ਦੇਸ਼ ਲਈ ਨਵੀ ਕੇਂਦਰੀ ਸਰਕਾਰ ਦੀ ਚੋਣ ਲਈ ਚੋਣਾਂ ਦੇ ਛੇ ਦੌਰ ਪੂਰੇ ਹੋ ਚੁੱਕੇ ਹਨ, ਇਕ ਅਜੇ ਬਾਕੀ ਹੈ। ਬੀ ਜੇ ਪੀ ਨੇ 400 ਪਾਰ ਦਾ ਨਾਹਰਾ ਦਿੱਤਾ ਹੈ, ਜਦੋਂ ਕਿ ਇੰਡੀਆ ਗਠਜੋੜ ਨੇ ਪੂਰੇ ਜੋਰ-ਸ਼ੋਰ ਨਾਲ ਬੀ ਜੇ ਪੀ ਦੇ ਫਿਰਕੂ ਏਜੰਡੇ , ਤਾਨਾਸ਼ਾਹੀ ਰੁਝਾਣ ਅਤੇ ਗੈਰ ਲੋਕਰਾਜੀ ਵਰਤਾਰਿਆਂ ਨੂੰ ਹਰਾ ਕੇ ਦੇਸ ਦੇ ਮੌਜੂਦਾ ਸਵਿਧਾਨ ਨੂੰ ਮੂਲ ਰਪੂ ਵਿਚ ਕਾਇਮ ਰੱਖਣ ਦਾ ਹੋਕਾ ਲਾਇਆ ਹੈ। ਇਹ ਤਾਂ ਚਾਰ ਜੂਨ ਨੂੰ ਹੀ ਪਤਾ ਲੱਗੇ ਗਾ ਕਿ ਕੇਂਦਰੀ ਸਰਕਾਰ ਤੇ ਕਾਬਜ ਪਾਰਟੀ ਦੇ ਨਾਹਰੇ ਦੇ ਹੱਕ ਵਿਚ ਲੋਕਾਂ ਦਾ ਫਤਵਾ ਮਿਲਦਾ ਹੈ ਜਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੇ ਹੋਕੇ ਨੂੰ ਦੇਸ ਦੀ ਜਨਤਾ ਹੁੰਗਾਰਾ ਭਰਦੀ ਹੈ।
ਮੁੱਖ ਮੁੱਦੇ ਤੇ ਆਉਣ ਤੋਂ ਪਹਿਲਾਂ 2009 ਤੋਂ ਲੈ ਕੇ ਹੁਣ ਤੱਕ ਦੀਆਂ ਕੇਂਦਰੀ ਸਰਕਾਰਾਂ ਦੀਆਂ ਕਾਰਗੁਜਾਰੀਆਂ ਤੇ ਇਕ ਝਾਤ ਮਾਰਨ ਦੀ ਲੋੜ ਹੈ। 2009 ਤੋਂ 2914 ਤੱਕ ਡਾ.ਮਨਮੋਹਨ ਸਿੰਘ ਦੀ ਅਗਵਾਈ ਹੇਠ ਦੋ ਵਾਰ ਕਾਂਗਰਸ ਦੀ ਸਰਕਰਾਰ ਬਣੀ। 2014 ਤੋਂ ਹੁਣ ਤੱਕ ਨਰਿੰਦਰ ਮੋਦੀ ਦੀ ਕਮਾਨ ਹੇਠ ਬੀ ਜੇ ਪੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਰਾਰ ਚੱਲ ਰਹੀ ਹੈ। ਵਿਅਕਤਕੀਗਤ ਤੌਰ ਤੇ ਡਾ. ਮਨਮੋਹਨ ਸਿੰਘ ਨਿਹਾਇਤ ਇਮਾਨਦਾਰ ਅਤੇ ਸ਼ਰੀਫ ਇਨਸਾਨ ਸੀ, ਪਰ ਉਹਨਾਂ ਨੂੰ ਕਾਂਗਰਸ ਪਾਰਟੀ ਅਤੇ ਸਰਕਾਰ ਵਿਚ ਸ਼ਾਮਿਲ ਸਹਿਯੋਗੀ ਪਾਰਟੀਆਂ ਦੇ ਕੁਝ ਬੇਈਮਾਨ ਮੰਤਰੀਆਂ ਨੂੰ ਸੰਭਾਲਨਾ ਮੁਸ਼ਕਿਲ ਹੋ ਗਿਆ। ਇਸ ਮਾਮਲੇ ਵਿਚ ਕਾਂਗਰਸ ਪਾਰਟੀ ਦੀ ਪ੍ਧਾਨ ਸ੍ਰੀ ਮਤੀ ਸੋਨੀਆਂ ਗਾਂਧੀ ਦੀ ਚੁੱਪੀ ਨੇ ਵੀ ਡਾ. ਮਨਮੋਹਨ ਸਿੰਘ ਦਾ ਕੰਮ ਹੋਰ ਮੁਸ਼ਕਿਲ ਕਰ ਦਿੱਤਾ ਸੀ। ਦੂਜੀ ਟਰਮ ਵਿਚ ਤਾਂ ਪਾਣੀ ਸਿਰ ਤੋਂ ਹੀ ਟੱਪ ਗਿਆ। ਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ ਬੀ ਜੇ ਪੀ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਕਾਂਗਰਸ ਸਰਕਾਰ ਵਿਰੁਧ ਸ਼ਬਦੀ ਜੰਗ ਤੇਜ ਕਰ ਦਿੱਤੀ ਤੇ ਇਸ ਦੇ ਨਾਲ ਹੀ ਹਿੰਦੂਤਵ ਦਾ ਪੱਤਾ ਵੀ ਖੇਡਿਆ। ਜਨਤਾ ਵੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਸੀ। 2014 ਦੀਆਂ ਲੋਕ ਸਭਾ ਚੋਣਾਂ ਸਮੇਂ ਮੋਦੀ ਨੇ ਪਹਿਲਾਂ ਹੀ ਮੌਕੇ ਦਾ ਫਾਇਦਾ ਉਠਾ ਕੇ ਆਰ ਐਸ ਐਸ ਤੋਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਕਰਵਾ ਦਿੱਤਾ ਅਤੇ ਕੁਝ ਧਨਾਢ ਵਿਉਪਾਰੀਆਂ ਨੂੰ ਵੀ ਆਪਣੇ ਨਾਲ ਰਲਾ ਲਿਆ। ਰਾਮ ਮੰਦਰ ਦਾ ਮੁੱਦਾ ਖੜਾ ਕਰਕੇ, ਵਿਦੇਸ਼ੀ ਬੈਂਕਾਂ ਵਿਚ ਪਿਆ ਕਾਲਾ ਧਨ ਵਾਪਿਸ ਲਿਆ ਕੇ ਸਾਰੇ ਦੇਸ ਵਾਸੀਆਂ ਨੂੰ ਪੰਦਰਾਂ- ਪੰਦਰਾਂ ਲੱਖ ਦੇਣ ਦਾ ਨਾਹਰਾ ਲਾ ਕੇ, ਅੱਛੇ ਦਿਨ ਲਿਆਉਣ ਦੇ ਸਬਜ ਬਾਗ ਦਿਖਾ ਕੇ ਉਸ ਨੇ ਵੋਟਾਂ ਵਟੋਰੀਆਂ ਅਤੇ ਪ੍ਧਾਨ ਮੰਤਰੀ ਦੀ ਕੁਰਸੀ ਤੇ ਕਾਬਜ ਹੋ ਗਿਆ। ਪਰ ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦੇ ਲਾਰਿਆਂ ਵਾਂਗ ਉਸ ਨੇ ਵੀ ਲਾਰੇ ਹੀ ਲਾਏ ਸੀ। ਪਹਿਲੇ ਪੰਜਾ ਸਾਲਾਂ ਵਿਚ ਉਸ ਨੇ ਆਪਣੇ ਪੁਰਾਣੇ ਹਮਰਾਜ ਅਮਿਤ ਸ਼ਾਹ ਦੀ ਸਹਾਇਤਾ ਨਾਲ ਆਪਣੇ ਪ੍ਚਾਰ ਨਾਲ ਅਤੇ ਸ਼ਾਹੂਕਾਰ ਵਿਉਪਾਰੀਆਂ ਨੂੰ ਨਿਜੀ ਫਾਇਦੇ ਦਵਾ ਕੇ ਉਹਨਾਂ ਦੁਆਰਾ ਚਲਾਏ ਜਾ ਰਹੇ ਮੀਡੀਆ ਘਰਾਂ ਰਾਹੀਂ ਵੀ ਆਪਣਾ ਪ੍ਚਾਰ ਸਿਖਰ ਤੇ ਪਹੁੰਚਾ ਦਿੱਤਾ । ਇਹੋ ਨਹੀਂ ਜਿਹੜੇ ਮੁੱਦੇ ਸਮੇਂ ਸਮੇਂ ਉਸ ਵਿਰੁਧ ਜਾਂ ਉਸਦੀ ਸਰਕਰਾਰ ਵਿਰੁਧ ਉੱਠੇ, ਉਹਨਾਂ ਸੰਬੰਧੀ ਕੋਈ ਚਰਚਾ ਨਾ ਹੋਣ ਦਿੱਤੀ। ਪੰਜ ਸਾਲ ਦੇ ਕਾਰਜ ਕਾਲ ਤੋਂ ਬਾਅਦ ਉਸ ਨੇ ਵੰਡੀ ਹੋਈ ਵਿਰੋਧੀ ਧਿਰ ਨੂੰ ਹੋਰ ਖੇਰੂੰ ਖੇਰੂੰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਫੀ ਹੱਦ ਤੱਕ ਸਫਲ ਵੀ ਹੋਇਆ, ਜਿਸ ਕਰਕੇ ਦੂਜੀ ਵਾਰ ਵੀ ਉਹ ਜੇਤੂ ਰਿਹਾ। ਪਰ ਇਸ ਸਮੇਂ ਦੌਰਾਨ ਉਹ ਆਪਣੀਆਂ ਕਈ ਅਜੀਬੋ ਗਰੀਬ ਗੱਲਾਂ ਕਰਕੇ ਲੋਕਾਂ ਦੇ ਹਾਸੇ ਦਾ ਪਾਤਰ ਵੀ ਬਣਿਆ। ਉਸ ਦੀ ਐਮ ਏ ਦੀ ਡਿਗਰੀ ਤੇ ਕਈ ਕਿੰਤੂ ਪ੍ਤੂੰ ਹੋਏ, ਸਮੁਚੇ ਦੇਸ ਨੂੰ ਉਸਦੀ ਨੋਟਬੰਦੀ ਦੇ ਫੈਸਲੇ ਕਾਰਨ ਕਈ ਮੁਸੀਬਤਾਂ ਝਲਨੀਆਂ ਪਈਆਂ। ਦੂਜੇ ਕਾਰਜ ਕਾਲ ਵਿਚ ਵੀ ਉਹ ਆਪਣੇ ਜੁਮਲਿਆ ਤੋਂ ਬਾਜ ਨਹੀਂ ਆਇਆ। ਕਰੋਨਾ ਮਹਾਂਮਾਰੀ ਦੌਰਾਨ ਉਸ ਦਾ ਲੋਕਾਂ ਨੂੰ ਤਾਲੀਆ, ਥਾਲੀਆਂ ਵਜਾਉਣ ਨੂੰ ਕਹਿਣਾ, ਦੀਵੇ ਜਗਾਊਣ ਨੂੰ ਕਹਿਣ ਤੇ ਵੀ ਉਹ ਮਜਾਕ ਦਾ ਪਾਤਰ ਬਣਿਆ। ਕਈ ਰੇਲਾਂ ਦੇ ਰਾਹ ਤੋਂ ਭਟਕ ਜਾਣ ਕਰਕੇ ਸਰਕਾਰ ਦੀ ਨਮੋਸ਼ੀ ਹੋਈ। ਕਿਸਾਨ ਵਿਰੋਧੀ ਬਿਲਾਂ ਕਾਰਨ ਵੀ ਭਾਵੇਂ ਉਹ ਇਕ ਸਾਲ ਅੱੜਿਆ ਰਿਹਾ, ਪਰ ਕਿਸਾਨਾ ਦੇ ਰੋਹ ਅੱਗੇ ਉਸ ਨੂੰ ਝੁਕਣਾ ਹੀ ਪਿਆ।
4 ਜੂਨ 2024 ਦਾ ਦਿਨ ਬੀ ਜੇ ਪੀ ਜਾਂ ਇੰਡੀਆ ਗੱਠਜੋੜ ਲਈ ਹੀ ਫੈਸਲੇ ਦਾ ਦਿਨ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਰਾਜ ਲਈ ਬਹੁਤ ਮਹੱਤਵਪੂਰਨ ਦਿਨ ਹੈ। ਅਸਲ ਵਿਚ ਇਸ ਦਿਨ ਨੂੰ ਜੇ ਭਾਰਤ ਦੇ ਲੋਕਤੰਤਰ ਲਈ ਮੁਸੀਬਤ ਭਰਿਆ ਦਿਨ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇ ਗਾ।
ਜੇ 4 ਜੂਨ ਨੂੰ ਖੁਦਾ ਨਾ ਖਾਸਤਾ ਬੀ ਜੇ ਪੀ ਦੀ ਸਰਕਾਰ ਤੀਜੀ ਵਾਰ ਵੀ ਬਣ ਜਾਂਦੀ ਹੈ ਤਾਂ ਭਾਰਤੀ ਲੋਕ ਰਾਜ ਲਈ ਇਹ ਸਭ ਤੋਂ ਮਨਹੂਸ ਦਿਨ ਹੋਵੇ ਗਾ। ਕੁਝ ਪਰਿਵਾਰਾਂ ਲਈ ਭਾਵੇਂ ਉਹ ਦਿਵਾਲੀ ਦੇ ਦਿਨ ਵਰਗਾ ਦਿਨ ਹੋਲੇ, ਪਰ ਗਰੀਬ ਜਨਤਾ ਲਈ ਰਾਵਣ ਰਾਜ ਦਾ ਯੁੱਗ ਜਾਰੀ ਰਹਿਣ ਦਾ ਸੰਕੇਤ ਹੋਵੇ ਗਾ। ਝੂਠੇ ਵਾਅਦਿਆਂ ਦਾ ਖੇਲ ਜਾਰੀ ਰਹੇ ਗਾ, ਧਾਰਮਿਕ ਕੱਟੜਤਾ ਦਾ ਦੌਰ ਹੋਰ ਜੋਰ ਫੜੇਗਾ, ਦੇਸ਼ ਦੀ ਨਿਆਇਕ ਵਿਵਸਥਾ ਦਾ ਹੋਰ ਘਾਣ ਹੋਵੇ ਗਾ, ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਅਜ਼ਾਦੀ ਨਾ-ਮਾਤਰ ਰਹਿ ਜਾਵੇ ਗੀ, ਕੇਂਦਰੀ ਮੰਤਰੀਆਂ ਦੇ ਹੱਥਾਂ ਵਿਚ ਕੋਈ ਤਾਕਤ ਨਹੀਂ ਰਹੇ ਗੀ, ਸਰਕਾਰ ਸਿਰਫ ਦੋ ਬੰਦਿਆਂ ਦੇ ਸਿਰ ਤੇ ਚੱਲੇ ਗੀ ਅਤੇ ਸਭ ਤੋਂ ਵੱਧ ਵਿਰੋਧੀਆਂ ਤੇ ਸਖਤੀ ਹੋਰ ਵਧੇ ਗੀ। ਇਹ ਸਭ ਕੁਝ ਇਸ ਕਰਕੇ ਨਹੀਂ ਲਿਖਿਆ ਜਾ ਰਿਹਾ ਕਿ ਇਹਨਾਂ ਸਤਰਾਂ ਦੇ ਲੇਖਕ ਨੂੰ ਇਸ ਸਰਕਾਰ ਪ੍ਤੀ ਕੋਈ ਜਾਤੀ ਗੁੱਸਾ-ਗਿਲਾ ਹੈ। ਇਹ ਸਭ ਕੁਝ ਮੌਜੂਦਾ ਸਰਕਾਰ ਦੇ ਪਿਛਲੇ ਦਸ ਸਾਲ ਦੀ ਕਾਰਗੁਜਾਰੀ ਦੇ ਅਧਾਰ ਤੇ ਲਿਖਿਆ ਜਾ ਰਿਹਾ ਹੈ। 2014 ਦੀਆਂ ਚੋਣਾ ਸਮੇਂ ਮੈਂ ਵਿਅਕਤੀਗਤ ਤੌਰ ਤੇ ਬੀ ਜੇ ਪੀ ਦੇ ਹੱਕ ਵਿਚ ਸੀ, ਕਿਉਂ ਜੋ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਬਦ ਤੋਂ ਬਦਤਰ ਹੋ ਚੁੱਕੀ ਸੀ ਅਤੇ ਆਮ ਲੋਕਾਂ ਦੀ ਇਹ ਸੋਚ ਸੀ ਕਿ ਕਿਸੇ ਹੋਰ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ, ਪਰ ਇਥੇ ਇਹ ਲਿਖਣ ਵਿਚ ਕੋਈ ਹਰਜ ਨਹੀਂ ਕਿ ਦੇਸ਼ ਦੀ ਜਨਤਾ ਨੇ ਜੋ ਬਦਲ ਚੁਣਿਆ ਉਹ ਪਹਿਲਾ ਤੋਂ ਵੀ ਨਿਕੰਮਾ ਨਿਕਲਿਆ।
ਹੁਣ ਗੱਲ ਕੀਤੀ ਜਾਵੇ ਇੰਡੀਆ ਗੱਠਜੋੜ ਦੀ। ਜੇ ਇਹ ਗੱਠਜੋੜ ਜਿੱਤ ਗਿਆ ਤਾਂ ਸਾਫਗੋਈ ਇਹ ਹੈ ਕਿ ਇਹਨਾਂ ਤੋਂ ਪਾਏਦਾਰ ਸਰਕਾਰ ਨਹੀਂ ਬਣਾਈ ਜਾਣੀ। ਜਨਤਾ ਸਰਕਾਰ ਦੀਆਂ ਕੌੜੀਆਂ ਯਾਦਾਂ ਅਜੇ ਵੀ ਯਾਦ ਹਨ। ਉਸ ਸਮੇਂ ਪ੍ਰਧਾਨ ਮੰਤਰੀ ਦੀ ਕੁਰਸੀ ਨੇ ਹੀ ਪੁਆੜੇ ਪਾਈ ਰੱਖੇ ਸੀ। ਹੁਣ ਵੀ ‘ਇਕ ਅਨਾਰ ਸੌ ਬਿਮਾਰ’ ਵਾਲੀ ਗੱਲ ਹੈ। ਨਤਿਸ਼ ਕੁਮਾਰ ਤਾਂ ਪਹਿਲਾਂ ਹੀ ਬੀ ਜੇ ਪੀ ਦੀ ਝੋਲੀ ਵਿਚ ਜਾ ਪਿਆ ਹੈ। ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ, ਸਮਾਜਵਾਦੀ ਪਾਰਟੀ ਦਾ ਅਖਿਲੇਸ਼ ਕੁਮਾਰ ਵੀ ਕਿਸੇ ਤੋਂ ਘੱਟ ਨਹੀਂ, ਮਮਤਾ ਬੈਨਰਜੀ ਦੇ ਸੁਭਾਅ ਦਾ ਸਭ ਨੂੰ ਪਤਾ ਹੈ, ਲਾਲੂ ਯਾਦਵ ਨੇ ਆਪਣੇ ਮੁੰਡੇ ਲਈ ਕਿਸੇ ਅਹਿਮ ਮਹਿਕਮੇ ਦੀ ਮਨਿਸਟਰੀ ਤੋਂ ਬਿਨਾਂ ਗੱਲ ਨਹੀਂ ਕਰਨੀ। ਬਾਕੀ ਝੋਟੀਆਂ ਵੀ ਆਪਣੇ ਆਪਣੇ ਫਾਇਦੇ ਭਾਲਣ ਗੇ। ਇਹਨਾਂ ਦੀ ਆਪਸੀ ਖਾਨਾਜੰਗੀ ਹੀ ਇਹਨਾਂ ਨੂੰ ਬਰਬਾਦ ਕਰੇਗੀ। ਜਨਤਾ ਸਰਕਾਰ ਸਮੇਂ ਜੋ ਬਿੱਲੀ ਮਾਸੀ ਦਾ ਰੋਲ ਕਾਂਗਰਸ ਨੇ ਨਿਭਾਇਆ ਸੀ, ਉਹੀ ਹੁਣ ਬੀ ਜੇ ਪੀ ਕਰੇਗੀ। ਚੁਣੇ ਹੋਏ ਨੁਮਾਇੰਦਿਆਂ ਦੇ ਕਿਰਦਾਰ ਦਾ ਸਾਨੂੰ ਸਭ ਨੂੰ ਹੀ ਪਤਾ ਹੈ, ਕੁਰਸੀ ਦੇ ਲਾਲਚ ਵਿਚ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਵਰਤਮਾਨ ਸਮੇਂ ਵਿਚ ਤਾਂ ਕਰੋੜਾਂ-ਅਰਬਾਂ ਰੁਪਏ ਜੋ ਚੋਣ ਬਾਂਡਾ ਦੇ ਨਾਂ ਤੇ ਇਕੱਠੇ ਕੀਤੇ ਹਨ, ਉਹ ਕਦੋਂ ਕੰਮ ਆਉਣ ਗੇ?
ਸੋ ਜੇ ਸਮੁੱਚੇ ਰੂਪ ਵਿਚ ਦੇਖਿਆ ਜਾਏ ਤਾਂ 4 ਜੂਨ ਨੂੰ ਦੇਸ਼ ਵਿਚ ਨਵੀਂ ਸਰਕਾਰ ਨਹੀਂ ਬਣੇ ਗੀ ਸਗੋਂ ਸਾਡੇ ਦੇਸ਼ ਦੀ ਰਾਜਨੀਤੀ ਦਾ ਘਿਨਾਉਣਾ ਰੂਪ ਹੋਰ ਉਘੜਵੇਂ ਰੂਪ ਵਿਚ ਸਾਹਮਣੇ ਆਵੇ ਗਾ। ਸਰਕਾਰ ਜੁਗਾੜੂ ਨੇਤਾਵਾਂ ਦੀ ਬਣੇਗੀ, ਦੇਸ਼ ਦੀ ਆਮ ਜਨਤਾ ਦੇ ਹਾਲਾਤ ਉਹੀ ਰਹਿਣ ਗੇ, ਦੇਸ਼ ਦੇ ਰਾਜਨੀਤਕ ਖੇਤਰ ਵਿਚ ਖਲਾਅ ਹੋਰ ਵਧੇ ਗਾ।
ਰਵਿੰਦਰ ਸਿੰਘ ਸੋਢੀ
001-604-369-2361
ਰਿਚਮੰਡ, ਕੈਨੇਡਾ।