ਅਮਰੀਕਾ ਤੋਂ ਡਿਪੋਰਟ ਹੋਏ ਲੋਕ, ਕਸੂਰ ਵਾਰ ਕੌਣ ?

ਅੱਜ-ਕੱਲ੍ਹ ਇੱਕ ਬਹੁੱਤ ਹੀ ਖਾਸ ਮੁੱਦਾ ਭਖਿਆ ਹੋਇਆ ਹੈ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਬਾਰੇ। ਵੇਖਿਆ ਜਾਵੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਇਹ ਗਲਤ ਨਹੀਂ ਠੀਕ ਹੀ ਕੀਤਾ ਗਿਆ ਹੈ। ਏਨ੍ਹਾਂ ਖਰਚਾ ਕਰ ਕੇ ਗਏ ਭਾਰਤੀਆਂ ਦੇ ਡਿਪੋਰਟ ਹੋਣ ਤੇ ਸਾਨੂੰ ਉਨ੍ਹਾਂ ਨਾਲ ਹਮਦਰਦੀ ਹੈ ਪਰ ਇਸ ਵਿੱਚ ਕਸੂਰ ਕਿਸ ਦਾ ਹੈ ? ਸਾਡੇ ਘਰ ਦੀ ਕੰਧ ਟੱਪ ਕੇ ਕੋਈ ਸਾਡੇ ਘਰ ਵੜ ਜਾਵੇ ਅਸੀਂ ਉਸ ਦਾ ਕੁੱਟ-ਕੁੱਟ ਬੁਰਾ ਹਾਲ ਕਰ ਦਿੰਦੇ ਹਾਂ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ। ਇਹ ਤਾਂ ਫਿਰ ਕਿਸੇ ਦੇਸ਼ ਦੀ ਹੱਦ ਟੱਪ ਕੇ ਗਏ ਹਨ, ਉਹ ਵੀ ਸੰਯੁਕਤ ਰਾਸ਼ਟਰ ਦੀ। ਕੀ ਇਨ੍ਹਾਂ ਦਾ ਕਸੂਰ ਨਹੀਂ ਹੈ। ਸ਼ੁਕਰ ਕਰੋ ਅਮਰੀਕਾ ਨੇ ਡਿਪੋਰਟ ਕੀਤਾ ਹੈ। ਜੇਕਰ ਪਾਕਿਸਤਾਨ ਹੁੰਦਾਂ ਤਾਂ ਉਨ੍ਹਾਂ ਨੇ ਤਾਂ ਗੋਲੀ ਹੀ ਮਾਰ ਦੇਣੀ ਸੀ।

ਕਿਸੇ ਫੁਕਰੇ ਗਾਇਕ ਨੇ ਗੀਤ ਗਾਇਆ ਸੀ, “ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ”। ਅਗਲੇ ਨੇ ਰੋਕ ਕੇ ਵਿਖਾ ਦਿੱਤਾ। ਟਰੰਪ ਨੇ ਜਹਾਜ ਭਰ-ਭਰ ਕੇ ਪੰਜਾਬੀ ਭੇਜ ਦਿੱਤੇ ਵਾਪਸ। ਜਦੋਂ ਆਪਾਂ ਕਿਸੇ ਨਾਲ ਗਲਤ ਕਰਾਂਗੇ, ਕਿਸੇ ਖਿਲਾਫ ਗਲਤ ਸ਼ਬਦਾਵਲੀ ਵਰਤਾਂਗੇ ਤਾਂ ਅਗਲਾ ਭੇਜੂਗਾ ਹੀ। ਇਸ ਗਾਣੇ ਦਾ ਕੀ ਮਤਲਬ ਹੈ ? ਇਹ ਗਾਣਾ ਕੋਈ ਸ਼ੋਭਾ ਦਿੰਦਾ ਹੈ। “ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ” ਤੁਸੀਂ ਅਗਲੇ ਦੇ ਘਰ ਜ਼ਬਰਦਸਤੀ ਵੜੋ ਤੇ ਕਹੋ ਕਿ ਤੂੰ ਰੋਕ ਨਹੀਂ ਸਕਦਾ, ਫਿਰ ਤਾਂ ਅਗਲਾ ਜੁੱਤੀਆਂ ਮਾਰੂਗਾ ਹੀ। ਜਿਹੜਾ ਇਹ ਗੀਤ ਜਿਸ ਨੇ ਵੀ ਲਿਿਖਆ ਤੇ ਗਾਇਆ ਹੈ ਉਸ ਸਭ ਤੋਂ ਵੱਡੀ ਗਲਤੀ ਕੀਤੀ ਹੈ। ਇਹ ਗੀਤ ਟਰੰਪ ਨੂੰ ਚੈਲੇਂਜ ਹੈ। ਉਹ ਵੀ ਸੰਯੁਕਤ ਰਾਸ਼ਟਰ ਦੇ ਪ੍ਰੈਜੀਡੈਂਟ ਨੂੰ। ਫੁਕਰਿਓ ਤੁਹਾਡੀ ਔਕਾਤ ਹੈ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਚੈਲੇਂਜ ਕਰੋ! ਜਾਂਦੀ ਤਾਂ ਉਥੇ ਹਰ ਕਮਿਉਨਟੀ ਹੈ। ਪਰ ਨਲਾਇਕ ਗੀਤਕਾਰਾਂ ਤੇ ਗਾਇਕਾਂ ਨੇ ਪੰਜਾਬੀਆਂ ਨੂੰ ਬਦਨਾਮ ਕਰ ਦਿੱਤਾ। ਗੁਜਰਾਤੀ ਤੇ ਸਾਊਥ ਇੰਡੀਅਨ ਜਿਆਦਾ ਜਾਂਦੇ ਹਨ ਪਰ ਬਦਨਾਮ ਪੰਜਾਬੀ ਹੋ ਗਏ। ਟਰੰਪ ਨੂੰ ਉਸ ਦੇ ਵਜੀਰਾਂ ਨੇ ਇਹ ਗਾਣਾ ਟਰਾਂਸਲੇਟ ਕਰ ਕੇ ਸੁਣਾ ਦਿੱਤਾ “ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ”। ਅਗਲੇ ਨੇ ਫਿਰ ਰੋਕ ਕੇ ਵਿਖਾ ਦਿੱਤਾ।

ਹੁਣ ਡਿਪੋਰਟ ਹੋਏ ਲੋਕ ਕਹਿ ਰਹੇ ਆ ਅਸੀਂ ਲੱਖਾਂ ਰੁਪਏ ਦੇ ਕੇ ਅਮਰੀਕਾ ਗਏ ਹਾਂ। ਲੱਖਾਂ, ਕਰੋੜਾਂ ਰੁਪਏ ਤੁਸੀਂ ਏਜੰਟਾਂ ਨੂੰ ਦਿੱਤੇ ਹਨ ਨਾ ਕਿ ਅਮਰੀਕਾ ਕੰਟਰੀ ਨੂੰ ! ਤੁਸੀਂ ਲੱਖਾਂ, ਕਰੋੜਾਂ ਰੁਪਏ ਏਜੈਂਟਾਂ ਨੂੰ ਦੇ ਕੇ ਗਲਤ ਤਰੀਕੇ ਨਾਲ ਗਏ ਇਸ ਵਿੱਚ ਅਮਰੀਕਾ ਜਾਂ ਟਰੰਪ ਦਾ ਕੀ ਕਸੂਰ? ਇਸ ਵਿੱਚ ਏਜੈਂਟਾਂ ਦਾ ਵੀ ਕੀ ਕਸੂਰ ! ਏਜੈਂਟਾਂ ਨੇ ਕੁਮੈਟਮੈਂਟ ਕੀਤੀ ਸੀ ਤੁਹਾਨੂੰ ਅਮਰੀਕਾ ਪਹੁੰਚਾਉਣ ਦੀ, ਉਹ ਉਨ੍ਹਾਂ ਨੇ ਪੂਰੀ ਕਰ ਦਿੱਤੀ। ਤੁਸੀਂ ਅਮਰੀਕਾ ਪਹੁੰਚ ਗਏ, ਬਾਅਦ ਵਿੱਚ ਜੇ ਟਰੰਪ ਨੇ ਤੁਹਾਨੂੰ ਡਿਪੋਰਟ ਕਰ ਦਿੱਤਾ ਇਸ ਵਿੱਚ ਏਜੈਂਟਾਂ ਦਾ ਕੀ ਕਸੂਰ? ਏਜੈਂਟ ਨੇ ਉਹ ਪੈਸਾ ਅਮਰੀਕਾ ਪਹੁੰਚਾਉਣ ਦਾ ਲਿਆ ਸੀ ਅਗਲੇ ਨੇ ਜਿੱਦਾਂ ਕਿੱਦਾ ਪਹੁੰਚਾ ਦਿੱਤਾ। ਏਜੰਟ ਦਾ ਤਾ ਕੰਮ ਖਤਮ ਹੋ ਗਿਆ। ਕਿਹੜਾ ਏਜੈਂਟ 50 ਲੱਖ ਵਾਪਸ ਕਰ ਦੇਵੇਗਾ। ਉਹ ਨਾ ਪਹੁੰਚੇ ਹੋਏ ਦੇ ਪੈਸੇ ਵਾਪਸ ਨਹੀਂ ਕਰਦੇ, ਜਿਹੜੇ ਰਸਤੇ ‘ਚ ਮੁੱਕ ਜਾਂਦੇ ਹਨ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਦੇ। ਇਹ ਤਾਂ ਅਮਰੀਕਾ ਪਹੁੰਚ ਵੀ ਗਏ ਸਨ। ਇਹ ਹੁਣ ਵੱਖਰੀ ਗੱਲ ਆ ਟਰੰਪ ਨੇ ਦੁਬਾਰਾ ਇੰਡੀਆ ਤੋਰ ਦਿੱਤੇ। ਸ਼ੁਕਰ ਕਰੋ ਟਰੰਪ ਨੇ ਟਿਕਟ ਦੇ ਪੈਸੇ ਨਹੀਂ ਲਏ। ਫਰੀ ਵਿੱਚ ਵਾਪਿਸ ਭੇਜਿਆ ਉਹ ਵੀ ਸਹੀ ਸਲਾਮਤ। ਜੇਕਰ ਪਾਕਸਿਤਾਨ ਜਾਂ ਇਦਾ ਦੇ ਕਿਸੇ ਹੋਰ ਦੇਸ਼ ਦੇ ਹੱਥ ਚੜ੍ਹ ਜਾਦੇ ਤਾਂ ਉਨ੍ਹਾਂ ਨੇ ਹੁਣ ਤਾ ਘੁਸਪੈਠੀਏ ਕਹਿ ਕੇ ਗੋਲੀ ਮਾਰ ਦੇਣੀ ਸੀ।

ਪੰਜਾਬੀ ਤਾਂ ਜਹਾਜ ਦੇ ਟਾਇਰਾਂ ਨਾਲ ਲਮਕ ਕੇ ਜਾਣ ਤੋਂ ਵੀ ਨਹੀਂ ਟਲਦੇ। ਅੱਜ ਤੋਂ ਕਈ ਸਾਲ ਪਹਿਲਾਂ ਮਾਲਟਾ ਕਾਂਡ ਹੋਇਆ ਸੀ ਜਿਸ ਵਿੱਚ ਸਵਾਰ 400 ਪੰਜਾਬੀ ਮਰ ਗਿਆ ਸੀ। ਅਸੀਂ ਅਜਿਹੀਆਂ ਘਟਨਾਵਾਂ ਤੋਂ ਕਦੀ ਵੀ ਸਬਕ ਨਹੀਂ ਲਿਆ। ਹੁਣ ਕੁੱਝ ਲੋਕ ਕਹਿ ਰਹੇ ਹਨ ਕਿ ਟਰੰਪ ਨੇ ਗਲਤ ਕੀਤਾ। ਤੁਹਾਨੂੰ ਕਿਸ ਨੇ ਕਿਹਾ ਕਿ ਤੁਸੀਂ 30 ਲੱਖ 40 ਲੱਖ ਰੁਪਏ ਲਾ ਦੇ ਕੇ ਗਲਤ ਤਰੀਕੇ ਨਾਲ ਬਾਹਰ ਜਾਉ। ਜੇ ਤੁਹਾਡੇ ਕੋਲ 30-40 ਲੱਖ ਰੁਪਏ ਹੈਗਾ ਤਾਂ ਇਥੇ ਕੋਈ ਕਾਰੋਬਾਰ ਕਰ ਲਵੋ। ਕਿਉਂ ਗਲਤ ਤਰੀਕੇ ਨਾਲ ਬਾਹਰ ਜਾਣ ਲਾਈ ਆਪਣੀ ਜਾਨ ਖਤਰੇ ਵਿੱਚ ਪਾ ਰਹੋ ਹੋ। ਗਲਤ ਤਰੀਕੇ ਨਾਲ ਬਾਹਰ ਜਾਣਾ ਜਿਸ ਨੂੰ ‘ਡੋਂਕੀ ਲਾਉਣਾ’ ਕਹਿੰਦੇ ਹਨ। ਡੋਂਕੀ ਲਾਉਦੇ ਸਮੇਂ ਕੁਝ ਹੋ ਜਾਵੇ ਤਾਂ ਕੋਣ ਜਿੰਮੇਵਾਰ ਹੁੰਦਾ ਹੈ? ਤੁਹਾਨੂੰ ਆਈਡੀਆ ਹੈ ਕਿ ਡੋਂਕੀ ਕਿੱਦਾਂ ਲਵਾਉਂਦੇ ਹਨ। ਕਈ ਵੀਡੀਓ ਵਾਈਰਲ ਹੋਈਆਂ ਹਨ ਜਿਨ੍ਹਾਂ ਵਿੱਚ ਸਾਫ ਦਿੱਖ ਰਿਹਾ ਹੈ ਕਿ ਡੌਂਕੀ ਲਗਾਉਣ ਲਈ ਜੰਗਲਾਂ ਵਿੱਚੋ ਦੀ ਜਾਣਾ ਪੈਦਾ ਹੈ, ਕਈ ਕਈ ਦਿਨ ਭੁੱਖੇ ਵੀ ਰਹਿਣਾ ਪੈਦਾ ਹੈ। ਜੇਕਰ ਥਕਾਨ ਤੇ ਭੁੱਖ ਕਾਰਨ ਤੁਹਾਡੇ ਕੋਲੋ ਨਹੀਂ ਤੁਰਿਆ ਜਾਂਦਾ ਤਾਂ ਤੁਹਾਡੇ ਏਜੰਟ ਜੋ ਡੌਂਕੀ ਲਵਾ ਰਹੇ ਹਨ, ਉਹ ਤੁਹਾਨੂੰ ਗੋਲੀ ਵੀ ਮਾਰ ਦਿੰਦੇ ਹਨ ਕਿਉਕਿ ਉਨ੍ਹਾਂ ਨੇ ਅਗਲੇ ਬੰਦਿਆਂ ਨੂੰ ਵੀ ਲੈ ਕੇ ਜਾਣਾ ਹੁੰਦਾਂ ਹੈ। ਚਲੋ ਜੇ ਤੁਸੀਂ ਉੱਥੇ ਕਿਤੇ ਬਚ ਗਏ ਤੁਸੀਂ ਡੌਂਕੀ ਲਗਾ ਕੇ ਮੈਕਸੀਕੋ ਤੱਕ ਪਹੁੰਚ ਗਏ ਉਸ ਤੋਂ ਬਾਅਦ ਉਹ ਜਿਹੜੀ ਕੰਧ ਹੈ। (ਲੋਕੀ ਕਹਿੰਦੇ ਆਪਾਂ ਤਾਂ ਦੇਖੀ ਨਹੀਂ) ਉਹ ਕੰਧ ਟੱਪਣੀ ਬੜੀ ਔਖੀ ਹੈ। ਉੱਥੇ ਵੀ ਮਿਲਟਰੀ ਦਾ ਪਹਿਰਾ ਹੈ। ਉਥੇ ਉਹ ਨਿਕਲਣ ਤੋਂ ਬਾਅਦ ਬੱਚਿਆਂ ਨੂੰ ਫਰੀਜ਼ਰਾਂ ਦੇ ਵਿੱਚ ਲਗਾ ਕੇ ਲੈ ਕੇ ਅੱਗੇ ਲੈ ਜਾਂਦੇ ਹਨ। ਟਰੱਕਾਂ ਦੀਆਂ ਸੀਟਾਂ ਦੇ ਵਿੱਚ ਲੰਮੇ ਪਾ ਕੇ ਲੈ ਕੇ ਜਾਂਦੇ ਹਨ। ਥੱਲੇ ਕਈਆਂ ਦੇ ਸਾਹ ਘੱੁਟਣ ਨਾਲ ਮੌਤ ਹੋ ਜਾਂਦੀ ਹੈ, ਕਈਆਂ ਦੀ ਫਰੀਜ਼ਰ ਦੇ ਵਿੱਚ ਜਿਆਦਾ ਟੈਂਪਰੇਚਰ ਕਰਕੇ ਮੌਤ ਹੋ ਜਾਂਦੀ ਹੈ। ਕੋਈ ਕਿਸਮਤ ਵਾਲਾ ਬੰਦਾ ਉਥੇ ਪਹੁੰਚ ਵੀ ਗਿਆ ਤਾਂ ਉਸ ਦੀ ਜਿੰਦਗੀ ਅਗਲੇ 10 ਸਾਲ, 15 ਸਾਲ ਬਹੁੱਤ ਹੀ ਜਿਆਦਾ ਮੁਸ਼ਕਲ ਵਾਲੇ ਹੋਣਗੇ। ਕਿਉਂਕਿ ਉਸ ਨੂੰ ਜਾਂਦੇ ਹੀ ਤਾਂ ਵਰਕ ਪਰਮਿਟ ਜਾਂ ਪੀ.ਆਰ. ਮਿਲ ਨਹੀਂ ਜਾਣੀ। ਪਹਿਲਾ ਕਈ ਸਾਲ ਚੋਰੀ ਛੂਪੇ ਕੰਮ ਕਰੇਗਾ, ਫਿਰ ਵਕੀਲਾਂ ਨੂੰ ਮੋਟੀਆ ਰਕਮਾ (ਪੈਸੇ) ਦੇ ਕੇ ਕੋਈ ਕੇਸ ਅਪਲਾਈ ਕਰੇਗਾ। ਵਕੀਲਾਂ ਨੂੰ ਪੈਸੇ ਕੇ ਸਾਈਲਮ ਪਵਾਏਗਾ। ਸਾਈਲਮ ਤੋਂ ਆਏਗਾ ਫਿਰ ਉਸ ਤੋਂ ਬਾਅਦ ਉਹਦਾ ਕੇਸ ਕੋਰਟ ਦੇ ਵਿੱਚ ਚੱਲੇਗਾ। ਕਈ ਸਾਲ ਇਸੇ ਤਰ੍ਹਾਂ ਨਿਕਲ ਜਾਣਗੇ ਉਹ ਵਾਪਿਸ ਵੀ ਨਹੀਂ ਆ ਸਕੇਗਾ। 20-25 ਸਾਲ ਦਾ ਨੌਜਵਾਨ 40-45 ਸਾਲ ਬਾਅਦ ਸੈਂਟ ਹੋ ਵੀ ਗਿਆ ਤਾਂ ਉਸ ਦੀ ਲਾਈਫ ਤਾਂ ਨਿੱਕਲ ਗਈ। ਉਸ ਤੋਂ ਬਾਅਦ ਮੈਰਿਜ ਦੀ ਲਾਈਫ ਨਹੀਂ ਰਹਿੰਣੀ।

ਡਿਪੋਰਟ ਕੀਤੇ ਗਏ ਭਾਰਤੀ ਲੋਕਾਂ ਦਾ ਅੰਮ੍ਰਿਤਸਰ ਵਿਖੇ ਉਤਰੇ ਜਹਾਜ ਦਾ ਬੜਾ ਜ਼ਿਕਰ ਆ ਕਿ ਹੱਥ ਕੜੀਆਂ ਲਾ ਕੇ ਮਿਲਟਰੀ ਜਹਾਜ ਤੇ ਵਾਪਸ ਕਰਕੇ ਗਏ ਆ। ਪਰ ਬਈ ਓਹ ਗਏ ਕਿਹੜੇ ਸੇਰੇ ਲਾ ਕੇ ਸੀ। ਜੰਗਲਾ ਵਿੱਚ 100 ਕਿਲੋਮੀਟਰ ਤੋਂ ਜਿਆਦਾ ਪੈਦਲ ਤੁਰ ਕੇ ਪਣਾਮਾ ਦੇ ਜੰਗਲਾਂ ਵਿਚ ਹੱਡੀਆਂ, ਕੰਕਰਾਂ ਤੇ ਪੈਰ ਰੱਖ ਕੇ ਪਹਾੜੀਆਂ ਨੂੰ ਟੱਪ ਕੇ ਕਈ ਦਿਨਾਂ ਬਾਅਦ ਅਮਰੀਕਾ ਵਿੱਚ ਵੜੇ ਸੀ ਉਹਨਾਂ ਦੀ ਕੰਧ ਟੱਪ ਕੇ। ਜਿਸ ਕਿਸੇ ਨੇ ਕਿਸੇ ਦੇ ਘਰ ਦੀ ਕੰਧ ਟੱਪੀ ਹੋਵੇ ਉਹ ਤਾਂ ਫਿਰ ਇਦਾਂ ਦਾ ਸਲੂਕ ਕਰੇਗਾ ਹੀ। ਸਾਡੇ ਕਸੂਰ ਵੀ ਬਥੇਰੇ ਹਨ। ਕੱਧ ਤਾਂ ਟੱਪੀ ਹੀ ਸੀ ਫਿਰ ਉਥੇ ਵੀਡੀਓ ਵੀ ਬਣਾਈ। ਏਜੈਂਟ ਦਾ ਨਾਂ ਲਿਆ ਤੇ ਫਲਾਣੇ ਦੀ ਗੇਮ ਆ ਅਤੇ ਅਸੀਂ ਇਨ੍ਹੇ ਜੱਦੋ ਜਹਿਦ (ਸਟਰਗਲ) ਨਾਲ ਅਮਰੀਕਾ ਪਹੁੰਚੇ। ਤੁਹਾਨੂੰ ਕੀ ਲੱਗਦਾ ਤੁਹਾਡੀਆਂ ਫੁਕਰੀਆਂ ਦੀਆਂ ਵੀਡੀਓ ਟਰੰਪ ਤੱਕ ਨਹੀਂ ਪਹੁੰਚਦੀਆਂ। ਅਗਲੇ ਨੇ ਸਭ ਕੁੱਝ ਟਰੇਸ ਕਰ ਲਿਆ। ਪਰ ਸਮਝ ਨਹੀਂ ਆਉਦੀ ਕਿ ਜਿਹੜਾ ਬੰਦਾ 50 ਲੱਖ ਲਾ ਕੇ ਅਮਰੀਕਾ ਜਾ ਰਿਹਾ ਉਸ ਨੂੰ ਅਮਰੀਕਾ ਜਾਣ ਦੀ ਲੋੜ ਕੀ ਹੈ। ਉਸ ਦੇ ਇਹ 50 ਲੱਖ ਕਦੋਂ ਪੂਰੇ ਹੋਣਗੇ। ਫਿਰ ਰਿਸਕ ਇੰਨ੍ਹਾਂ ਵੱਡਾ, ਜਾਨ ਦੀ ਜਮ੍ਹਾਂ ਵੀ ਪਰਵਾਹ ਹੀ ਨਹੀਂ। ਫੜੇ ਗਏ ਜੇਲ ਵਿੱਚ ਜਾਓਗੇ, ਮਾਰੇ ਗਏ ਤਾਂ ਰਸਤੇ ਵਿੱਚ ਹੀ ਖੱਪ ਜਾਓਗੇ। ਤੁਸੀਂ 50 ਲੱਖ ਦੇ ਵਿੱਚ ਇਥੇ ਕੀ ਕੁਝ ਨਹੀਂ ਕਰ ਸਕਦੇ। ਕਿੱਡਾ ਵੱਡਾ ਬਿਜ਼ਨਸ ਖੜਾ ਕਰ ਸਕਦੇ ਹੋ ਪਰ ਸਾਡੇ ਕੀੜਾ ਹੈ ਬਾਹਰ ਜਾਣ ਦਾ, ਉਹ ਕਿਵੇਂ ਨਿਕਲੇ। ਕਸੂਰਵਾਰ ਮਾਪੇ ਹਨ, ਕਸੂਰਵਾਰ ਹਨ ਜਾਣ ਵਾਲੇ। ਇੱਥੇ ਕਸੂਰਵਾਰ ਉਹ ਟਰੈਵਲ ਏਜੰਟ ਨਹੀਂ, ਟਰੈਵਲ ਏਜੰਟ ਘਰ-ਘਰ ਜਾ ਕੇ ਹੋਕੇ ਨਹੀਂ ਦਿੰਦੇ ਫਿਰਦੇ ਕਿ ਆਓ ਤੁਹਾਨੂੰ ਅਮਰੀਕਾ ਭੇਜੀਏ। ਤੁਸੀਂ ਟਰੈਵਲ ਏਜੰਟ ਨੂੰ ਲੱਭਦੇ ਆ ਫਿਰ ਤੁਰ ਕੇ, ਪੁੱਛ ਪਛਾ ਕਰਕੇ।

ਜਿਹੜੇ ਮਾਪੇ ਇਨਾ ਪੈਸਾ ਲਗਾ ਕੇ ਉਹਨਾਂ ਨੇ ਬੱਚਿਆਂ ਨੂੰ ਭੇਜ ਰਹੇ ਹਨ ਇਹ ਵੀ ਇੱਕ ਭੇਡਚਾਲ ਹੀ ਹੈ। ਜਿਨ੍ਹੇ ਪੈਸੇ ਲਗਾ ਜੇ ਸਟੱਡੀ ਬੇਸ ਤੇ ਲੋਕ ਕੈਨੇਡਾ, ਅਮਰੀਕਾ ਜਾਂ ਅਸਟ੍ਰੇਲੀਆ ਜਾ ਰਹੇ ਹਨ। ਉਨ੍ਹੇ ਰੁਪਏ ਨਾਲ ਭਾਰਤ ਵਿੱਚ ਜਿਹੜੀ ਮਰਜੀ ਉੱਚ ਵਿਦਿਆ ਲੈ ਲਵੋ। ਇਨ੍ਹੇ ਰੁਪਇਆਂ ਨਾਲ ਕੋਈ ਕਾਰੋਬਾਰ ਸ਼ੁਰੂ ਕਰ ਲਵੋਂ ਤੁਸੀ ਜੋਸ ਬਣ ਕੇ ਕੰਮ ਕਰੋਗੇ। ਜਿਹੜੇ ਬੱਚੇ ਆਈ-ਲੈਟਸ ਕਰ ਸਕਦੇ ਹਨ ਉਹ ਆਈ.ਪੀ.ਐਸ. ਜਾਂ ਪੀ.ਸੀ.ਐਸ, ਐਲ.ਐਲ.ਬੀ., ਲਾਅ ਵਗੈਰਾ ਵੀ ਅਸਾਨੀ ਨਾਲ ਕਰ ਸਕਦੇ ਹਨ। ਉਹ ਕਿਉਂ ਇਥੇ ਅਫਸਰ ਨਾ ਬਣ ਕੇ ਕੈਨੇਡਾ ਵਿੱਚ ਦਿਹਾੜੀਆਂ ਕਰਨ ਨੂੰ ਤਿਆਰ ਹਨ। ਬੱਸ ! ਇੱਕ ਭੇਡ-ਚਾਲ ਹੈ, ਵਿਦੇਸ਼ਾ ਦੀ ਦੂਰ ਬੈਠਿਆਂ ਨੂੰ ਦਿਸ ਰਹੀ ਚਮਕ ਦਮਕ ਹੈ। ਪੜ੍ਹੇ- ਲਿਖੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਬਜਾਏ ਉਨ੍ਹਾਂ ਨੂੰ ਜਲਦੀ-ਜਲਦੀ ਦੇਸ਼ ਨਿਕਾਲਾ ਦੇਣ ਨੂੰ ਤਿਆਰ ਹਨ। ਚੰਗੀਆਂ-ਭਲੀਆਂ ਵਧੀਆਂ ਨੌਕਰੀਆਂ ਛੱਡ ਕੇ ਬਾਹਰ ਨੂੰ ਭੱਜਣ ਲਈ ਤਿਆਰ ਹਨ। ਉਥੇ ਜਾਂ ਕੇ ਨਰਕ ਭਰੀ ਜਿੰਦਗੀ ਜਿਆਉਂਦੇ ਹਨ। ਪਰ ਇਥੇਂ ਗੱਲ ਸੁਨਣ ਨੂੰ ਤਿਆਰ ਨਹੀਂ। ਇਸ ਵਿਦੇਸ਼ੀ ਰੁਝਾਣ ਨੂੰ ਕਿੱਦਾ ਠੱਲ ਪਾਈ ਜਾ ਸਕਦੀ ਹੈ? ਕੌਣ ਪਾ ਸਕਦਾ ਹੈ ? ਲੋਕ ਪਾ ਸਕਦੇ ਹਨ ਜਾਂ ਸਰਕਾਰ ਪਾ ਸਕਦੀ ਹੈ? ਇਹ ਵੀ ਚਰਚਾ ਦਾ ਵਿਸ਼ਾ ਹੈ। ਇਹ ਤਾਂ ਤਾਹੀ ਹੋ ਸਕਦਾ ਹੈ ਜੇਕਰ ਸਾਡੀ ਪੰਜਾਬੀਆਂ ਦੀ ਸੋਚ ਬਦਲੇਗੀ। ਸਾਡੀ ਪੰਜਾਬੀਆਂ ਦੀ ਸੋਚ ਕਦੋਂ ਬਦਲੇਗੀ ? ਇਹ ਤਾਂ ਰੱਬ ਹੀ ਜਾਣੇ !

-ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

Cell : (+91)-9988-92-9988
E-mail: mehakwattandi@rediffmail.com
Web Site: www.mehakwatandilive.com