ਸਿਰੇ ਦੀ ਠੰਡ-ਗਰਮੀ, ਝੱਲਣ ਵਾਲੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ, ਇੱਥੇ ਰਾਜ਼ੀ-ਖੁਸ਼ੀ ਹਾਂ। ਆਪ ਜੀ ਦੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪਿੰਡ ਦੀ ਸੇਵਾ ਕਰਨ ਵਾਲੇ ਸਿਆਣਿਆਂ ਵਿੱਚ, ‘ਦਰਸੀਦਾ ਜ਼ਿਕਰ ਅਜੇ ਵੀ ਹੁੰਦਾ ਹੈ। ਅਸਲ ਵਿੱਚ ਉਹ ਪਿੰਡ ਦੀ ਕੁੜੀ ਸੀ। ਕਈ, ਉਸਨੂੰ ‘ਜਣੇਪੇ
ਚ ਸਿਆਣੀ ਹੋਣ ਕਰਕੇ, ‘ਦਰਸੀ ਦਾਈ
ਕਹਿੰਦੇ ਸਨ। ਕੋਈ ‘ਦਰਸੀ ਸਿਆਣੀਆਖਦਾ, ‘ਦਰਸੀ ਭੂਆ
ਦੱਸਦਾ। ਵੱਡੀ ਉਮਰ ਹੋਣ ਕਰਕੇ ‘ਦਰਸੀ ਮਾਈਵੀ ਆਖਦੇ। ਪਰ ਉਹ ਦਰਸੀ ਸੀ, ਹਰੇਕ ਨੂੰਹ-ਧੀ ਨੂੰ ਬੁੱਕਲ
ਚ ਲੈ ਕੇ, ਮਾਂ ਵਾਂਗੂੰ ਪਿਆਰ ਕਰਕੇ, ਔਖੇ ਵੇਲੇ ‘ਜੰਮਣ-ਪੀੜਾਘੱਟ ਕਰਨ ਅਤੇ ਹਰਨ ਵਾਲੀ ਦੇਵੀ। ਕੁੱਲ ਨੱਬੇ ਸਾਲ ਦੀ ਉਮਰ
ਚੋਂ ਉਸਨੇ ਸੱਤਰ ਸਾਲ ਇਹ ਸੇਵਾ ਕੀਤੀ, ਪੁੰਨ-ਧਰਮ ਸਮਝਕੇ। ‘ਨੱਥਾਂ ਤੋਂ ਸਿੱਖੀਪਰ ਉਸਨੂੰ ਕੁਦਰਤੀ ਦਾਤ ਵੀ ਸੀ। ਕੋਈ ਅੱਧਾ ਪਿੰਡ ਉਸਦੇ ਹੱਥੀਂ ਜੰਮਿਆ। ਵੱਡੀ ਉਮਰ ਦਾ ਬਾਬਾ ਘੁੱਕਰ ਦੱਸਦਾ, “ਬਈ ਮੈਂ ਉਸਨੂੰ ਸਾਰੀ ਉਮਰ ਇੱਕੋ ਰੰਗ
ਚ ਵੇਖਿਆ। ਹੱਸਦੀ-ਹੱਸਦੀ, ਮਿੱਠਾ ਬੋਲਦੀ, ਸਰਨ-ਸਰਨ ਤੁਰੀ ਜਾਂਦੀ, ਨਾ ਦਿਨ ਨਾ ਰਾਤ, ਵਾਜ ਮਗਰੋਂ ਵੰਜਦੀ, ਬੱਸ ਉਹ ਝੱਟ ਪਹੁੰਚ ਕੇ ਦਿਲਾਸਾ ਦਿੰਦੀ, ‘ਨਾ ਮੇਰੀ ਡੱਡ, ਫਿਕਰ ਕਿਉਂ ਕਰਦੀ ਐਂ, ਮੈਂ ਆਗੀ ਨਾ ਤੇਰੀ ਮਾਂ…ਤੇ ਬੱਸ..... ਜਾਨ ਬਚਾ ਦਿੰਦੀ ਮਾਂ-ਬੱਚੇ ਦੀ, ਜਾਦੂ ਸੀ ਉਸਦੇ ਕਰਮਾਂ ਵਾਲੇ ਹੱਥਾਂ
ਚ। ਜੇ ਕੋਈ ਕਿਸੇ ਗੱਲੋਂ ਲੇਟ ਸੱਦਦਾ, ‘ਚੁੱਪ-ਚਾਪ ਪੁੱਜ ਕੇ ਪਹਿਲਾਂ ਇਲਾਜ ਕਰਦੀਫੇਰ ਘੇਰਦੀ, ‘ਥੋਡਾ ਬੇੜਾ ਤਰ ਜੇ, ਪਹਿਲਾਂ ਕਿਉਂ ਨੀਂ ਸੱਦਿਆ, ਜੇ ਕੁੜੀ ਨੂੰ ਕੋਈ ਔਹਰ-ਸੌਹਰ ਹੋ ਜਾਂਦੀ- ਮੈਂ ਰੱਬ ਨੂੰ ਕੀ ਮੂੰਹ ਵਿਖਾਂਉਂਦੀ, ਖ਼ਬਰਦਾਰ ਜੇ ਅੱਗੇ ਤੋਂ ਆਂਏਂ ਕੀਤਾ ਤਾਂ।" ਪਹਿਲਾਂ ਰਸਤੇ ਕੱਚੇ ਸੀ। ਡਾਕਟਰੀ ਇਲਾਜ ਨਹੀਂ ਸੀ। ਕੋਈ ਸਾਧਨ ਵੀ ਨਹੀਂ ਸੀ ਹਸਪਤਾਲ/ਸ਼ਹਿਰ ਜਾਣ ਲਈ। ਫੇਰ ਡਿਸਪੈਂਸਰੀ ਆਈ। ਨਰਸ ਬੰਸੋ, ਡਾਕਟਰ ਲਾਵ, ਮਿੰਦੋ ਦਾਈ ਅਤੇ ਕਈ ਹੋਰ, ਪਰ ਘੱਟ ਖਰਚ ਕਰਕੇ ਅਤੇ ਦਰਸੀ ਨੂੰ ਵਰ ਹੋਣ ਕਰਕੇ ਲੋਕੀਂ ਉਸਦੀ ਸ਼ਰਨ ਹੀ ਜਾਂਦੇ। ਕੋਈ ਲਾਲਚ/ਤਮਾਂ ਨਹੀਂ ਸੀ ਉਸਨੂੰ। ਮੂੰਹੋਂ ਕੁੱਝ ਨਾ ਮੰਗਦੀ। ਹਰੇਕ ਗਰੀਬ-ਅਮੀਰ ਦੇ ਬਰਾਬਰ ਜਾਂਦੀ। ਲੋਕੀ, ਉਸ ਦੇ ਘਰ ਖੇਸ, ਸੂਟ, ਘਿਓ, ਸ਼ਗਨ, ਗੁੜ ਅਤੇ ਹੋਰ ਕਈ ਵਸਤਾਂ ਉਸ ਦੇ ਘਰ ਪਹੁੰਚਾ ਕੇ ਉਸ ਦੇ ਪੈਰੀਂ ਹੱਥ ਲਾਂਉਂਦੇ। ਦਰਸੀ ਵੀ ਅਸੀਸਾਂ ਨਾਲ ਨਿਹਾਲ ਕਰ ਦਿੰਦੀ, ‘ਰੱਬ ਦੁੱਧ-ਪੁੱਤ ਦੇਵੇ
। ਖੁਸ਼ੀ ਦੇ ਮੌਕੇ ਘਰ ਵਾਲੇ ਦਰਸੀ ਭੂਆ, ਪਸ਼ੂਆਂ ਦੇ ਸਿਆਣੇ ਰਣਜੀਤ ਸਿੰਹੁ, ਹਲਕੇ ਕੁੱਤੇ ਦੇ ਹਥੌਲੇ ਵਾਲੇ ਜਗਰਾਜ ਸਿੰਹੁ, ਤੇਈਆ ਤਾਪ ਠੀਕ ਕਰਨ ਵਾਲੇ ਅਰਜਨ ਸਿੰਹੁ, ਮੱਲੂ ਵੈਦ, ਬਾਬੇ ਭੂਰੀ ਆਲੇ ਅਤੇ ਸਮਾਧਾਂ ਆਲੇ ਨਾਥਾਂ ਨੂੰ ਸੱਦਣਾਂ ਨਾ ਭੁੱਲਦੇ। ਇਹ ਸਿਆਣੇ ਪਿੰਡ ਦੇ ਥੰਮ ਸਨ, ਆਸਰਾ ਸਨ, ਬਾਂਹ ਫੜਨ ਵਾਲੇ ਸਨ। ਰੱਬ ਦੇ ਭਗਤ, ਰੱਬ ਦੀ ਲੋਕਾਈ ਦਾ ਦੁੱਖ ਘਟਾਉਣ ਵਾਲੇ ਦੇਵਤੇ। ‘ਦਰਸੀ ਭੂਆਵਰਗਿਆਂ ਦਾ ਨਾਂ ਲੈਣ ਸਾਰ ਹੀ, ਲੋਕਾਂ ਨੂੰ ਕੋਈ ਚਾਨਣ ਦਿਸਣ ਲੱਗਦਾ। ਕੋਈ ਠੰਡੀ ਹਵਾ ਦਾ ਬੁੱਲ੍ਹਾ, ਠੰਡੀ ਛਾਂ ਵਰਗਾ, ਕੋਈ ਭੁੱਖ ਪੂਰੀ ਹੁੰਦੀ। ਪਿੰਡ ਦੀਆਂ ਗਲੀਆਂ, ਕੰਧਾਂ, ਮੋੜ, ਸੱਥ, ਦਰਖ਼ਤ ਅਤੇ ਗੁਰੂ-ਘਰ, ਤੁਹਾਨੂੰ ਅਜੇ ਵੀ ਦਿਨ-ਰਾਤ ਉਡੀਕਦੇ ਹਨ। ਆਇਓ ਕਦੇ..... ਚੰਗਾ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ, (ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061