ਪੁਸਤਕ ਰੀਵਿਊ/ ਪਰਵਾਸੀ ਕਹਾਣੀ-ਸੰਗ੍ਰਹਿ

ਜੀਵਨ ਦੇ ਯਥਾਰਥ ਨਾਲ ਆਤਮਸਾਤ ਕਰਦੀਆਂ ਕਹਾਣੀਆਂ

ਰਵਿੰਦਰ ਸਿੰਘ ਸੋਢੀ ਮੂਲ ਤੌਰ ਤੇ ਇੱਕ ਨਾਟਕਕਾਰ ਹੈ। ਉਹਨੇ ਪੰਜ ਮੌਲਿਕ ਨਾਟਕ ਲਿਖੇ ਹਨ, ਜੋ ਵੱਖ ਵੱਖ ਗਰੁੱਪਾਂ ਵੱਲੋਂ ਖੇਡੇ ਗਏ ਹਨ ਤੇ ਇਨ੍ਹਾਂ ਨੇ ਦਰਸ਼ਕਾਂ ਤੋਂ ਖੂਬ ਪ੍ਰਸੰਸਾ ਖੱਟੀ ਹੈ। ਨਾਟਕ ਤੋਂ ਇਲਾਵਾ ਲੇਖਕ ਨੇ ਆਲੋਚਨਾ, ਖੋਜ, ਕਵਿਤਾ, ਸੰਪਾਦਨ, ਬਾਲ-ਸਾਹਿਤ ਅਤੇ ਕਥਾ-ਸਾਹਿਤ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਹੈ। ਪੰਜਾਬ ਦੇ ਇੱਕ ਪ੍ਰਤਿਸ਼ਠਿਤ ਸਕੂਲ ਵਿੱਚ ਪੰਜਾਬੀ ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਸੇਵਾਵਾਂ ਪ੍ਰਦਾਨ ਕਰਨ ਅਤੇ ਸੇਵਾਮੁਕਤੀ ਪਿੱਛੋਂ ਉਹ ਆਪਣੇ ਬੱਚਿਆਂ ਕੋਲ ਕੈਨੇਡਾ ਚਲਾ ਗਿਆ ਤੇ ਪਰਵਾਸ ਦੌਰਾਨ ਉਹਨੇ ਪਰਵਾਸੀ ਪੰਜਾਬੀ ਲੇਖਕਾਂ ਦੀਆਂ ਦੋ ਕਿਤਾਬਾਂ ਦਾ ਸਫ਼ਲ ਸੰਪਾਦਨ ਕੀਤਾ, ਜਿਨ੍ਹਾਂ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਰੀਵਿਊ ਅਧੀਨ ਕਿਤਾਬ (ਹੱਥਾਂ ‘ਚੋਂ ਕਿਰਦੀ ਰੇਤ, ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ, ਪੰਨੇ 172, ਮੁੱਲ 230/- ਰੁਪਏ) ਵਿੱਚ ਕੁੱਲ 14 ਕਹਾਣੀਆਂ ਹਨ, ਜਿਨ੍ਹਾਂ ਦੀ ਰਚਨਾ ਤਾਂ ਭਾਵੇਂ ਪਰਵਾਸ ਵਿੱਚ ਰਹਿੰਦਿਆਂ ਹੋਈ ਹੈ, ਪਰ ਇਨ੍ਹਾਂ ਵਿੱਚ ਸਿਰਫ਼ ਪਰਵਾਸੀ ਜੀਵਨ ਦਾ ਹੀ ਬਿਰਤਾਂਤ ਨਹੀਂ ਹੈ, ਕੁਝ ਇੱਕ ਨੂੰ ਪੰਜਾਬੀ/ਭਾਰਤੀ ਪਰਿਸਥਿਤੀਆਂ ਵਿੱਚ ਵੀ ਪ੍ਰਸਤੁਤ ਕੀਤਾ ਗਿਆ ਹੈ। ਸਿੱਧੇ ਤੌਰ ਤੇ ਪਰਵਾਸੀ ਪੰਜਾਬੀ ਜੀਵਨ ਨਾਲ ਜੁੜੀਆਂ 6 ਕਹਾਣੀਆਂ ਹਨ – ਮੈਨੂੰ ਫ਼ੋਨ ਕਰ ਲਵੀਂ, ਇੱਕ ਲੰਬਾ ਹਉਕਾ, ਤੂੰ ਆਪਣੇ ਵੱਲ ਦੇਖ, ਮੁਸ਼ਤਾਕ ਅੰਕਲ ਦਾ ਦਰਦ, ਉਹ ਖਾਸ ਦਿਨ ਅਤੇ ਹਟਕੋਰੇ ਲੈਂਦੀ ਜ਼ਿੰਦਗੀ। ਸੰਗ੍ਰਹਿ ਵਿਚਲੀਆਂ ਕੁਝ ਕਹਾਣੀਆਂ ਕਿਤਾਬੀ ਰੂਪ ਵਿੱਚ ਆਉਣ ਤੋਂ ਪਹਿਲਾਂ ਪੰਜਾਬੀ ਦੇ ਕੁਝ ਪੱਤਰ-ਪੱਤ੍ਰਿਕਾਵਾਂ ਵਿੱਚ ਅਤੇ ਕੁਝ ਹਿੰਦੀ ਦੇ ਪ੍ਰਤੀਨਿਧ ਅਤੇ ਪ੍ਰਤਿਸ਼ਠਿਤ ਮੈਗਜ਼ੀਨਾਂ ਵਿੱਚ ਅਨੁਵਾਦ ਹੋ ਕੇ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਪਰਵਾਸੀ ਜੀਵਨ ਨਾਲ ਸੰਬੰਧਿਤ ਕਹਾਣੀਆਂ ਵਿੱਚ ਮੁੱਖ ਤੌਰ ਤੇ ਪਰਵਾਸ ਦੇ ਦੁਖ-ਦਰਦਾਂ ਅਤੇ ਸਮੱਸਿਆਵਾਂ ਨਾਲ ਜੂਝਦੇ ਪੰਜਾਬੀਆਂ ਦੀ ਪੀੜਾ ਨੂੰ ਜ਼ਬਾਨ ਦਿੱਤੀ ਗਈ ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ ‘ਮੈਨੂੰ ਫ਼ੋਨ ਕਰ ਲਵੀਂ’ ਵਿੱਚ ਮੈਰਿਜ ਕੌਂਸਲਰ ਸ਼ੈਲੀ ਵੱਲੋਂ ਪਤੀ ਤੋਂ ਵੱਖ ਰਹਿ ਰਹੀ ਔਰਤ ਸ਼ਿਫਾਲੀ ਨਾਲ ਗੱਲਬਾਤ ਕਰਕੇ ਦੋਹਾਂ ਨੂੰ ਮੁੜ ਤੋਂ ਇਕੱਠੇ ਹੋਣ ਦੀ ਸਲਾਹ ਦਿੱਤੀ ਹੈ।

‘ਇੱਕ ਲੰਬਾ ਹਉਕਾ’ ਵਿੱਚ ਪਤਨੀ ਦੇ ਕੈਂਸਰ ਨਾਲ ਮਰਨ ਪਿੱਛੋਂ ਪਤੀ ਇਕੱਲਾ ਰਹਿ ਜਾਂਦਾ ਹੈ। ਪਤੀ ਇੱਕ ਟੈਕਸ ਮਾਹਿਰ ਹੈ ਤੇ ਇਸੇ ਸਿਲਸਿਲੇ ਵਿੱਚ ਉਹਦਾ ਮੇਲ ਇੱਕ 50-ਸਾਲਾ ਅਣਵਿਆਹੀ ਔਰਤ ਨਾਲ ਹੁੰਦਾ ਹੈ, ਜਿਸਨੂੰ ਬਿਜ਼ਨਸ ਵਿੱਚ ਕਾਫੀ ਘਾਟਾ ਪੈ ਚੁੱਕਾ ਹੈ। ਪਤੀ ਆਪਣੀ ਬੇਟੀ ਦੀ ਸਲਾਹ ਨਾਲ ਉਸ ਇਕੱਲੀ ਔਰਤ ਨਾਲ ਇਕੱਠਿਆਂ ਰਹਿਣਾ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਪਤੀ ਮਰ ਚੁੱਕੀ ਪਤਨੀ ਪਿੱਛੋਂ ਕਿਸੇ ਹੋਰ ਨਾਲ ਸ਼ਾਦੀ ਕਰਨ ਦੇ ਰਉਂ ਵਿੱਚ ਨਹੀਂ ਸੀ।

‘ਹੱਥਾਂ ‘ਚੋਂ ਕਿਰਦੀ ਰੇਤ’ ਵਿੱਚ ਘਰ ਵਿੱਚ ਪਤੀ-ਪਤਨੀ ਤੋਂ ਬਿਨਾਂ ਬੇਟਾ-ਬੇਟੀ ਵੀ ਹਨ। ਬੇਟਾ ਆਪਣੀ ਗੋਰੀ ਗਰਲ ਫਰੈਂਡ ਨਾਲ ਮੌਜ-ਮਸਤੀ ਕਰਦਾ ਹੈ ਪਰ ਬੇਟੀ ਨਾਲ ਮਾਂ ਦਾ ਵਿਹਾਰ ਬੜਾ ਸਖਤ ਹੈ। ਪਤੀ ਪਤਨੀ ਨੂੰ ਸਮਝਾਉਂਦਾ ਹੈ ਕਿ ਬੱਚਿਆਂ ਨਾਲ ਸਖਤੀ ਕਰਨ ਦਾ ਹੁਣ ਸਮਾਂ ਨਹੀਂ ਰਿਹਾ ਤੇ ਇਸ ਸੰਬੰਧੀ ਉਹ ਆਪਣੇ ਇੱਕ ਮਿੱਤਰ ਨਾਲ ਵਾਪਰੀ ਘਟਨਾ ਸਾਂਝੀ ਕਰਦਾ ਹੈ। ਜਿਸ ਪਿੱਛੋਂ ਪਤੀ-ਪਤਨੀ ਬੱਚਿਆਂ ਦੇ ਹੱਥੋਂ ਨਿਕਲਣ ਤੇ ਫਿਕਰਮੰਦ ਹੁੰਦੇ ਹਨ।

‘ਤੂੰ ਆਪਣੇ ਵੱਲ ਦੇਖ’ ਪੰਜਾਬੀ ਮੁੰਡੇ ਦਾ ਕੈਨੇਡਾ ਰਹਿੰਦੀ ਪੰਜਾਬੀ ਕੁੜੀ ਨਾਲ ਵਿਆਹ ਹੋਣ ਪਿੱਛੋਂ ਦੀ ਨਿੱਕੀ ਜਿਹੀ ਘਟਨਾ ਦੇ ਤੂਲ ਫੜਨ ਬਾਰੇ ਹੈ। ਪੰਜਾਬੀ ਮੁੰਡਾ ਆਪਣੇ ਘਰ ਆਈ ਝਿਉਰਾਂ ਦੀ ਕੁੜੀ ਨਾਲ ਕੁਝ ਖੁੱਲ੍ਹ ਲੈਣ ਲੱਗਾ ਸੀ ਕਿ ਅਚਾਨਕ ਬਾਹਰੋਂ ਆਈ ਉਹਦੀ ਕੈਨੇਡੀਅਨ ਪਤਨੀ ਨੇ ਦੋਹਾਂ ਨੂੰ ਇਕੱਠਿਆਂ ਵੇਖ ਕੇ ਸ਼ੱਕ ਕੀਤਾ ਤੇ ਪਤੀ ਨੂੰ ਦੱਸੇ ਬਿਨਾਂ ਤੁਰੰਤ ਕੈਨੇਡਾ ਪਰਤ ਗਈ। ਪੰਜਾਬੀ ਮੁੰਡਾ ਉਹਦੇ ਪਿੱਛੇ ਕੈਨੇਡਾ ਪਹੁੰਚ ਕੇ ਉਹਦੀ ਗਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।

‘ਮੁਸ਼ਤਾਕ ਅੰਕਲ ਦਾ ਦਰਦ’ ਵਿੱਚ ਅਮਰੀਕਾ ਦੇ ਇੱਕ ਹੋਟਲ (ਜਿਸਦਾ ਮਾਲਕ ਬਸ਼ੀਰ ਹੈ) ਵਿੱਚ ਕੰਮ ਕਰਦੇ ਪਾਕਿਸਤਾਨ ਦੇ 60-ਸਾਲਾ ਵਿਅਕਤੀ ਮੁਸ਼ਤਾਕ ਦੇ ਦੁਖ ਦਾ ਬਿਰਤਾਂਤ ਹੈ, ਜੀਹਦਾ ਪਰਿਵਾਰ ਲਾਹੌਰ ਰਹਿੰਦਾ ਹੈ। ਇੱਥੇ ਹੀ ਇੱਕ ਪੰਜਾਬੀ ਕੁੜੀ ਅਵਨੀਤ ਵੀ ਕੰਮ ਕਰਦੀ ਹੈ। ਮੁਸ਼ਤਾਕ ਦੀ ਬੇਟੀ ਸ਼ਮੀਨਾ ਦਾ ਨਿਕਾਹ ਹੋ ਰਿਹਾ ਹੈ ਤਾਂ ਅਵਨੀਤ ਪਿਓ-ਧੀ ਦੀ ਵੀਡੀਓਕਾਲ ਰਾਹੀਂ ਗੱਲਬਾਤ ਕਰਵਾਉਂਦੀ ਹੈ। ਅਸਲ ਵਿੱਚ ਮੁਸ਼ਤਾਕ ਆਪਣੀ ਬੇਟੀ ਦੇ ਨਿਕਾਹ ਵਿੱਚ ਸ਼ਾਮਲ ਨਾ ਹੋਣ ਕਾਰਨ ਹੀ ਇੰਨਾਂ ਖਿਝਿਆ ਰਹਿੰਦਾ ਸੀ।

‘ਉਹ ਖਾਸ ਦਿਨ’ ਵਿੱਚ ਅਮਰੀਕਾ ਰਹਿੰਦੇ ਡੋਰਥੀ ਅਤੇ ਡੇਵਿਡ ਦੀ ਕਹਾਣੀ ਹੈ, ਜਿਨ੍ਹਾਂ ਦਾ ਇਕਲੌਤਾ ਲੜਕਾ ਫਿਲਿਪਸ ਆਪਣੇ ਪਰਿਵਾਰ ਨਾਲ ਵੱਖਰਾ ਰਹਿੰਦਾ ਹੈ। ਡੇਵਿਡ ਦੰਪਤੀ ਪਿਛਲੇ 25 ਸਾਲਾਂ ਤੋਂ ਹਰ ਸਾਲ 19 ਅਗਸਤ ਨੂੰ ਇੱਕ ਪਾਰਟੀ ਦਾ ਆਯੋਜਨ ਕਰਦੀ ਹੈ ਤੇ ਇਹ ਪਾਰਟੀ ਉਨ੍ਹਾਂ ਵੱਲੋਂ ਤਣਾਅ ਕਾਰਨ ਅੱਡ-ਅੱਡ ਰਹਿਣ ਪਿੱਛੋਂ ਮੁੜ ਇਕੱਠੇ ਮਿਲ ਕੇ ਰਹਿਣ ਦੀ ਯਾਦ ਵਜੋਂ ਹੁੰਦੀ ਹੈ। ਉਨ੍ਹਾਂ ਨੇ ਪੂਰੀ ਉਮਰ ਇਹ ਪਾਰਟੀ ਜਾਰੀ ਰੱਖਣ ਦਾ ਸੰਕਲਪ ਲਿਆ ਹੈ, ਪਰ ਡੇਵਿਡ ਦੀ ਮੌਤ ਹੋ ਜਾਣ ਤੇ ਡੋਰਥੀ ਨੇ ਇਕੱਲਿਆਂ ਇਹਨੂੰ ਜਾਰੀ ਰੱਖਿਆ ਸੀ।

‘ਹਟਕੋਰੇ ਲੈਂਦੀ ਜ਼ਿੰਦਗੀ’ ਵਿੱਚ ਕੈਨੇਡਾ ਰਹਿੰਦੀ ਤਮੰਨਾ ਦੇ ਘਰੋਗੀ ਹਾਲਾਤ ਦਾ ਬਿਆਨ ਹੈ, ਜਿਸਦੀ ਮਾਂ ਨੇ ਆਪਣੇ ਭਰਾ ਤੋਂ 5 ਲੱਖ ਰੁਪਏ ਉਧਾਰ ਲੈ ਕੇ ਧੀ ਨੂੰ ਵਿਦੇਸ਼ ਭੇਜਿਆ ਹੈ ਤੇ ਹੁਣ ਤਮੰਨਾ ਦੇ ਮਾਮੇ ਵੱਲੋਂ ਪੈਸੇ ਮੋੜਨ ਲਈ ਜ਼ੋਰ ਪਾਇਆ ਜਾ ਰਿਹਾ ਹੈ, ਤਾਂ ਤਮੰਨਾ ਨੂੰ ਮਜਬੂਰੀ ਵਜੋਂ ਓਵਰਟਾਈਮ ਕੰਮ ਕਰਨਾ ਪੈ ਰਿਹਾ ਹੈ। ਉਸਦੀ ਪ੍ਰਵੀਨ ਨਾਲ ਦੋਸਤੀ ਹੈ ਤੇ ਉਹ ਤਮੰਨਾ ਨੂੰ ਵਧੇਰੇ ਕੰਮ ਕਰਨ ਤੋਂ ਰੋਕਦਾ ਹੈ। ਇਸ ਕਹਾਣੀ ਵਿੱਚ ਵਿਦੇਸ਼ ਰਹਿੰਦੀਆਂ ਕੁੜੀਆਂ ਅਤੇ ਪਰਿਵਾਰ ਵੱਲੋਂ ਉਨ੍ਹਾਂ ਤੇ ਕੀਤੇ ਖਰਚਿਆਂ ਦੀ ਮਾਰਮਿਕ ਪੇਸ਼ਕਾਰੀ ਹੋਈ ਹੈ।

‘ਆਪਣਾ ਆਪਣਾ ਦਰਦ’ ਵਿੱਚ ਮਾਪਿਆਂ ਦੇ ਆਪਣੀ ਸੰਤਾਨ ਦੀ ਸੈਟਲਮੈਂਟ ਨੂੰ ਲੈ ਕੇ ਦੁਖ-ਦਰਦ ਪੇਸ਼ ਕੀਤੇ ਗਏ ਹਨ। ‘ਉਫ਼ ਉਹ ਤੱਕਣੀ’ ਵਿੱਚ ਦਾਜ ਵਿੱਚ ਕਾਰ ਦਾ ਲਾਲਚ, ਬੈਂਕ ਦਾ ਕਰਜ਼ਾ ਤੇ ਫਿਰ ਕਾਰ ਵੇਚਣ ਦੇ ਝੰਜਟ ਦਾ ਬਿਰਤਾਂਤ ਹੈ। ‘ਹਾਏ ਵਿਚਾਰੇ ਬਾਬਾ ਜੀ’ ਵਿੱਚ ਭੇਖੀ (ਅਖੌਤੀ) ਬਾਬਿਆਂ ਦੇ ਵੰਨ-ਸੁਵੰਨੇ ਸ਼ਾਤਰ ਭੇਖਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ‘ਉਹ ਕਿਉਂ ਆਈ ਸੀ’ ਵਿੱਚ ਪਤੀ-ਪਤਨੀ ਦੇ ਤਲਾਕ ਪਿੱਛੋਂ ਪਤੀ ਦੇ ਮਰ ਜਾਣ ਤੇ ਉਹਦੇ ਭੋਗ ਸਮੇਂ ਪਤਨੀ ਦੇ ਸ਼ਾਮਲ ਹੋਣ ਦੇ ਕਾਰਨ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ‘ਆਪਣੇ ਘਰ ਦੀ ਖੁਸ਼ਬੂ’ ਵਿੱਚ ਪਤੀ ਵੱਲੋਂ ਪਹਿਲੀ ਪਤਨੀ ਦੇ ਮਰਨ ਤੇ ਨਵਾਂ ਵਿਆਹ ਕਰਨ, ਪਹਿਲੀ ਪਤਨੀ ਤੋਂ ਹੋਏ ਇੱਕ ਮੁੰਡੇ ਵੱਲੋਂ ਨਵੀਂ ਮਾਂ ਪ੍ਰਤੀ ਵਿਵਹਾਰ ਅਤੇ ਉਸ ਵਿੱਚ ਪਿੱਛੋਂ ਆਈ ਤਬਦੀਲੀ ਦਾ ਜ਼ਿਕਰ ਹੈ। ‘ਡਾਕਟਰ ਕੋਲ ਨਹੀਂ ਜਾਣਾ’ ਵਿੱਚ ਅਣਜੰਮੀ ਧੀ ਦਾ ਰੁਦਨ ਪ੍ਰਗਟਾਇਆ ਗਿਆ ਹੈ। ‘ਮੁਰਦਾ ਖਰਾਬ ਨਾ ਕਰੋ’ ਵਿੱਚ ਪੁਲੀਸ ਦੀ ਗੋਲੀ ਨਾਲ ਬੇਦੋਸ਼ੇ ਮਾਰੇ ਗਏ ਇੱਕ ਵਿਅਕਤੀ ਦੇ ਕਤਲ ਨੂੰ ਪੁਲੀਸ ਵੱਲੋਂ ਵਿੰਗੇ-ਟੇਢੇ ਤਰੀਕੇ ਨਾਲ ਸੁਲਝਾਉਣ ਦਾ ਹੈਰਾਨੀਜਨਕ ਵੇਰਵਾ ਹੈ।

ਪੁਸਤਕ ਦੇ ਮੁੱਖਬੰਦ ਵਿੱਚ ਲੇਖਕ ਨੇ ਕਹਾਣੀ ਦੇ ਸਿੱਧਾਂਤ ਅਤੇ ਅਮਲੀ ਪ੍ਰਕਿਰਿਆ ਬਾਰੇ ਕੁਝ ਅਹਿਮ ਨੁਕਤਿਆਂ ਦਾ ਸੂਖਮ ਵਿਸ਼ਲੇਸ਼ਣ ਕੀਤਾ ਹੈ ਅਤੇ ਸਪਸ਼ਟ ਕੀਤਾ ਹੈ ਕਿ ਕਈ ‘ਸਾਹਿਤਕ ਡਾਕਟਰਾਂ’ ਨੂੰ ਵੀ ਕਹਾਣੀ ਦੇ ਸਿਰਫ਼ ਬਣੇ-ਬਣਾਏ ਸਿੱਧਾਂਤਾਂ ਦਾ ਹੀ ਗਿਆਨ ਹੁੰਦਾ ਹੈ ਅਤੇ ਉਹ ‘ਵਾਦਾਂ’ ਨਾਲ ਹੀ ਬੱਝੇ ਰਹਿੰਦੇ ਹਨ। ਅਜਿਹੇ ਵਿਦਵਾਨਾਂ ਨੂੰ ਕਹਾਣੀ ਦੇ ਅਮਲ ਦੀ ਸੋਝੀ ਨਹੀਂ ਹੁੰਦੀ।

ਅਸਲ ਵਿੱਚ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਕਹਾਣੀਕਾਰ ਨੇ ਮਨੋਵਿਗਿਆਨਕ ਢੰਗ ਨਾਲ ਨਿਭਾਇਆ ਹੈ। ਉਹ ਪਾਤਰਾਂ ਦੇ ਮਨ ਅੰਦਰ ਬੈਠ ਕੇ ਉਨ੍ਹਾਂ ਦੀ ਸੂਹ ਲੈਂਦਾ ਹੈ ਅਤੇ ਪਾਤਰਾਂ ਨੂੰ ਸਹਿਜ-ਸੁਭਾਅ ਵਿਚਰਨ ਦੀ ਖੁੱਲ੍ਹ ਦਿੰਦਾ ਹੈ। ਵਿਵਿਧਮੁਖੀ ਵਿਸ਼ਿਆਂ ਦੇ ਪ੍ਰਗਟਾਵੇ ਅਤੇ ਨਿਭਾਅ ਨੂੰ ਕਹਾਣੀਕਾਰ ਨੇ ਜਿਸ ਕੁਸ਼ਲਤਾ ਨਾਲ ਨਿਭਾਇਆ ਹੈ, ਉਹ ਬਾਕਮਾਲ ਹੈ। ਮੇਰਾ ਸੁਝਾਅ ਹੈ ਕਿ ਇਹ ਕਹਾਣੀਆਂ ਹੋਰ ਭਾਸ਼ਾਵਾਂ ਵਿੱਚ ਵੀ ਉਲੱਥਾ ਕਰਵਾ ਕੇ ਪ੍ਰਕਾਸ਼ਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਅਤੇ ਪਾਠਕਾਂ ਨੂੰ ਪੰਜਾਬੀ ਕਹਾਣੀ ਦੀ ਸਮਰੱਥਾ ਦਾ ਬੋਧ ਹੋ ਸਕੇ!

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.