ ਦਾ ਏਨਾ ਬੋਝ ਹੁੰਦਾ ਹੈ ਕਿ ਵਿਦਿਆਰਥੀ, ਨੌਜਵਾਨ ਮਾਨਸਿਕ ਤਨਾਅ ‘ਚ ਰਹਿੰਦੇ ਹਨ। ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਹਾਰਟ ਅਟੈਕ ਜਿਹੀਆਂ ਬੀਮਾਰੀਆਂ ਤਨਾਅ ਕਾਰਨ ਹੀ ਹੋ ਰਹੀਆਂ ਹਨ। ਕੈਨੇਡਾ ਤੇ ਹੋਰ ਮੁਲਕਾਂ ਤੋਂ ਆਈਆਂ ਭਾਰਤੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨਿੱਤ ਦਿਹਾੜੇ ਪ੍ਰੇਸ਼ਾਨ ਕਰਨ ਵਾਲੀਆਂ ਹਨ।

ਕਿਸਾਨ ਖ਼ੁਦਕੁਸ਼ੀਆਂ ਦਾ ਮਾਮਲਾ ਤਾਂ ਦੇਸ਼ ਵਾਸੀਆਂ ਦਾ ਧਿਆਨ ਪਹਿਲਾਂ ਹੀ ਖਿਚਦਾ ਰਿਹਾ ਹੈ। ਘਾਟੇ ਦੀ ਖੇਤੀ ਉਹਨਾ ਦੀ ਜਾਨ ਦਾ ਖੋਅ ਬਣਦੀ ਹੈ। 5 ਏਕੜ ਤੋਂ ਘੱਟ ਜ਼ਮੀਨ ਮਾਲਕੀ ਵਾਲਾ ਛੋਟਾ ਕਿਸਾਨ ਲਗਾਤਾਰ ਕਰਜ਼ਾਈ ਰਹਿੰਦਾ ਹੈ। ਹੁਣ ਤਾਂ ਮੱਧ ਵਰਗੀ ਕਿਸਾਨ ਵੀ ਕਰਜ਼ੇ ਦੀ ਲਪੇਟ ‘ਚ ਆਇਆ ਹੋਇਆ ਹੈ। ਕੁਲ ਮਿਲਾਕੇ ਦੇਸ਼ ਦੇ 92 ਫ਼ੀਸਦੀ ਕਿਸਾਨ ਛੋਟੇ ਅਤੇ ਮੱਧ ਵਰਗੀ ਕਿਸਾਨ ਹਨ। ਇਹਨਾ ਵਿੱਚ ਕਾਸ਼ਤਕਾਰ, ਪੱਟੇਦਾਰ ਸ਼ਾਮਲ ਹਨ। ਦੇਸ਼ ‘ਚ ਸਿੱਕੇ ਬੰਦ ‘ਖੇਤੀ ਨੀਤੀ’ ਨਾ ਹੋਣ ਕਾਰਨ, ਇਹ ਕਿਸਾਨ ਮੁਸੀਬਤਾਂ ‘ਚ ਫਸੇ ਰਹਿੰਦੇ ਹਨ। ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਬਣਦੇ ਹਨ। 2022 ਦੀ ਇੱਕ ਰਿਪੋਰਟ ਅਨੁਸਾਰ 11290 ਖੇਤੀ ਸੈਕਟਰ ਦੇ ਲੋਕਾਂ, ਜਿਹਨਾ ਵਿੱਚ 5270 ਕਿਸਾਨ ਅਤੇ 6083 ਖੇਤ ਮਜ਼ਦੂਰ ਸ਼ਾਮਲ ਸਨ, ਖ਼ੁਦਕੁਸ਼ੀਆਂ ਕੀਤੀਆਂ। ਇਹ ਦੇਸ਼ ‘ਚ ਕੁਲ ਖ਼ੁਦਕੁਸ਼ੀ ਕਰਨ ਵਾਲੇ ਲੋਕਾਂ ਦਾ 6.6 ਫ਼ੀਸਦੀ ਸੀ। ਕਾਰਨ ਮੁੱਖ ਰੂਪ ਵਿੱਚ ਕਰਜ਼ਾ, ਮੌਨਸੂਨ ਦੀ ਘਾਟ, ਫ਼ਸਲਾਂ ‘ਤੇ ਕਰੋਪੀ ਆਦਿ ਰਹੇ ਹਨ। ਪਰ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦੀ ਦਰ ਹਰ ਸਾਲ ਵਧਦੀ ਜਾ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ 1,12,000 ਖੇਤੀ ਸੈਕਟਰ ਦੇ ਲੋਕਾਂ ਨੇ ਖ਼ੁਦਕੁਸ਼ੀ ਕੀਤੀ।

ਦੇਸ਼ ‘ਚ ਔਰਤਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਹੈਰਾਨੀਜਨਕ ਢੰਗ ਨਾਲ ਵਧੀ ਹੈ। ਸਾਲ 2022 ਦੌਰਾਨ 48000 ਔਰਤਾਂ ਨੇ ਅਤੇ ਜਦਕਿ 1,22,000 ਮਰਦਾਂ ਨੇ ਖ਼ੁਦਕੁਸ਼ੀ ਕੀਤੀ। ਦੇਸ਼ ‘ਚ ਸਾਲ 2021 ‘ਚ 1,64,033 ਖ਼ੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ ਸੀ। ਇਸ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਨੌਜਵਾਨ ਔਰਤਾਂ ‘ਚ ਖ਼ੁਦਕੁਸ਼ੀ ਜ਼ਿਆਦਾ ਹੋ ਰਹੀ ਹੈ। 15 ਤੋਂ 39 ਸਾਲ ਦੀਆਂ ਔਰਤਾਂ ‘ਚ 2021 ਸਾਲ ‘ਚ ਖ਼ੁਦਕੁਸ਼ੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਇੱਕ ਲੱਖ ਪਿਛੇ 12.7 ਸੀ ਜੋ ਕਿ 2021 ‘ਚ ਵਧਕੇ ਇੱਕ ਲੱਖ ਪਿੱਛੇ 17.5 ਹੋ ਗਈ ।ਖ਼ੁਦਕੁਸ਼ੀ ਕਰਨ ਦਾ ਕਾਰਨ ਔਰਤਾਂ ‘ਚ ਮੁੱਖ ਤੌਰ ‘ਤੇ ਪਰਿਵਾਰਕ, ਬੀਮਾਰੀ, ਇਕੱਲੇਪਨ ਦੀ ਭਾਵਨਾ, ਔਲਾਦ ਪੈਦਾ ਨਾ ਹੋਣਾ, ਵਿਆਹ ਟੁੱਟਣਾ ਆਦਿ ਰਿਹਾ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਗਿਣਤੀ 31 ਫ਼ੀਸਦੀ ਰਹੀ।ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।

ਖੁਦਕੁਸ਼ੀਆਂ ਦੇ ਮਾਮਲੇ ‘ਤੇ ਜਿਹੜੀਆਂ ਰਿਪੋਰਟਾਂ ਸਰਕਾਰੀ ਤੌਰ ‘ਤੇ ਛਾਇਆ ਹੁੰਦੀਆਂ ਹਨ, ਉਹਨਾਂ ਤੋਂ ਵੱਖਰੀਆਂ ਰਿਪੋਰਟਾਂ ਹੋਰ ਏਜੰਸੀਆਂ ਵਲੋਂ ਮੀਡੀਆਂ ‘ਤੇ ਉਪਲੱਬਧ ਹਨ। ਜਿਹੜੀਆਂ ਇਹ ਵਿਖਾਉਂਦੀਆਂ ਹਨ ਕਿ ਸਰਕਾਰੀ ਅੰਕੜਿਆਂ ਤੋਂ ਵੱਧ ਲੋਕਾਂ ਨੇ ਖੁਦਕੁਸ਼ੀ ਕੀਤੀ। ਉਦਾਹਰਨ ਦੇ ਤੌਰ ‘ਤੇ 2010 ਦੇ ਸਰਕਾਰੀ ਅੰਕੜੇ 1,34,600 ਖੁਦਕੁਸ਼ੀਆਂ ਦੱਸਦੇ ਹਨ, ਜਦਕਿ ਮੈਡੀਕਲ ਮੈਗਜ਼ੀਨ ‘ਦੀ ਲਾਂਸਿਟ’ ਆਪਣੀ ਰਿਪੋਰਟ 1,87,000 ਮੌਤਾਂ ਦੀ ਵਿਖਾਉਂਦੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਪਿੰਡਾਂ ਜਾਂ ਦੂਰ-ਦੁਰੇਡੇ ਦੇ ਲੋਕ ਖੁਦਕੁਸ਼ੀ ਦੇ ਮਾਮਲਿਆਂ ਨੂੰ ਲੁਕੋਅ ਲੈਂਦੇ ਹਨ ਤਾਂ ਕਿ ਉਹਨਾ ਦੀ ਸਮਾਜ ਵਿੱਚ ਬਦਨਾਮੀ ਨਾ ਹੋਏ।

ਭਾਵੇਂ ਬਹੁਤ ਸਾਰੇ ਕਾਰਨ ਖੁਦਕੁਸ਼ੀ ਦੇ ਮਾਮਲੇ ‘ਤੇ ਗਿਣਾਏ ਜਾਂਦੇ ਹਨ, ਪਰ ਮੁੱਖ ਕਾਰਨ ਕੰਗਾਲੀ, ਬਦਹਾਲੀ, ਬੇਰੁਜ਼ਗਾਰੀ, ਸਿੱਖਿਆਂ ਸਿਹਤ ਸੇਵਾਵਾਂ ਦੀ ਘਾਟ ਅਤੇ ਜਨਤਕ ਨਿਆਂ ਨਾ ਮਿਲਣਾ ਹੈ। ਦੇਸ਼ ਇਸ ਵੇਲੇ ਬੇਰੁਜ਼ਗਾਰੀ ਦੀ ਮਾਰ ਹੇਠ ਹੈ। ਆਮ ਆਦਮੀ ਨਿਆਂ ਲੱਭ ਰਿਹਾ ਹੈ। ਰੋਟੀ ਲੱਭ ਰਿਹਾ ਹੈ। ਸਿੱਖਿਆ, ਸਿਹਤ, ਸੇਵਾਵਾਂ ਤੋਂ ਵਿਰਵਾ ਹੈ। ਸਾਧਨ ਵਿਹੁਣਾ ਹੈ। ਇਹੋ ਜਿਹੀਆਂ ਹਾਲਤਾਂ ਮਨੁੱਖ ਲਈ ਮਾਨਸਿਕ ਸੰਕਟ ਪੈਦਾ ਕਰਦੀਆਂ ਹਨ। ਆਰਥਿਕ ਤੇ ਮਾਨਸਿਕ ਸਥਿਤੀਆਂ ਦਾ ਟਾਕਰਾ ਨਾ ਕਰ ਸਕਣ ਕਾਰਨ ਉਹ ਮੌਤ ਨੂੰ ਹੀ ਆਖ਼ਰੀ ਹੱਲ ਲੱਭ ਲੈਂਦਾ ਹੈ।

ਸਮੇਂ ਸਮੇਂ ਤੇ ਫੈਲੀਆਂ ਜਾਂ ਫੈਲਾਈਆਂ ਗਈਆਂ ਕਰੋਨਾ ਵਾਇਰਸ ਵਰਗੀਆਂ ਬੀਮਾਰੀਆਂ, ਜਿਹਨਾ ਦੇ ਅਣਦਿਸਦੇ ਕਾਰਨਾਂ ਕਰਕੇ ਸਮਾਜ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ, ਉਸਤੋਂ ਵੀ ਵੱਡੀ ਪ੍ਰੇਸ਼ਾਨੀ “ਖ਼ੁਦਕੁਸ਼ੀ ਮਹਾਂਮਾਰੀ” ਹੈ, ਜੋ ਦੇਸ਼ ਦੇ ਦਰਪੇਸ਼ ਹੈ। ਇਹ ਘੁਣ ਵਾਂਗਰ ਦੇਸ਼ ਨੂੰ, ਦੇਸ਼ ਦੇ ਲੋਕਾਂ ਨੂੰ ਖਾ ਰਹੀ ਹੈ।

ਇਸ ਮਹਾਂਮਾਰੀ ਨੂੰ ਠੱਲਣ ਅਤੇ ਇਸ ਤੋਂ ਨਿਜਾਤ ਪਾਉਣ ਲਈ ਵੱਡੇ ਜਨਤਕ ਯਤਨ ਤਾਂ ਲੋੜੀਂਦੇ ਹੀ ਹਨ, ਨਾਲ ਦੀ ਨਾਲ ਲੋਕਾਂ ‘ਚ ਸਿਆਸੀ ਚੇਤਨਾ ਪੈਦਾ ਕਰਕੇ ਲੋਕ ਹਿਤੈਸ਼ੀ ਸਰਕਾਰਾਂ ਅੱਗੇ ਲਿਆਉਣ ਦੀ ਵੀ ਲੋੜ ਹੈ ਤਾਂ ਕਿ ਲੋਕਾਂ ‘ਚ ਪੈਦਾ ਹੋਏ ਨਾਕਾਰਾਤਮਕ ਵਿਚਾਰ ਖ਼ਤਮ ਹੋ ਸਕਣ ਅਤੇ ਉਹ ਇੱਕ ਨਿਵੇਕਲੀ ਉਮੀਦ ਨਾਲ ਸਾਂਵੀ ਪੱਧਰੀ, ਖੁਸ਼ਹਾਲ ਜ਼ਿੰਦਗੀ ਜੀਊਣ ਦੇ ਸੁਪਨੇ ਉਣ ਸਕਣ।

-ਗੁਰਮੀਤ ਸਿੰਘ ਪਲਾਹੀ
-9815802070