ਬ੍ਰਾਜ਼ੀਲ ਵਿੱਚ ਔਰਤ ਨੇ ਕਰਜ਼ਾ ਲੈਣ ਲਈ ਦਸਤਖਤ ਕਰਾਉਣ ਵਾਸਤੇ ਬੈਂਕ ਵਿੱਚ ਵ੍ਹੀਲਚੇਅਰ ’ਤੇ ਆਪਣੇ ਰਿਸ਼ੇਤਾਰ ਦੀ ਲਾਸ਼ ਲੈ ਆਈ। CCTV ਕੈਮਰੇ ਦੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਏਰਿਕਾ ਵਿਏਰਾ ਨੂਨੇਸ 68 ਸਾਲਾ ਮਰੇ ਵਿਅਕਤੀ ਨੂੰ ਵ੍ਹੀਲਚੇਅਰ ਵਿੱਚ ਬੈਂਕ ਲਿਆਈ ਤਾਂ ਜੋ ਉਹ ਕਰਜ਼ੇ ਦੇ ਕਾਗ਼ਜ਼ਾਂ ’ਤੇ ਦਸਤਖ਼ਤ ਕਰ ਸਕੇ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰੀਓ ਡੀ ਜੇਨੇਰੀਓ ਬੈਂਕ ਦੇ ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਉਦੋਂ ਸੱਦ ਲਿਆ, ਜਦੋਂ ਉਨ੍ਹਾਂ ਨੂੰ ਔਰਤ ‘ਤੇ ਸ਼ੱਕ ਹੋ ਗਿਆ। ਵਿਅਕਤੀ ਦੀ ਮੌਤ ਕਿਵੇਂ ਅਤੇ ਕਦੋਂ ਹੋਈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਔਰਤ ਵਾਰ ਵਾਰ ਮਰੇ ਵਿਅਕਤੀ ਦੇ ਹੱਥ ਵਿੱਚ ਪੈੱਨ ਫੜਾਉਂਦੀ ਤੇ ਉਸ ਨੂੰ ਦਸਤਖ਼ਤ ਕਰਨ ਲਈ ਕਹਿੰਦੀ। ਉਹ ਵਾਰ ਵਾਰ ਕਹਿੰਦੀ,‘ਅੰਕਲ ਕੀ ਤੁਸੀਂ ਸੁਣ ਰਹੇ ਹੋ? ਤੁਸੀ ਦਸਤਖਤ ਕਰਨੇ ਨੇ।’ ਉਹ ਫੇਰ ਕਹਿੰਦੇ ਦਸਤਖ਼ ਕਰੋ, ਜੇ ਤੁਸੀਂ ਠੀਕ ਨਹੀਂ, ਤਾਂ ਮੈਂ ਤੁਹਾਨੂੰ ਹਸਪਤਾਲ ਲੈ ਜਾਵਾਂਗੀ। ਬੈਂਕ ਸਟਾਫ਼ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਪੁਲੀਸ ਨੂੰ ਬੁਲਾਇਆ। ਉਸ ਨੂੰ ਧੋਖਾਧੜੀ ਦੇ ਦੋਸ਼ ਵਿੱਚ ਮੌਕੇ ‘ਤੇ ਗ੍ਰਿਫਤਾਰ ਕਰ ਲਿਆ। ਲਾਸ਼ ਨੂੰ ਮੁਰਦਾ ਘਰ ਲਿਜਾਇਆ ਗਿਆ।