ਜਾਨ ਹੈ ਤਾਂ ਜਹਾਨ ਹੈ।

ਇਹ ਅਟੱਲ ਸੱਚਾਈ ਹੈ ਕਿ ਇਨਸਾਨ ਵਾਸਤੇ ਸਭ ਤੋਂ ਅਣਮੋਲ ਵਸਤੂਉਸ ਦੀ ਜ਼ਿੰਦਗੀ ਹੁੰਦੀ ਹੈ। ਮੌਤ ਨੂੰ ਸਾਹਮਣੇ ਵੇਖ ਕੇ ਵੱਡੇ ਵੱਡੇ ਸੂਰਮੇਵੀ ਸੁੱਕੇ ਪੱਤੇ ਵਾਂਗ ਕੰਬਣ ਲੱਗ ਜਾਂਦੇ ਹਨ।ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਜੋ ਉਸ ਨੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਰਗੜ ਕੇ ਪ੍ਰਾਪਤ ਕੀਤਾ ਸੀ। ਰਾਜਕੁਮਾਰ ਅਜੇ ਦੋ ਤਿੰਨ ਸਾਲਾਂਦਾ ਹੀ ਸੀ ਕਿ ਕਿਸੇ ਨਾਮੁਰਾਦ ਬਿਮਾਰੀ ਕਾਰਨ ਮਰਨ ਕਿਨਾਰੇ ਪਹੁੰਚ ਗਿਆ। ਸਾਫ ਲੱਗਦਾ ਸੀ ਕਿ ਉਹ ਥੋੜ੍ਹੇ ਦਿਨਾਂ ਦਾ ਹੀ ਮਹਿਮਾਨ ਹੈ। ਮਹਿਲਾਂ ਵਿੱਚ ਵਿਰਲਾਪ ਪੈ ਗਿਆ। ਰਾਜਾ ਕਹੇ ਕਿ ਹਾਏ ਰੱਬਾ ਮੇਰੀ ਜਾਨ ਲੈ ਲਾ, ਪਰ ਮੇਰੇ ਪੁੱਤਰ ਦੀ ਜਾਨ ਬਖਸ਼ ਦੇ। ਰਾਣੀ ਧਾਹਾਂ ਮਾਰੀ ਜਾਵੇ ਕਿਰੱਬਾ ਮੈਨੂੰ ਚੁੱਕ ਲਾ ਤੇ ਰਾਜੇ ਦੀ ਖੁਸ਼ਨੂਦੀ ਹਾਸਲ ਕਰਨ ਲਈ ਸਾਰੇ ਮੰਤਰੀ ਸੰਤਰੀ ਵੀ ਇਹ ਹੀ ਵਿਰਲਾਪ ਕਰੀ ਜਾਣ। ਜਦੋਂ ਦਰਬਾਰੀ ਵੈਦਾਂ ਨੇ ਹੱਥ ਖੜੇ ਕਰ ਦਿੱਤੇ ਤਾਂ ਰਾਜੇ ਨੇ ਸਾਰੇ ਰਾਜ ਵਿੱਚ ਢੰਡੋਰਾ ਫਿਰਵਾ ਦਿੱਤਾ ਕਿ ਜਿਹੜਾ ਵੀ ਮੇਰੇ ਪੁੱਤਰ ਨੂੰ ਠੀਕ ਕਰ ਦੇਵੇਗਾ, ਉਸ ਨੂੰ ਮੂੰਹ ਮੰਗਿਆ ਇਨਾਮ ਬਖਸ਼ਿਆ ਜਾਵੇਗਾ। ਇਹ ਸੁਣ ਕੇ ਵੱਡੇ ਵੱਡੇ ਵੈਦ, ਹਕੀਮ, ਤਾਂਤਰਿਕ ਅਤੇ ਮਾਂਤਰਿਕ ਆਦਿ ਮਹਿਲਾਂ ਵਿੱਚ ਪਹੁੰਚ ਗਏ ਤੇ ਆਪਣੀ ਵਾਹ ਲਗਾ ਲਈ, ਪਰ ਕੋਈ ਫਰਕ ਨਾ ਪਿਆ।


ਕੁਝ ਦਿਨਾਂ ਬਾਅਦ ਰਿੱਧੀਆਂ ਸਿੱਧੀਆਂ ਦਾ ਮਾਲਕ ਇੱਕ ਚਮਤਕਾਰੀ ਸੰਤ ਵੀ ਦਰਬਾਰ ਵਿੱਚ ਆਣ ਪਹੁੰਚਿਆ। ਉਸ ਨੇ ਰਾਜੇ ਨੂੰ ਕਿਹਾ, “ਮੈਂ ਰਾਜਕੁਮਾਰ ਦੀ ਜਾਨ ਬਚਾ ਸਕਦਾ ਹਾਂ। ਪਰ ਇਹ ਤਾਂ ਹੀ ਸੰਭਵ ਹੈ ਜੇ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਇਸ ਦੀ ਜਗ੍ਹਾ ਜਾਨ ਨਿਸ਼ਾਵਰਕਰਨ ਲਈ ਤਿਆਰ ਹੋ ਜਾਵੇ। ਕੀ ਤੁਸੀਂ ਇਹ ਕੁਰਬਾਨੀ ਦੇ ਸਕਦੇ ਹੋ?” ਸੁਣ ਕੇ ਰਾਜਾ ਝਾੜ ਵਿੱਚ ਫਸੇ ਬਿੱਲੇ ਵਾਂਗਇਧਰ ਉਧਰ ਝਾਕਣ ਲੱਗ ਪਿਆ। ਉਸ ਨੇ ਸੋਚਿਆ ਕਿ ਰਾਜ ਪਾਟ ਸੰਭਾਲਣ ਵਾਸਤੇ ਰਾਜਕੁਮਾਰ ਦੀ ਉਮਰ ਅਜੇ ਬਹੁਤ ਛੋਟੀ ਹੈ। ਜੇ ਮੈਂ ਮਰ ਗਿਆ ਤਾਂ ਦੁਸ਼ਮਣਾਂ ਨੇ ਇਸ ਨੂੰ ਦੋ ਦਿਨਾਂ ਵਿੱਚ ਹੀ ਮਾਰ ਕੇ ਰਾਜ ‘ਤੇ ਕਬਜ਼ਾ ਕਰ ਲੈਣਾ ਹੈ ਤੇ ਮੇਰੀ ਕੁਰਬਾਨੀ ਭੰਗ ਦੇ ਭਾੜੇ ਜਾਵੇਗੀ। ਮੈਂ ਫਿਰ ਆਪਣੀ ਜਾਨ ਕਿਉਂ ਜਾਇਆ ਕਰਾਂ? ਕੀ ਪਤਾ ਰੱਬ ਮੈਨੂੰ ਹੋਰ ਪੁੱਤਰ ਦੀ ਦਾਤ ਦੇ ਦੇਵੇ। ਉਸ ਨੇ ਜਾਨ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਸੰਤ ਨੇ ਰਾਣੀ ਨੂੰ ਪੁੱਛਿਆ। ਰਾਣੀ ਨੇ ਸੋਚਿਆ ਕਿ ਜੇ ਮੈਂ ਮਰ ਗਈ, ਰਾਜੇ ਨੇ ਤਾਂ ਚਾਰ ਦਿਨਾਂ ਬਾਅਦ ਹੀ ਦੂਸਰਾ ਵਿਆਹ ਕਰ ਲੈਣਾ ਹੈ। ਮਤਰੇਈ ਮਾਂ ਨੇ ਮੇਰੇ ਪੁਤਰ ਨੂੰ ਜਿੰਦਾ ਨਹੀਂ ਰਹਿਣ ਦੇਣਾ ਕਿਉਂਕਿ ਉਹ ਤਾਂ ਆਪਣੇ ਪੁਤਰ ਨੂੰ ਹੀ ਗੱਦੀ ‘ਤੇ ਬਿਠਾਉਣਾ ਚਾਹੇਗੀ। ਰਾਣੀ ਨੇ ਵੀ ਆਪਣੀ ਜਾਨ ਦੇਣ ਤੋਂ ਇਨਕਾਰ ਕਰ ਦਿੱਤਾ।


ਜਦੋਂ ਸੰਤ ਨੇ ਭੁੱਖੇ ਕੱਟਿਆਂ ਵਾਂਗ ਉੱਚੀ ਉੱਚੀ ਵਿਰਲਾਪ ਕਰ ਰਹੇ ਸੈਨਾਪਤੀ, ਮੰਤਰੀ ਅਤੇ ਦਰਬਾਰੀਆਂ ਆਦਿ ਨੂੰ ਇਹ ਸਵਾਲ ਪਾਇਆ ਤਾਂ ਉਹ ਵੀ ਗੁੰਮ ਸੁੰਮ ਹੋ ਗਏ। ਉਹਨਾਂ ਸੋਚਿਆ ਕਿ ਜੇ ਰਾਜਕੁਮਾਰ ਦੇ ਸਕੇ ਮਾਂ ਬਾਪ ਆਪਣੀ ਜਾਨ ਦੇਣ ਲਈ ਤਿਆਰ ਨਹੀਂ ਹਨ ਤਾਂ ਸਾਨੂੰ ਮਰਨ ਦੀ ਕੀ ਜਰੂਰਤ ਹੈ?ਇਹ ਸਾਡਾ ਕੀ ਲੱਗਦਾ ਹੈ? ਮੁੱਕਦੀ ਗੱਲ ਕਿ ਅੱਜ ਦੇ ਲੀਡਰਾਂ ਵਾਂਗਵੱਡੇ ਵੱਡੇ ਦਾਅਵੇ ਕਰਨ ਵਾਲਾ ਕੋਈ ਵੀ ਵਿਅਕਤੀ ਆਪਣੀ ਜਾਨ ਦੇਣ ਲਈ ਤਿਆਰ ਨਾ ਹੋਇਆ। ਲੋਕਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਵੇਖ ਕੇ ਸੰਤ ਮੰਦ ਮੰਦ ਮੁਸਕਰਾਉਂਦਾ ਹੋਇਆ ਆਪਣੇ ਰਾਹ ਪੈ ਗਿਆ ਤੇ ਰਾਜਾ, ਰਾਣੀ ਅਤੇ ਦਰਬਾਰੀ ਸ਼ਰਮਿੰਦੇ ਜਿਹੇ ਹੋਏ ਇੱਕ ਦੂਸਰੇ ਤੋਂ ਨਜ਼ਰਾਂ ਚੁਰਾ ਕੇ ਇਧਰ ਉਧਰ ਝਾਕਣ ਲੱਗ ਪਏ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062