ਸਰੋਂ ਆਂਗੂੰ ਖਿੱਲਰੇ ਪੰਜਾਬੀਓ, ਝਖੇੜੇ ਵਰਗੀ ਸਤ ਸ਼੍ਰੀ ਅਕਾਲ। ਅਸੀਂ, ਰੱਬੀ ਭਾਣੇ ਚ ਮਸਤ ਹਾਂ। ਵਾਹਿਗੁਰੂ ਤੁਹਾਨੂੰ ਵੀ ਸੁੱਖ-ਸਾਂਦ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਪਾਠ ਮਗਰੋਂ ਲੰਗਰ ਪਾਣੀ ਛਕ, ਕਰਮਜੀਤ ਸਿੰਘ ਹੁਰੀਂ, ਟੇਡੇ ਹੋ ਗਏ। ਨਵਾਂ ਸਜਿਆ ਸਿੰਘ ਤੇਜਪਾਲ ਪੁੱਛਣ ਲੱਗਾ, “ਤੁਸੀਂ ਤਾਂ ਜੀ, ਭਾਈ ਸਾਹਿਬ ਕਰਤਾਰ ਸਿੰਘ ਹੁਰਾਂ ਤੋਂ ਸੰਥਾ ਲਈ ਸੀ, ਉਨ੍ਹਾਂ ਦੀ ਮਹਿਮਾ ਬੜੀ ਸੀ, ਸਾਨੂੰ ਵੀ ਬਖਿਆਣ ਕਰੋ।" “ਉਹ ਰੱਬੀ ਰੂਹ ਸਨ, ਦੇਵਤਾ ਸਰੂਪ। ਬੜੀਆਂ ਗੱਲਾਂ ਹਨ ਸਾਡੇ ਕੋਲ ਉਨ੍ਹਾਂ ਦੀਆਂ। ਬੜਾ ਲੰਮਾ ਸਮਾਂ ਸੇਵਾ ਕੀਤੀ। ਜਦੋਂ ਉਹ ਪਹਿਲੀ ਵਾਰੀ ਆਏ ਗੁਰਦੁਆਰੇ, ਮਹੰਤੀ ਸੰਭਾਲੀ। ਜਾਣ-ਪਛਾਣ ਘੱਟ ਸੀ।
ਗੁਰਦੁਆਰੇ ਆਟੇ
ਚ ਲੂਣ ਪਾ ਕੇ ਪਕਾ ਲਿਆ ਕਰਨ। ਆਟਾ ਮੁੱਕਿਆ ਤਾਂ ਛੋਲੇ ਖਾ ਲੇ। ਕਦੇ ਦੁੱਧ ਆਇਆ ਛਕ ਲਿਆ। ਪਤਾਸੇ ਖਾ ਕੇ ਸਾਰ ਲਿਆ। ਨਿਤਨੇਮ ਕਰਦੇ ਰਹੇ। ਕੋਈ ਆਵੇ, ਚੜ੍ਹਦੀ ਕਲ੍ਹਾ ਭਾਈ। ਕਿਸੇ ਨੂੰ ਨਾ ਰੋਟੀ ਕਹੀ ਨਾ ਕਿਸੇ ਪੁੱਛੀ। ਸੁਭੈਕੀ ਗੇਜੀ ਨੇ ਦਰਸ਼ਨ ਗਿਆਨੀ ਨਾਲ ਗੱਲ ਕੀਤੀ। ਜਦੋਂ ਪਤਾ ਲੱਗਾ, ਸਾਰੇ ਹੈਰਾਨ, ਸ਼ਰਮਸਾਰ। ਬੱਸ ਉਹ ਦਿਨ ਗਿਆ ਤੇ ਫਿਰ ਜਿੰਨ੍ਹਾਂ ਸਮਾਂ ਰਹੇ, ਬਲਵੀਰੇ ਕੇ ਸਵੇਰੇ-ਸ਼ਾਮ, ਆਂਉਂਦੇ ਰੋਟੀ ਦੀ ਪੱਕ ਕਰਕੇ, ਸੇਵਾ ਕਰਦੇ ਰਹੇ। ਬੜੇ ਚੰਗੇ ਗਿਆਨੀ ਆਏ ਪਰ ਉਨ੍ਹਾਂ ਵਰਗਾ ਫੱਕਰ ਕੋਈ ਨੀ ਮਿਲਿਆ ਪਿੰਡ ਨੂੰ।” ਕਰਮਜੀਤ ਨੇ ਉਬਾਸੀ ਲੈਂਦਿਆਂ ਦੋਏ ਹੱਥ ਜੋੜ ਧਰਤੀ ਨਮਸਕਾਰੀ। “ਬੜਿਆਂ ਨੂੰ ਸ਼ੁੱਧ ਗੁਰਬਾਣੀ ਸਿਖਾਈ ਉਹਨਾਂ, ਜਿਸਦੇ ਘਰੇ ਪਾਠ ਹੁੰਦਾ, ਪਾਠ ਕਰਕੇ ਬੱਚਿਆਂ ਨੂੰ ਮੋਹ ਕਰਦੇ, ਪਤਾਸੇ ਦਿੰਦੇ, ਪ੍ਰੇਰ ਕੇ ਗੁਟਕੇ ਤੋਂ ਪਾਠ ਸਿਖਾਂੳਂਦੇ। ‘ਬੇਖੀਂ ਭਾਈ, ਗੁਰਦੁਆਰੇ ਆਈਂਕਹਿੰਦੇ। ਹੌਲੀ-ਹੌਲੀ ਕਈ ਪਾਠੀ ਬਣ ਗਏ। ਗੁਰਮੁਖ ਸਿੰਘ, ਭਿੰਡਾ, ਬੀਰਾ, ਅਮਰ, ਭੋਲਾ, ਪੱਪਲ, ਦਰਸ਼ਨ, ਨਿਰੰਜਨ, ਨਛੱਤਰ, ਪਤਾ ਨੀਂ ਕਿੰਨੇ ਪ੍ਰਚਾਰਕ ਬਣ, ਦੇਸ਼-ਵਿਦੇਸ਼
ਚ ਪਹੁੰਚੇ। ਕੋਈ ਭਿੰਨ-ਭੇਦ ਨਹੀਂ ਸੀ ਉਨ੍ਹਾਂ ਚ। ਗਰੀਬ-ਅਮੀਰ ਜਾਤ-ਪਾਤ, ਧਰਮ-ਵਰਗ ਤੋਂ ਉੱਪਰ ਉੱਠ ਉਹ ਹਰੇਕ ਦੇ ਘਰੇ ਪਾਠ ਕਰਦੇ, ਲੰਗਰ-ਪਾਣੀ ਛਕਦੇ।
ਆਪਣੇ ਵੱਡੇ ਪਿੰਡ
ਚ ਇੱਕੋ ਗੁਰਦੁਆਰਾ ਸਾਹਿਬ ਹੋਣ ਦਾ ਕਾਰਨ ਵੀ ਇਹੀ ਹੈ। ਸਾਰਾ ਪਿੰਡ ਆਂਉਂਦਾ। ਮੰਨਦਾ ਗੁਰੂ-ਘਰ ਨੂੰ। ਇਹ ਨੀਲੀ ਪੱਗ, ਚਿੱਟੇ ਚੋਲੇ ਆਲੇ, ਸੰਤਾ ਵਰਗੇ, ਭਾਈ ਸਾਹਿਬ ਭਾਈ, ਕਰਤਾਰ ਸਿੰਹੁ ਦੀ ਦੇਣ ਕਰਕੇ ਈ ਐ। ਕਲਗੀਆਂ ਆਲਾ ਉਨ੍ਹਾਂ ਨੂੰ ਆਪਣੇ ਚਰਣਾਂ ਚ ਨਿਵਾਸ ਬਖਸ਼ੇ।" ਆਖ ਕਰਨੈਲ ਸਿੰਹੁ ਖਾਲਸੇ ਨੇ ਆਪ-ਬੀਤੀ ਅਤੇ ਜੱਗ-ਬੀਤੀ ਨੂੰ ਸੁਣਾਇਆ। “ਓਦੋਂ, ਅੱਜ-ਕੱਲ੍ਹ ਵਾਂਗੂੰ ਮਾਇਆ ਦਾ ਪਸਾਰਾ ਨਹੀਂ ਸੀ। ਸਾਰੇ ਪਾਠੀ ਸਹਿਜ ਨਾਲ ਪਾਠ ਪੜ੍ਹਦੇ, ਸੁਣਾਉਂਦੇ। ਉੱਥੇ ਹੀ ਆਰਾਮ ਕਰਦੇ। ਨਿਤਨੇਮ ਕਰਦੇ, ਸੇਵਾ ਕਰਦੇ। ਸਰਦੀਆਂ
ਚ ਭਾਈ ਸਾਹਿਬ ਜੀ ਦੇ ਪਿੰਡਾਂ ਕੰਨੀਉਂ, ਹਰਿਆਣੇ-ਸਿੰਘਾਂ ਦਾ ਪਾਠੀ ਜੱਥਾ ਆ ਕੇ ਪਾਠ ਕਰਦਾ। ਸਾਰੇ ਸਿੰਘ ਸਣ ਕੇਸ਼ੀ-ਸ਼ਨਾਨ ਕਰਦੇ। ਸਿੱਧੇ-ਸਾਧੇ ਸਾਰੇ, ਗੁਰੂ ਦੀ ਬਾਣੀ ਦਾ ਸਿਮਰਨ ਕਰਦੇ। ਹੁਣ ਆਂਗੂੰ ਲਾ-ਅ-ਲਾ, ਲਾਅਲਾ ਨਹੀਂ ਸੀ।” ਕਰਮਜੀਤ ਸਿੰਘ ਨੇ ਕਹਿ ਕੇ ਵੇਖਿਆ ਤਾਂ ਸਾਰੇ ਹੀ ਨੇਸਤੀ ਕਰਕੇ, ਅੱਖਾਂ ਮੀਚ ਰਹੇ ਸਨ। ਉਹ ਵੀ ਅੜਿੰਗ-ਬੜਿੰਗ ਹੋ ਗਿਆ।
ਹੋਰ, ਰੱਬ ਡਰਾਈ ਜਾਂਦੈ। ਵੋਟਾਂ ਆਲੇ ਅਫਸਰ, ਕੈਮਰੇ ਲਾ ਗਸ਼ਤ ਤੇ ਹਨ। ਸਿਆਣੀ ਭੂਆ ਨੇ ਸਕੂਲ
ਚ ਆਰ.ਓ. ਲਾ ਦਿੱਤਾ ਹੈ। ਨਹਿਰ ਦੀ ਬੰਦੀ ਹੈ। ਹਵੇਲੀ ਆਲਿਆਂ ਨੇ, ਕੋਠੀ ਆਲੀ, ਬੰਬ ਬੁਲਾ ਦਿੱਤੀ ਹੈ। ਚੰਗਾ, ਕਰੋ ਮਿਹਨਤ, ਖਾਓ ਚੂਰੀ। ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061