
ਬਲਵਿੰਦਰ ਸਿੰਘ ਭੁੱਲਰ
ਭਾਰਤ ਪਾਕਿਸਤਾਨ ਨਾਲ ਜੰਗ ਜਾਰੀ ਹੈ, ਲੰਬੇ ਸਮੇਂ ਤੋਂ ਭਾਰਤ ਵਿਰੁੱਧ ਕੌੜਾ ਪ੍ਰਚਾਰ ਕਰਨ ਵਾਲਾ ਅਤੇ ਭਾਰਤ ਨੂੰ ਡਰਾਉਣ ਲਈ ਵੱਡੀਆਂ ਵੱਡੀਆਂ ਫੜਾਂ ਮਾਰਨ ਵਾਲਾ ਪਾਕਿਸਤਾਨ ਤਿੰਨ ਕੁ ਦਿਨਾਂ ਵਿੱਚ ਹੀ ਡਰ ਕਾਰਨ ਬੁਖਲਾਹਟ ਵਿੱਚ ਆ ਗਿਆ ਹੈ। ਉਸ ਦੇਸ਼ ਦਾ ਪ੍ਰਧਾਨ ਮੰਤਰੀ ਲੁਕਦਾ ਫਿਰਦਾ ਹੈ ਅਤੇ ਦੇਸ਼ ਛੱਡ ਕੇ ਭੱਜਣ ਦੀ ਤਾਕ ਵਿੱਚ ਹੈ। ਪਾਕਿਸਤਾਨ ਨੇ ਆਪਣੀ ਫੌਜ ਦੇ ਮੁਖੀ ਅਸੀਮ ਮੁਨੀਰ ਨੂੰ ਇਸ ਉੱਚ ਅਹੁਦੇ ਤੋਂ ਹਟਾ ਕੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸਦੀ ਥਾਂ ਤੇ ਸ਼ਮਸਾਦ ਮਿਰਜਾ ਨੂੰ ਫੌਜ ਦੀ ਕਮਾਂਡ ਸੰਭਾਲ ਦਿੱਤੀ ਹੈ।
ਅਸੀਮ ਮੁਨੀਰ ਕਾਫ਼ੀ ਸਮੇਂ ਤੋਂ ਭਾਰਤ ਨੂੰ ਅੱਖਾਂ ਵਿਖਾ ਰਿਹਾ ਸੀ, ਉਸਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ ਵੱਖ ਕੌਮਾਂ ਹਨ, ਇਹ ਇਕ ਛੱਤ ਹੇਠ ਇਕੱਠੀਆਂ ਨਹੀਂ ਰਹਿ ਸਕਦੀਆਂ। ਉਹ ਪਾਕਿਸਤਾਨੀ ਫੌਜ ਨੂੰ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਵਜੋਂ ਪ੍ਰਭਾਵ ਬਣਾਉਣ ਦਾ ਯਤਨ ਕਰਦਾ ਰਿਹਾ ਸੀ। ਪਰ ਪਤਾ ਉਦੋਂ ਲਗਦਾ ਹੈ ਜਦੋਂ ਬੇਗਾਨੇ ਨਾਲ ਹੱਥ ਜੁੜਦੇ ਹਨ। ਜੰਗ ਦਾ ਸਮਾਂ ਆਇਆ ਤਾਂ ਉਸਦੀ ਅਗਵਾਈ ਵਿੱਚ ਭਾਰਤ ਤੇ ਜੋ ਮਿਜਾਇਲੀ ਜਾਂ ਡਰੋਨ ਨਾਲ ਹਮਲੇ ਕੀਤੇ, ਉਹ ਭਾਰਤੀ ਫੌਜ ਦੀ ਤਿੱਖੀ ਅੱਖ ਨੇ ਵੇਖਦਿਆਂ ਬੜੀ ਫੁਰਤੀ ਨਾਲ ਨਾਕਾਮ ਕਰ ਦਿੱਤੇ। ਦੂਜੇ ਪਾਸੇ ਭਾਰਤ ਵੱਲੋਂ ਕੀਤੇ ਜਵਾਬੀ ਹਮਲੇ ਨੂੰ ਪਾਕਿਸਤਾਨ ਰੋਕ ਨਾ ਸਕਿਆ। ਇਸ ਸਮੇਂ ਦੀ ਭਾਰਤ ਦੀ ਸਫ਼ਲਤਾ ਅਤੇ ਪਾਕਿਸਤਾਨ ਦੀ ਅਸਫ਼ਲਤਾ ਨੂੰ ਭਾਂਪਦਿਆਂ ਪਾਕਿਸਤਾਨ ਸਰਕਾਰ ਤੇ ਫੌਜ ਦੇ ਹੌਂਸਲੇ ਪਸਤ ਹੋ ਗਏ।
ਮੁੜ ਆਪਣੀ ਫੌਜ ਦੇ ਹੌਂਸਲੇ ਵਧਾਉਣ ਲਈ ਪਾਕਿਸਤਾਨ ਨੇ ਅਸੀਮ ਮੁਨੀਰ ਨੂੰ ਕਥਿਤ ਤੌਰ ਤੇ ਨਾ ਕਾਮਯਾਬ ਅਤੇ ਸਰਕਾਰ ਨੂੰ ਗੁੰਮਰਾਹ ਕਰਨ ਵਾਲਾ ਫੌਜ ਮੁਖੀ ਹੀ ਸਮਝਿਆ ਹੋਵੇਗਾ, ਤਾਂ ਜੋ ਉਸ ਵਿਰੁੱਧ ਫੈਸਲਾ ਲੈਣਾ ਪਿਆ। ਪਾਕਿ ਸਰਕਾਰ ਨੇ ਉਸਨੂੰ ਫੌਜ ਦੇ ਮੁਖੀ ਦੇ ਅਹੁਦੇ ਤੋਂ ਕੇਵਲ ਹਟਾਇਆ ਹੀ ਨਹੀਂ, ਬਲਕਿ ਹਿਰਾਸਤ ਵਿੱਚ ਵੀ ਲੈ ਲਿਆ ਹੈ। ਉਸਦੀ ਥਾਂ ਤੇ ਹੁਣ ਸ਼ਮਸ਼ਾਦ ਮਿਰਜਾ ਨੂੰ ਮੁਖੀ ਬਣਾ ਕੇ ਫੌਜ ਦੀ ਕਮਾਂਡ ਉਸਦੇ ਹਵਾਲੇ ਕਰ ਦਿੱਤੀ ਹੈ। ਪਾਕਿਸਤਾਨ ਸ਼ਾਇਦ ਸੋਚਦਾ ਹੋਵੇਗਾ ਕਿ ਫੌਜ ਦੇ ਹੌਂਸਲੇ ਵਧਣਗੇ ਅਤੇ ਭਾਰਤ ਵਿਰੁੱਧ ਸਫ਼ਲਤਾ ਨਾਲ ਹਮਲੇ ਕੀਤੇ ਜਾ ਸਕਣਗੇ। ਪਰ ਇਹ ਉਸਦਾ ਵਹਿਮ ਹੀ ਕਿਹਾ ਜਾ ਸਕਦਾ ਹੈ, ਭਾਰਤ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਵਿੱਚੋਂ ਇੱਕ ਹੈ। ਇਹ ਦੁਸ਼ਮਣ ਦੇ ਹਰ ਹਮਲੇ ਨੂੰ ਰੋਕਣ ਦੇ ਸਮਰੱਥ ਹੈ ਅਤੇ ਦੁਸ਼ਮਣ ਨੂੰ ਤਬਾਹ ਕਰ ਦੇਣ ਦੀ ਸ਼ਕਤੀ ਵੀ ਰੱਖਦਾ ਹੈ, ਪਰੰਤੂ ਅਜੇ ਭਾਰਤ ਸਰਕਾਰ ਤੇ ਫੌਜ ਬੜੀ ਸੰਜਮ ਤੋਂ ਕੰਮ ਲੈ ਰਹੀ ਹੈ, ਉਸਦਾ ਨਿਸ਼ਾਨਾ ਕੇਵਲ ਅੱਤਵਾਦੀ ਟਿਕਾਣੇ ਹੀ ਰੱਖੇ ਹੋਏ ਹਨ। ਪਰ ਜਦੋਂ ਪਾਕਿਸਤਾਨ ਭਾਰਤ ਦੇ ਆਮ ਲੋਕਾਂ ਜਾਂ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਉਸਦਾ ਜਵਾਬ ਜਰੂਰ ਦੇਣਾ ਪੈਂਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਵਾਜ ਸ਼ਰੀਫ ਬਾਰੇ ਵੀ ਚਰਚਾ ਹੈ ਕਿ ਉਹ ਇਸ ਕਦਰ ਤੱਕ ਡਰਿਆ ਹੋਇਆ ਹੈ ਕਿ ਆਪਣੀ ਰਿਹਾਇਸ਼ ਦੇ ਅੰਦਰ ਬਣਾਏ ਇੱਕ ਬੰਕਰ ਵਿੱਚ ਸਮਾਂ ਗੁਜਾਰਦਾ ਹੈ। ਇੱਥੇ ਹੀ ਬੱਸ ਨਹੀਂ ਉਹ ਦੁਬਈ ਭੱਜ ਜਾਣ ਦੀ ਤਿਆਰੀ ਵੀ ਕਰ ਰਿਹਾ ਹੈ। ਦੂਜੇ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੌਜੂਦਾ ਸਥਿਤੀ ਤੇ ਦਿਨ ਰਾਤ ਖ਼ੁਦ ਨਜਰ ਹੀ ਨਹੀਂ ਰੱਖ ਰਿਹਾ, ਬਲਕਿ ਨਿੱਤ ਦਿਨ ਆਪਣੇ ਵਜ਼ੀਰਾਂ ਅਤੇ ਫੌਜਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ ਆਪਣੇ ਦੇਸ਼ ਦੇ ਫੌਜੀਆਂ ਵਿੱਚ ਪਹੁੰਚ ਕੇ ਹੌਂਸਲਾ ਦੇ ਰਿਹਾ ਹੈ।
ਜਿੱਥੋਂ ਤੱਕ ਦੋਵੇਂ ਦੇਸ਼ਾਂ ਦੇ ਅੰਦਰੂਨੀ ਹਾਲਾਤਾਂ ਦੀ ਗੱਲ ਹੈ, ਭਾਰਤ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਨੇ ਇਸ ਨਾਜੁਕ ਸਮੇਂ ਵਿੱਚ ਭਾਰਤ ਸਰਕਾਰ ਨੂੰ ਪੂਰੀ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਦੇ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਆਪਣੇ ਧਾਰਮਿਕ ਵਖ਼ਰੇਵਿਆਂ ਤੋਂ ਉੱਪਰ ਉੱਠ ਕੇ ਸਰਕਾਰ ਨਾਲ ਡਟ ਕੇ ਖੜਣ ਦਾ ਫੈਸਲਾ ਲਿਆ ਹੋਇਆ ਹੈ। ਦੇਸ਼ ਭਰ ਵਿੱਚ ਉੱਠੀਆਂ ਲਹਿਰਾਂ ਤੇ ਸੰਘਰਸ਼ਾਂ ਨੂੰ ਰੋਕ ਕੇ ਦੇਸ਼ ਦੇ ਲੋਕ ਤੇ ਆਗੂ ਦੇਸ਼ ਨਾਲ ਡਟ ਕੇ ਖੜ ਗਏ ਹਨ। ਦੂਜੇ ਪਾਸੇ ਪਾਕਿਸਤਾਨ ਦੇ ਬਲੋਚਸਥਾਨ ਦੇ ਲੋਕ ਜਿਹੜੇ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ, ਉਹ ਕਹਿ ਰਹੇ ਹਨ ਕਿ ਉਹਨਾਂ ਬਲੋਚਸਥਾਨ ਦੇ ਸੱਤਰ ਫੀਸਦੀ ਇਲਾਕੇ ਤੇ ਕਬਜਾ ਕਰ ਲਿਆ ਹੈ। ਇੱਥੇ ਹੀ ਬੱਸ ਨਹੀਂ ਖੈਬਰ ਪਖਤੂਨਵਾ ਦੇ ਲੋਕ ਵੀ ਪਾਕਿਸਤਾਨ ਦੀ ਸਰਕਾਰ ਜਾਂ ਫੌਜ ਨੂੰ ਸਹਿਯੋਗ ਨਹੀਂ ਦੇ ਰਹੇ। ਉਹ ਇਸ ਜੰਗ ਦੇ ਸਮੇਂ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ। ਇਸਤੋਂ ਸਪਸ਼ਟ ਹੈ ਕਿ ਪਾਕਿਸਤਾਨ ਦੀ ਅੰਦਰੂਨੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ।
ਪਾਕਿਸਤਾਨ ਦੀ ਅੰਦਰੂਨੀ ਸਥਿਤੀ ਚੰਗੀ ਨਾ ਹੋਣ, ਉਸ ਵੱਲੋਂ ਕੀਤੇ ਹਮਲੇ ਫੇਲ ਹੋਣ ਅਤੇ ਭਾਰਤੀ ਹਮਲਿਆਂ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਦੇ ਬਾਵਜੂਦ ਗਿੱਦੜ ਭਵਕੀਆਂ ਮਾਰ ਰਿਹਾ ਹੈ, ਡਰਾਵੇ ਤੇ ਧਮਕੀਆਂ ਦੇ ਸਹਾਰੇ ਆਪਣੇ ਆਪ ਨੂੰ ਸਕਤੀਸ਼ਾਲੀ ਹੋਣ ਦਾ ਡਰਾਮਾ ਕਰ ਰਿਹਾ ਹੈ। ਜਦੋਂ ਭਾਰਤ ਇੱਕ ਤਕੜੀ ਫੌਜੀ ਸਕਤੀ ਹੋਣ, ਦੁਸ਼ਮਣ ਦੇ ਹਮਲਿਆਂ ਨੂੰ ਰੋਕਣ ਅਤੇ ਆਪਣੇ ਹਮਲਿਆਂ ਵਿੱਚ ਕਾਮਯਾਬ ਹੋਣ ਦੇ ਬਾਵਜੂਦ ਵੀ ਸੰਜਮ ਤੋਂ ਕੰਮ ਲੈ ਰਿਹਾ ਹੈ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ।
ਇਹ ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੰਗ ਵਿਨਾਸ ਦਾ ਕਾਰਨ ਬਣਦੀ ਹੈ, ਇਸਦਾ ਆਮ ਲੋਕਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ, ਦੇਸ਼ ਦੀ ਆਰਥਿਕ ਹਾਲਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਹੈਂਕੜ ਛੱਡ ਕੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੇ ਦੇਸ਼ ਵਿੱਚ ਬਣਾਏ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰੇ, ਅੱਤਵਾਦੀ ਆਗੂਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਉਹਨਾਂ ਨੂੰ ਅੰਤਰ ਰਾਸ਼ਟਰੀ ਅਦਾਲਤ ਵਿੱਚ ਪੇਸ਼ ਕਰੇ ਅਤੇ ਸਰਕਾਰੀ ਸ਼ਹਿ ਤੇ ਕੀਤੀਆਂ ਅੱਤਵਾਦੀ ਕਾਰਵਾਈਆਂ ਸਬੰਧੀ ਅਫਸੋਸ ਪ੍ਰਗਟ ਕਰਦੇ ਹੋਏ ਅੱਗੇ ਲਈ ਅਜਿਹਾ ਨਾ ਕਰਨ ਦਾ ਭਰੋਸਾ ਦੇਵੇ।
ਦੋਵੇਂ ਦੇਸ਼ਾਂ ਦੇ ਆਮ ਲੋਕ ਲੜਾਈ ਜੰਗ ਨਹੀਂ ਸਾਂਤੀ ਚਾਹੁੰਦੇ ਹਨ, ਵਿਕਾਸ ਚਾਹੁੰਦੇ ਹਨ ਅਤੇ ਆਪਸੀ ਪਿਆਰ ਭਰੀ ਸਾਂਝ ਬਣਾਉਣੀ ਚਾਹੁੰਦੇ ਹਨ ਤਾਂ ਜੋ ਵਪਾਰ ਸਾਂਝਾ ਹੋਵੇ ਅਤੇ ਆਰਥਿਕ ਹਾਲਤ ਵਿੱਚ ਸੁਧਾਰ ਹੋਵੇ।
ਮੋਬਾ: 098882 75913